ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਗੁਪਤ ਮੁਲਾਕਾਤ ਕਿਉਂ ?

ਤਸਵੀਰ ਸਰੋਤ, Reuters
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਦੇ ਨਾਲ ਉਨ੍ਹਾਂ ਦੀ ਗੱਲਬਾਤ ਸਕਾਰਾਤਮਕ ਨਹੀਂ ਹੋਈ ਤਾਂ ਉਹ ਇਸ ਨੂੰ ਛੱਡ ਕੇ ਬਾਹਰ ਆ ਜਾਣਗੇ।
ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਪਰਮਾਣੂ ਹਥਿਆਰਾਂ 'ਤੇ ਰੋਕ ਨੂੰ ਲੈ ਕੇ ਉੱਤਰੀ ਕੋਰੀਆ 'ਤੇ ਵਧੇਰੇ ਦਬਾਅ ਬਣਾਇਆ ਜਾਣਾ ਜਾਰੀ ਰੱਖਿਆ ਜਾਵੇ।
ਸ਼ਿੰਜੋ ਆਬੇ ਇਸ ਵੇਲੇ ਗੱਲਬਾਤ ਲਈ ਟਰੰਪ ਦੇ ਫ਼ਲੋਰਿਡਾ ਸਥਿਤ ਮਾਰ-ਏ-ਲਾਗੋ ਰਿਜ਼ੌਰਟ ਵਿੱਚ ਹਨ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਦੇ ਨਾਲ ਗੁਪਤ ਮੀਟਿੰਗ ਕਰਨ ਲਈ ਸੀਆਈਏ ਦੇ ਡਾਇਰੈਕਟਰ ਮਾਈਕ ਪੋਂਪੀਓ ਪਿਓਂਗਯਾਂਗ ਪਹੁੰਚੇ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਸਿੱਧੀ ਗੱਲਬਾਤ ਦੀ ਤਿਆਰੀ ਲਈ ਇੱਕ ਬੈਠਕ ਪਿਛਲੇ ਮਹੀਨੇ ਹੋਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਵਾਸ਼ਿੰਗਟਨ ਪੋਸਟ ਅਤੇ ਰੌਇਟਰਜ਼ ਨੂੰ ਦਿੱਤੀ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ, "ਸਾਡੇ ਵਿਚਾਲੇ ਸਿੱਧੀ ਗੱਲਬਾਤ ਕਾਫ਼ੀ ਉੱਚ-ਪੱਧਰੀ ਹੋਈ ਹੈ।"
ਗੁਪਤ ਮੁਲਾਕਾਤ ਬਾਰੇ ਹੁਣ ਤੱਕ ਕੀ ਜਾਣਕਾਰੀ ਹੈ?
ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਇਹ ਜਾਣਕਾਰੀ ਦਿੱਤੀ ਕਿ ਡੌਨਲਡ ਟਰੰਪ ਦੇ ਨੁਮਾਇੰਦੇ ਸੈਕਰੇਟਰੀ ਆਫ਼ ਸਟੇਟ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨ ਲਈ ਉੱਤਰੀ ਕੋਰੀਆ ਪਹੁੰਚੇ।
ਹਾਲਾਂਕਿ ਦੋਹਾਂ ਵਿਚਾਲੇ ਕੀ ਗੱਲਬਾਤ ਹੋਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪਰ ਟਰੰਪ ਅਤੇ ਕਿਮ ਵਿਚਾਲੇ ਹੋਣ ਵਾਲੀ ਬੈਠਕ ਦੀ ਤਿਆਰੀ ਲਈ ਉਨ੍ਹਾਂ ਇਹ ਮੀਟਿੰਗ ਕੀਤੀ ਹੈ।

ਤਸਵੀਰ ਸਰੋਤ, AFP
ਅਖ਼ਬਾਰ ਮੁਤਾਬਕ ਪੋਂਪੀਓ ਨੂੰ ਸੈਕਰੇਟਰੀ ਆਫ਼ ਸਟੇਟ ਲਈ ਨਾਮਜ਼ਦ ਕਰਦਿਆਂ ਹੀ ਇਹ ਬੈਠਕ ਹੋਈ।
ਬਾਅਦ ਵਿੱਚ ਖ਼ਬਰ ਏਜੰਸੀ ਰੌਇਟਰਜ਼ ਨੇ ਕਿਹਾ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਹੈ।
ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਕਿਵੇਂ ਹੁੰਦੀ ਹੈ ਗੱਲਬਾਤ?
ਅਮਰੀਕਾ ਦੇ ਉੱਤਰੀ ਕੋਰੀਆ ਨਾਲ ਕੂਟਨੀਤਿਕ ਸਬੰਧ ਨਹੀਂ ਹਨ। ਹਾਲਾਂਕਿ ਅਤੀਤ ਵਿੱਚ ਕਈ ਵਾਰੀ ਕੂਟਨੀਤਿਕ ਦੌਰੇ ਹੋਏ ਹਨ ਅਤੇ ਕਈ 'ਬੈਕ ਚੈਨਲਜ਼' ਵੀ ਹਨ ਜਿਸ ਨਾਲ ਪਿਓਂਗਯਾਂਗ ਵਿੱਚ ਗੱਲਬਾਤ ਹੋ ਸਕਦੀ ਹੈ।
ਪੋਂਪੀਓ ਦੀ ਮੁਲਾਕਾਤ ਉੱਤਰੀ ਕੋਰੀਆ ਦੇ ਕਿਸੇ ਆਗੂ ਨਾਲ ਉੱਚ-ਪੱਧਰੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਤਤਕਾਲੀ ਵਿਦੇਸ਼ ਮੰਤਰੀ ਮੈਡਲੀਨ ਅਲਬਰਾਈਟ ਨੇ ਪਿਓਂਗਯਾਂਗ ਵਿੱਚ ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਨਾਲ ਮੁਲਾਕਾਤ ਕੀਤੀ ਸੀ।

ਤਸਵੀਰ ਸਰੋਤ, AFP
2014 ਵਿੱਚ ਨੈਸ਼ਨਲ ਇੰਟੈਲੀਜੈਂਸ ਦੇ ਮੁੱਖੀ ਜੇਮਜ਼ ਕਲੈਪਰ ਨੇ ਉੱਤਰੀ ਕੋਰੀਆ ਦਾ ਦੌਰਾ ਕੀਤਾ ਸੀ।
ਇਹ ਦੌਰਾ ਇੱਕ ਗੁਪਤ ਮਿਸ਼ਨ ਲਈ ਕੀਤਾ ਗਿਆ ਸੀ ਜਿਸ ਦੇ ਤਹਿਤ ਦੋ ਅਮਰੀਕੀ ਨਾਗਰਿਕਾਂ ਨੂੰ ਛੁਡਵਾਉਣ ਲਈ ਗੱਲਬਾਤ ਕੀਤੀ ਗਈ ਸੀ।
ਇਸ ਦੌਰਾਨ ਕਲੈਪਰ ਨੇ ਉੱਤਰੀ ਕੋਰੀਆ ਦੇ ਆਗੂ ਨਾਲ ਮੁਲਾਕਾਤ ਨਹੀਂ ਕੀਤੀ ਸੀ।
ਇਹ ਸਮਿਟ ਕਿੱਥੇ ਅਤੇ ਕਦੋਂ ਹੋ ਸਕਦਾ ਹੈ?
ਟਰੰਪ ਨੇ ਪਿਛਲੇ ਮਹੀਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਪਿਓਂਗਯਾਂਗ ਵੱਲੋਂ ਸਿੱਧੀ ਗੱਲਬਾਤ ਦਾ ਸੱਦਾ ਕਬੂਲ ਕਰ ਲਿਆ।
ਉਨ੍ਹਾਂ ਕਿਹਾ ਕਿ ਇਹ ਸਮਿਟ ਜੂਨ ਦੀ ਸ਼ੁਰੂਆਤ ਜਾਂ ਫਿਰ ਉਸ ਤੋਂ ਵੀ ਪਹਿਲਾਂ ਹੋਵੇਗਾ।
ਇਸ ਮੁਲਾਕਾਤ ਲਈ ਕਈ ਥਾਵਾਂ 'ਤੇ ਵਿਚਾਰ ਕੀਤਾ ਗਿਆ ਪਰ ਇਨ੍ਹਾਂ ਵਿੱਚੋਂ ਕੋਈ ਵੀ ਅਮਰੀਕਾ ਵਿੱਚ ਨਹੀਂ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਗੱਲਬਾਤ ਦੇ ਲਈ ਗੈਰ-ਫੌਜੀ ਜ਼ੋਨ ਦੀ ਚੋਣ ਕੀਤੀ ਜਾ ਸਕਦੀ ਹੈ।
ਇਸ ਲਈ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਕੋਈ ਥਾਂ ਜਿਵੇਂ ਬੀਜਿੰਗ, ਕੋਈ ਹੋਰ ਏਸ਼ੀਆਈ ਦੇਸ ਜਾਂ ਯੂਰਪ ਵੀ ਹੋ ਸਕਦਾ ਹੈ।
ਬੈਠਕ ਦੀ ਟਾਈਮਿੰਗ ਦਾ ਮਤਲਬ ਕੀ?
- ਪੋਂਪੀਓ ਦਾ ਦੌਰਾ ਕਈ ਹੋਰਨਾਂ ਕੂਟਨੀਤਿਕ ਕਾਰਵਾਈਆਂ ਨੂੰ ਫਿੱਕਾ ਕਰ ਸਕਦਾ ਹੈ।
- ਟੋਕੀਓ ਵਿੱਚ ਡਰ ਹੈ ਕਿ ਟਰੰਪ ਦੀ ਦੁਵੱਲੀ ਗੱਲਬਾਤ ਦੀ ਯੋਜਨਾ ਜਪਾਨ ਨੂੰ ਪਾਸੇ ਕਰ ਸਕਦੀ ਹੈ। ਸ਼ਿੰਜੋ ਆਬੇ ਅਮਰੀਕੀ ਆਗੂਆਂ ਨਾਲ ਗੱਲਬਾਤ ਲਈ ਵਾਸ਼ਿੰਗਟਨ ਵਿੱਚ ਹਨ।
- ਦੋਹਾਂ ਆਗੂਆਂ ਵਿੱਚ ਸਬੰਧ ਸੁਖਾਵੇਂ ਲੱਗ ਰਹੇ ਹਨ ਕਿਉਂਕਿ ਟਰੰਪ ਨੇ ਮਾਰ-ਏ-ਲਾਗੋ ਰਿਜ਼ੌਰਟ ਵਿੱਚ ਸੱਦਿਆ ਹੈ।
- ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੋਵੇਂ ਦੇਸ 'ਉੱਤਰੀ ਕੋਰੀਆ ਦੇ ਮੁੱਦੇ 'ਤੇ ਇੱਕਮਤ ਹਨ'
- ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਿੰਜੋ ਆਬੇ ਦੇ ਅਮਰੀਕੀ ਦੌਰੇ ਦਾ ਟੀਚਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਵਿਸ਼ਵਾਸ ਦਿਵਾ ਸਕਣ ਕਿ ਪਿਓਂਗਯਾਂਗ ਸਬੰਧੀ ਪੱਛਮ ਦੀ ਕੱਟੜ ਸੋਚ ਤੋਂ ਪਰੇ ਨਾ ਹਟਣ।
- ਜਪਾਨੀ ਪ੍ਰਧਾਨ ਮੰਤਰੀ ਦੇ ਟਰੰਪ ਨਾਲ ਨੇੜਲੇ ਨਿੱਜੀ ਰਿਸ਼ਤੇ ਨਜ਼ਰ ਆਉਂਦੇ ਰਹੇ ਹਨ ਅਤੇ ਉਹ ਪਹਿਲੇ ਵਿਦੇਸ਼ੀ ਆਗੂ ਸਨ ਜਿਨ੍ਹਾਂ 2016 ਵਿੱਚ ਜਿੱਤ ਤੋਂ ਬਾਅਦ ਨਿਊ ਯਾਰਕ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ ਸੀ।












