ਹਰਮਨਪ੍ਰੀਤ ਕੌਰ: ਮੋਗਾ ਦੀ ਕ੍ਰਿਕਟਰ ਦਾ ਉਹ ਜ਼ਬਰਦਸਤ ਛੱਕਾ ਜਿਸ ਮਗਰੋਂ ਉਸ ਨੂੰ ਡੋਪ ਟੈਸਟ ਲਈ ਸੱਦ ਲਿਆ ਗਿਆ

ਹਰਮਨਪ੍ਰੀਤ ਕੌਰ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਹਨ। ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਆਪਣੇ ਜ਼ੋਰਦਾਰ ਹਿੱਟਸ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਕਈ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ। ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਦੇ ਹੁਣ ਤੱਕ ਦੇ ਕ੍ਰਿਕਟ ਦੇ ਸਫ਼ਰ ਬਾਰੇ ਜਾਣਾਂਗੇ।

ਬੀਬੀਸੀ ਪੱਤਰਕਾਰ ਵੰਦਨਾ ਨੇ ਸਾਲ 2020 ਵਿੱਚ ਉਨ੍ਹਾਂ ਬਾਰੇ ਰਿਪੋਰਟ ਲਿਖੀ ਸੀ। ਉਸ ਰਿਪੋਰਟ ਵਿੱਚ ਕੁਝ ਅੰਕੜੇ ਜੋੜੇ ਗਏ ਹਨ।

ਗੱਲ ਹੈ ਸਾਲ 2009 ਦੀ। ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਇਆ ਸੀ।

ਬੱਲੇਬਾਜ਼ੀ ਕਰਨ ਲਈ ਟੀਮ ਦੀ ਨਵੀਂ ਖਿਡਾਰਨ ਹਰਮਨਪ੍ਰੀਤ ਕੌਰ ਅੱਠਵੇਂ ਜਾਂ ਨੌਵੇਂ ਨੰਬਰ 'ਤੇ ਆਉਣੀ ਸੀ ਪਰ ਕਪਤਾਨ ਅੰਜੁਮ ਚੋਪੜਾ ਨੇ ਅਚਾਨਕ ਉਸ ਨੂੰ ਪਹਿਲਾਂ ਭੇਜਣ ਦਾ ਫੈਸਲਾ ਕੀਤਾ।

ਹਰਮਨ ਨੇ 8 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਛੱਕਾ ਵੀ ਸ਼ਾਮਲ ਸੀ। ਛੱਕਾ ਇੰਨਾ ਜ਼ਬਰਦਸਤ ਸੀ ਕਿ ਮੈਚ ਤੋਂ ਬਾਅਦ ਹਰਮਨ ਨੂੰ ਡੋਪ ਟੈਸਟ ਲਈ ਬੁਲਾਇਆ ਗਿਆ, ਕਿ ਕਿਵੇਂ ਇੱਕ ਨਵੀਂ ਖਿਡਾਰਨ ਅਜਿਹਾ ਸ਼ਾਟ ਮਾਰ ਸਕਦੀ ਹੈ।

ਜਦੋਂ ਰਿਸ਼ਤੇਦਾਰਾਂ ਨੂੰ ਕ੍ਰਿਕਟ ਪਸੰਦ ਨਾ ਆਇਆ

8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਜੰਮੀ ਹਰਮਨ ਬਚਪਨ ਤੋਂ ਹੀ ਕ੍ਰਿਕਟ ਦੀ ਸ਼ੌਕੀਨ ਸੀ।

ਹਰਮਨ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਕ੍ਰਿਕਟ ਖੇਡਦੇ ਸਨ ਅਤੇ ਉਹ ਆਪਣੇ ਪਿਤਾ ਨੂੰ ਚੌਕੇ ਅਤੇ ਛੱਕੇ ਮਾਰਦੇ ਹੋਏ ਵੇਖਦੀ ਸੀ।

ਉਥੋਂ ਹੀ, ਹਰਮਨ ਨੂੰ ਬਾਊਂਡਰੀ ਲਾਉਣ ਦਾ ਚਸਕਾ ਪਿਆ।

ਮੋਗਾ ਵਿੱਚ ਕੁੜੀਆਂ ਖੇਡ ਦੇ ਮੈਦਾਨ ਵਿੱਚ ਘੱਟ ਹੀ ਨਜ਼ਰ ਆਉਂਦੀਆਂ ਸਨ।

ਜਦੋਂ ਨਜ਼ਦੀਕੀ ਸਕੂਲ ਦੇ ਕੋਚ ਕਮਲਦੀਪ ਸਿੰਘ ਸੋਢੀ ਨੇ ਹਰਮਨ ਨੂੰ ਮੋਗਾ ਵਿੱਚ ਮੁੰਡਿਆਂ ਨਾਲ ਖੇਡਦੇ ਵੇਖਿਆ ਤਾਂ ਉਹ ਦਸਵੀਂ ਤੋਂ ਬਾਅਦ ਹਰਮਨ ਨੂੰ ਆਪਣੇ ਸਕੂਲ ਲੈ ਗਏ। ਉੱਥੋਂ ਹੀ ਸ਼ੁਰੂ ਹੋਇਆ ਕੋਚਿੰਗ ਅਤੇ ਕ੍ਰਿਕਟ ਦਾ ਨਵਾਂ ਸਫ਼ਰ।

ਗੇਂਦਬਾਜ਼ੀ ਦੇ ਦਮ 'ਤੇ ਟੀਮ 'ਚ ਆਈ

ਅੱਜ ਭਾਵੇਂ ਲੋਕ ਹਰਮਨ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੱਧਮ ਪੇਸ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।

ਮੁੰਬਈ ਦੇ ਵੈਸਟਰਨ ਰੇਲਵੇ ਵਿੱਚ ਕੰਮ ਕਰਦੇ ਹੋਏ ਹਰਮਨ ਨੇ ਆਪਣੀ ਬੱਲੇਬਾਜ਼ੀ ਅਤੇ ਤੰਦਰੁਸਤੀ 'ਤੇ ਵਧੀਆ ਕੰਮ ਕੀਤਾ।

ਜਿਵੇਂ ਕਿ ਹਰਮਨਪ੍ਰੀਤ ਅਹਿਸਾਸ ਹੋ ਗਿਆ ਸੀ ਕਿ ਜੇ ਉਹ ਟੀਮ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਕੁਝ ਖਾਸ ਕਰਨਾ ਜ਼ਰੂਰੀ ਹੈ।

ਹਰਪਨਪ੍ਰੀਤ ਬਾਰੇ ਖ਼ਾਸ ਗੱਲਾਂ

  • ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ।
  • ਹਰਮਨਪ੍ਰੀਤ ਨੇ ਆਪਣਾ ਕਰੀਅਰ ਬਤੌਰ ਗੇਂਦਬਾਜ਼ ਸ਼ੁਰੂ ਕੀਤਾ ਸੀ।
  • ਬਤੌਰ ਕਪਤਾਨ ਹਰਮਨਪ੍ਰੀਤ ਖ਼ਤਰੇ ਲੈਣ ਲਈ ਜਾਣੇ ਜਾਂਦੇ ਹਨ।
  • ਹਰਮਨਪ੍ਰੀਤ ਦਾ ਲਗਾਤਾਰ 87 ਵਨਡੇਅ ਮੈਚ ਖੇਡਣ ਦਾ ਰਿਕਾਰਡ ਹੈ।

ਜਲਦੀ ਹੀ ਉਹ ਭਾਰਤੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਬਣ ਗਈ - ਆਪਣੇ ਮਨਪਸੰਦ ਕ੍ਰਿਕਟਰ ਵਰਿੰਦਰ ਸਹਿਵਾਗ ਵਾਂਗ। ਸਾਲ 2016 ਵਿੱਚ ਹਰਮਨ ਨੂੰ ਟੀ -20 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਬਤੌਰ ਕਪਤਾਨ ਅਤੇ ਖਿਡਾਰੀ ਹਰਮਨ ਦਾ ਇਹ ਗੁਣ ਰਿਹਾ ਹੈ ਕਿ ਉਹ ਖ਼ਤਰਾ ਲੈਣ ਤੋਂ ਨਹੀਂ ਡਰਦੇ - ਭਾਵੇਂ ਨਵੇਂ ਖਿਡਾਰੀ ਨੂੰ ਮੌਕਾ ਦੇਣਾ ਹੋਵੇ ਜਾਂ ਖੁਦ ਬੱਲੇਬਾਜ਼ੀ ਕਰਨਾ।

ਤੁਹਾਨੂੰ 2017 ਵਨਡੇ ਵਰਲਡ ਕੱਪ ਦਾ ਸੈਮੀਫ਼ਾਈਨਲ ਯਾਦ ਹੋਵੇਗਾ ਜਿੱਥੇ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਮੁਕਾਬਲਾ ਕੀਤਾ ਸੀ ਜੋ ਇੱਕ ਮਜ਼ਬੂਤ ਟੀਮ ਸੀ।

ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ 171 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਛੱਕੇ ਅਤੇ 20 ਚੌਕੇ ਸ਼ਾਮਲ ਸਨ। ਲੋਕਾਂ ਨੇ ਉਸ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਅਤੇ ਹਰਮਨ ਰਾਤੋਂ-ਰਾਤ ਸਟਾਰ ਬਣ ਗਈ।

ਇਹ ਉਦੋਂ ਹੋਇਆ ਜਦੋਂ ਹਰਮਨ ਜ਼ਖ਼ਮੀ ਹੋ ਗਈ ਸੀ ਅਤੇ ਉਸ ਦੀ ਉਂਗਲੀ, ਗੁੱਟ ਅਤੇ ਮੋਢੇ ਵਿੱਚ ਦਿੱਕਤ ਸੀ।

ਕ੍ਰਿਕਟ ਦੇ ਪਿੱਚ ਤੋਂ ਇਲਾਵਾ ਹਰਮਨ ਨੇ ਉਹ ਕੀਤਾ ਜੋ ਕੁਝ ਕੁ ਮਹਿਲਾ ਕ੍ਰਿਕਟਰ ਕਰ ਸਕੀਆਂ ਸਨ।

ਕਈ ਵੱਡੇ ਬ੍ਰੈਂਡਜ਼ ਨੇ ਹਰਮਨ ਨੂੰ ਆਪਣਾ ਐਂਬੇਸਡਰ ਬਣਾਇਆ।

ਹਮੇਸ਼ਾ ਮਰਦ ਖਿਡਾਰੀਆਂ ਨੂੰ ਲੈਣ ਵਾਲੀ ਸੀਏਟ ਕੰਪਨੀ ਨੇ ਪਹਿਲੀ ਵਾਰੀ 2018 ਵਿੱਚ ਕਿਸੇ ਮਹਿਲਾ ਕ੍ਰਿਕਟਰ ਨੂੰ ਆਪਣਾ ਚਿਹਰਾ ਬਣਾਇਆ।

ਰਿਕਾਰਡ ਨਾਮ ਕਰਨਾ ਮੰਨੋ ਹਰਮਨ ਦੀ ਆਦਤ ਹੈ

ਚਾਹੇ ਮਰਦ ਹੋਣ ਜਾਂ ਔਰਤ, ਹਰਮਨ ਭਾਰਤ ਦੀ ਪਹਿਲੀ ਕ੍ਰਿਕਟ ਖਿਡਾਰਨ ਹੈ ਜਿਨ੍ਹਾਂ ਨੂੰ ਆਸਟਰੇਲੀਆ ਵਿੱਚ ਬਿਗ ਬੈਸ਼ ਲੀਗ ਲਈ ਸਾਈਨ ਕੀਤਾ ਗਿਆ। ਸਾਲ 2017 ਵਿੱਚ ਇੰਗਲੈਂਡ ਵਿੱਚ ਸੁਪਰ ਲੀਗ ਵਿੱਚ ਚੁਣੀ ਜਾਣ ਵਾਲੀ ਵੀ ਉਹ ਪਹਿਲੀ ਭਾਰਤੀ ਹੈ।

2018 ਦੇ ਟੀ-20 ਵਿਸ਼ਵ ਕੱਪ ਵਿੱਚ ਹਰਮਨ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜਿਆ, ਜੋ ਕਿ ਇੱਕ ਟੀ-20 ਮੈਚ ਵਿੱਚ ਕਿਸੇ ਭਾਰਤੀ ਔਰਤ ਦਾ ਪਹਿਲਾ ਸੈਂਕੜਾ ਸੀ। ਹਰਮਨਪ੍ਰੀਤ ਦਾ ਲਗਾਤਾਰ 87 ਵਨਡੇਅ ਮੈਚ ਖੇਡਣ ਦਾ ਵੀ ਰਿਕਾਰਡ ਹੈ।

ਉਂਝ ਕ੍ਰਿਕਟ ਤੋਂ ਪਰੇ ਹਰਮਨਪ੍ਰੀਤ ਨੂੰ ਕਾਰਾਂ, ਮੋਬਾਈਲ ਅਤੇ ਪਲੇਅ ਸਟੇਸ਼ਨ ਦਾ ਬਹੁਤ ਸ਼ੌਂਕ ਹੈ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੀ ਭੈਣ ਹੇਮਜੀਤ ਨੇ ਦੱਸਿਆ ਸੀ, "ਉਸਨੂੰ ਮੋਬਾਈਲ ਅਤੇ ਪਲੇ ਸਟੇਸ਼ਨ ਦਾ ਬਹੁਤ ਸ਼ੌਂਕ ਹੈ। ਜਦੋਂ ਵੀ ਕੋਈ ਨਵਾਂ ਮੋਬਾਈਲ ਲਾਂਚ ਹੁੰਦਾ ਹੈ, ਹਰਮਨ ਚਾਹੁੰਦੀ ਹੈ ਕਿ ਉਹ ਮੋਬਾਈਲ ਉਸ ਕੋਲ ਹੋਵੇ। ਹਰਮਨ ਜਦੋਂ ਵੀ ਘਰ ਆਉਂਦੀ ਹੈ ਤਾਂ ਰਾਤ ਦੇ ਦੋ ਵਜੇ ਤੱਕ ਉਹ ਕ੍ਰਿਕਟ ਦੀਆਂ ਗੱਲਾਂ ਕਰਦੀ ਹੈ। ਕਈ ਵਾਰ ਅਸੀਂ ਉਸ ਦੀ ਗੱਲ ਸੁਣਨ ਤੋਂ ਬਾਅਦ ਬੋਰ ਹੋ ਜਾਂਦੇ ਹਾਂ।"

ਗੇਂਦਬਾਜ਼ਾਂ ਦੀ ਨੀਂਦ ਉਡਾਉਣ ਵਾਲੀ ਹਰਮਨ ਨੂੰ ਆਪਣੀ ਨੀਂਦ ਬਹੁਤ ਪਿਆਰੀ ਹੈ। ਫੋਰਬਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਹਰਮਨ ਨੇ ਕਿਹਾ, "ਮੈਂ ਕਿਤੇ ਵੀ ਕਦੇ ਵੀ ਸੌਂ ਸਕਦੀ ਹਾਂ। ਜੇ ਖੇਡ ਬੋਰਿੰਗ ਹੈ ਤਾਂ ਮੈਨੂੰ ਨੀਂਦ ਆਉਂਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)