ਤੁਰਕੀ ’ਚ ਭੂਚਾਲ: 'ਸਾਡੇ ਬੱਚਿਆਂ ਦੀਆਂ ਲਾਸ਼ਾਂ ਅਸੀਂ ਲੱਭ ਰਹੇ ਹਾਂ, ਇਸ ਤੋਂ ਦਰਦਨਾਕ ਕੀ ਹੋ ਸਕਦਾ'

ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਬਾਰੇ ਅਪਡੇਟ

  • ਤੁਰਕੀ ਦੇ ਪ੍ਰਧਾਨ ਮੰਤਰੀ ਰੇਸੇਪ ਤਾਇਜਿਪ ਅਰਦੋਗਨ ਨੇ ਭੂਚਾਲਗ੍ਰਸਤ ਖੇਤਰਾਂ ਦਾ ਦੌਰਾ ਕੀਤਾ, ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੱਡੀ ਤਰਾਸਦੀ ਦੀ ਤਿਆਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਸਰਕਾਰ ਦੇ ਆਫ਼ਤ ਨਾਲ ਨਜਿੱਠਣ ਦੇ ਕੰਮ ਦੀ ਆਲੋਚਨਾ ਹੋ ਰਹੀ ਹੈ।
  • ਭੂਚਾਲ ਨਾਲ ਗ੍ਰਸਤ ਲੋਕਾਂ ਦਾ ਕਹਿਣਾ ਹੈ ਕਿ ਰਾਹਤਕਾਰਜਾਂ ਦੀ ਹੌਲੀ ਗਤੀ ਦਾ ਅਰਥ ਹੈ ਕਿ ਉਨ੍ਹਾਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਬਾਹਰ ਕੱਢਣ ਲਈ ਮਦਦ ਨਹੀਂ ਮਿਲ ਸਕੇਗੀ।
  • ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 15,000 ਨੂੰ ਪਾਰ ਕਰ ਗਈ ਹੈ।
  • ਸੀਰੀਆ ਵਿਚ ਰਾਹਤਕਾਰਜਾਂ ਵਿਚ ਲੱਗੇ ਵਾਇਟ ਹੈਲਮੈਟ ਗਰੁੱਪ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਸਮਾਂ ਘੱਟ ਹੈ
  • ਦੋਵਾਂ ਮੁਲਕਾਂ ਤੋਂ ਬਹੁਤ ਹੀ ਦਿਲ ਕੰਬਾਊ ਤੇ ਹੌਲਨਾਕ ਤਸਤਵੀਰਾਂ ਤੇ ਕਹਾਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ
  • ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ।
  • ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ।
  • ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ
  • ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
  • ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।

ਕਹਰਮਨਮਾਰਸ ਵਿੱਚ ਮੇਸਟ ਹੈਂਸਰ ਨਾਂ ਦਾ ਵਿਅਕਤੀ ਆਪਣੀ 15 ਸਾਲਾ ਧੀ ਦੇ ਭੂਚਾਲ ਵਿਚ ਘਰ ਦੇ ਮਲਬੇ ਹੇਠ ਦੱਬ ਕੇ ਮਰਨ ਤੋਂ ਬਾਅਦ ਉਸ ਦਾ ਹੱਥ ਫੜਕੇ ਘੰਟਿਆਂ ਬੱਧੀ ਬੈਠਾ ਰਿਹਾ, ਜਿਸ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿਚ ਵਾਇਰਲ ਹੋ ਰਹੀ ਹੈ, ਇਹ ਫੋਟੋ ਸਥਾਨਕ ਲੋਕਾਂ ਦੇ ਦੁਖਾਤ ਨੂੰ ਪੇਸ਼ ਕਰਦੀ ਹੈ।

ਲਾਗਤਾਰ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਫੂਟੇਜ਼ ਆ ਰਹੀ ਹੈ, ਜੋ ਤਰਾਸਦੀ ਦੇ ਦਰਦ ਨੂੰ ਬਿਆਨ ਕਰ ਰਹੇ ਹਨ।

ਤਸਵੀਰਾਂ ’ਚ ਲੋਕਾਂ ਦਾ ਦਰਦ

ਭੂਚਾਲ ਦਾ ਕੇਂਦਰ ਅਤੇ ਮੌਜੂਦਾ ਮੁਸ਼ਕਲ

ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੁਵੇਲੋ ਮੁਤਾਬਕ ਇਸ ਭਿਆਨਕ ਭੂਚਾਲ ਨਾਲ 10 ਸ਼ਹਿਰ ਤਬਾਹ ਹੋ ਗਏ ਹਨ, ਜਿਨ੍ਹਾਂ 'ਚ ਹੈਤੇ, ਓਸਮਾਨੀਏ, ਅਡਿਆਮਨ, ਮਾਲਤਿਆ, ਸਾਨਲੀਉਰਫਾ, ਅਡਾਨਾ, ਦਿਯਾਰਬਾਕਿਰ ਅਤੇ ਕਿਲਿਸ ਸ਼ਾਮਲ ਹਨ।

ਓਸਮਾਨੀਆ ਦੇ ਗਵਰਨਰ ਨੇ ਦੱਸਿਆ ਕਿ ਸੂਬੇ 'ਚ 34 ਇਮਾਰਤਾਂ ਤਬਾਹ ਹੋ ਗਈਆਂ ਹਨ। ਤੁਰਕੀ ਤੋਂ ਕਈ ਵੀਡੀਓਜ਼ ਔਨਲਾਈਨ ਸ਼ੇਅਰ ਕੀਤੀਆਂ ਗਈਆਂ ਹਨ ਜਿਸ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਢਹਿ-ਢੇਰੀ ਹੁੰਦਿਆਂ ਦੇਖਿਆ ਜਾ ਸਕਦਾ ਹੈ । ਉਹ ਵੀ ਉਸ ਸਮੇਂ ਜਦੋਂ ਬਚਾਅ ਕਰਮਚਾਰੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ।

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਦਾ ਪੰਜਵਾਂ ਝਟਕਾ ਮਹਿਸੂਸ ਕੀਤਾ ਗਿਆ। ਮੀਂਹ ਅਤੇ ਕਹਿਰ ਦੀ ਠੰਢ ਵਿਚ ਰਾਹਤ ਕਾਰਜ ਚੱਲ ਰਹੇ ਹਨ।

ਭੂਚਾਲ ਤੋਂ ਬਾਅਦ ਅਚਾਨਕ ਹੋਏ ਮੀਂਹ ਨੇ ਰਾਹਤ ਕਾਮਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਉਨ੍ਹਾਂ ਕੋਲ ਸਮੇਂ ਦੀ ਘਾਟ ਹੈ ਅਤੇ ਸੀਮਿੰਟ ਦੀ ਭਾਰੀਆਂ ਭਰਕਮ ਸਲੈਬਾਂ ਦੇ ਮਲਬੇ ਥੱਲੇ ਦੱਬੇ ਲੋਕਾਂ ਨੂੰ ਜ਼ਿੰਦਾ ਕੱਢਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਰਾਹਤ ਕਰਮੀਆਂ ਦਾ ਕਹਿਣਾ ਹੈ ਕਿ ਪਹਿਲੇ 24 ਕੂ ਘੰਟਿਆਂ ਵਿਚ ਲੋਕਾਂ ਦੇ ਜਿਉਂਦੇ ਹੋਣ ਦੇ ਵੱਧ ਮੌਕੇ ਹੁੰਦੇ ਹਨ, ਜਿਵੇਂ ਸਮਾਂ ਲੰਘ ਰਿਹਾ ਹੈ, ਮਲਬੇ ਹੇਠ ਦੱਬੇ ਲੋਕਾਂ ਦੇ ਜਿਉਂਦੇ ਬਚਣ ਦੇ ਮੌਕੇ ਘੱਟ ਹਨ।

ਰਾਹਤ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ''ਦਰਦ ਭਰੀਆਂ ਚੀਕਾਂ ਸੁਣ ਰਹੀਆਂ ਹਨ ਤੇ ਬਾਹਰ ਕੱਢਣ ਲਈ ਕਿਹਾ ਜਾ ਰਿਹਾ ਹੈ।''

ਡਿਊਕ ਯੂਨੀਵਰਸਿਟੀ ਦੇ ਡਾਕਟਰ ਰਿਚਰਡ ਮੂਨ ਕਹਿੰਦੇ ਹਨ, ''ਮੈਂ ਜਦੋਂ ਰਾਹਤ ਕਰਮੀਆਂ ਅਤੇ ਮਲਬੇ ਹੇਠ ਦੱਬੇ ਲੋਕਾਂ ਬਾਰੇ ਸੋਚਦਾ ਹਾਂ ਤਾਂ ਮੇਰਾ ਕਲੇਜਾ ਮੂੰਹ ਨੂੰ ਆਉਂਦਾ ਹੈ। ਉਹ ਫੇਰ ਵੀ ਪੂਰੀ ਸਮਰੱਥਾ ਨਾਲ ਲੱਗੇ ਹੋਏ ਹਨ।''

ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ 7.8 ਤੀਬਰਤਾ ਨਾਲ ਆਏ ਭੂਚਾਲ ਨੇ ਪਲਾਂ ਵਿੱਚ ਧਰਤ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਨੂੰ ਵੀ ਹਿਲਾਕੇ ਰੱਖ ਦਿੱਤਾ।

ਭੂਚਾਲ ਤੋਂ ਤੁਰੰਤ ਬਾਅਦ, ਬੀਬੀਸੀ ਨੇ ਤੁਰਕੀ ਸਮੇਤ ਹੋਰ ਨੇੜਲੇ ਦੇਸ਼ਾਂ ਵਿੱਚ ਇਸ ਤਬਾਹੀ ਵਿੱਚ ਜ਼ਿਉਂਦੇ ਬਚੇ ਕੁਝ ਲੋਕਾਂ ਨਾਲ ਗੱਲ ਕਰਕੇ ਉਸ ਮੰਜਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।

"ਇਹ ਕਿਆਮਤ ਦੇ ਦਿਨ ਵਰਗਾ ਸੀ। ਮੈਂ ਆਪਣੇ ਪੁੱਤ ਨੂੰ ਬਚਾਉਣ ਲਈ ਤੜਫ਼ ਉੱਠਿਆ

ਉੱਤਰੀ ਸੀਰੀਆ ਵਿੱਚ ਇੱਕ ਬਾਪ ਆਪਣੇ ਛੇ ਸਾਲਾਂ ਦੇ ਬੀਮਾਰ ਪੁੱਤ ਨੂੰ ਹਸਪਤਾਲ ਇਲਾਜ ਲਈ ਲਿਆਇਆ ਸੀ। ਜਿਵੇਂ ਹੀ ਉਹ ਕੁਝ ਪਲਾਂ ਲਈ ਪੁੱਤ ਨੂੰ ਹਸਪਤਾਲ ਇਲਾਜ ਲਈ ਛੱਡ ਬਾਹਰ ਗਿਆ, ਇੱਕ ਭਿਆਨਕ ਭੂਚਾਲ ਆ ਗਿਆ।

ਉਨ੍ਹਾਂ ਕਦੀ ਨਹੀਂ ਸੀ ਸੋਚਿਆ ਕਿ ਕੁਝ ਪਲ ਪਹਿਲਾਂ ਬੱਚੇ ਦੇ ਤੰਦਰੁਸਤ ਹੋਣ ਦੀ ਸੰਭਾਵਨਾ ਨਾਲ ਮਿਲੀ ਰਾਹਤ ਪਲਾਂ 'ਚ ਹੀ ਢਹਿ ਢੇਰੀ ਹੋ ਜਾਵੇਗੀ।

ਉੱਤਰੀ ਸੀਰੀਆ ਦੇ ਇਦਲਿਬ ਸੂਬੇ ਵਿੱਚ ਸਥਿਤ ਇੱਕ ਪੱਤਰਕਾਰ ਇਸਮਾਈਲ ਲਈ ਇਹ ਜ਼ਿੰਦਗੀ ਦੇ ਸਭ ਤੋਂ ਔਖੇ ਪਲ ਸਨ।

ਬੀਬੀਸੀ ਪੱਤਰਕਾਰ ਲੀਨਾ ਸ਼ੈਖੌਨੀ ਨੂੰ ਇਸਮਾਇਲ ਨੇ ਫ਼ੋਨ 'ਤੇ ਗੱਲ ਕਰਦਿਆਂ ਦੱਸਿਆ,"ਭੂਚਾਲ ਤੇਜ਼ ਹੋ ਗਿਆ। ਬਿਜਲੀ ਚਲੀ ਗਈ ਤੇ ਹਸਪਤਾਲ ਦੇ ਗੇਟ ਜੋ ਸ਼ੀਸ਼ੇ ਦਾ ਬਣਿਆ ਸੀ ਟੁੱਟਣ ਲੱਗਿਆ।"

ਉਨ੍ਹਾਂ ਨੇ ਕਰੀਬ 150 ਮੀਟਰ ਦੀ ਦੂਰੀ 'ਤੇ ਦੋ ਰਿਹਾਇਸ਼ੀ ਇਮਾਰਤਾਂ ਨੂੰ ਢਹਿ-ਢੇਰੀ ਹੁੰਦਿਆਂ ਦੇਖਿਆ। ਉਨ੍ਹਾਂ ਦੀਆਂ ਅੱਖਾਂ ਮੂਹਰੇ ਲੋਕ ਘਰੋਂ ਬੇਘਰ ਹੋ ਗਏ ਸਭ ਪਾਸੇ ਹਨੇਰਾ ਛਾ ਗਿਆ।

ਉਹ ਕਹਿੰਦੇ ਹਨ,"ਇਹ ਇੱਕ ਕਿਆਮਤ ਦੇ ਦਿਨ ਵਰਗਾ ਸੀ। ਮੈਂ ਆਪਣੇ ਬੇਟੇ ਨੂੰ ਮਲਬੇ ਹੇਠੋਂ ਕੱਢਣ ਬਾਰੇ ਸੋਚਣ ਲੱਗਿਆ।"

ਇੱਕ ਮਿੰਟ ਬਾਅਦ ਉਨ੍ਹਾਂ ਨੂੰ ਆਪਣੇ ਪੁੱਤ ਮੁਸਤਫ਼ਾ ਦੇ ਚੀਕਣ ਰੋਣ ਦੀਆਂ ਅਵਾਜ਼ਾਂ ਆਉਣ ਲੱਗੀਆਂ। ਉਹ ਦੌੜਦਾ ਹੋਇਆ ਆਪਣੇ ਬਾਪ ਵੱਲ ਆ ਰਿਹਾ ਸੀ।

ਇਸਮਾਇਲ ਦੱਸਦੇ ਹਨ ਉਸ ਨੇ ਆਪਣੇ ਆਪ ਡ੍ਰਿਪ ਲਾਹ ਦਿੱਤੀ ਸੀ ਤੇ ਬਾਂਹ ਵਿੱਚੋਂ ਖ਼ੂਨ ਵਹਿ ਰਿਹਾ ਸੀ।

ਰਾਹਤ ਕਾਰਜਾਂ ਵਿੱਚ ਦੇਰੀ

ਕਈ ਘੰਟਿਆਂ ਤੱਕ ਕੋਈ ਵੀ ਉਨ੍ਹਾਂ ਢਹਿ-ਢੇਰੀ ਹੋਈਆਂ ਇਮਾਰਤਾਂ ਤੱਕ ਨਾ ਪਹੁੰਚਿਆ। ਬਿਜਲੀ ਚਲੀ ਗਈ ਇੰਟਨੈੱਟ ਬੰਦ ਹੋ ਗਿਆ ਇਸੇ ਨੂੰ ਕੋਈ ਖ਼ਬਰ ਹੀ ਨਾ ਪਹੁੰਚੀ। ਡਿਫ਼ੈਂਸ ਯੂਨਿਟ ਨੂੰ ਕੁਝ ਦੱਸਿਆ ਨਾ ਜਾ ਸਕਿਆ।

ਅਲ-ਦਾਨਾ ਤੁਰਕੀ ਦੀ ਸਰਹੱਦ ਦੇ ਨੇੜੇ ਵਿਰੋਧੀ ਧਿਰ ਦੇ ਕਬਜ਼ੇ ਵਾਲਾ ਸ਼ਹਿਰ ਹੈ।

ਸਰਕਾਰੀ ਸੇਵਾਵਾਂ ਦੀ ਅਣਹੋਂਦ ਵਿੱਚ ਸਿਵਲ ਡਿਫੈਂਸ ਯੂਨਿਟ ਹੀ ਐਮਰਜੈਂਸੀ ਦੇ ਪਹਿਲੇ ਜਵਾਬਦੇਹ ਹਨ, ਪਰ ਤਬਾਹੀ ਦੇ ਪੈਮਾਨੇ ਨੇ ਉਨ੍ਹਾਂ ਲਈ ਹਰ ਪ੍ਰਭਾਵਿਤ ਤੱਕ ਪਹੁੰਚਣਾ ਅਸੰਭਵ ਬਣਾ ਦਿੱਤਾ ਹੈ।

ਕੁਝ ਘੰਟਿਆਂ ਬਾਅਦ, ਇਸਮਾਈਲ ਇਦਲਿਬ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਗਏ ਸਨ।

ਬਾਗ਼ੀਆਂ ਦਾ ਇਲਾਕਾ

ਇਸਮਾਇਲ ਕਹਿੰਦੇ ਹਨ,"ਨੁਕਸਾਨ ਦੱਸਿਆ ਨਹੀਂ ਜਾ ਸਕਦਾ। ਸਭ ਤੋਂ ਵੱਧ ਪ੍ਰਭਾਵਿਤ ਉਹ ਇਲਾਕਾ ਹੈ ਜਿਸ ਨਾ ਪਹਿਲਾਂ ਸੀਰੀਆ ਦੀ ਸਰਕਾਰ ਜਾਂ ਰੂਸੀ ਫੌਜਾਂ ਵਲੋਂ ਕੀਤੀ ਬੰਬਾਰੀ ਦੀ ਮਾਰ ਝੱਲੀ ਸੀ।"

2011 ਵਿੱਚ ਸੀਰੀਆ ਦਾ ਵਿਦਰੋਹ ਇੱਕ ਸਖ਼ਤ ਘਰੇਲੂ ਜੰਗ ਵਿੱਚ ਬਦਲ ਗਿਆ। ਇਸ ਜੰਗ ਲਈ ਰੂਸ ਦੀ ਹਮਾਇਤ ਪ੍ਰਾਪਤ ਸੀ ਤੇ ਬਾਗ਼ੀਆਂ ਨੇ ਕੁਝ ਖੇਤਰਾਂ 'ਤੇ ਕਬਜ਼ਾ ਵੀ ਕਰ ਲਿਆ ਸੀ।

ਇਸਮਾਇਲ ਦੱਸਦੇ ਹਨ ਕਿ ਇਸ ਭੂਚਾਲ ਵਿੱਚ ਬਹੁਤ ਸਾਰੀਆਂ ਇਮਾਰਤਾਂ ਅਤੇ ਆਂਢ-ਗੁਆਂਢ ਦੇ ਇਲਾਕੇ ਹਨ ਜਿੱਥੇ ਬਚਾਅ ਟੀਮਾਂ ਉਪਕਰਣਾਂ ਦੀ ਘਾਟ ਕਾਰਨ ਨਹੀਂ ਪਹੁੰਚ ਸਕਦੀਆਂ।"

"ਸਾਨੂੰ ਸੱਚਮੁੱਚ ਕੌਮਾਂਤਰੀ ਸੰਸਥਾਵਾਂ ਤੋਂ ਮਦਦ ਦੀ ਲੋੜ ਹੈ।"

ਤੁਰਕੀ ਸੀਰੀਆ ਵਿੱਚ ਕਿੱਥੇ ਪਈ ਹੈ ਮਾਰ

  • ਭੂਚਾਲ ਵਿੱਚ ਤੁਰਕੀ ਦਾ ਉੱਤਰੀ ਖਿੱਤਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇਸ ਨੂੰ ਤੁਰਕੀ ਦੀ ਉੱਤਰੀ ਅਤੇ ਸੀਰੀਆ ਦੀ ਦੱਖਣੀ ਸਰਹੱਦ ਕਿਹਾ ਜਾ ਸਕਦਾ ਹੈ।
  • ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਮੁਤਾਬਕ 10 ਸ਼ਹਿਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਇਨ੍ਹਾਂ ਵਿੱਚ ਹੈਤੇ, ਓਸਮਾਨੀਏ, ਅਡਿਆਮਨ, ਮਾਲਤਿਆ, ਸਾਨਲੀਉਰਫਾ, ਅਡਾਨਾ, ਦਿਯਾਰਬਾਕਿਰ ਅਤੇ ਕਿਲਿਸ ਸ਼ਾਮਲ ਹਨ
  • ਸੀਰੀਆ ਦਾ ਉੱਤਰੀ ਖਿੱਤਾ ਜਿਹੜਾ ਭੂਚਾਲ ਦੀ ਮਾਰ ਹੇਠ ਆਇਆ ਹੈ। ਇੱਥੇ ਏਲਪੋ ਸ਼ਹਿਰ ਆਫ਼ਤ ਦਾ ਕੇਂਦਰ ਬਣਿਆ ਹੈ।
  • ਇਹ ਸਰਕਾਰ ਅਤੇ ਕੁਰਦਿਸ਼ ਬਾਗੀਆਂ ਵਿਚਾਲੇ ਵੰਡਿਆ ਹੋਇਆ ਇਲਾਕਾ ਹੈ। ਇੱਥੇ ਘਰੇਲੂ ਜੰਗ ਦਾ ਸ਼ਿਕਾਰ ਬਣੇ ਲੱਖਾਂ ਲੋਕ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ।
  • ਭੂਚਾਲ ਤੋਂ ਪਹਿਲਾਂ ਇਸ ਇਲਾਕੇ ਵਿੱਚ ਜੰਗੀ ਹਾਲਾਤ ਕਾਰਨ ਹੋਏ ਉਜਾੜੇ, ਕਹਿਰ ਦੀ ਠੰਢ ਸਹਿੰਦੇ ਅਤੇ ਹੈਜੇ ਦਾ ਸ਼ਿਕਾਰ ਹੋਣ ਕਾਰਨ ਲੋਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਸੀ।

"ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਦੇਖਿਆ ਸੀ। ਅਸੀਂ ਤਕਰੀਬਨ ਇੱਕ ਮਿੰਟ ਤੱਕ ਇੱਧਰ ਉੱਧਰ ਝੂਲਦੇ ਰਹੇ।"

ਦੱਖਣੀ ਤੁਰਕੀ ਦੇ ਸ਼ਹਿਰ ਅਡਾਨਾ ਦੇ ਵਾਸੀ ਨੀਲੋਫ਼ਰ ਅਸਲਾਨ ਨੇ ਤੁਰਕੀ ਸਣੇ ਸੀਰੀਆ ਅਤੇ ਲੇਬਨਾਨ ਵਿੱਚ ਆਏ ਭਿਆਨਕ ਭੂਚਾਲ ਦੀ ਤੀਬਰਤਾ ਬਾਰੇ ਦੱਸਦਿਆਂ ਅਜਿਹਾ ਹੀ ਕਿਹਾ ਸੀ।

ਜਦੋਂ ਭੂਚਾਲ ਆਇਆ ਅਸਲਾਨ ਆਪਣੇ ਘਰ ਵਿੱਚ ਸਨ। ਉਹ ਕਹਿੰਦੇ ਹਨ,"ਜਦੋਂ ਅਪਾਰਟਮੈਂਟ ਹਿੱਲਣ ਲੱਗਿਆ, ਮੈਂ ਸੋਚਿਆ ਕਿ ਮੇਰਾ ਪਰਿਵਾਰ ਹੁਣ ਨਹੀਂ ਬਚੇਗਾ। ਮੈਨੂੰ ਲੱਗਿਆ ਕਿ ਅਸੀਂ ਭੂਚਾਲ ਵਿੱਚ ਮਰ ਜਾਵਾਂਗੇ।"

ਇਸ ਦੇ ਨਾਲ ਹੀ ਉਨ੍ਹਾਂ ਨੂੰ ਦੂਜੇ ਕਮਰਿਆਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਦਾ ਚੇਤਾ ਆਇਆ ਸੀ। ਉਹ ਕਹਿੰਦੇ ਹਨ, "ਮੈਂ ਕਿਹਾ ਇਹ ਭੂਚਾਲ ਹੈ, ਆਓ ਘੱਟੋ-ਘੱਟ ਅਸੀਂ ਇੱਕੋ ਥਾਂ 'ਤੇ ਇਕੱਠੇ ਤਾਂ ਮਰੀਏ। ਮੇਰੇ ਦਿਮਾਗ ਵਿੱਚ ਅਜਿਹਾ ਹੀ ਖ਼ਿਆਲ ਆਇਆ ਸੀ। "

ਜਦੋਂ ਭੂਚਾਲ ਦੇ ਝਟਕੇ ਰੁਕੇ ਅਸਲਾਨ ਬਾਹਰ ਭੱਜੇ ਅਤੇ ਦੇਖਿਆ ਕਿ ਉਨ੍ਹਾਂ ਦੇ ਆਲੇ ਦੁਆਲੇ ਦੀਆਂ ਚਾਰ ਇਮਾਰਤਾਂ ਢਹਿ ਗਈਆਂ ਸਨ।

ਉਹ ਦੱਸਦੇ ਹਨ, "ਮੈਂ ਦੌੜਦੇ ਸਮੇਂ ਆਪਣੇ ਨਾਲ ਕੁਝ ਵੀ ਨਾ ਲੈ ਜਾ ਸਕਿਆ, ਬਸ ਚੱਪਲਾਂ ਪਾ ਕੇ ਨਿਕਲ ਤੁਰਿਆ।"

"ਸਾਡੇ ਸਾਹਮਣੇ ਇਮਰਾਤ ਦੀਆਂ ਖਿੜਕੀਆਂ ਟੁੱਟ ਗਈਆਂ"

ਤੁਰਕੀ ਦੇ ਸ਼ਹਿਰ ਮਾਲਤੀਆ ਦੀ ਰਹਿਣ ਵਾਲੀ 25 ਸਾਲਾ ਓਜ਼ਗੁਲ ਕੋਨਾਕਚੀ ਕਹਿੰਦੇ ਹਨ ਕਿ ਕਿ ਉਹ ਭੂਚਾਲ ਤੋਂ ਬਚ ਗਈ, ਪਰ ਬਾਅਦ ਦੀ ਤਬਾਹੀ ਦੇ ਠੰਡਾ ਮੌਸਮ ਉਸ ਲਈ ਔਖਿਆਈ ਪੈਦਾ ਕਰ ਰਹੇ ਹਨ।

ਕੋਨਾਕਚੀ ਨੇ ਬੀਬੀਸੀ ਤੁਰਕੀ ਨੂੰ ਦੱਸਿਆ, "ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣ ਅਤੇ ਬਚਾਉਣ ਦੇ ਯਤਨ ਜਾਰੀ ਹਨ। ਇੱਥੇ ਬਹੁਤ ਠੰਢ ਹੈ ਅਤੇ ਇਸ ਸਮੇਂ ਬਰਫ਼ ਪੈ ਰਹੀ ਹੈ। ਲੋਕ ਸੜਕਾਂ 'ਤੇ ਹੈ। ਸਭ ਗੰਭੀਰ ਸੋਚ ਵਿੱਚ ਨਜ਼ਰ ਆਉਂਦੇ ਹਨ। ਸਾਡੀਆਂ ਅੱਖਾਂ ਦੇ ਸਾਹਮਣੇ ਭੂਚਾਲ ਦੇ ਝਟਕਿਆਂ ਨਾਲ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ।"

ਜਦੋਂ ਭੂਚਾਲ ਆਇਆ ਤਾਂ ਕੋਨਾਕਚੀ ਅਤੇ ਉਸ ਦਾ ਭਰਾ ਸੋਫੇ 'ਤੇ ਸੌਂ ਰਹੇ ਸਨ।

"ਅਸੀਂ ਇੱਕ ਦੂਜੇ ਵੱਲ ਦੇਖਿਆ ਅਤੇ ਝਟਕੇ ਮਹਿਸੂਸ ਹੋਣ ਬਾਰੇ ਪੁੱਛਿਆ?

ਮੈਂ ਲੈਂਪ ਵੱਲ ਦੇਖਿਆ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਡਿੱਗਣ ਵਾਲਾ ਹੈ। ਜਿਵੇਂ ਹੀ ਸਾਡਾ ਤਿੰਨ ਸਾਲ ਦਾ ਭਤੀਜਾ ਕਮਰੇ ਵਿੱਚ ਆਇਆ ਅਸੀਂ ਸੋਫ਼ੋ ਤੋਂ ਛਾਲ ਮਾਰ ਮਾਰ ਹੇਠਾਂ ਉੱਤਰੇ।"

ਉਨ੍ਹਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਨੇੜਲੀਆਂ ਪੰਜ ਇਮਾਰਤਾਂ ਢਹਿ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਹੈ ਕਿਉਂਕਿ ਝਟਕੇ ਕਾਰਨ ਲੋਕ ਇਮਾਰਤਾਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

"ਮੇਰੇ ਆਲੇ ਦੁਆਲੇ ਤਬਾਹ ਹੋ ਚੁੱਕੀਆਂ ਇਮਾਰਤਾਂ ਹਨ, ਘਰਾਂ ਵਿੱਚ ਅੱਗ ਲੱਗੀ ਹੋਈ ਹੈ"

ਤੁਰਕੀ ਦੇ ਸ਼ਹਿਰ ਪਜ਼ਾਰਚਕ ਵਿੱਚ ਇੱਕ ਹੋਰ ਵਿਅਕਤੀ ਨੇ ਦੱਸਿਆ ਉਸਦਾ ਪਰਿਵਾਰ ਜ਼ੋਰਦਾਰ ਭੂਚਾਲ ਨਾਲ ਜਾਗ ਰਿਹਾ ਸੀ ਤੇ ਨੁਕਸਾਨ ਦਾ ਅੰਦਾਜਾ ਲਾਉਣ ਲਈ ਉਨ੍ਹਾਂ ਨੇ ਸਰਦ ਰਾਤ ਮੁੱਕਣ ਦੀ ਚਿੰਤਾਜਨਕ ਸਥਿਤੀ ਵਿੱਚ ਉਡੀਕ ਕੀਤੀ ਸੀ।

ਨਿਹਾਦ ਅਲਟੈਂਡਗ ਨੇ 'ਦਿ ਗਾਰਡੀਅਨ' ਅਖਬਾਰ ਨੂੰ ਦੱਸਿਆ, "ਮੇਰੇ ਚਾਰੇ ਪਾਸੇ ਇਮਾਰਤਾਂ ਤਬਾਹ ਹੋ ਗਈਆਂ ਹਨ, ਘਰਾਂ ਨੂੰ ਅੱਗ ਲੱਗੀ ਹੋਈ ਹੈ। ਇਮਾਰਤਾਂ ਵਿੱਚ ਦਰਾਰਾਂ ਆ ਰਹੀਆਂ ਹਨ।ਹੁਣ ਮੈਂ ਜਿੱਥੇ ਹਾਂ, ਉਸ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਇੱਕ ਇਮਾਰਤ ਡਿੱਗ ਗਈ ਹੈ। ਲੋਕ ਹਾਲੇ ਵੀ ਘਰਾਂ ਤੋਂ ਬਾਹਰ ਹਨ ਅਤੇ ਹਰ ਕੋਈ ਸਹਿਮਿਆ ਹੋਇਆ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)