ਡੌਨਲਡ ਟਰੰਪ ਤੇ ਕਿਮ ਜੋਂਗ ਉਨ ਦੇ ਮਿਲਣ ਤੋਂ ਪਹਿਲਾਂ ਹੀ 'ਚੀਨ ਵੱਲੋਂ ਅਮਰੀਕੀ ਨੇਵੀ ਦਾ ਡਾਟਾ ਹੈਕ'

ਤਸਵੀਰ ਸਰੋਤ, Reuters
ਚੀਨ ਦੀ ਸਰਕਾਰ ਵੱਲੋਂ ਅਮਰੀਕੀ ਨੇਵੀ ਦੇ ਅਤਿ ਸੰਵੇਦਨਸ਼ੀਲ ਸੁਰੱਖਿਆ ਡਾਟਾ ਚੋਰੀ ਕਰ ਲਿਆ ਗਿਆ ਹੈ। ਅਮਰੀਕੀ ਮੀਡੀਆ ਰਿਪੋਰਟਾਂ ਨੇ ਇਹ ਦਾਅਵਾ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਐੱਫ਼ਬੀਆਈ ਕਰ ਰਹੀ ਹੈ।
ਵਾਸ਼ਿੰਗਟਨ ਪੋਸਟ ਨੂੰ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸੁਪਰਸੋਨਿਕ ਮਿਜ਼ਾਈਲ ਪ੍ਰੋਜੈਕਟ ਦਾ ਡਾਟਾ ਚੋਰੀ ਕੀਤਾ ਗਿਆ ਹੈ।
ਸੀਬੀਸੀ ਨਿਊਜ਼ ਨੇ ਇਸੇ ਸਾਲ ਜਨਵਰੀ ਅਤੇ ਫਰਵਰੀ ਵਿੱਚ ਹਮਲੇ ਦੀ ਤਸਦੀਕ ਕੀਤੀ ਸੀ।
ਹੈਕਰਜ਼ ਨੇ ਇੱਕ ਅਮਰੀਕੀ ਮਿਲੀਟਰੀ ਸੰਸਥਾ ਨਾਲ ਜੁੜੇ ਇੱਕ ਕੰਪਨੀ ਨੂੰ ਨਿਸ਼ਾਨਾ ਬਣਾਇਆ ਜੋ ਕਿ ਪਣਡੁੱਬੀਆਂ ਅਤੇ ਪਾਣੀ ਹੇਠਲੇ ਹਥਿਆਰਾਂ ਲਈ ਰਿਸਰਚ ਕਰਦੀ ਅਤੇ ਉਨ੍ਹਾਂ ਨੂੰ ਬਣਾਉਣ ਦਾ ਕੰਮ ਕਰਦੀ ਹੈ।
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਪੋਸਟ ਨੂੰ ਜਾਣਕਾਰੀ ਦਿੱਤੀ ਕਿ ਇਹ ਕੰਪਨੀ ਨਿਉਪੋਰਟ ਦੇ ਰੋਹਡ ਟਾਪੂ ਵਿੱਚ ਸਥਿਤ 'ਨੇਵਲ ਅੰਡਰਸੀਅ ਵਾਰਫੇਅਰ ਸੈਂਟਰ' ਲਈ ਕੰਮ ਕਰਦੀ ਹੈ।
ਕਿਹੜਾ ਡਾਟਾ ਚੋਰੀ ਹੋਇਆ
- ਅਧਿਕਾਰੀਆਂ ਨੇ ਦੱਸਿਆ ਕਿ 'ਸੀਅ ਡਰੈਗਨ' ਨਾਮ ਦੇ ਇੱਕ ਪ੍ਰੋਜੈਕਟ ਦਾ ਡਾਟਾ ਚੋਰੀ ਹੋਇਆ ਹੈ।
- ਇਸ ਤੋਂ ਇਲਾਵਾ ਨੇਵੀ ਦੀ ਪਣਡੁੱਬੀ ਬਣਾਉਣ ਵਾਲੀ ਯੂਨਿਟ ਦੀ ਜੰਗੀ ਲਾਈਬ੍ਰੇਰੀ ਵਿੱਚੋਂ ਜਾਣਕਾਰੀ ਚੋਰੀ ਕੀਤੀ ਗਈ ਹੈ।
- ਯੋਜਨਾ ਇਹ ਸੀ ਕਿ 2020 ਤੱਕ ਅਮਰੀਕੀ ਪਣਡੁੱਬੀਆਂ ਵਿੱਚ 'ਐਂਟੀ-ਸ਼ਿਪ ਮਿਜ਼ਾਈਲ ਸਿਸਟਮ' ਲਾ ਦਿੱਤਾ ਜਾਵੇਗਾ।
- ਇਹ ਡਾਟਾ ਇੱਕ ਕੰਪਨੀ ਦੇ ਨੈੱਟਵਰਕ 'ਚ ਸੇਵ ਕੀਤਾ ਹੋਇਆ ਸੀ। ਫੌਜ ਨਾਲ ਸਬੰਧਤ ਪ੍ਰੋਜੈਕਟ ਹੋਣ ਕਾਰਨ ਇਹ ਅਤਿ ਸੰਵੇਦਨਸ਼ੀਲ ਡਾਟਾ ਸੀ।

ਤਸਵੀਰ ਸਰੋਤ, DON EMMERT/AFP/Getty Images
ਨੇਵੀ ਦੇ ਇੱਕ ਕਮਾਂਡਰ ਬਿਲ ਸਪੀਕਜ਼ ਦਾ ਕਹਿਣਾ ਹੈ ਕਿ ਕੋਈ ਵੀ ਸਾਈਬਰ ਨਾਲ ਜੁੜਿਆ ਹਾਦਸਾ ਹੋਣ 'ਤੇ ਸਰਕਾਰ ਨੂੰ ਸੂਚਨਾ ਦੇਣ ਦਾ ਪੂਰਾ ਮਾਪਦੰਡ ਤੈਅ ਸੀ।
ਉਨ੍ਹਾਂ ਅੱਗੇ ਕਿਹਾ, "ਇਸ ਵੇਲੇ ਹੋਰ ਕੋਈ ਵੀ ਜਾਣਕਾਰੀ ਦੇਣਾ ਵਾਜਿਬ ਨਹੀਂ ਹੋਏਗਾ।"
ਨੇਵੀ ਤੇ ਐੱਫ਼ਬੀਆਈ ਦਾ ਸਾਂਝਾ ਅਪਰੇਸ਼ਨ
ਸੀਬੀਐੱਸ ਨਿਊਜ਼ ਰਿਪੋਰਟ ਨੇ ਪੈਂਟਾਗਨ ਇੰਸਪੈਕਟਰ ਜਨਰਲ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਅਧਿਕਾਰੀਆਂ ਮੁਤਾਬਕ ਐੱਫ਼ਬੀਆਈ ਦੀ ਮਦਦ ਨਾਲ ਨੇਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੀਬੀਐੱਸ ਨਿਊਜ਼ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਕੰਪਨੀ ਨਾਲ ਜੁੜੇ ਸਾਰੇ ਸਾਈਬਰ ਦੇ ਮਾਮਲਿਆਂ ਦੇ ਰਿਵੀਊ ਕਰਨ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਮੁਲਾਕਾਤ ਤੋਂ ਕੁਝ ਦਿਨ ਪਹਿਲਾਂ ਹੀ ਆਈ ਹੈ।












