ਜੰਗਲਾਂ ਵਿੱਚ ਭੜਕਦੀ ਅੱਗ ਦੇ ਮੁੱਖ ਕਾਰਨ

ਗ੍ਰੀਸ 'ਚ ਏਥਨਜ਼ ਕੋਲ ਜੰਗਲੀ ਅੱਗ ਕਾਰਨ ਘੱਟੋ-ਘੱਟ 74 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਮਗਰੋਂ ਗ੍ਰੀਸ ਨੇ ਅਜਿਹੀ ਤਬਾਹੀ ਦੇਖੀ ਹੈ।

ਰੈੱਡ ਕਰਾਸ ਮੁਤਾਬਕ ਸਮੁੰਦਰ ਦੇ ਕਿਨਾਰੇ ਪੈਂਦੇ ਮਾਟੀ ਪਿੰਡ ਵਿੱਚੋਂ 26 ਲਾਸ਼ਾਂ ਕੱਢੀਆਂ ਗਈਆਂ ਹਨ ਜੋ ਇਸ ਘਟਨਾ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ।

ਐਮਰਜੈਂਸੀ ਬਚਾਅ ਕਾਰਜ ਜਾਰੀ ਹੈ। ਕਿਸ਼ਤੀਆਂ ਅਤੇ ਹੈਲੀਕਾਪਟਰਾਂ ਰਾਹੀਂ ਬੀਚ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।

ਲਾਪਤਾ ਲੋਕਾਂ ਦੀ ਭਾਲ ਜਾਰੀ ਹੈ ਅਤੇ ਹਰ ਜਾਣਕਾਰੀ ਲਈ ਪ੍ਰਸ਼ਾਸਨ ਨੇ ਇੱਕ ਵੈੱਬਸਾਈਟ ਬਣਾਈ ਹੈ।

ਜ਼ਿਆਦਾਤਰ ਪੀੜਤ ਉੱਤਰੀ-ਪੂਰਬੀ ਏਥਨਜ਼ ਦੇ ਮਾਟੀ ਇਲਾਕੇ ਵਿੱਚ ਫਸੇ ਸਨ। ਕਈਆਂ ਦੀ ਮੌਤ ਜਾਂ ਤਾਂ ਘਰਾਂ ਅਂਦਰ ਹੋਈ ਜਾਂ ਉਨ੍ਹਾਂ ਦੀਆਂ ਕਾਰਾਂ ਵਿੱਚ ਹੋਈ।

100 ਤੋਂ ਵੱਧ ਲੋਕ ਇਸ ਘਟਨਾ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ 16 ਬੱਚੇ ਵੀ ਸ਼ਾਮਲ ਹਨ।

ਮਾਟੀ ਦੀ ਅੱਗ ਤੋਂ ਬਚੇ ਕੋਸਟਾਸ ਲਾਗਾਨੋਸ ਨੇ ਕਿਹਾ, ''ਅੱਗ ਤੋਂ ਬਚਣ ਲਈ ਅਸੀਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਅੱਗ ਦੀਆਂ ਲਪਟਾਂ ਸਾਡਾ ਪਿੱਛਾ ਕਰ ਰਹੀਆ ਸਨ।''

ਇੱਕ ਪ੍ਰਤੱਖਦਰਸ਼ੀ ਨੇ ਦੱਸਿਆ, ''ਅੱਗ ਦੀਆਂ ਲਪਟਾਂ ਸਾਡਾ ਸਮੁੰਦਰ ਤੱਕ ਵੀ ਪਿੱਛਾ ਕਰ ਰਹੀਆਂ ਸਨ।''

ਅਜਿਹੀ ਘਟਨਾ ਗ੍ਰੀਸ ਦੇ ਦੱਖਣੀ ਪੇਲੋਪੋਨੀਸ ਵਿੱਚ ਸਾਲ 2007 ਵਿੱਚ ਵਾਪਰੀ ਸੀ ਜਿੱਥੇ ਦਰਜਨਾਂ ਲੋਕਾਂ ਦੀ ਮੌਤ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)