ਕੂਟਨੀਤਕਾਂ ਨੂੰ ਕੱਢਣ ਤੋਂ ਬਾਅਦ ਕੀ ਹੁੰਦਾ ਹੈ?

ਰੂਸੀ ਕੂਟਨੀਤਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਹੁਣ ਆਸਟਰੇਲੀਆ ਵੀ ਸ਼ਾਮਿਲ ਹੋ ਗਿਆ ਹੈ। 20 ਤੋਂ ਵੱਧ ਦੇਸਾਂ ਵਿੱਚੋਂ 100 ਤੋਂ ਵੱਧ ਰੂਸੀ ਕੂਟਨੀਤਕਾਂ ਨੂੰ ਕੱਢਿਆ ਜਾ ਚੁੱਕਿਆ ਹੈ।

ਇਹ ਐਲਾਨ ਤਿੰਨ ਹਫ਼ਤੇ ਪਹਿਲਾਂ ਬਰਤਾਨੀਆ ਵਿੱਚ ਰੂਸ ਦੇ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ ਤੋਂ ਬਾਅਦ ਕੀਤਾ ਗਿਆ ਹੈ।

ਕੂਟਨੀਤਿਕ ਕਿਉਂ ਕੱਢੇ ਜਾਂਦੇ ਹਨ?

ਕੂਟਨੀਤਿਕਾਂ ਨੂੰ ਦੁਨੀਆਂ ਭਰ ਦੇ ਮੇਜ਼ਬਾਨ ਦੇਸਾਂ ਵਿੱਚ 'ਛੋਟ' ਦਿੱਤੀ ਜਾਂਦੀ ਹੈ ਯਾਨਿ ਕਿ ਉਨ੍ਹਾਂ 'ਤੇ ਕੇਸ ਨਹੀਂ ਚਲਾਇਆ ਜਾ ਸਕਦਾ।

ਹਾਲਾਂਕਿ ਕਾਨੂੰਨ ਦੀ ਉਲੰਘਣਾ ਕਰਨ ਜਾਂ ਮੇਜ਼ਬਾਨ ਦੇਸ ਨੂੰ ਨਾਰਾਜ਼ ਕਰਨ ਜਾਂ ਕੂਟਨੀਤਿਕ ਸੰਕਟ ਵੇਲੇ ਮੇਜ਼ਬਾਨ ਦੇਸ ਵਿੱਚ ਰਹਿਣ ਦਾ ਅਧਿਕਾਰ ਵਾਪਸ ਲਿਆ ਜਾ ਸਕਦਾ ਹੈ।

ਕੂਟਨੀਤਿਕ ਰਿਸ਼ਤਿਆਂ 'ਤੇ ਵਿਏਨਾ ਸਮਝੌਤੇ ਤਹਿਤ ਨਜ਼ਰ ਰੱਖੀ ਜਾਂਦੀ ਹੈ। ਸਮਝੌਤੇ ਦੇ ਆਰਟੀਕਲ 9 ਤਹਿਤ ਮੇਜ਼ਬਾਨ ਦੇਸ ਕਿਸੇ ਵੀ ਵੇਲੇ ਅਤੇ ਕਿਸੇ ਵੀ ਕਾਰਨ ਲਈ ਕਿਸੇ ਸ਼ਖ਼ਸ ਨੂੰ ਆਪਣੇ ਮੁਲਕ ਨੂੰ ਛੱਡਣ ਦੇ ਹੁਕਮ ਜਾਰੀ ਕਰ ਸਕਦਾ ਹੈ।

ਹੁਣ ਤੱਕ ਕਿਸ-ਕਿਸ ਨੇ ਕੱਢੇ ਕੂਟਨੀਤਿਕ?

ਬਰਤਾਨੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ 23 ਰੂਸੀ ਕੂਟੀਨੀਤਕਾਂ ਨੂੰ ਕੱਢ ਰਿਹਾ ਹੈ। ਇਸੇ ਲੜੀ ਵਿੱਚ ਕਈ ਦੇਸਾਂ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਵੀ ਰੂਸੀ ਰਾਜਦੂਤਾਂ ਨੂੰ ਕੱਢ ਰਹੇ ਹਨ।

  • ਅਮਰੀਕਾ: 60 ਕੂਟਨੀਤਿਕ
  • ਯੁਰਪੀ ਯੂਨੀਅਨ ਦੇਸ: ਫਰਾਂਸ (4), ਜਰਮਨੀ (4), ਪੋਲੈਂਡ (4), ਚੈਕ ਰਿਪਬਲਿਕ (3), ਲਿਥੂਆਨੀਆ (3), ਡੈਨਮਾਰਕ (2), ਨੀਦਰਲੈਂਡਜ਼ (2), ਇਟਲੀ (2), ਸਪੇਨ (2), ਇਸਟੋਨੀਆ (1), ਕਰੋਏਸ਼ੀਆ (1), ਫਿਨਲੈਂਡ (1), ਹੰਗਰੀ (1), ਲਾਤਵੀਆ (1), ਰੋਮਾਨੀਆ (1), ਸਵੀਡਨ (1)
  • ਯੂਕਰੇਨ: 13
  • ਕੈਨੇਡਾ: 4
  • ਅਲਬਾਨੀਆ: 2
  • ਆਸਟਰੇਲੀਆ: 2
  • ਨੌਰਵੇ: 1
  • ਮੈਕਡੋਨੀਆ: 1

ਕਿਸ ਨੂੰ ਕੱਢਣਾ ਹੈ ਕੌਣ ਤੈਅ ਕਰਦਾ ਹੈ?

ਮੇਜ਼ਬਾਨ ਦੇਸ ਤੈਅ ਕਰਦਾ ਹੈ ਕਿ ਕਿਸ ਕੂਟਨੀਤਿਕ ਨੂੰ ਰੱਖਣਾ ਹੈ ਅਤੇ ਕਿਸ ਨੂੰ ਕੱਢਣਾ ਹੈ।

ਉੱਤਰੀ ਕੋਰੀਆ ਵਿੱਚ ਯੂਕੇ ਦੇ ਐਂਬੈਸਡਰ ਜੌਹਨ ਐਵਰਡ ਦਾ ਕਹਿਣਾ ਹੈ, "ਕੋਈ ਪੱਕਾ ਤਰੀਕਾ ਨਹੀਂ ਹੈ ਜਿਸ ਨਾਲ ਰਾਜਦੂਤਾਂ ਨੂੰ ਦੱਸਿਆ ਜਾਏ ਕਿ ਕਿਸ ਨੇ ਰਹਿਣਾ ਹੈ ਅਤੇ ਕਿਸ ਨੂੰ ਕੱਢਣਾ ਹੈ।"

ਉਨ੍ਹਾਂ ਕਿਹਾ ਕਿ ਮੇਜ਼ਬਾਨ ਦੇਸ ਐਂਬੈਸਡਰ ਨੂੰ ਸੰਮਨ ਭੇਜ ਸਕਦਾ ਹੈ ਜਾਂ ਇੱਕ ਰਸਮੀ ਰਾਜਨੀਤਿਕ ਨੋਟ ਜਾਰੀ ਕੀਤਾ ਜਾ ਸਕਦਾ ਹੈ।

ਕੀ ਹੁੰਦਾ ਹੈ ਜਦੋਂ ਇੱਕ ਕੂਟਨੀਤਿਕ ਨੂੰ ਜਾਣ ਲਈ ਕਿਹਾ ਜਾਂਦਾ ਹੈ?

ਜਦੋਂ ਮੇਜ਼ਬਾਨ ਦੇਸ ਜਾਣ ਲਈ ਕਹੇ ਉਦੋਂ ਕੂਟਨੀਤਿਕ ਨੂੰ ਜਾਣਾ ਪੈਂਦਾ ਹੈ। ਜਾਣ ਤੋਂ ਇਨਕਾਰ ਕਰਨਾ ਕੌਮਾਂਤਰੀ ਸਮਝੌਤਿਆਂ ਦੀ ਉਲੰਘਣਾ ਕਰਨਾ ਹੋਏਗਾ ਅਤੇ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

ਅਮਰੀਕਾ ਵਿੱਚ ਸਾਬਕਾ ਬਰਤਾਨਵੀ ਐਂਬੈਸਡਰ ਸਰ ਕ੍ਰਿਸਟੌਫਰ ਦਾ ਕਹਿਣਾ ਹੈ, "ਸਾਨੂੰ ਉਨ੍ਹਾਂ ਦੀਆਂ ਡੈੱਡਲਾਈਨਜ਼ ਮੰਨਣੀਆਂ ਪੈਂਦੀਆਂ ਹਨ ਅਤੇ ਉਨ੍ਹਾਂ ਨੂੰ ਸਾਡੀਆਂ।"

ਰੂਸ ਨੇ ਯੂਕੇ ਕੂਟਨੀਤਕਾਂ ਨੂੰ ਜਾਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਅਤੇ ਕਈ ਵਾਰੀ ਇਹ 72 ਜਾਂ 24 ਘੰਟਿਆਂ ਤੋਂ ਵੀ ਘੱਟ ਦਾ ਹੋ ਸਕਦਾ ਹੈ।

ਹਾਲਾਂਕਿ ਅਜਿਹੀ ਕੋਈ ਗਾਈਡਲਾਈਨ ਨਹੀਂ ਹੈ ਕਿ ਜਦੋਂ ਜਾਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਤਾਂ ਉਸ ਦੌਰਾਨ ਕੂਟਨੀਤਿਕ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ।

ਕੀ ਸਟਾਫ਼ ਕਦੇ ਵਾਪਿਸ ਜਾ ਸਕਦਾ ਹੈ?

ਸਰ ਕ੍ਰਿਸਟੌਫ਼ਰ ਦਾ ਕਹਿਣਾ ਹੈ ਕਿ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ ਕਿ ਮੇਜ਼ਬਾਨ ਦੇਸ ਵਿੱਚੋਂ ਜਾਣ ਤੋਂ ਬਾਅਦ ਉਹ ਮੁੜ ਉਸੇ ਦੇਸ ਵਿੱਚ ਵਾਪਸੀ ਕਰੇ।

ਸਰ ਕ੍ਰਿਟੌਫ਼ਰ ਦਾ ਕਹਿਣਾ ਹੈ ਕਿ ਉਹ ਕਿਸੇ ਸਖ਼ਸ ਨੂੰ ਜਾਣਦੇ ਹਨ ਜੋ ਰੂਸ ਵਿੱਚੋਂ ਕੱਢੇ ਜਾਣ ਤੋਂ ਕੁਝ ਸਾਲ ਬਾਅਦ ਮੁੜ ਉੱਥੇ ਹੀ ਭੇਜ ਦਿੱਤੇ ਗਏ ਸੀ।

ਵਾਪਿਸੀ ਕਰਨ 'ਤੇ ਕੀ ਹੁੰਦਾ ਹੈ?

ਕੱਢੇ ਗਏ ਕੂਟਨੀਤਿਕਾਂ ਨੂੰ ਮੁੜ ਵਾਪਸੀ ਦੀ ਉਡੀਕ ਨਹੀਂ ਕਰਨੀ ਪੈਂਦੀ ਸਗੋਂ ਉਨ੍ਹਾਂ ਨੂੰ ਅਗਲੇ ਕੰਮ ਲਈ ਭੇਜ ਦਿੱਤਾ ਜਾਂਦਾ ਹੈ। ਭਾਵੇਂ ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਹੀ ਮਹਾਰਤ ਹਾਸਿਲ ਹੋਵੇ।

ਸਰ ਕ੍ਰਿਸਟੌਫ਼ਰ ਦਾ ਕਹਿਣਾ ਹੈ, "ਵਧੇਰੇ ਰਾਜਦੂਤਾਂ ਨੂੰ ਇੱਕ ਭਾਸ਼ਾ ਵਿੱਚ ਮਾਹਰਤ ਹਾਸਿਲ ਹੁੰਦੀ ਹੈ ਪਰ ਤੁਹਾਨੂੰ ਹਰ ਚੀਜ਼ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੁੰਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)