ਪੰਜਾਬ ਵਿਧਾਨ ਸਭਾ ਸੈਸ਼ਨ : ਭਗਵੰਤ ਮਾਨ ਅਤੇ ਪ੍ਰਤਾਪ ਬਾਜਵਾ ਵਿਚਾਲੇ ਬਹਿਸ ਤੋਂ ਬਾਅਦ ਕਾਂਗਰਸ ਨੇ ਕੀਤਾ ਬਾਈਕਾਟ

ਬਜਟ ਸ਼ੈਸਨ

ਤਸਵੀਰ ਸਰੋਤ, Getty Images

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸਦਨ ਵਿੱਚ ਧਮਕਾਉਣ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਸਦਨ ਦਾ ਬਾਈਕਾਟ ਕੀਤਾ ਹੈ, ਜਦੋਂ ਤੱਕ ਮੁੱਖ ਮੰਤਰੀ ਸਦਨ ਦੇ ਫਲੋਰ ਉੱਤੇ ਆਕੇ ਆਪਣੇ ਰਵੱਈਏ ਲਈ ਅਫਸੋਸ ਨਹੀਂ ਪ੍ਰਗਟਾਉਦੇ, ਉਨ੍ਹਾਂ ਦੀ ਪਾਰਟੀ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਵੇਗੀ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਸਪੀਕਰ ਨੂੰ ਮਿਲ ਕੇ ਕਿਹਾ ਹੈ ਕਿ ਆਪਣਾ ਰਿਕਾਰਡ ਕਢਵਾ ਕੇ ਦੇਖ ਲਓ ਕਿ ਮੁੱਖ ਮੰਤਰੀ ਨੇ ਧਮਕਾਇਆ ਹੈ ਅਤੇ ਉਹ ਇਸ ਲਈ ਮਾਫੀ ਮੰਗਣ।

ਉਨ੍ਹਾਂ ਕਿਹਾ ਮੰਗਲਵਾਰ ਸਵੇਰੇ 9.30 ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਵੇਗੀ ਅਤੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਦੇ ਹਾਲਾਤ ਤੋਂ ਜਾਣੂ ਕਰਵਾਇਆ ਜਾਵੇਗਾ।

ਪ੍ਰਤਾਪ ਸਿੰਘ ਬਾਜਵਾ
ਤਸਵੀਰ ਕੈਪਸ਼ਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਦਨ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ

ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਦਨ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ।

ਪ੍ਰਤਾਪ ਸਿੰਘ ਬਾਜਵਾ ਰਾਜਪਾਲ ਦੇ ਭਾਸ਼ਣ ਦੇ ਧੰਨਵਾਦੀ ਮਤੇ ਉੱਤੇ ਜਦੋਂ ਬੋਲ ਰਹੇ ਸਨ ਤਾਂ ਮੁੱਖ ਮੰਤਰੀ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੇ ਇਲਜ਼ਾਮਾਂ ਦਾ ਆਪੇ ਜਵਾਬ ਦੇਣ ਲੱਗੇ।

ਜਿਸ ਕਾਰਨ ਮਾਹੌਲ ਕਾਫ਼ੀ ਗਰਮ ਹੋ ਗਿਆ, ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ, ਵਿਜੀਲੈਂਸ ਰੇਡਾਂ ਅਤੇ ਮਾਇੰਨਿੰਗ ਵਰਗੇ ਮਸਲਿਆਂ ਉੱਤੇ ਸਰਕਾਰ ਨੂੰ ਘੇਰਿਆ।

ਜਿਸ ਤੋਂ ਸਦਨ ਵਿੱਚ ਹਾਜ਼ਰ ਮੁੱਖ ਮੰਤਰੀ ਵੀ ਤੈਸ਼ ਵਿੱਚ ਆ ਗਏ। ਬਾਜਵਾ ਦੇ ਭਾਸ਼ਣ ਦੌਰਾਨ ਦੋਵਾਂ ਪਾਸਿਓ ਵਿਧਾਇਕ ਆਪਣੀ ਸੀਟਾਂ ਉੱਤੇ ਖੜ੍ਹੇ ਹੋ ਗਏ।

ਜਿਸ ਤੋਂ ਬਾਅਦ ਸਪੀਕਰ ਨੇ ਹਾਲਾਤ ਨੂੰ ਸੰਭਾਲਦਿਆਂ ਖਾਣੇ ਦੀ ਬਰੇਕ ਲਈ ਸਦਨ 2.30 ਵਜੇ ਤੱਕ ਉਠਾ ਦਿੱਤਾ।

ਸਪੀਕਰ ਦੇ ਖਾਣੇ ਵਿੱਚ ਵਿਰੋਧੀ ਧਿਰ ਨਹੀਂ ਪਹੁੰਚੀ ਅਤੇ ਵਿਰੋਧੀ ਧਿਰ ਆਗੂ ਨੇ ਕਿਹਾ ਕਿ ਮਾਹੌਲ ਇਕੱਠੇ ਖਾਣਾ ਖਾਣ ਵਾਲਾ ਨਹੀਂ ਰਿਹਾ।

ਸਦਨ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਲੋਕਤੰਤਰ ਦੀ ਇਹੀ ਖੂਬਸੂਰਤੀ ਹੈ ਕਿ ਸਾਰੀਆਂ ਧਿਰਾਂ ਆਪਣੀ ਗੱਲ ਰੱਖਦੀਆਂ ਹਨ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਸੀ। ਸਦਨ ਵਿੱਚ ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦੀ ਮਤੇ ਉੱਤੇ ਬਹਿਸ ਹੋਣੀ ਸੀ, ਜਿਸ ਦੌਰਾਨ ਦੋਵੇਂ ਆਗੂਆਂ ਦੀ ਝੜਪ ਹੋਈ।

ਰਾਜਾ ਵੜਿੰਗ, ਸਿੱਧੂ ਮੂਸੇਵਾਲਾ

ਬਾਜਵਾ ਤੇ ਭਗਵੰਤ ਮਾਨ ਦਰਮਿਆਨ ਤਿੱਖੀ ਬਹਿਸ

ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਪੈ ਰਹੇ ਐੱਨਆਈਏ ਦੇ ਛਾਪਿਆਂ ਬਾਰੇ ਕਿਹਾ, ਕਿ ਉਨ੍ਹਾਂ ਦੇ ਦਫ਼ਤਰਾਂ ਉੱਤੇ ਭਾਜਪਾ ਦੇ ਝੰਡੇ ਲਗਾ ਦੇਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ,"ਸਾਨੂੰ ਇਸ ਤੋਂ ਅੱਗੇ ਚੱਲਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਕੱਲ੍ਹ ਨੂੰ ਸਾਨੂੰ ਇਹ ਕਹਿਣਾ ਪਵੇ ਕਿ ਵਿਜੀਲੈਂਸ ਦੇ ਦਫ਼ਤਰ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਲਗਾ ਦਿੱਤਾ ਜਾਵੇ।"

ਪ੍ਰਤਾਪ ਸਿੰਘ ਬਾਜਵਾ ਨੇ ਭ੍ਰਿਸ਼ਟਾਚਾਰ ਦੇ ਮਾਮਲਿਆ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਦਾ ਜ਼ਿਕਰ ਕੀਤਾ।

ਜਿਸ ਦੇ ਬਦਲੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ,"ਚਾਹੇ ਆਪਣਾ ਹੋਵੇ ਜਾ ਬੇਗਾਨਾ ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰੀ ਹੀ ਹੈ।"

ਭਗਵੰਤ ਮਾਨ ਨੇ ਭਾਜਪਾ ਦਾ ਹਿੱਸਾ ਬਣ ਚੁੱਕੇ ਕਾਂਗਰਸੀ ਆਗੂਆਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਕਿਹਾ,"ਕਾਂਗਰਸ ਦੇ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰੀ ਆਗੂਆਂ ਦੀ ਇੱਕ ਲਿਸਟ ਬਣਾਈ ਸੀ। ਜੋ ਕਿ ਤੁਹਾਡੀ ਹਾਈ ਕਮਾਨ ਨੇ ਦੱਬ ਲਈ ਸੀ।"

ਮਾਨ ਨੇ ਕਿਹਾ ਕਿ ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਅਡਾਨੀ ਨੂੰ ਮਾਈਨਜ਼ ਦਿੱਤੀਆਂ ਗਈਆਂ ਹਨ।

ਜਿਸ ਜੇ ਜਵਾਬ ਵਿੱਚ ਬਾਜਵਾ ਨੇ ਆਮ ਆਦਮੀ ਪਾਰਟੀ ਵਲੋਂ ਅਡਾਨੀ ਸਮੂਹ ਨੂੰ ਠੇਕੇ ਦੇਣ ਦੀ ਗੱਲ ਆਖੀ ਗਈ।

ਮੁੱਖ ਮੰਤਰੀ ਇੱਕ ਸ਼ੇਅਰ ਬੋਲਿਆ,"ਮਾਨਾ ਕੇ ਮੇਰੀ ਕਮੀਜ਼ ਪਰ ਲਾਖੋਂ ਦਾਗ਼ ਹੈ, ਪਰ ਖ਼ੁਦਾ ਕਾ ਸ਼ੁਕਰ ਹੈ ਕੇ ਕੋਈ ਧੱਬਾ ਨਹੀਂ..।

ਜਿਸ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਕਮੀਜ਼ ਹੀ ਠੀਕ ਨਹੀਂ ਹੈ।ਸਦਨ ਵਿੱਚ ਗ਼ਰਮਾ-ਗ਼ਰਮੀ ਤੋਂ ਬਾਅਦ ਸਪੀਕਰ ਵਲੋਂ ਬਜਟ ਸ਼ੈਸਨ ਲੰਚ ਬਰੇਕ ਲਈ ਰੋਕ ਦਿੱਤਾ ਗਿਆ।

ਬਜਟ ਸੈਸ਼ਨ

ਤਸਵੀਰ ਸਰੋਤ, Getty Images

ਕਿਸੇ ਵੀ ਅਣਹੋਣੀ ਲਈ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ-ਬਾਜਵਾ

ਦੁਬਾਰਾ ਜਦੋਂ ਮੁੜ ਸਦਨ ਜੁੜਿਆ ਤਾਂ ਬਾਜਵਾ ਨੇ ਸਪੀਕਰ ਕੁਲਤਾਰ ਰੰਧਾਵਾ ਨੂੰ ਸੰਬੋਧਿਤ ਹੁੰਦਿਆਂ ਕਿਹਾ,"ਤੁਸੀਂ ਵੇਖਿਆ ਕਿ ਸਦਨ ਦਾ ਕੰਮ ਕਿਸ ਮਾਹੌਲ ਵਿੱਚ ਚੱਲ ਰਿਹਾ ਸੀ। ਕੰਮ ਲੀਡਰ ਆਫ਼ ਹਾਊਸ ਆਫ਼ ਦੇ ਆਉਣ ਤੋਂ ਬਾਅਦ ਵਿਗੜਿਆ।"

ਬਾਜਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਧਮਕੀਆਂ ਤੇ ਮੈਂਬਰਾਂ ਵੱਲ ਇਸ਼ਾਰਾ ਕਰਕੇ ਧਮਕਾਇਆ ਹੈ।

ਉਨ੍ਹਾਂ ਕਿਹਾ ,"ਜੇ ਮੁੱਖ ਮੰਤਰੀ ਨੇ ਜਿਸ ਤਰੀਕੇ ਨਾਲ ਨਾਮ ਲੈ ਕੇ ਅੱਜ ਧਮਕਾਇਆ ਹੈ। ਉਸ ਦੇ ਚਲਦਿਆਂ ਵਿਰੋਧੀ ਪਾਰਟੀਆਂ ਲਈ ਇਸ ਸਾਰੇ ਵਰਤਾਰੇ ਦਾ ਹਿੱਸਾ ਬਣਨਾ ਬਹੁਤ ਔਖਾ ਹੋਵੇਗਾ।"

ਬਾਜਵਾ ਨੇ ਕਿਹਾ ਜਾਂ ਤਾਂ ਮੁੱਖ ਮੰਤਰੀ ਮਾਫ਼ੀ ਮੰਗਣ ਜਾਂ ਆਪਣੇ ਸ਼ਬਦ ਵਾਪਸ ਲੈਣ।

ਬਾਜਵਾ ਨੇ ਕਿਹਾ ਕਿ ਜੇ ਭਵਿੱਖ ਵਿੱਚ ਕਿਸੇ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੋਵੇਗੀ।

ਵਿਰੋਧੀ ਧਿਰ ਨੇ ਸੂਬੇ ਵਿੱਚ ਅਮਨ-ਕਾਨੂੰਨ ਬਾਰੇ ਕੀ ਕਿਹਾ

ਵਿਰੋਧੀ ਧਿਰ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਹਾਲਤ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ।

ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਸ਼ੁਰੂ ਹੋਣ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰਾਂ ਵਲੋਂ ਕਤਲ ਕਰਨ ਤੋਂ ਬਾਅਦ ਵੀਡੀਓ ਪਾਉਣੇ ਸਰਕਾਰ ਦੀ ਨਕਾਮੀ ਨੂੰ ਦਰਸਾਉਂਦਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ, ''ਪੰਜਾਬ ਦੇ ਹਾਲਾਤ ਬੇਕਾਬੂ ਵਿੱਚ ਹਨ ਅਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਸਰਕਾਰ ਸੁੱਤੀ ਪਈ ਹੈ ਅਤੇ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਨਿਆਂ ਨਹੀਂ ਮਿਲਿਆ। ਅਜਨਾਲਾ ਥਾਣੇ ਉੱਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਗੋਇੰਦਵਾਲ ਜੇਲ੍ਹ ਤੋਂ ਆਈ ਵੀਡੀਓ ਤੋਂ ਬਾਅਦ ਹੋਰ ਕੀ ਬਚਦਾ ਹੈ।''

ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਦੀ ਤਸਵੀਰ ਤੇ ਅਮਨ ਕਾਨੂੰਨ ਨਾਲ ਸਬੰਧਤ ਖ਼ਬਰਾਂ ਦੀ ਤਸਵੀਰਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ।

ਉਨ੍ਹਾਂ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਾਲ ਬਾਅਦ ਵੀ ਨਿਆਂ ਨਾ ਮਿਲਣ ਦਾ ਮੁੱਦਾ ਚੁੱਕਿਆ।

ਭਾਰਤੀ ਜਨਤਾ ਪਾਰਟੀ ਨੇ ਆਗੂ ਅਸ਼ਵਨੀ ਸ਼ਰਮਾਂ ਨੇ ਕਿਹਾ ਸਰਕਾਰ ਸਦਨ ਵਿੱਚ ਚਰਚਾ ਤੋਂ ਭੱਜ ਜਾਂਦੀ ਹੈ, ਜੇਕਰ ਅਮਨ ਕਾਨੂੰਨ ਠੀਕ ਨਹੀਂ ਹੋਵੇਗਾ ਤਾਂ ਸੂਬੇ ਦਾ ਵਿਕਾਸ ਨਹੀਂ ਹੋਵੇਗਾ।

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਾਅਵਾ ਕੀਤਾ ਕਿ ਅਮਨ ਕਾਨੂੰਨ ਦੀ ਹਾਲਤ ਕਾਬੂ ਹੇਠ ਹੈ।

ਬਜਟ ਸੈਸ਼ਨ

ਤਸਵੀਰ ਸਰੋਤ, PRATAP SINGH BAJWA/FB

ਅਸੀਂ ਕੇਂਦਰ ਦੇ ਵਿਤਕਰੇ ਖ਼ਿਲਾਫ਼ ਪੰਜਾਬ ਸਰਕਾਰ ਨਾਲ ਹਾਂ-ਬਾਜਵਾ

ਇਸ ਤੋਂ ਪਹਿਲਾਂ ਸਦਨ ਵਿੱਚ ਬੋਲਦਿਆਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹਨ। ਅਸੀਂ ਸਿਆਸੀ ਤੌਰ 'ਤੇ ਇੱਕ ਦੂਜੇ ਵਿੱਚ ਕਮੀਆਂ ਜ਼ਰੂਰ ਕੱਢਣੀਆਂ ਹਨ। ਪਰ ਪੰਜਾਬ ਦੇ ਵਿਕਾਸ ਲਈ ਅਸੀਂ ਮਿਲਕੇ ਸੋਚ ਸਕਦੇ ਹਾਂ।

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਵਲੋਂ ਕੋਈ ਵੀ ਵਿਤਕਰਾ ਕੀਤਾ ਜਾਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਹਾਂ।

ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਅਜਨਾਲਾ ਥਾਣੇ ਦੇ ਘਿਰਾਓ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ 1984 ਦੇ ਦੌਰ ਵਰਗਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦੋ ਫ਼ਿਲਮਾਂ ਹੋਣ ਤੇ ਇਹ ਉਸ ਦਾ ਪਾਰਟ-2 ਸ਼ੁਰੂ ਹੋ ਗਿਆ ਹੈ।

"ਉਹ ਹੀ ਬੋਲੀ ਹੈ। ਉਹ ਹੀ ਨੌਜਵਾਨ ਹੈ। ਉਹ ਹੀ ਗੱਲਬਾਤ''

ਬਾਜਵਾ ਨੇ ਕਿਹਾ, ''ਮੈਂ ਵਾਰਿਸ ਪੰਜਾਬ ਦਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਗੁਰੂ ਨਾਲ ਜੋੜਨਾ ਹੈ ਤਾਂ ਸਾਨੂੰ ਕੋਈ ਤਕਲੀਫ਼ ਨਹੀਂ , ਜੇ ਤੁਸੀਂ ਨਸ਼ੇ ਖ਼ਿਲਾਫ਼ ਲੜਾਈ ਲੜਨੀ ਹੈ ਤਾਂ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ ਪਰ ਜੇ ਤੁਸੀਂ ਬੰਦੂਕਾਂ ਚੁੱਕ ਕੇ ਡਰ ਤੇ ਖ਼ੌਫ਼ ਪੈਦਾ ਕਰਨਾ ਹੈ ਇਹ ਕਿਸੇ ਨੇ ਨਹੀਂ ਹੋਣ ਦੇਣਾ।''

ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਖ਼ਿਲਾਫ਼ ਜੰਗ ਵਿੱਚ ਵੀ ਅਸੀਂ ਨਾਲ ਹਾਂ।

ਭਗਵੰਤ ਮਾਨ

ਵਿਧਾਇਕ ਜਮੀਲ ਉਰ ਰਹਿਮਾਨ ਦਾ ਸ਼ਾਇਰਾਨਾ ਅੰਦਾਜ਼

‘ਜ਼ੀਰੋ ਆਵਰ’ ਵਿੱਚ ਮਲੇਰਕੋਟਲਾ ਤੋਂ ਵਿਧਾਇਕ ਜਮੀਲ ਉਰ ਰਹਿਮਾਨ ਨੇ ਇੱਕ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਉਨ੍ਹਾਂ ਕਿਹਾ,"ਏਕ ਦੋ ਜਖ਼ਮ ਨਹੀਂ, ਜਿਸਮ ਹੈ ਪੂਰਾ ਛੱਲਣੀ...ਦਰਦ ਬੇਚਾਰਾ ਪਰੇਸ਼ਾਂ ਹੈ ਕਹਾਂ ਸੇ ਉੱਠੇ।"

ਉਰਦੂ ਭਾਸ਼ਾ ਲਈ ਕੰਮ ਕਰਨ ਦੀ ਲੋੜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ,"ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਪੰਜਾਬੀ ਨੂੰ ਪ੍ਰਫੁਲੱਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਪਰ ਉਰਦੂ ਮੇਰੀ ਮਹਿਬੂਬਾ ਹੈ। ਤੇ ਮੇਰੀ ਮਹਿਬੂਬਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।"

ਉਨ੍ਹਾਂ ਮਲੇਰਕੋਟਲਾ ਦੇ ਸਰਕਾਰੀ ਕਾਲਜਾਂ ਵਿੱਚੋਂ ਉਰਦੂ ਦੀਆਂ ਪੋਸਟਾਂ ਘਟਾਉਣ ਪ੍ਰਤੀ ਆਪਣੀ ਫ਼ਿਕਰ ਜ਼ਾਹਿਰ ਕੀਤੀ ਹੈ।

ਜਮੀਲ ਉਰ ਰਹਮਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਰਦੂ ਸਮੇਤ ਕਈ ਭਾਸ਼ਾਵਾਂ ਸ਼ਾਮਲ ਹੋਣ ਦਾ ਹਾਵਾਲਾ ਵੀ ਦਿੱਤਾ।

बीबीसी हिंदी

ਇਹ ਵੀ ਪੜ੍ਹੋ

बीबीसी हिंदी

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)