You’re viewing a text-only version of this website that uses less data. View the main version of the website including all images and videos.
ਕੈਂਸਰ ਦੇ ਨਾਂ 'ਤੇ ਇਕੱਠੇ ਕੀਤੇ ਪੈਸੇ, ਹੁਣ ਜਾਣਾ ਪਵੇਗਾ ਜੇਲ੍ਹ
ਬਿਮਾਰੀ ਦੇ ਨਾਂ 'ਤੇ ਆਰਥਿਕ ਮਦਦ ਮੰਗਣ ਵਾਲੇ ਬਹੁਤ ਸਾਰੇ ਇਸ਼ਤਿਹਾਰ ਤੁਸੀਂ ਵੀ ਦੇਖੇ ਹੋਣਗੇ। ਆਲੇ-ਦੁਆਲੇ ਕਈ ਲੋਕ ਅਜਿਹੇ ਵੀ ਮਿਲੇ ਹੋਣਗੇ, ਪਰ ਕੀ ਜਿੰਨੇ ਲੋਕ ਮਦਦ ਮੰਗਦੇ ਹਨ, ਉਨ੍ਹਾਂ ਸਾਰਿਆਂ 'ਤੇ ਭਰੋਸਾ ਕਰ ਲੈਣਾ ਚਾਹੀਦਾ ਹੈ?
ਆਸਟਰੇਲੀਆ ਦੀ ਇਹ ਕਹਾਣੀ ਪੜ੍ਹਨ ਤੋਂ ਬਾਅਦ ਸ਼ਾਇਦ ਤੁਸੀਂ ਪਹਿਲਾਂ ਨਾਲੋਂ ਕਿਤੇ ਵਧ ਸੁਚੇਤ ਹੋ ਜਾਓਗੇ।
ਆਸਟਰੇਲੀਆ ਦੀ ਇੱਕ ਕੁੜੀ ਨੇ ਕੈਂਸਰ ਦੀ ਗੱਲ ਕਹਿ ਕੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪਹਿਲਾਂ ਤਾਂ ਪੈਸੇ ਇਕੱਠੇ ਕੀਤੇ ਅਤੇ ਬਾਅਦ ਵਿੱਚ ਉਨ੍ਹਾਂ ਪੈਸਿਆਂ ਨੂੰ ਮੌਜ-ਮਸਤੀ ਵਿੱਚ ਖਰਚ ਕਰ ਦਿੱਤਾ।
ਬਾਅਦ ਵਿੱਚ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਕੈਂਸਰ ਦੀ ਗੱਲ ਝੂਠੀ ਸੀ। ਇਸ ਤੋਂ ਬਾਅਦ ਇਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ।
24 ਸਾਲਾਂ ਦੀ ਹਨਾ ਡਿਕੰਸਨ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਇਲਾਜ ਕਰਾਉਣ ਲਈ ਵਿਦੇਸ਼ ਜਾਣਾ ਪਵੇਗਾ, ਜਿਸ ਲਈ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ।
ਅਦਾਲਤ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਆਪਣੇ ਬਹੁਤ ਸਾਰੇ ਜਾਣਕਾਰਾਂ ਕੋਲੋਂ ਆਰਥਿਕ ਮਦਦ ਲਈ। ਉਨ੍ਹਾਂ ਨੂੰ ਕਰੀਬ 21 ਲੱਖ ਰੁਪਏ ਦੀ ਮਦਦ ਮਿਲੀ।
ਇੱਕ ਪਾਸੇ ਇਹ ਆਰਥਿਕ ਮਦਦ ਇਲਾਜ ਲਈ ਦਿੱਤੀ ਗਈ ਸੀ, ਦੂਜੇ ਪਾਸੇ ਹੀ ਡਿਕੰਸਨ ਨੇ ਇਨ੍ਹਾਂ ਪੈਸਿਆਂ ਵਧੇਰੇ ਦਾ ਹਿੱਸਾ ਘੁੰਮਣ ਅਤੇ ਲੋਕਾਂ ਨਾਲ ਮਿਲਣ-ਜੁਲਣ ਵਿੱਚ ਖਰਚ ਕੀਤਾ।
ਮਾਮਲੇ ਦੀ ਸੁਣਵਾਈ ਕਰ ਰਹੇ ਇੱਕ ਜੱਜ ਨੇ ਡਿਕੰਸਨ ਦੀ ਇਸ ਹਰਕਤ ਨੂੰ ਮਾੜਾ ਦੱਸਿਆ।
ਫੇਸਬੁੱਕ ਨੇ ਖੋਲ੍ਹਿਆ ਭੇਦ
ਮੈਲਬਰਨ ਦੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਡਿਕੰਸਨ ਨੂੰ ਧੋਖਾਧੜੀ ਦੇ ਸੱਤ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਸੁਣਵਾਈ ਦੌਰਾਨ ਮਜਿਸਟ੍ਰੇਟ ਡੇਵਿਡ ਸਟਾਰਵੈਗੀ ਨੇ ਕਿਹਾ ਕਿ ਡਿਕੰਸਨ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਨੇ ਕਿਹਾ ਕਿ ਡਿਕੰਸਨ ਦੇ ਇਸ ਕੰਮ ਨਾਲ ਮਨੁੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਢਾਹ ਲੱਗੀ ਹੈ। ਇਹ ਉਹ ਲੋਕ ਹਨ ਜੋ ਮਿਹਨਤ ਕਰਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਕਿਸੇ ਦੇ ਇਲਾਜ ਲਈ ਦਾਨ ਦਿੱਤੀ ਸੀ।
ਅਦਾਲਤ ਵਿੱਚ ਸੁਣਵਾਈ ਦੌਰਾਨ ਕਿਹਾ ਗਿਆ ਕਿ ਇੱਕ ਵਿਅਕਤੀ ਜੋ ਖ਼ੁਦ ਕੈਂਸਰ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਘਰ ਆਏ ਸਨ। ਉਨ੍ਹਾਂ ਨੇ ਡਿਕੰਸਨ ਨੂੰ ਕਰੀਬ 5 ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੇ ਉਨ੍ਹਾਂ 4 ਵੱਖ ਵੱਖ ਮੌਕਿਆਂ 'ਤੇ ਪੈਸੇ ਦਿੱਤੇ।
ਧੋਖਾਧੜੀ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਆਰਥਿਕ ਮਦਦ ਕਰਨ ਵਾਲੇ ਇੱਕ ਵਿਅਕਤੀ ਨੇ ਡਿਕੰਸਨ ਦੀਆਂ ਕੁਝ ਤਸਵੀਰਾਂ ਫੇਸਬੁੱਕ 'ਤੇ ਦੇਖੀਆਂ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।
ਡਿਕੰਸਨ ਦੇ ਵਕੀਲ ਬੇਵਰਲੀ ਲਿੰਡਸੇ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਸੈਲੀਬ੍ਰਿਟੀ ਬਲਾਗਰ ਬੇਲੇ ਗਿਬਸਨ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੇ ਬ੍ਰੇਨ ਕੈਂਸਰ ਹੋਣ ਦਾ ਝੂਠ ਬੋਲਿਆ ਸੀ ਅਤੇ ਬਾਅਦ ਵਿੱਚ ਸੱਚ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ 'ਤੇ ਕਰੀਬ 2 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ।
ਲਿੰਡਸੇ ਨੇ ਡਿਕੰਸਨ ਦਾ ਪੱਖ ਰਖਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਿੰਡਸੇ ਦੀ ਤੁਲਨਾ ਵਿੱਚ ਘੱਟ ਪੈਸੇ ਮਿਲੇ ਸਨ।
ਹਾਲਾਂਕਿ ਜੱਜ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਦੀ ਕੋਈ ਤੁਲਨਾ ਨਹੀਂ ਹੈ, ਨਾਲ ਹੀ ਇਹ ਅਦਾਲਤ ਦੀ ਜ਼ਿੰਮੇਵਾਰ ਹੈ ਕਿ ਉਹ ਇਹ ਤੈਅ ਕਰੇ ਕਿ ਭਵਿੱਖ 'ਚ ਅਜਿਹਾ ਕੋਈ ਮਾਮਲਾ ਸਾਹਮਣੇ ਨਾ ਆਏ।