ਗੁਪਤ ਅੰਗ ਦਾ ਟਰਾਂਸਪਲਾਂਟ ਕਿੰਨਾ ਸਫਲ ਰਿਹਾ?

ਅਮਰੀਕਾ ਦੇ ਡਾਕਟਰਾਂ ਦੀ ਟੀਮ ਨੇ ਦੁਨੀਆਂ ਦਾ ਪਹਿਲਾ ਪੀਨਸ (ਪੁਰਸ਼ਾਂ ਦੇ ਗੁਪਤ ਅੰਗ) ਅਤੇ ਸਕਰੋਟਮ (ਅੰਡਕੋਸ਼) ਦਾ ਟਰਾਂਸਪਲਾਂਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਮੇਰੀਲੈਂਡ ਦੇ ਬਾਲਟੀਮੋਰ ਯੂਨੀਵਰਸਟੀ ਦੇ ਸਰਜਨ ਜੌਨ ਹੋਪਕਿੰਸ ਨੇ ਇੱਕ ਫੌਜੀ ਦਾ ਇਹ ਆਪਰੇਸ਼ਨ ਕੀਤਾ ਹੈ ਜਿਹੜਾ ਅਫ਼ਗਾਨਿਸਤਾਨ ਵਿੱਚ ਇੱਕ ਬੰਬ ਧਮਾਕੇ 'ਚ ਜ਼ਖ਼ਮੀ ਹੋ ਗਿਆ ਸੀ।

ਉਨ੍ਹਾਂ ਨੇ ਇੱਕ ਮ੍ਰਿਤਕ ਡੋਨਰ ਦੇ ਗੁਪਤ ਅੰਗ, ਅੰਡਕੋਸ਼ ਅਤੇ ਪੇਟ ਦੇ ਕੁਝ ਹਿੱਸੇ ਦੀ ਵਰਤੋਂ ਕਰਕੇ ਇਹ ਟਰਾਂਸਪਲਾਂਟ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਫੌਜੀ ਹੁਣ ਮੁੜ ਸੈਕਸੁਅਲ ਫੰਕਸ਼ਨ ਦੇ ਯੋਗ ਹੋਵੇਗਾ ਹਾਲਾਂਕਿ ਗੁਪਤ ਅੰਗ ਦੇ ਪੁਨਰ ਨਿਰਮਾਣ ਨਾਲ ਇਹ ਅਸੰਭਵ ਹੁੰਦਾ ਹੈ।

11 ਡਾਕਟਰਾਂ ਦੀ ਟੀਮ ਨੇ 26 ਮਾਰਚ ਨੂੰ 14 ਘੰਟੇ ਲਗਾ ਕੇ ਇਸ ਟਰਾਂਸਪਲਾਂਟ ਨੂੰ ਅੰਜਾਮ ਦਿੱਤਾ।

ਇਹ ਪਹਿਲੀ ਸਰਜਰੀ ਹੈ ਜੋ ਡਿਊਟੀ ਦੌਰਾਨ ਜ਼ਖ਼ਮੀ ਹੋਏ ਸ਼ਖ਼ਸ 'ਤੇ ਕੀਤੀ ਗਈ ਹੈ ਅਤੇ ਇਹ ਪਹਿਲੀ ਮੁਕੰਮਲ ਸਰਜਰੀ ਹੈ ਜਿਸ ਵਿੱਚ ਟਿਸ਼ੂ ਦੇ ਸੈਕਸ਼ਨ ਸਣੇ ਅੰਡਕੋਸ਼ ਤੇ ਉਸਦੇ ਆਲੇ-ਦੁਆਲੇ ਦੇ ਪੇਟ ਦਾ ਹਿੱਸਾ ਬਦਲਿਆ ਹੋਵੇ।

ਡਾਕਟਰਾਂ ਦਾ ਕਹਿਣਾ ਹੈ ਕਿ ਗਹਿਰੀ ਵਿਚਾਰ ਚਰਚਾ ਤੋਂ ਬਾਅਦ ਡੋਨਰ ਦੇ ਪਤਾਲੂਆਂ (ਟੈਸਟੀਕਲਸ) ਦਾ ਟਰਾਂਸਪਲਾਂਟ ਨਹੀਂ ਕੀਤਾ ਗਿਆ।

ਜੋਹਨ ਹੋਪਕਿਨਸ ਯੂਨੀਵਰਸਟੀ ਦੇ ਪਲਾਸਟਿਕ ਅਤੇ ਰਿਕੰਸਟਰਕਟਿਵ ਸਰਜਰੀ ਦੇ ਮੁਖੀ ਡਾ.ਡਬਲਿਊ ਪੀ ਐਂਡਰਿਊ ਲੀ ਦਾ ਕਹਿਣਾ ਹੈ,'' ਕੁਝ ਮਾਮਲਿਆਂ ਵਿੱਚ ਅੰਗ ਕੱਟਣੇ ਪੈਂਦੇ ਹਨ ਅਤੇ ਉਹ ਸਾਰਿਆਂ ਨੂੰ ਸਾਫ਼ ਦਿਖਾਈ ਦਿੰਦੇ ਹਨ ਪਰ ਕੁਝ ਯੁੱਧ ਦੇ ਅਜਿਹੇ ਜ਼ਖ਼ਮ ਹੁੰਦੇ ਹਨ ਜਿਨ੍ਹਾਂ ਬਾਰੇ ਦੂਜਿਆਂ ਨੂੰ ਅੰਦਾਜ਼ਾ ਤੱਕ ਨਹੀਂ ਹੁੰਦਾ।''

ਇਸ ਸੈਨਿਕ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਯੂਨੀਵਰਸਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ,''ਜਦੋਂ ਮੈਨੂੰ ਹੋਸ਼ ਆਈ ਤਾਂ ਮਹਿਸੂਸ ਹੋਇਆ ਕਿ ਪਹਿਲਾਂ ਨਾਲੋਂ ਬਿਹਤਰ ਹਾਲਤ 'ਚ ਹਾਂ ਤੇ ਹੁਣ ਮੈਂ ਠੀਕ ਹਾਂ।''

ਕਿਵੇਂ ਹੋਇਆ ਸੀ ਜ਼ਖ਼ਮੀ?

ਇਸ ਫੌਜੀ ਨੇ ਅਫ਼ਗਾਨਿਸਤਾਨ ਵਿੱਚ ਗ਼ਲਤੀ ਨਾਲ ਇੱਕ ਬੰਬ 'ਤੇ ਪੈਰ ਰੱਖ ਦਿੱਤਾ ਸੀ।

ਮੈਡੀਕਲ ਭਾਸ਼ਾ ਵਿੱਚ ਇਸ ਆਪਰੇਸ਼ਨ ਨੂੰ 'ਵਾਸਕੁਲਰਾਈਜ਼ਡ ਕੰਪੋਜ਼ਿਟ ਏਲੋਟਰਾਂਸਪਲਾਂਟੇਸ਼ਨ' ਕਿਹਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਇਸ ਪ੍ਰਕਿਰਿਆ ਵਿੱਚ ਚਮੜੀ, ਹੱਡੀ, ਮਾਸਪੇਸ਼ੀਆਂ, ਟੇਂਡਲ ਅਤੇ ਬਲੱਡ ਵੇਸਲ ਸਾਰੇ ਹੀ ਬਦਲੇ ਜਾਂਦੇ ਹਨ।

ਸਰਜੀਕਲ ਟੀਮ ਵਿੱਚ ਸ਼ਾਮਲ ਡਾਕਟਰਾਂ ਦਾ ਕਹਿਣਾ ਹੈ ਕਿ ਫੌਜੀ 6 ਤੋਂ 12 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਰਿਕਵਰ ਕਰ ਲਵੇਗਾ।

ਜੇਨੀਟੁਰੀਨਰੀ ਟਰਾਂਸਪਲਾਂਟ ਪ੍ਰੋਗ੍ਰਾਮ ਦੇ ਕਲੀਨਿਕਲ ਡਾਇਰੈਕਟਰ ਡਾ. ਰਿਕ ਰੇਡੇਟ ਨੇ ਦੱਸਿਆ ਕਿ ਫੌਜੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਇਸ ਹਫ਼ਤੇ ਹਸਪਤਾਲ ਤੋਂ ਘਰ ਜਾ ਸਕਦੇ ਹਨ।

ਸਾਲ 2016 ਵਿੱਚ ਅਮਰੀਕਾ ਦਾ ਪਹਿਲਾ ਪੀਨਸ ਟਰਾਂਸਪਲਾਂਟ ਬੌਸਟਨ ਦੇ ਮੈਸਾਚਿਊਸੇਟਸ ਜਨਰਲ ਹਸਪਤਾਲ ਵਿੱਚ ਕੀਤਾ ਗਿਆ ਸੀ ਅਤੇ ਸਾਲ 2014 ਵਿੱਚ ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਦੁਨੀਆਂ ਦਾ ਪਹਿਲਾ ਪੀਨਸ ਟਰਾਂਸਪਲਾਂਟ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)