You’re viewing a text-only version of this website that uses less data. View the main version of the website including all images and videos.
ਕਾਂਗੋ 'ਚ ਭੁੱਖਮਰੀ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਲੱਖਾਂ ਬੱਚੇ
ਕਾਂਗੋ 'ਚ 30 ਲੱਖ ਤੋਂ ਵੱਧ ਲੋਕ ਭੁੱਖਮਰੀ ਦੇ ਖ਼ਤਰੇ ਹੇਠ ਜ਼ਿੰਦਗੀ ਜਿਊਂ ਰਹੇ ਹਨ।
ਸੰਯੁਕਤ ਰਾਸ਼ਟਰਜ਼ ਫੂਡ ਏਜੰਸੀ ਦੇ ਮੁਖੀ ਨੇ ਕਾਂਗੋ ਦੇ ਹਿੰਸਾ ਪ੍ਰਭਾਵਿਤ ਕਾਸਾਈ ਸੂਬੇ ਵਿੱਚ ਭੁੱਖਮਰੀ ਦੇ ਗੰਭੀਰ ਸੰਕਟ ਨੂੰ ਰੋਕਣ ਲਈ ਸਹਾਇਤਾ ਦੀ ਅਪੀਲ ਕੀਤੀ ਹੈ।
ਡੇਵਿਡ ਬੈਸਲੀ ਨੇ ਬੀਬੀਸੀ ਨੂੰ ਦੱਸਿਆ ਕਿ ਕਾਂਗੋ 'ਚ 30 ਲੱਖ ਤੋਂ ਵੱਧ ਲੋਕਾਂ ਨੂੰ ਭੁੱਖਮਰੀ ਦਾ ਖ਼ਤਰਾ ਹੈ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਹਾਇਤਾ ਨਹੀਂ ਦਿੱਤੀ ਗਈ ਤਾਂ ਆਉਣ ਵਾਲੇ ਮਹੀਨਿਆਂ 'ਚ ਲੱਖਾਂ ਬੱਚੇ ਮਰ ਸਕਦੇ ਹਨ।
ਅਗਸਤ 2016 'ਚ ਸੁਰੱਖਿਆ ਦਸਤਿਆਂ ਨਾਲ ਝੜਪਾਂ ਦੌਰਾਨ ਇੱਕ ਸਥਾਨਕ ਨੇਤਾ ਦੀ ਮੌਤ ਤੋਂ ਬਾਅਦ ਇੱਥੇ ਹਿੰਸਾ ਭੜਕ ਗਈ ਸੀ। ਇਸ ਨਾਲ 15 ਲੱਖ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ।
ਲੱਖਾਂ ਬੱਚਿਆਂ ਦੇ ਮਰਨ ਦਾ ਖ਼ਦਸ਼ਾ
ਬੀਸਲੇ ਨੇ ਕਾਸਾਈ ਵਿਚਲੀ ਸਥਿਤੀ ਨੂੰ ਇੱਕ "ਬਿਪਤਾ" ਦੱਸਿਆ ਹੈ।
ਉਨ੍ਹਾਂ ਕਿਹਾ, "ਸਾਡੀਆਂ ਟੀਮਾਂ ਇਸ ਖੇਤਰ ਵਿਚ ਕੰਮ ਕਰ ਰਹੀਆਂ ਹਨ, ਅਸੀਂ ਸੜੀਆਂ ਝੌਂਪੜੀਆਂ, ਸੜੇ ਹੋਏ ਘਰ, ਗੰਭੀਰ ਰੂਪ ਵਿੱਚ ਕੁਪੋਸ਼ਣ ਵਾਲੇ ਬੱਚਿਆਂ ਨੂੰ ਵੇਖਿਆ ਹੈ। ਇਹ ਸਪੱਸ਼ਟ ਹੈ ਕਿ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।"
ਉਨ੍ਹਾਂ ਕਿਹਾ "ਅਸੀਂ ਉੱਥੋਂ ਦੇ ਲੱਖਾਂ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ, ਜੇ ਸਾਨੂੰ ਫ਼ੰਡ, ਭੋਜਨ ਅਤੇ ਸਹੀ ਥਾਵਾਂ 'ਤੇ ਪਹੁੰਚ ਨਹੀਂ ਮਿਲੀ ਤਾਂ ਅਗਲੇ ਕੁਝ ਮਹੀਨਿਆਂ ਵਿੱਚ ਇਹ ਬੱਚੇ ਮਰ ਜਾਣਗੇ।"
ਫੂਡ ਏਜੰਸੀ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਕੋਲ ਮਦਦ ਕਰਨ ਲਈ ਲੋੜੀਂਦੇ ਫ਼ੰਡਾਂ ਦੇ ਸਿਰਫ਼ 1 ਫ਼ੀਸਦੀ ਫ਼ੰਡ ਮੌਜੂਦ ਹਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲਾ ਬਰਸਾਤੀ ਮੌਸਮ ਮਦਦ ਪਹੁੰਚਾਉਣ ਲਈ ਇੱਕ ਵੱਡਾ ਅੜਿੱਕਾ ਬਣ ਸਕਦਾ ਹੈ। ਜਹਾਜ਼ ਰਾਹੀਂ ਸਹਾਇਤਾ ਦੇਣ ਨਾਲ ਕੀਮਤਾਂ ਵਿਚ ਵਾਧਾ ਹੋ ਜਾਵੇਗਾ।
ਉਨ੍ਹਾਂ ਕਿਹਾ, "ਭੁੱਖਮਰੀ ਦੇ ਸ਼ਿਕਾਰ ਲੋਕਾਂ ਨੂੰ ਫ਼ੌਰੀ ਮਦਦ ਦੀ ਲੋੜ ਹੈ।"
ਬਾਗ਼ੀ ਫ਼ੌਜ ਦਾ ਸਰਕਾਰ ਨਾਲ ਟਕਰਾਅ
ਟਕਰਾਅ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਰਕਾਰ ਨੇ 'ਕਮਾਇਨਾ ਨਸਾਪੂ' ਬਾਗੀ ਸੰਗਠਨ ਦੇ ਰਵਾਇਤੀ ਮੁਖੀ ਨੂੰ ਮਾਨਤਾ ਦੇਣ ਤੋਂ ਮਨ੍ਹਾ ਕਰ ਦਿੱਤਾ ।
ਉਸ ਨੇ ਇੱਕ ਬਾਗ਼ੀ ਫ਼ੌਜ ਤਿਆਰ ਕੀਤੀ ਪਰ ਝੜਪਾਂ ਵਿੱਚ ਮਾਰਿਆ ਗਿਆ। ਉਸ ਦੀ ਮੌਤ ਤੋਂ ਬਾਅਦ ਕਈ 'ਕਮਾਇਨਾ ਨਸਾਪੂ' ਬਾਗ਼ੀ ਧੜੇ ਪੈਦਾ ਹੋ ਚੁੱਕੇ ਹਨ।
ਸਾਰੇ ਵੱਖ ਵੱਖ ਕਾਰਨਾਂ ਲਈ ਲੜ ਰਹੇ ਹਨ, ਪਰ ਸਰਕਾਰ ਦੇ ਨਾਲ ਉਨ੍ਹਾਂ ਦਾ ਸਾਂਝਾ ਟਕਰਾਅ ਹੈ।
ਬਹੁਤ ਸਾਰੇ ਲੋਕ ਇਸ ਲੜਾਈ ਵਿਚ ਸ਼ਾਮਲ ਹੋ ਗਏ ਹਨ, ਜੋ ਕਿ ਪੰਜ ਸੂਬਿਆਂ ਵਿਚ ਫੈਲ ਚੁੱਕੀ ਹੈ।
ਹੁਣ ਤੱਕ 3,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਦਰਜਨਾਂ ਕਬਰਸਤਾਨ ਵੀ ਲੱਭੇ ਹਨ।
ਮਾਰਚ ਵਿੱਚ, ਬਾਗ਼ੀ ਫ਼ੌਜ ਨੇ ਕਾਸਾਈ ਵਿੱਚ 40 ਪੁਲਸ ਅਫ਼ਸਰਾਂ ਦੇ ਕਤਲ ਕਰ ਦਿੱਤੇ ਅਤੇ ਉਨ੍ਹਾਂ ਦੇ ਸਾਰੇ ਸਿਰ ਕੱਟ ਦਿੱਤੇ ਸਨ।
ਇਸੇ ਮਹੀਨੇ ਦੋ ਸੰਯੁਕਤ ਰਾਸ਼ਟਰ ਦੇ ਵਰਕਰਾਂ, ਇੱਕ ਸਵੀਡਿਸ਼ ਤੇ ਇੱਕ ਅਮਰੀਕੀ ਨੂੰ ਅਗਵਾ ਕਰ ਕੇ ਮਾਰ ਦਿੱਤਾ ਗਿਆ ਸੀ।