You’re viewing a text-only version of this website that uses less data. View the main version of the website including all images and videos.
ਮੈਕਸੀਕੋ 'ਚ ਜਹਾਜ਼ ਹਾਦਸਾ : 'ਇੰਝ ਮਹਿਸੂਸ ਹੋਇਆ ਜਿਵੇਂ ਜਹਾਜ਼ ਨੂੰ ਕਰੰਟ ਲੱਗਿਆ ਹੋਵੇ'
ਮੈਕਸੀਕੋ ਦੇ ਦੂਰੰਗੋ 'ਚ ਜਹਾਜ਼ ਹਾਦਸਾ ਹੋਇਆ। ਸੂਬੇ ਦੇ ਗਵਰਨਰ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਕਿ ਇਸ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ।
ਦੂਰੰਗੋ ਦੇ ਗਵਰਨਰ ਜੋਸ ਏਇਸਪੁਰੋ ਨੇ ਟਵੀਟ ਕੀਤਾ ਕਿ ਇਸ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ, ਜਹਾਜ਼ ਵਿੱਚ ਚਾਰ ਕਰੂ ਮੈਂਬਰਾਂ ਸਣੇ 101 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 85 ਜ਼ਖ਼ਮੀ ਹੋਏ ਹਨ - ਇਨ੍ਹਾਂ ਵਿੱਚ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਇਹ ਉਡਾਨ ਏਅਰੋਮੈਕਸੀਕੋ ਦੀ ਫਲਾਈਟ ਨੰਬਰ ਏਐਮ 2431 ਸੀ ਜੋ ਦੂਰੰਗੋ ਗਵਾਦਾਲੂਪੇ ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਜਧਾਨੀ ਮੈਕਸੀਕੋ ਸਿਟੀ ਜਾ ਰਹੀ ਸੀ।
ਜਹਾਜ਼ ਦੇ ਉੱਡਣ ਦੇ ਕੁਝ ਹੀ ਪਲਾਂ ਵਿੱਚ ਹੀ ਇਹ ਹਾਦਸਾ ਵਾਪਰਿਆ ਅਤੇ ਮੁਸਾਫ਼ਰ ਹਾਈਵੇਅ ਦੇ ਨੇੜੇ ਮਦਦ ਮੰਗਦੇ ਨਜ਼ਰ ਆਏ।
ਅਧਿਕਾਰੀਆਂ ਮੁਤਾਬਕ 37 ਲੋਕਾਂ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਦੋ ਦੀ ਹਾਲਤ ਗੰਭੀਰ ਸੀ।
ਇਹ ਵੀ ਪੜ੍ਹੋ:
ਏਅਰਪੋਰਟ ਆਪਰੇਟਰ ਅਨੁਸਾਰ ਸ਼ੁਰੂਆਤੀ ਅੰਕੜੇ ਇਸ਼ਾਰਾ ਕਰਦੇ ਹਨ ਕਿ ਇਸ ਹਾਦਸੇ ਦਾ ਕਾਰਨ ਮੌਸਮ ਦਾ ਖ਼ਰਾਬ ਹੋਣਾ ਸੀ।
ਗਵਰਨਰ ਏਇਸਪੁਰੋ ਨੇ ਕਿਹਾ ਕਿ ਚਸ਼ਮਦੀਦਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਹਾਜ਼ ਦੇ ਥੱਲ੍ਹੇ ਡਿੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕਾ ਹੋਇਆ ਸੀ।
ਇੱਕ ਮੁਸਾਫ਼ਰ ਨੇ ਸਥਾਨਕ ਟੀਵੀ ਨੈੱਟਵਰਕ ਨੂੰ ਦੱਸਿਆ ਕਿ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਜਹਾਜ਼ ਨੂੰ ਜ਼ੋਰਦਾਰ ਕਰੰਟ ਲੱਗਿਆ ਹੋਵੇ।
ਸਿਵਿਲ ਡਿਫ਼ੈਂਸ ਬੁਲਾਰੇ ਅਲੇਹੰਦ੍ਰੋ ਕਾਰਦੋਸਾ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਅੱਗ ਲੱਗ ਗਈ ਪਰ ਕੋਈ ਅੱਗ ਦੀ ਚਪੇਟ ਵਿੱਚ ਨਹੀਂ ਆਇਆ। ਕਾਰਦੋਸਾ ਮੁਤਾਬਕ ਬਹੁਤੇ ਲੋਕ ਭੱਜ ਕੇ ਜਹਾਜ਼ ਵਿੱਚੋਂ ਨਿਕਲੇ।
ਇਹ ਵੀ ਪੜ੍ਹੋ:
ਗਵਰਨਰ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਸਾਰੇ ਸਿਹਤ ਕੇਂਦਰਾਂ ਨੂੰ ਜ਼ਖ਼ਮੀਆਂ ਦੇ ਇਲਾਜ ਲਈ ਅਲਰਟ ਉੱਤੇ ਰੱਖਿਆ ਸੀ।
ਉਧਰ ਮੈਕਸੀਕੋ ਦੇ ਰਾਸ਼ਟਰਪਤੀ ਏਨਰੀਕ ਪੇਨਾ ਨਿਅਟੋ ਨੇ ਟਵੀਟ ਰਾਹੀਂ ਦੱਸਿਆ ਕਿ ਉਨ੍ਹਾਂ ਵੀ ਫ਼ੈਡਰਲ ਏਜੰਸੀਆਂ ਨੂੰ ਮਦਦ ਲਈ ਨਿਰਦੇਸ਼ ਦਿੱਤੇ ਹਨ।
ਹਾਦਸੇ ਤੋਂ ਬਾਅਦ ਗਵਾਦਾਲੂਪੇ ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ।
ਇੱਕ ਬਿਆਨ ਰਾਹੀਂ ਏਅਰੋਮੈਕਸੀਕੋ ਨੇ ਹਾਦਸੇ ਤੇ ਦੁੱਖ ਸਾਂਝਾ ਕੀਤਾ ਅਤੇ ਦੂਜੇ ਪਾਸੇ ਬ੍ਰਾਜ਼ੀਲ ਦੀ ਜਹਾਜ਼ ਕੰਪਨੀ ਏਂਬਰਾਇਰ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਵਾਲੀ ਥਾਂ ਉੱਤੇ ਆਪਣੀ ਟੀਮ ਨੂੰ ਭੇਜ ਦਿੱਤਾ ਹੈ।