ਪਾਕਿਸਤਾਨ ਦੇ ਪੇਸ਼ਾਵਰ 'ਚ ਖੇਤੀਬਾੜੀ ਕਾਲਜ 'ਤੇ ਹਮਲਾ, 9 ਦੀ ਮੌਤ

ਪਾਕਿਸਤਾਨੀ ਦੇ ਪੇਸ਼ਾਵਰ ਸ਼ਹਿਰ ਵਿੱਚ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ। ਪੇਸ਼ਾਵਰ ਵਿੱਚ ਸਥਿਤ ਐਗਰੀਕਲਚਰ ਟਰੇਨਿੰਗ ਇੰਸਟੀਚਿਊਟ ਵਿੱਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

ਦੱਸਿਆ ਜਾਂਦਾ ਹੈ ਕਿ ਤਿੰਨ ਹਮਲਾਵਰ ਬੁਰਕਾ ਪਾ ਕੇ ਪੇਸ਼ਾਵਰ ਸ਼ਹਿਰ ਦੇ ਖੇਤੀਬਾੜੀ ਸਿਖਲਾਈ ਸੰਸਥਾ 'ਚ ਦਾਖ਼ਲ ਹੋਏ। ਫੌਜ ਦੀ ਜਵਾਬੀ ਕਾਰਵਾਈ ਵਿੱਚ ਸਾਰੇ ਹਮਲਾਵਰ ਮਾਰੇ ਗਏ।

ਪਾਕਿਸਤਾਨ ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪੁਲਿਸ ਮੁਤਾਬਕ ਹਮਲੇ ਵਿੱਚ ਅੱਠ ਵਿਦਿਆਰਥੀ ਅਤੇ ਇੱਕ ਮੁਲਾਜ਼ਮ ਦੀ ਮੌਤ ਹੋਈ ਹੈ।

ਪੇਸ਼ਾਵਰ ਸ਼ਹਿਰ ਅਫ਼ਗਾਨਿਸਤਾਨ ਦੀ ਸਰਹੱਦ ਦੇ ਨੇੜੇ ਹੈ ਅਤੇ ਕੁਝ ਸਾਲਾਂ ਤੋਂ ਕੱਟੜਪੰਥੀ ਤਾਲੀਬਾਨ ਦੇ ਨਿਸ਼ਾਨੇ 'ਤੇ ਰਿਹਾ ਹੈ।

ਪੇਸ਼ਾਵਰ ਦੇ ਪੁਲਿਸ ਮੁਖੀ ਤਾਹਿਰ ਖਾਨ ਨੇ ਖ਼ਬਰ ਏਜੰਸੀ ਰੌਇਟਰਸ ਨੂੰ ਦੱਸਿਆ, ''ਪੁਲਿਸ ਅਤੇ ਕਮਾਂਡੋ ਨੇ ਕੈਂਪਸ ਦੀ ਘੇਰੇਬੰਦੀ ਕਰ ਲਈ ਹੈ।''

ਇੱਕ ਜ਼ਖ਼ਮੀ ਵਿਦਿਆਰਥਣ ਅਹਿਤੇਸਾਨ ਉਲ ਹਕ਼ ਨੇ ਰੌਇਟਰਸ ਨੂੰ ਦੱਸਿਆ ਕਿ ਕੈਂਪਸ ਵਿੱਚ ਤਕਰੀਬਨ 400 ਵਿਦਿਆਰਥੀ ਸੀ। ਵੱਡੀ ਗਿਣਤੀ ਵਿੱਚ ਵਿਦਿਆਰਥੀ ਈਦ ਦੀਆਂ ਛੁੱਟੀਆਂ 'ਤੇ ਘਰਾਂ ਨੂੰ ਗਏ ਹੋਏ ਸੀ।

ਸਾਲ 2014 ਵਿੱਚ ਤਾਲੀਬਾਨੀ ਦਹਿਸ਼ਤਗ਼ਰਦਾਂ ਨੇ ਪੇਸ਼ਾਵਰ ਦੇ ਆਰਮੀ ਸਕੂਲ 'ਤੇ ਹਮਲਾ ਕਰ ਕੇ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ 141 ਲੋਕਾਂ ਨੂੰ ਮਾਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)