You’re viewing a text-only version of this website that uses less data. View the main version of the website including all images and videos.
ਤੁਰਕੀ ਭੂਚਾਲ: ਮਲਬੇ ਅੰਦਰ ਵਿਅਕਤੀ ਕਿੰਨਾਂ ਸਮਾਂ ਜ਼ਿੰਦਾ ਰਹਿ ਸਕਦਾ ਹੈ
- ਲੇਖਕ, ਕਾਗਿਲ ਕਾਸਾਪੋਗਲੂ
- ਰੋਲ, ਬੀਬੀਸੀ ਪੱਤਰਕਾਰ
ਤੁਰਕੀ ਵਿੱਚ ਭੁਚਾਲ ਤੋਂ ਬਾਅਦ ਡਿੱਗੀਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜਾਂ ਵਿੱਚ ਲੱਗੀਆਂ ਦੇਸ਼ ਅਤੇ ਵਿਦੇਸ਼ ਦੀਆਂ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ।
ਪਰ ਸਵਾਲ ਹੈ ਕਿ ਤੁਸੀਂ ਮਲਬੇ ਹੇਠਾਂ ਕਿੰਨਾਂ ਸਮਾਂ ਜ਼ਿੰਦਾ ਰਹਿ ਸਕਦੇ ਹੋ?
ਜ਼ਿੰਦਾ ਰਹਿਣ ਵਿੱਚ ਕਿਹੜੀਆਂ ਚੀਜਾਂ ਜਰੂਰੀ ਹੁੰਦੀਆਂ ਹਨ?
ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੁਚਾਲ ਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਲਈ ਸਮਾਂ ਖ਼ਤਮ ਹੋ ਰਿਹਾ ਹੈ।
ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਜਿੱਥੇ ਵੀ ਕਿਸੇ ਦੇ ਜਿਉਂਦੇ ਹੋਣ ਦੀ ਉਮੀਦ ਹੈ, ਉਸ ਥਾਂ ਤੋਂ ਮਲਬਾ ਹਟਾਇਆ ਜਾ ਰਿਹਾ ਹੈ।
ਪਰ ਮਲਬੇ ਹੇਠ ਫਸੇ ਹੋਏ ਲੋਕ ਕਿੰਨਾਂ ਸਮਾਂ ਹੋਰ ਜਿਉਂਦੇ ਰਹਿ ਸਕਦੇ ਹਨ?
ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਮਨੁੱਖ ਦੇ ਅਜਿਹੇ ਹਲਾਤਾਂ ਵਿੱਚ ਜ਼ਿੰਦਾ ਰਹਿਣ ਵਿੱਚ ਕਈ ਚੀਜ਼ਾਂ ਆਪਣਾ ਰੋਲ ਅਦਾ ਕਰਦੀਆਂ ਹਨ।
ਇਸ ਵਿੱਚ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਫਸੇ ਹੋਏ ਵਿਅਕਤੀ ਨੂੰ ਹਵਾ ਅਤੇ ਪਾਣੀ ਕਿੰਨਾਂ ਪਹੁੰਚਦਾ ਹੈ, ਉੱਥੇ ਮੌਸਮ ਕਿਸ ਤਰ੍ਹਾਂ ਦਾ ਹੈ ਅਤੇ ਵਿਅਕਤੀ ਦੀ ਸਰੀਰਕ ਸਿਹਤ ਕਿਹੋ ਜਿਹੀ ਹੈ?
ਅਕਸਰ ਬਚਾਅ ਦਾ ਕੰਮ ਘਟਨਾ ਦੇ 24 ਘੰਟਿਆਂ ਤੱਕ ਚੱਲਦਾ ਹੈ ਪਰ ਕਈ ਵਾਰ ਇਹ ਲੰਮਾਂ ਸਮਾਂ ਚੱਲ ਜਾਂਦਾ ਹੈ।
ਸੰਯੁਕਤ ਰਾਸ਼ਟਰ ਇਹ ਸਮਾਂ ਆਮ ਤੌਰ 'ਤੇ ਪੰਜ ਤੋਂ ਸੱਤ ਦਿਨਾਂ ਵਿੱਚ ਖਤਮ ਮੰਨਦਾ ਹੈ।
ਇਹ ਫੈਸਲਾ ਉਸ ਸਮੇਂ ਲਿਆ ਜਾਂਦਾ ਹੈ ਜਦੋ ਕੋਈ ਵੀ ਬੰਦਾ ਇੱਕ ਜਾਂ ਦੋ ਦਿਨਾਂ ਤੱਕ ਜ਼ਿੰਦਾ ਨਾ ਮਿਲਿਆ ਹੋਵੇ।
ਹੁਣ ਦੇਖਣ ਵਾਲੀ ਗੱਲ ਹੈ ਕਿ ਕਿਹੜੀਆਂ ਚੀਜ਼ਾਂ ਪੀੜਤ ਨੂੰ ਜਿਉਂਦਾ ਰੱਖ ਸਕਦੀਆਂ ਹਨ?
ਮਲਬੇ ਅੰਦਰ ਜ਼ਿੰਦਾ ਰਹਿਣ ਬਾਰੇ ਖਾਸ ਗੱਲਾਂ:
- ਤੁਰਕੀ ਅਤੇ ਸੀਰੀਆ 'ਚ ਭੁਚਾਲ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ
- ਸੰਯੁਕਤ ਰਾਸ਼ਟਰ ਮੰਨਦਾ ਹੈ ਕਿ ਆਮ ਤੌਰ 'ਤੇ ਕੋਈ ਪੰਜ ਤੋਂ ਸੱਤ ਦਿਨਾਂ ਜ਼ਿੰਦਾ ਰਹਿ ਸਕਦਾ ਹੈ
- ਮਲਬੇ ਅੰਦਰ ਜਿਉਂਦੇ ਰਹਿਣ ਲਈ ਤਿਆਰੀ, ਹਵਾ ਅਤੇ ਪਾਣੀ ਦੀ ਜਰੂਰਤ ਹੁੰਦੀ ਹੈ
- ਮਾਹਿਰਾਂ ਅਨੁਸਾਰ ਮਾਨਸਿਕ ਇੱਛਾ ਵੀ ਮਹੱਤਵਪੂਰਨ ਹੋ ਸਕਦੀ ਹੈ
ਜਾਗਰੂਕਤਾ ਅਤੇ ਤਿਆਰੀ
ਮਾਹਿਰ ਕਹਿੰਦੇ ਹਨ ਕਿ ਭਾਵੇਂ ਕਿ ਇਹ ਪਤਾ ਨਹੀਂ ਹੁੰਦੀ ਕਿ ਭੁਚਾਲ ਕਦੋਂ ਆਉਂਣਾ ਹੈ ਜਾਂ ਇਮਾਰਤ ਨੇ ਕਦੋਂ ਡਿੱਗਣਾ ਹੈ ਪਰ ਐਂਮਰਜੈਂਸੀ ਵਿੱਚ ਤੁਸੀਂ ਕੀ ਕਦਮ ਚੁੱਕਦੇ ਹੋ, ਇਹ ਸਭ ਤੋਂ ਮਹੱਤਵਪੂਰਨ ਹੁੰਦਾ ਹੈ।
ਚੰਗੀ ਤਰ੍ਹਾਂ ਲੱਭੀ ਹੋਈ ਥਾਂ ਤੁਹਾਨੂੰ ਸਰੀਰਕ ਤੌਰ ਉਪਰ ਅਤੇ ਹਵਾ ਲੈਣ ਵਿੱਚ ਸਹਾਇਕ ਹੋ ਸਕਦੀ ਹੈ।
ਤੁਰਕੀ ਦੀ ਸਭ ਤੋਂ ਵੱਡੀ ਸਿਵਲ ਸੋਸਾਇਟੀ ਸਹਾਇਤਾ ਅਤੇ ਏਕੇਯੂਟੀ (ਤੁਰਕੀ ਸਰਚ ਐਂਡ ਰੈਸਕਿਊ ਐਸੋਸੀਏਸ਼ਨ) ਦੇ ਕੋਆਰਡੀਨੇਟਰ, ਮੂਰਤ ਹਾਰੂਨ ਓਂਗੋਰੇਨ ਕਹਿੰਗੇ ਹਨ, "'ਡ੍ਰੌਪ, ਕਵਰ ਅਤੇ ਹੋਲਡ' ਸਥਿਤੀ ਬਚਣ ਵਿੱਚ ਸਹਾਇਕ ਹੋ ਸਕਦੀ ਹੈ।"
ਡ੍ਰੌਪ, ਕਵਰ ਅਤੇ ਹੋਲਡ'
ਡ੍ਰੌਪ ਦਾ ਮਤਲਬ ਗੋਡਿਆਂ ਭਾਰ ਝੁਕ ਜਾਣਾ, ਕਵਰ ਦਾ ਅਰਥ ਹੈ ਆਪਣੇ ਆਪ ਨੂੰ ਟੇਬਲ ਹੇਠਾਂ ਲਕੋ ਲੈਣਾ ਅਤੇ ਹੋਲਡ ਦਾ ਭਾਵ ਜਦੋਂ ਤੱਕ ਇਲਾਕਾ ਕੰਬ ਰਿਹਾ ਹੈ, ਉਦੋਂ ਤੱਕ ਆਪਣੇ ਆਪ ਨੂੰ ਕਸ ਕੇ ਰੱਖਣਾ।
ਉਹ ਕਹਿੰਦੇ ਹਨ, "ਐਂਮਰਜੈਂਸੀ ਉਪਾਵਾਂ ਬਾਰੇ ਸਿੱਖਿਆ ਅਤੇ ਸਿਖਲਾਈ ਤੋਂ ਜਾਣੂ ਹੋਣਾ ਮਹੱਤਵਪੂਰਨ ਹੈ ਪਰ ਅਕਸਰ ਇਸ ਨੂੰ ਅਣ-ਦੇਖਿਆ ਕੀਤਾ ਜਾਂਦਾ ਹੈ।"
"ਅਜਿਹਾ ਮਲਬੇ ਹੇਠਾਂ ਤੁਹਾਡੀ ਉਮਰ ਦੀ ਸੰਭਾਵਨਾ ਨੂੰ ਨਿਰਧਾਰਤ ਕਰੇਗਾ।"
ਡਬਲਯੂਐਚਓ ਦੇ ਵਿਸ਼ਵ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਤਕਨੀਕੀ ਅਧਿਕਾਰੀ ਡਾਕਟਰ ਜੇਤਰੀ ਰੇਗਮੀ ਵੀ ਤਿਆਰੀ ਦੀ ਮਹੱਤਤਾ ਉਪਰ ਜ਼ੋਰ ਦਿੰਦੇ ਹਨ।
ਉਹ ਕਹਿੰਦੇ ਹਨ, "ਸੁਰੱਖਿਅਤ ਥਾਂ ਜਿਵੇਂ ਕਿ ਇੱਕ ਮਜ਼ਬੂਤ ਡੈਸਕ ਜਾਂ ਟੇਬਲ ਦੇ ਹੇਠਾਂ ਆਪਣੇ ਆਪ ਨੂੰ ਢੱਕ ਲੈਣ ਨਾਲ ਬਚਾਅ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ। ਭਾਵੇਂ ਕੁਝ ਵੀ ਪੱਕਾ ਨਹੀਂ ਕਿਉਂਕਿ ਹਰ ਐਮਰਜੈਂਸੀ ਵੱਖਰੀ ਹੁੰਦੀ ਹੈ ਪਰ ਸ਼ੁਰੂਆਤੀ ਖੋਜ ਅਤੇ ਬਚਾਅ ਦੇ ਯਤਨ ਸਥਾਨਕ ਲੋਕਾਂ ਵੱਲੋਂ ਕੀਤੀ ਤਿਆਰੀ ਦੀ ਸਮਰੱਥਾ 'ਤੇ ਨਿਰਭਰ ਕਰਦੇ ਹਨ।"
ਹਵਾ ਅਤੇ ਪਾਣੀ ਮਿਲਣਾ
ਮਲਬੇ ਹੇਠਾਂ ਫਸੇ ਇਨਸਾਨ ਲਈ ਹਵਾ ਅਤੇ ਪਾਣੀ ਦੀ ਸਪਲਾਈ ਜ਼ਿੰਦਾ ਰਹਿਣ ਲਈ ਮੁੱਖ ਚੀਜ ਹੁੰਦੀ ਹੈ।
ਪਰ ਇਹ ਸੱਟਾਂ ਲੱਗਣ ਉਪਰ ਵੀ ਨਿਰਭਰ ਕਰਦਾ ਹੈ।
ਮਾਹਿਰਾਂ ਮੁਤਾਬਕ ਜੇਕਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਨਹੀਂ ਹੋਇਆ ਹੈ ਅਤੇ ਉਸ ਕੋਲ ਸਾਹ ਲੈਣ ਲਈ ਹਵਾ ਹੈ ਤਾਂ ਬਸ ਦੂਜੀ ਚੀਜ਼ ਹੈ ਕਿ ਸਰੀਰ ਨੂੰ ਪਾਣੀ ਮਿਲਦਾ ਰਹੇ।"
ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਬਾਰੇ ਅਪਡੇਟ
- ਤੁਰਕੀ ਦੇ ਪ੍ਰਧਾਨ ਮੰਤਰੀ ਰੇਸੇਪ ਤਾਇਜਿਪ ਅਰਦੋਗਨ ਨੇ ਭੂਚਾਲਗ੍ਰਸਤ ਖੇਤਰਾਂ ਦਾ ਦੌਰਾ ਕੀਤਾ, ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੱਡੀ ਤਰਾਸਦੀ ਦੀ ਤਿਆਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਸਰਕਾਰ ਦੇ ਆਫ਼ਤ ਨਾਲ ਨਜਿੱਠਣ ਦੇ ਕੰਮ ਦੀ ਆਲੋਚਨਾ ਹੋ ਰਹੀ ਹੈ।
- ਭੂਚਾਲ ਨਾਲ ਗ੍ਰਸਤ ਲੋਕਾਂ ਦਾ ਕਹਿਣਾ ਹੈ ਕਿ ਰਾਹਤਕਾਰਜਾਂ ਦੀ ਹੌਲੀ ਗਤੀ ਦਾ ਅਰਥ ਹੈ ਕਿ ਉਨ੍ਹਾਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਬਾਹਰ ਕੱਢਣ ਲਈ ਮਦਦ ਨਹੀਂ ਮਿਲ ਸਕੇਗੀ।
- ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 15,000 ਨੂੰ ਪਾਰ ਕਰ ਗਈ ਹੈ।
- ਸੀਰੀਆ ਵਿਚ ਰਾਹਤਕਾਰਜਾਂ ਵਿਚ ਲੱਗੇ ਵਾਇਟ ਹੈਲਮੈਟ ਗਰੁੱਪ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਸਮਾਂ ਘੱਟ ਹੈ
- ਦੋਵਾਂ ਮੁਲਕਾਂ ਤੋਂ ਬਹੁਤ ਹੀ ਦਿਲ ਕੰਬਾਊ ਤੇ ਹੌਲਨਾਕ ਤਸਤਵੀਰਾਂ ਤੇ ਕਹਾਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ
- ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ।
- ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ।
- ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ
- ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
- ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।
ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਇੰਟੈਂਸਿਵ ਕੇਅਰ ਦੇ ਮਾਹਿਰ ਪ੍ਰੋ ਰਿਚਰਡ ਐਡਵਰਡ ਮੂਨ ਦੇ ਅਨੁਸਾਰ, "ਪਾਣੀ ਅਤੇ ਆਕਸੀਜਨ ਦੀ ਘਾਟ ਬਚਾਅ ਲਈ ਗੰਭੀਰ ਮੁੱਦੇ ਹਨ।"
ਮਾਹਰ ਕਹਿੰਦੇ ਹਨ, "ਹਰ ਬੰਦਾ ਇੱਕ ਦਿਨ ਵਿੱਚ 1.2 ਲੀਟਰ ਪਾਣੀ ਗੁਆਉਂਦਾ ਹੈ।"
"ਇਸ ਦਾ ਕਾਰਨ ਪਿਸ਼ਾਬ, ਸਾਹ ਛੱਡਣਾ, ਪਾਣੀ ਦਾ ਵਾਸ਼ਪ ਅਤੇ ਪਸੀਨਾ ਹੈ। ਜਿੱਥੇ ਤੁਸੀਂ ਅੱਠ ਲੀਟਰ ਜਾਂ ਇਸ ਤੋਂ ਵੱਧ ਪਾਣੀ ਗੁਆ ਚੁੱਕੇ ਹੁੰਦੇ ਹੋ, ਉੱਥੇ ਵਿਅਕਤੀ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦਾ ਹੈ।"
ਕੁਝ ਅੰਦਾਜ਼ੇ ਦੱਸਦੇ ਹਨ ਕਿ ਲੋਕ ਪਾਣੀ ਤੋਂ ਬਿਨਾਂ ਤਿੰਨ ਤੋਂ ਸੱਤ ਦਿਨਾਂ ਤੱਕ ਜੀਉਂਦੇ ਰਹਿ ਸਕਦੇ ਹਨ।
ਸੱਟ ਦੀ ਗੰਭੀਰਤਾ
ਜੇਕਰ ਕਿਸੇ ਵਿਅਕਤੀ ਦੇ ਸਿਰ ਵਿੱਚ ਸੱਟ ਲੱਗ ਗਈ ਹੈ ਜਾਂ ਹੋਰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਾਹ ਲੈਣ ਲਈ ਸੀਮਤ ਥਾਂ ਹੈ, ਤਾਂ ਉਸ ਦੇ ਅਗਲੇ ਦਿਨ ਤੱਕ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।
ਡਾਕਟਰ ਰੇਗਮੀ ਦੇ ਅਨੁਸਾਰ ਸੱਟ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਦੇ ਯੋਗ ਹੋਣਾ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, "ਰੀੜ੍ਹ ਦੀ ਹੱਡੀ, ਸਿਰ ਜਾਂ ਛਾਤੀ ਦੀਆਂ ਸੱਟਾਂ ਨਾਲ ਪੀੜਤ ਲੋਕ ਉਦੋਂ ਤੱਕ ਬਚ ਨਹੀਂ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਵੱਡੀਆਂ ਸਹੂਲਤਾਂ ਵਾਲੇ ਸੈਂਟਰ ਵਿੱਚ ਨਹੀਂ ਲਿਜਾਇਆ ਜਾਂਦਾ। ਖੂਨ ਦੀ ਕਮੀ, ਫ੍ਰੈਕਚਰ ਜਾਂ ਅੰਗ ਦੇ ਟੁੱਟਣ ਨਾਲ ਮੌਤ ਦੀ ਸੰਭਾਵਨਾ ਵਧ ਜਾਂਦੀ ਹੈ।"
ਡਾਕਟਰ ਰੇਗਮੀ ਦੇ ਮੁਤਾਬਕ ਬਚਾਅ ਤੋਂ ਬਾਅਦ ਦੇਖਭਾਲ ਦਾ ਪ੍ਰਬੰਧ ਵੀ ਬਰਾਬਰ ਮਹੱਤਵਪੂਰਨ ਹੈ।
"ਜਿੰਨ੍ਹਾਂ ਨੂੰ ਮਲਬੇ ਚੋਂ ਬਚਾ ਲਿਆ ਗਿਆ, ਉਹ ਲੋਕ ਵੀ 'ਕਰਸ਼ ਸਿੰਡਰੋਮ' ਕਾਰਨ ਮਰ ਸਕਦੇ ਹਨ। ਇਹ ਆਮ ਤੌਰ 'ਤੇ ਭੁਚਾਲਾਂ ਵਰਗੀਆਂ ਤਬਾਹੀਆਂ ਵਿੱਚ ਕਾਰਨ ਮਲਬੇ ਹੇਠਾਂ ਫਸੇ ਹੋਏ ਵਿਅਕਤੀਆਂ ਨਾਲ ਹੁੰਦਾ ਹੈ।"
ਡਬਲਯੂਐਚਓ ਦੇ ਤਕਨੀਕੀ ਅਧਿਕਾਰੀ ਦੇ ਅਨੁਸਾਰ, ਕ੍ਰਸ਼ ਸਿੰਡਰੋਮ ਉਦੋਂ ਹੁੰਦਾ ਹੈ ਜਦੋਂ ਮਲਬੇ ਦੇ ਦਬਾਅ ਕਾਰਨ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਜ਼ਹਿਰ ਪੈਦਾ ਕਰਦਾ ਹੈ। ਇੱਕ ਵਾਰ ਮਲਬੇ ਨੂੰ ਹਟਾਏ ਜਾਣ ਤੋਂ ਬਾਅਦ, ਜ਼ਹਿਰੀਲੇ ਸਰੀਰ ਵਿੱਚ ਸਿਹਤ ਲਈ ਗੰਭੀਰ ਪ੍ਰਭਾਵਾਂ ਦੇ ਨਾਲ ਫੈਲਦਾ ਹੈ।
ਜਲਵਾਯੂ ਅਤੇ ਮੌਸਮ ਦੀ ਸਥਿਤੀ
ਇਲਾਕੇ ਦਾ ਮਾਹੌਲ ਵੀ ਇਹ ਨਿਰਧਾਰਤ ਕਰਦਾ ਹੈ ਕਿ ਪੀੜਤ ਕਿੰਨੀ ਦੇਰ ਤੱਕ ਬਚਿਆ ਰਹਿ ਸਕਦਾ ਹੈ।
ਪ੍ਰੋਫੈਸਰ ਮੂਨ ਮੁਤਾਬਕ ਤੁਰਕੀ ਵਿੱਚ ਸਰਦੀਆਂ ਸਥਿਤੀ ਨੂੰ ਹੋਰ ਬਦਤਰ ਬਣਾਉਂਦੀਆਂ ਹਨ।
ਉਹ ਕਹਿੰਦੇ ਹਨ, "ਇੱਕ ਆਮ ਇਨਸਾਨ 21 ਡਿਗਰੀ ਸੈਲਸੀਅਸ ਤੱਕ ਘੱਟ ਤਾਪਮਾਨ ਦਾ ਸਾਮ੍ਹਣਾ ਕਰ ਸਕਦਾ ਹੈ। ਉਹ ਅਜਿਹਾ ਬਿਨਾਂ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਗੁਆਏ ਕਰ ਸਕਦਾ ਹੈ। ਪਰ ਜਦੋਂ ਠੰਢ ਕਾਰਨ ਇਹ ਇੱਕ ਵੱਖਰੀ ਕਹਾਣੀ ਬਣ ਜਾਂਦੀ ਹੈ।"
ਏਥੇ ਸਰੀਰ ਦਾ ਤਾਪਮਾਨ ਅੰਬੀਨਟ ਤਾਪਮਾਨ ਅਨੁਸਾਰ ਕੰਮ ਕਰਦਾ ਹੈ।
ਗਰਮੀਆਂ ਵਿੱਚ ਵਿਅਕਤੀ ਦਾ ਪਾਣੀ ਬਹੁਤ ਤੇਜੀ ਨਾਲ ਘਟਦਾ ਹੈ ਜਿਸ ਕਾਰਨ ਉਸ ਦੇ ਬਚਣ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ।
ਮਾਨਸਿਕ ਸਥਿਤੀ
ਮਾਹਿਰਾਂ ਦੇ ਅਨੁਸਾਰ ਜਿਉਂਦੇ ਰਹਿਣ ਲਈ ਮਾਨਸਿਕ ਇੱਛਾ ਅਤੇ ਮਾਨਸਿਕਤਾ ਨੂੰ ਸਥਿਰ ਰੱਖਣਾ ਵੀ ਮਹੱਤਵਪੂਰਨ ਹੋ ਸਕਦਾ ਹੈ।
ਮਾਹਿਰ ਓਂਗੋਰੇਨ ਕਹਿੰਦੇ ਹਨ, "ਡਰ ਕੁਦਰਤੀ ਪ੍ਰਤੀਕ੍ਰਿਆ ਹੈ ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਬਚਣ ਦੇ ਯੋਗ ਹੋਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੁੰਦੀ ਹੈ।"
ਇਸ ਲਈ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ।
"ਇਸ ਲਈ ਡਰ ਦੀ ਭਾਵਨਾ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਆਪ 'ਤੇ ਕਾਬੂ ਰੱਖਣਾ ਮਹੱਤਵਪੂਰਨ ਹੁੰਦਾ ਹੈ।"
ਇਹ ਸੋਚਣਾ ਚਾਹੀਦਾ ਹੈ, 'ਠੀਕ ਹੈ ਹੁਣ ਮੈਂ ਇੱਥੇ ਹਾਂ, ਮੈਨੂੰ ਜ਼ਿੰਦਾ ਰਹਿਣ ਲਈ ਇੱਕ ਰਸਤਾ ਲੱਭਣ ਦੀ ਜ਼ਰੂਰਤ ਹੈ।'
ਇਸ ਨਾਲ ਘੱਟ ਰੌਲਾ ਅਤੇ ਸਰੀਰਕ ਗਤੀਸ਼ੀਲਤਾ ਵਧੇਗੀ। ਤੁਹਾਨੂੰ ਆਪਣੀਆਂ ਇੰਦਰੀਆਂ ਅਤੇ ਘਬਰਾਹਟ ਨੂੰ ਕਾਬੂ ਕਰਕੇ ਆਪਣੀ ਊਰਜਾ ਬਚਾਉਣ ਦੀ ਲੋੜ ਪਵੇਗੀ।"
ਹਾਸਦਿਆਂ ਵਿੱਚੋਂ ਬਚਣ ਦੀਆਂ ਸ਼ਾਨਦਾਰ ਕਹਾਣੀਆਂ
ਸਾਲ 1995 ਵਿੱਚ ਦੱਖਣੀ ਕੋਰੀਆ ਵਿੱਚ ਭੁਚਾਲ ਆਇਆ ਸੀ।
ਇਸ ਦੌਰਾਨ ਮਲਬੇ ਵਿੱਚੋਂ ਇੱਕ ਵਿਅਕਤੀ 10 ਦਿਨਾਂ ਬਾਅਦ ਕੱਢਿਆ ਗਿਆ ਸੀ।
ਉਹ ਬਾਰਿਸ਼ ਦਾ ਪਾਣੀ ਪੀ ਕੇ ਜ਼ਿੰਦਾ ਰਿਹਾ ਸੀ। ਉਹ ਗੱਤੇ ਖਾਂਦਾ ਰਿਹਾ ਸੀ।
ਇਹ ਵਿਅਕਤੀ ਆਪਣਾ ਦਿਮਾਗ ਚਾਲੂ ਰੱਖਣ ਲਈ ਬੱਚਿਆਂ ਦੀ ਖਿਡਾਉਣੇ ਨਾਲ ਖੇਡਦਾ ਰਿਹਾ।
ਮਈ 2013 ਵਿੱਚ ਬੰਗਲਾਦੇਸ਼ ਦੀ ਇੱਕ ਫੈਕਟਰੀ ਦੇ ਮਲਬੇ ਵਿਚੋਂ 17 ਦਿਨਾਂ ਬਾਅਦ ਇੱਕ ਔਰਤ ਨੂੰ ਕੱਢਿਆ ਗਿਆ।
ਉਸ ਔਰਤ ਨੇ ਕਿਹਾ ਸੀ, "ਮੈਨੂੰ ਬਚਾਅ ਕਰਜਾਂ ਵਿੱਚ ਲੱਗੀਆਂ ਟੀਮਾਂ ਦੀ ਆਵਾਜ ਸੁਣਾਈ ਦੇ ਰਹੀ ਸੀ। ਮੈਂ ਉਹਨਾਂ ਦਾ ਧਿਆਨ ਖਿੱਚਣ ਲਈ ਮਲਬੇ ਨੂੰ ਸੱਟਾਂ ਮਾਰਦੀ ਰਹੀ ਪਰ ਕਿਸੇ ਨੇ ਮੈਨੂੰ ਸੁਣਿਆ ਨਹੀਂ।"
"ਮੈਂ 15 ਦਿਨ ਸੁੱਕੇ ਮੇਵੇ ਖਾਂਧੇ। ਆਖਰੀ 2 ਦਿਨ ਮਾਰੇ ਕੋਲ ਖਾਣ ਲਈ ਕੁਝ ਨਹੀਂ ਸੀ, ਬਸ ਪਾਣੀ ਸੀ।
ਇਹ ਵੀ ਪੜ੍ਹੋ-