ਅਮਰੀਕਾ: ਮੇਅਰ ਅਹੁਦੇ ਦੇ ਉਮੀਦਵਾਰ ਸਿੱਖ ਨੂੰ ਦੱਸਿਆ 'ਅੱਤਵਾਦੀ'

ਮੇਅਰ ਦੀਆਂ ਚੋਣਾ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਖ਼ੇਤਰ 'ਚ ਮੇਅਰ ਅਹੁਦੇ ਲਈ ਉਮੀਦਵਾਰ ਰਵਿੰਦਰ ਸਿੰਘ ਭੱਲਾ ਲਈ ਪਰਚੇ ਵਿੱਚ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ।

ਦਾਅਵਾ ਕੀਤਾ ਗਿਆ ਕਿ ਭੱਲਾ ਦੇ ਦਫ਼ਤਰ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ਿਆਂ 'ਤੇ ਉਨ੍ਹਾਂ ਨੂੰ ਅੱਤਵਾਦੀ ਲਿਖੇ ਹੋਏ ਪਰਚੇ ਚਿਪਕੇ ਹੋਏ ਮਿਲੇ ਸਨ।

ਸ਼ਹਿਰ 'ਚ ਕੁਝ ਦਿਨਾਂ ਬਾਅਦ ਮੇਅਰ ਅਹੁਦੇ ਲਈ ਵੋਟਿੰਗ ਹੋਣੀ ਹੈ।

ਰਵਿੰਦਰ ਭੱਲਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਇੱਕ ਪਰਚੇ ਵਿੱਚ 'ਟੈਰੇਰਿਸਟ' ਸ਼ਬਦ ਨੂੰ ਮੇਰੀ ਤਸਵੀਰ ਦੇ ਉੱਪਰ ਲਿੱਖ ਕੇ ਵੰਡਿਆ ਗਿਆ। ਇਹ ਦੁੱਖ ਦਿੰਦਾ ਹੈ, ਪਰ ਅਸੀਂ ਨਫ਼ਰਤ ਨੂੰ ਜਿੱਤਣ ਨਹੀਂ ਦੇਵਾਂਗੇ।''

ਦੋ ਹੋਰ ਟਵੀਟ ਕਰਦਿਆਂ ਉਨ੍ਹਾਂ ਲਿਖਿਆ, ''ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੋਬ ਇੱਕ ਸੁਆਗਤ ਯੋਗ ਭਾਈਚਾਰਾ ਹੈ ਜਿੱਥੇ ਮੈਂ ਤੇ ਮੇਰੀ ਪਤਨੀ ਆਪਣੇ ਬੱਚਿਆਂ ਦੀ ਪਰਵਰਿਸ਼ 'ਤੇ ਮਾਣ ਮਹਿਸੂਸ ਕਰਦੇ ਹਾਂ। ਤੁਹਾਡੇ ਜਾਤ-ਪਾਤ ਨਾਲ ਫ਼ਰਕ ਨਹੀਂ ਪੈਂਦਾ, ਤੁਹਾਡਾ ਸਾਡੇ ਸ਼ਹਿਰ 'ਚ ਸੁਆਗਤ ਹੈ। ਮੇਅਰ ਬਣਨ 'ਤੇ ਇਹ ਸਭ ਇਸੇ ਤਰ੍ਹਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ।''

ਰਵਿੰਦਰ ਭੱਲਾ ਨੂੰ ਟਵੀਟ ਕਰਦੇ ਹੋਏ ਟੇਰੀ ਡੇਵੇਨਪੋਰਟ ਲਿਖਦੇ ਹਨ ਕਿ ਹੋਬ ਭਾਈਚਾਰਾ ਤੁਹਾਡੇ ਸਾਥ ਨੂੰ ਖੁਸ਼ਕਿਸਮਤ ਮੰਨਦਾ ਹੈ।

ਬਲਜੀਤ ਸਿੰਘ ਬਾਂਸਲ ਲਿਖਦੇ ਹਨ ਕਿ ਨਫ਼ਰਤ ਕਦੇ ਨਹੀਂ ਜਿੱਤੇਗੀ। ਵਾਹਿਗੁਰੂ ਜੀ ਅਤੇ ਤੁਹਾਡਾ ਤਜਰਬਾ ਤੁਹਾਡੇ ਨਾਲ ਹੈ।

ਨਿਊ ਜਰਸੀ ਤੋਂ ਸੈਨੇਟਰ ਕੋਰੀ ਬੁਕਰ ਨੇ ਭੱਲਾ ਵਿਰੁੱਧ ਫ਼ੈਲਾਏ ਗਏ ਇਨ੍ਹਾਂ ਪਰਚਿਆਂ ਦੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਅਤੇ ਇਸਦੀ ਨਿਖੇਧੀ ਤੇ ਆਲੋਚਨਾ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)