ਸਾਬਕਾ ਫੁੱਟਬਾਲ ਕੋਚ ਮੁੰਡਿਆਂ ਦੇ ਸਰੀਰਕ ਸ਼ੋਸ਼ਣ ਦਾ ਦੋਸ਼ੀ ਕਰਾਰ

ਸਾਬਕਾ ਫੁੱਟਬਾਲ ਕੋਚ ਬੈਰੀ ਬੈਨੈੱਲ ਨੂੰ ਮੁੰਡਿਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲੇ 1980 ਦੇ ਹਨ।

ਲੀਵਰਪੂਲ ਕਰਾਊਨ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ 8 ਤੋਂ 15 ਸਾਲ ਤੱਕ ਦੇ ਖਿਡਾਰੀਆਂ ਨੂੰ ਕੋਚਿੰਗ ਦਿੰਦਾ ਸੀ ਅਤੇ ਕਾਫ਼ੀ ਵੱਡੇ ਪੱਧਰ 'ਤੇ ਉਨ੍ਹਾਂ 'ਤੇ ਤਸ਼ਦੱਦ ਕਰਦਾ ਸੀ।

64 ਸਾਲਾ ਬੈਨੈੱਲ ਨੂੰ 10 ਮੁੰਡਿਆਂ ਦੇ ਨਾਲ ਗੰਭੀਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵਿੱਚ 36 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਜੂਰੀ ਅਜੇ ਵੀ ਸੱਤ ਮਾਮਲਿਆਂ ਵਿੱਚ ਸਜ਼ਾ 'ਤੇ ਵਿਚਾਰ ਕਰ ਰਹੀ ਹੈ ਅਤੇ ਬੁੱਧਵਾਰ ਨੂੰ ਫੈਸਲਾ ਸੁਣਾਏਗੀ।

ਮੁੰਡਿਆਂ ਦਾ ਸ਼ੋਸ਼ਣ ਉਹ ਆਪਣੇ ਘਰ ਵਿੱਚ ਕਰਦਾ ਸੀ ਜਿੱਥੇ ਉਸ ਨੇ ਕੁਝ ਖੇਡਾਂ ਅਤੇ ਤੇਂਦੁਏ ਤੇ ਬਾਂਦਰ ਵਰਗੇ ਪਾਲਤੂ ਪਸ਼ੂ ਰੱਖੇ ਹੋਏ ਸਨ।

ਉਹ ਕਿਸੇ ਬਾਹਰ ਟ੍ਰਿਪ ਜਾਂ ਟ੍ਰੇਨਿੰਗ ਦੌਰਾਨ ਜਾਂ ਕਾਰ ਵਿੱਚ ਆਉਣ-ਜਾਣ ਵੇਲੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ।

ਯੂਥ ਸਕਾਊਟ ਅਤੇ ਜੂਨੀਅਰ ਫੁੱਟਬਾਲ ਕੋਚ ਕ੍ਰੂ ਐਲੈਗਜ਼ੈਂਡਰ ਅਤੇ ਮੈਨਚੈਸਟਰ ਸਿਟੀ ਵਰਗੇ ਕਈ ਕਲੱਬਾਂ ਨਾਲ ਜੁੜਿਆ ਹੋਇਆ ਸੀ ਜਿੱਥੇ ਉਸ ਨੂੰ 'ਰੱਬ' ਮੰਨਿਆ ਜਾਂਦਾ ਸੀ।

ਅਦਾਲਤ ਵਿੱਚ ਪੀੜਤ ਕ੍ਰਿਸ ਅਨਸਵਰਥ ਨੇ ਕਿਹਾ ਕਿ ਉਸ ਨਾਲ ਅੱਧੇ ਦਰਜਨ ਵਾਰੀ ਬਲਾਤਕਾਰ ਕੀਤਾ ਗਿਆ।

ਕ੍ਰਿਸ ਸਥਾਨਕ ਕਲੱਬ ਲਈ ਖੇਡਣ ਵਾਲਾ ਜੂਨੀਅਰ ਫੁੱਟਬਾਲ ਖਿਡਾਰੀ ਸੀ ਅਤੇ ਬੈਨੈੱਲ ਉਸ ਵੇਲੇ ਮੈਨਚੈਸਟਰ ਸਿਟੀ ਦੇ ਸਕਾਊਟ ਵਜੋਂ ਕੰਮ ਕਰਦਾ ਸੀ।

ਬੈਨੈੱਲ ਨੂੰ ਕ੍ਰਿਸ ਖਿਲਾਫ਼ ਤਸ਼ਦੱਦ ਦੇ ਪੰਜ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕ੍ਰਿਸ ਉਸ ਵੇਲੇ 8 ਤੋਂ 14 ਸਾਲ ਦਾ ਸੀ।

ਤਿੰਨ ਵਾਰੀ ਜੇਲ੍ਹ

ਬੈਨੈੱਲ ਜੋ ਕਿ ਇਸ ਵੇਲੇ ਰਿਚਰਡ ਜੋਨਜ਼ ਵਜੋਂ ਜਾਣਿਆ ਜਾਂਦਾ ਹੈ ਸਿਹਤ ਖਰਾਬ ਹੋਣ ਕਰਕੇ ਅਦਾਲਤ ਵਿੱਚ ਵੀਡੀਓਲਿੰਕ ਜ਼ਰੀਏ ਪੇਸ਼ ਹੋਇਆ।

ਜੂਰੀ ਨੂੰ ਜਾਣਕਾਰੀ ਮਿਲੀ ਸੀ ਕਿ ਬੈਨੈੱਲ ਨੂੰ ਮੁੰਡਿਆਂ ਦੇ ਸ਼ੋਸ਼ਣ ਦੇ ਇਲਜ਼ਾਮ ਵਿੱਚ ਯੂਕੇ ਅਤੇ ਅਮਰੀਕਾ ਵਿੱਚ ਤਿੰਨ ਵਾਰੀ ਜੇਲ੍ਹ ਹੋਈ ਸੀ।

ਉਸ ਨੇ ਆਪਣੇ ਬਚਾਅ ਵਿੱਚ ਕੋਈ ਵੀ ਸਬੂਤ ਜਾਂ ਗਵਾਹ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਕੈਂਸਰ ਹੈ ਜਿਸ ਕਰਕੇ ਉਸ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ।

ਉਸ ਦੇ ਵਕੀਲ ਨੇ ਇਲਜ਼ਾਮ ਲਾਏ ਕਿ ਸ਼ਿਕਾਇਤਕਰਤਾ ਕਹਾਣੀਆਂ ਬਣਾ ਰਹੇ ਹਨ।

ਪੰਜ ਮਰਦਾਂ ਤੇ 6 ਔਰਤਾਂ ਦੀ ਜੂਰੀ ਨੇ ਪੰਜ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਚਾਰ ਦਿਨ ਵਿਚਾਰ-ਚਰਚਾ ਕੀਤੀ।

ਉਹ ਬੈਨੈੱਲ ਖਿਲਾਫ਼ 11 ਸ਼ਿਕਾਇਤਕਰਤਾਵਾਂ ਵੱਲੋਂ 48 ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ।

10 ਸ਼ਿਕਾਇਤਕਰਤਾਵਾਂ ਦੇ 36 ਮਾਮਲਿਆਂ ਵਿੱਚ ਬੈਨੈੱਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਸੁਣਵਾਈ ਦੌਰਾਨ ਜੱਜ ਨੇ ਤਿੰਨ ਮਾਮਲਿਆਂ ਵਿੱਚ ਉਸ ਨੂੰ ਦੋਸ਼ੀ ਕਰਾਰ ਨਾ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਸਨ।

ਦੋ ਮਾਮਲਿਆਂ ਜਿਸ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਨ੍ਹਾਂ ਦੀ ਸੁਣਵਾਈ ਜੂਰੀ ਨਹੀਂ ਕਰੇਗੀ।

ਜੱਜ ਨੇ ਜੂਰੀ ਨੂੰ ਕਿਹਾ ਹੈ ਕਿ ਜ਼ਿਆਦਾਤਰ ਫੈਸਲੇ ਸੱਤ ਮਾਮਲਿਆਂ ਵਿੱਚ ਲਏ ਜਾਣ। ਇਨ੍ਹਾਂ 'ਚੋਂ ਚਾਰ ਮਾਮਲੇ 11ਵੇਂ ਸ਼ਿਕਾਇਤਕਰਤਾ ਨਾਲ ਸਬੰਧਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ