ਅਰਵਿੰਦ ਕੇਜਰੀਵਾਲ ਅਤੇ ਨਰਿੰਦਰ ਮੋਦੀ ਦੇ 'ਹਿੰਦੂਤਵ' ਵਿਚਾਲੇ ਕਿੰਨੇ ਫਿਟ ਬੈਠਦੇ ਹਨ ਅੰਬੇਡਕਰ

    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਹਿੰਦੀ ਦੇ ਪ੍ਰਸਿੱਧ ਕਵੀ ਮੁਕਤੀਬੋਧ ਆਪਸੀ ਗੱਲਬਾਤ 'ਚ ਹਮੇਸ਼ਾਂ ਹੀ ਇੱਕ ਲਾਈਨ ਸਵਾਲ ਦੀ ਤਰ੍ਹਾਂ ਦੁਹਰਾਇਆ ਕਰਦੇ ਸਨ- ਪਾਰਟਨਰ ਤੁਹਾਡੀ ਰਾਜਨੀਤੀ ਕੀ ਹੈ ?

ਉਹ ਕਲਾਸ ਰਾਜਨੀਤੀ ਦੀ ਗੱਲ ਕਰਦੇ ਸਨ ਅਤੇ ਉਨ੍ਹਾਂ ਦੀ ਇਹ ਲਾਈਨ ਅੱਜ ਵੀ ਸਵਾਲ ਦੇ ਰੂਪ 'ਚ ਉੱਭਰਦੀ ਹੈ।

ਇੱਕ ਲਾਈਨ ਦਾ ਇਹ ਸਵਾਲ ਅੱਜ ਵੀ ਭਾਰਤੀ ਸਮਾਜ ਅਤੇ ਰਾਜਨੀਤੀ 'ਚ ਬਰਾਬਰ ਪ੍ਰਸੰਗਿਕ ਹੈ।

ਜਦੋਂ ਆਮ ਆਦਮੀ ਪਾਰਟੀ ਬਣੀ ਤਾਂ ਅਰਵਿੰਦ ਕੇਜਰੀਵਾਲ ਬਾਰੇ ਵੀ ਇਹ ਸਵਾਲ ਉੱਠਦਾ ਰਿਹਾ ਹੈ ਕਿ ਉਨ੍ਹਾਂ ਦੀ ਰਾਜਨੀਤੀ ਕੀ ਹੈ?

ਇੱਥੋਂ ਤੱਕ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਬਾਰੇ ਵੀ ਸਵਾਲ ਉੱਠ ਰਹੇ ਸਨ ਕਿ ਉਨ੍ਹਾਂ ਦੀ ਅਸਲ ਸਿਆਸਤ ਕੀ ਹੈ ?

ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਲਗਭਗ ਹਰ ਰੋਜ਼ ਹੀ ਸ਼ੇਅਰ ਹੁੰਦੀ ਰਹਿੰਦੀ ਹੈ।

ਇਸ ਵੀਡੀਓ 'ਚ ਕੇਜਰੀਵਾਲ ਕਹਿ ਰਹੇ ਹਨ ਕਿ " ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਮੈਂ ਆਪਣੀ ਨਾਨੀ ਨੂੰ ਪੁੱਛਿਆ ਸੀ ਕਿ ਨਾਨੀ ਹੁਣ ਤਾਂ ਤੁਸੀਂ ਬਹੁਤ ਖੁਸ਼ ਹੋਵੋਗੇ? ਹੁਣ ਤਾਂ ਤੁਹਾਡੇ ਭਗਵਾਨ ਰਾਮ ਦਾ ਮੰਦਰ ਬਣੇਗਾ।

ਨਾਨੀ ਨੇ ਜਵਾਬ ਦਿੱਤਾ ਕਿ ਨਹੀਂ ਬੇਟਾ ਮੇਰੇ ਰਾਮ ਕਿਸੇ ਦੀ ਮਸਜਿਦ ਤੋੜ ਕੇ ਅਜਿਹੇ ਕਿਸੇ ਮੰਦਰ 'ਚ ਨਹੀਂ ਰਹਿ ਸਕਦੇ ਹਨ।"

ਕੇਜਰੀਵਾਲ ਨੇ 2014 'ਚ ਆਪਣੀ ਨਾਨੀ ਦੀ ਇਹ ਕਹਾਣੀ ਸੁਣਾਈ ਸੀ।

ਪਰ ਇਸ ਸਾਲ 11 ਮਈ ਨੂੰ ਗੁਜਰਾਤ ਦੇ ਰਾਜਕੋਟ 'ਚ ਅਰਵਿੰਦ ਕੇਜਰੀਵਾਲ ਨੇ ਆਪਣੀ ਨਾਨੀ ਦੇ ਉਲਟ ਇੱਕ ਬੁੱਢੀ ਬੇਬੇ ਦੀ ਕਹਾਣੀ ਸੁਣਾਈ।

ਇਸ ਕਹਾਣੀ 'ਚ ਕੇਜਰੀਵਾਲ ਦੱਸਦੇ ਹਨ, " ਇੱਕ ਬੁੱਢੀ ਅੰਮਾ ਆਈ ਅਤੇ ਹੌਲੀ ਜਿਹੀ ਮੇਰੇ ਕੰਨ 'ਚ ਕਿਹਾ ਬੇਟਾ ਅਯੁੱਧਿਆ ਦੇ ਬਾਰੇ 'ਚ ਸੁਣਿਆ ਹੈ?"

ਮੈਂ ਕਿਹਾ, "ਹਾਂ ਅੰਮਾ, ਮੈਂ ਅਯੁੱਧਿਆ ਬਾਰੇ ਜਾਣਦਾ ਹਾਂ। ਉਹੀ ਅਯੁੱਧਿਆ ਜੋ ਕਿ ਭਗਵਾਨ ਰਾਮ ਦੀ ਜਨਮ ਭੂਮੀ ਹੈ?"

ਅੰਮਾ ਨੇ ਕਿਹਾ, " ਉਹੀ ਅਯੁੱਧਿਆ, ਤੁਸੀਂ ਕਦੇ ਉੱਥੇ ਗਏ ਹੋ?"

ਮੈਂ ਕਿਹਾ, ਹਾਂ ਗਿਆ ਹਾਂ। ਰਾਮ ਜਨਮ ਭੂਮੀ ਜਾ ਕੇ ਬਹੁਤ ਹੀ ਰਾਹਤ ਮਿਲਦੀ ਹੈ।"

ਉਸ ਨੇ ਕਿਹਾ, " ਮੈਂ ਬਹੁਤ ਗਰੀਬ ਹਾਂ। ਗੁਜਰਾਤ ਦੇ ਇੱਕ ਪਿੰਡ 'ਚ ਰਹਿੰਦੀ ਹਾਂ। ਮੇਰੀ ਅਯੁੱਧਿਆ ਜਾਣ ਦੀ ਬਹੁਤ ਇੱਛਾ ਹੈ।"

ਮੈਂ ਕਿਹਾ, " ਅੰਮਾ ਤੁਹਾਨੂੰ ਅਯੁੱਧਿਆ ਜ਼ਰੂਰ ਭੇਜਾਂਗੇ। ਏਸੀ ਰੇਲਗੱਡੀ ਰਾਹੀਂ ਭੇਜਾਂਗੇ। ਏਸੀ ਹੋਟਲ 'ਚ ਰਹਿਣ ਦਾ ਬੰਦੋਬਸਤ ਕਰਾਂਗੇ। ਅਸੀਂ ਗੁਜਰਾਤ ਦੀ ਇੱਕ ਬਜ਼ੁਰਗ ਮਾਤਾ ਜੀ ਨੂੰ ਅਯੁੱਧਿਆ 'ਚ ਰਾਮਚੰਦਰ ਦੇ ਦਰਸ਼ਨ ਕਰਾਵਾਂਗੇ।"

"ਬੇਬੇ ਜੀ ਇੱਕ ਬੇਨਤੀ ਹੈ ਕਿ ਭਗਵਾਨ ਰਾਮ ਅੱਗੇ ਪ੍ਰਾਰਥਨਾ ਕਰੋ ਕਿ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ।"

ਜਦੋਂ ਕੇਜਰੀਵਾਲ ਨੇ ਨਾਨੀ ਦੀ ਕਹਾਣੀ ਸੁਣਾਈ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਆਪਣੇ ਸ਼ੁਰੂਆਤੀ ਦੌਰ 'ਚ ਸੀ

ਇਸ ਸਾਲ ਮਈ ਮਹੀਨੇ 'ਚ ਬਜ਼ੁਰਗ ਬੇਬੇ ਦੀ ਕਹਾਣੀ ਸੁਣਾਉਣ ਮੌਕੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਕਿਤੇ ਵਧੇਰੇ ਪੈਰ ਜਮਾ ਚੁੱਕੀ ਸੀ।

ਕੇਜਰੀਵਾਲ ਦਾ ਰਾਮ ਪ੍ਰੇਮ

ਅਰਵਿੰਦ ਕੇਜਰੀਵਾਲ ਨੇ ਸ਼ਾਇਦ ਆਪਣੀ ਨਾਨੀ ਦੀ ਗੱਲ ਨਹੀਂ ਮੰਨੀ। ਉਹ ਪਿਛਲੇ ਸਾਲ ਹੀ ਅਯੁੱਧਿਆ ਗਏ ਅਤੇ ਰਾਮਲੱਲਾ ਦੇ ਦਰਸ਼ਨ ਕੀਤੇ।

ਕੇਜਰੀਵਾਲ ਨੇ ਨਾ ਸਿਰਫ਼ ਖੁਦ ਅਯੁੱਧਿਆ ਜਾ ਕੇ ਰਾਮ ਲੱਲਾ ਦੇ ਦਰਸ਼ਨ ਕਰ ਰਹੇ ਹਨ, ਬਲਕਿ ਹਿੰਦੂਆਂ ਨਾਲ ਚੋਣ ਵਾਅਦਾ ਵੀ ਕਰ ਰਹੇ ਹਨ ਕਿ ਉਹ ਬਜ਼ੁਰਗਾਂ ਨੂੰ ਸਰਕਾਰੀ ਖਰਚੇ 'ਤੇ ਅਯੁੱਧਿਆ ਲੈ ਕੇ ਜਾਣਗੇ।

ਨਵੰਬਰ 2019 'ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ , ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਸਰਬਸੰਮਤੀ ਨਾਲ ਮੰਦਰ ਦੇ ਹੱਕ 'ਚ ਫੈਸਲਾ ਤਾਂ ਸੁਣਾਇਆ, ਪਰ ਨਾਲ ਹੀ ਇਹ ਵੀ ਕਿਹਾ ਕਿ ਬਾਬਰੀ ਮਸਜਿਦ ਨੂੰ ਤੋੜਣਾ ਜਾਂ ਢਾਹੁਣਾ ਇੱਕ ਗੈਰ-ਕਾਨੂੰਨੀ ਕਾਰਵਾਈ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਬਹੁਤ ਸਾਰੇ ਸਵਾਲ ਵੀ ਉੱਠੇ ਸਨ।

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਾਂਗੁਲੀ ਉਨ੍ਹਾਂ ਪਹਿਲੇ ਲੋਕਾਂ 'ਚੋਂ ਇੱਕ ਸਨ, ਜਿੰਨ੍ਹਾਂ ਨੇ ਅਯੁੱਧਿਆ ਫੈਸਲੇ 'ਤੇ ਕਈ ਸਵਾਲ ਚੁੱਕੇ ਸਨ।

ਉਨ੍ਹਾਂ ਦਾ ਮੁੱਖ ਸਵਾਲ ਸੀ ਕਿ ਸੁਪਰੀਮ ਕੋਰਟ ਨੇ ਜਿਸ ਆਧਾਰ 'ਤੇ ਵਿਵਾਦਤ ਜ਼ਮੀਨ ਹਿੰਦੂ ਧਿਰ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਹੈ, ਉਹ ਉਨ੍ਹਾਂ ਦੀ ਸਮਝ ਤੋਂ ਹੀ ਬਾਹਰ ਹੈ।

ਕੇਜਰੀਵਾਲ ਜਿੱਥੇ ਖੁਦ ਨੂੰ ਰਾਮ ਭਗਤ ਦੱਸਦੇ ਹਨ ਉੱਥੇ ਹੀ ਆਪਣੇ ਆਪ ਨੂੰ ਅੰਬੇਡਕਰ ਦੇ ਸਿਧਾਂਤਾ 'ਤੇ ਚੱਲਣ ਵਾਲਾ ਵੀ ਦੱਸਦੇ ਹਨ। ਪਰ ਹਾਲ 'ਚ ਹੀ ਵਾਪਰੀ ਘਟਨਾ ਨੇ ਉਨ੍ਹਾਂ ਦੇ ਅੰਬੇਡਕਰ ਪ੍ਰੇਮ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਹੈ।

ਰਾਜਿੰਦਰ ਪਾਲ ਗੌਤਮ ਅਰਵਿੰਦ ਕੇਜਰੀਵਾਲ ਦੀ ਵਜ਼ਾਰਤ ਦਾ ਦਲਿਤ ਚਿਹਰਾ ਸਨ। ਉਹ ਬੋਧੀ ਹਨ।

ਉੱਤਰ ਪੂਰਬੀ ਦਿੱਲੀ ਦੀ ਸੀਮਾਪੁਰੀ ਰਿਜ਼ਰਵ ਸੀਟ ਤੋਂ ਉਹ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।

ਉਹ ਆਪਣੇ ਆਪ ਨੂੰ ਅੰਬੇਡਕਰਵਾਦੀ ਦੱਸਦੇ ਹਨ।

ਕੇਜਰੀਵਾਲ ਨੇ 2017 'ਚ ਰਾਜਿੰਦਰ ਪਾਲ ਗੌਤਮ ਨੂੰ ਆਪਣੀ ਕੈਬਨਿਟ 'ਚ ਸ਼ਾਮਲ ਕੀਤਾ ਸੀ।

ਗੌਤਮ ਦੇ ਪਾਰਟੀ 'ਚ ਦਾਖਲ ਹੋਣ ਨੂੰ ਉਸੇ ਤਰ੍ਹਾਂ ਹੀ ਵੇਖਿਆ ਗਿਆ ਸੀ ਜਿਸ ਤਰ੍ਹਾਂ ਸ਼ੀਲਾ ਦੀਕਸ਼ਤ ਅਤੇ ਭਾਜਪਾ ਸਰਕਾਰਾਂ 'ਚ ਦਲਿਤ ਚਿਹਰਿਆਂ ਨੂੰ ਪ੍ਰਤੀਕ ਵੱਜੋਂ ਰੱਖਿਆ ਜਾਂਦਾ ਸੀ।

5 ਅਕਤੂਬਰ ਨੂੰ ਰਾਜਿੰਦਰ ਪਾਲ ਗੌਤਮ ਦਿੱਲੀ 'ਚ ਇੱਕ ਸਮਾਗਮ 'ਚ ਮੌਜੂਦ ਸਨ, ਜਿੱਥੇ ਕਿ ਸੈਂਕੜੇ ਹੀ ਹਿੰਦੂ ਬੁੱਧ ਧਰਮ ਅਪਣਾ ਰਹੇ ਸਨ। ਗੌਤਮ ਇਸ ਸਮਾਗਮ ਦੌਰਾਮ ਮੰਚ 'ਤੇ ਸਨ।

ਰਾਜਿੰਦਰ ਪਾਲ ਗੌਤਮ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਸਮਾਗਮ ਦਾ ਹਿੱਸਾ ਬਣ ਰਹੇ ਹਨ। ਇੱਥੇ ਬੁੱਧ ਧਰਮ ਨੂੰ ਅਪਣਾਉਣ ਵਾਲੇ ਲੋਕ ਉਹੀ ਸਕੰਲਪ ਦੁਹਰਾਉਂਦੇ ਹਨ, ਜੋ ਕਿ ਭੀਮ ਰਾਓ ਅੰਬੇਡਕਰ ਨੇ ਹਿੰਦੂ ਧਰਮ ਛੱਡ ਕਿ ਬੁੱਧ ਧਰਮ ਅਪਣਾਉਣ ਦੌਰਾਨ ਲਿਆ ਸੀ।

  • ਅੰਬੇਡਕਰ ਹਿੰਦੂ ਧਰਮ ਦੀ ਸਖ਼ਤ ਆਲੋਚਨਾ ਕਰਦੇ ਸਨ
  • 1951 'ਚ ਅੰਬੇਡਕਰ ਨੇ ਨਹਿਰੂ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ
  • 1956 'ਚ ਅੰਬੇਡਕਰ ਬੁੱਧ ਧਰਮ ਅਪਣਾ ਲਿਆ ਸੀ
  • ਬੁੱਧ ਧਰਮ ਅਪਣਾਉਣ ਸਮੇਂ ਉਨ੍ਹਾਂ ਨੇ ਹਿੰਦੂ ਦੇਵੀ-ਦੁਵਤਿਆਂ ਦੀ ਪੂਜਾ ਨਾ ਕਰਨ ਦੀ ਸਹੁੰ ਚੁੱਕੀ ਸੀ
  • ਇਸ ਮਹੀਨੇ ਕੇਜਰੀਵਾਲ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਜਦੋਂ ਇਹੀ ਸਹੁੰ ਚੁੱਕੀ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ

ਜਦੋਂ ਅੰਬੇਡਕਰ ਬੋਧੀ ਬਣੇ

ਅਕਤੂਬਰ 1956 'ਚ ਬੀਆਰ ਅੰਬੇਡਕਰ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਨੂੰ ਅਪਣਾ ਲਿਆ ਸੀ।

5 ਅਕਤੂਬਰ ਨੂੰ ਰਜਿੰਦਰ ਪਾਲ ਗੌਤਮ ਜਿਸ ਮੰਚ 'ਤੇ ਸਨ ਉਸੇ ਮੰਚ ਤੋਂ ਉਨ੍ਹਾਂ ਨੂੰ ਸਹੁੰ ਚੁੱਕਈ ਗਈ ਸੀ ਕਿ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਨੀ ਹੈ।

ਇਸੇ ਸਹੁੰ ਨੂੰ ਮੁੱਦਾ ਬਣਾ ਕੇ ਭਾਜਪਾ ਆਗੂਆਂ ਨੇ ਕੇਜਰੀਵਾਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ।

ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਹਿੰਦੂ ਵਿਰੋਧੀ ਦੱਸਿਆ।

ਮੋਦੀ ਸਰਕਾਰ 'ਚ ਕਿਰਨ ਰਿਜਿਜੂ ਹੀ ਇਕੱਲੇ ਬੋਧੀ ਮੰਤਰੀ ਹਨ ਅਤੇ ਉਨ੍ਹਾਂ ਨੇ ਵੀ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੋਰਚਾ ਖੋਲ ਦਿੱਤਾ ਹੈ ਕਿ ਕੇਜਰੀਵਾਲ ਹਿੰਦੂਆਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹਨ।

ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਫਸਦੇ ਨਜ਼ਰ ਆ ਰਹੇ ਸਨ।

ਰਾਜਿੰਦਰ ਪਾਲ ਗੌਤਮ ਨੇ ਬਿਆਨ ਜਾਰੀ ਕੀਤਾ ਹੈ ਕਿ ਉਹ ਕਿਸੇ ਵੀ ਧਰਮ ਦੇ ਗੁਰੁ, ਭਗਵਾਨ ਆਦਿ ਦਾ ਅਪਮਾਨ ਨਹੀਂ ਕਰਦੇ ਹਨ।

ਪਰ ਇਹ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ।

9 ਅਕਤੂਬਰ ਦੀ ਸ਼ਾਮ ਨੂੰ ਰਾਜਿੰਦਰ ਪਾਲ ਗੌਤਮ ਨੇ ਟਵਿੱਟਰ 'ਤੇ ਕੇਜਰੀਵਾਲ ਵਜ਼ਾਰਤ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ।

ਗੌਤਮ ਨੇ ਲਿਖਿਆ , " ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਅਰਵਿੰਦ ਕੇਜਰੀਵਾਲ ਜੀ ਅਤੇ ਮੇਰੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਝੱਲਣਾ ਪਵੇ।"

ਉਨ੍ਹਾਂ ਨੇ ਆਪਣੇ ਅਸਤੀਫੇ਼ 'ਚ ਮੰਨਿਆ ਹੈ ਕਿ ਉਹ 5 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ 'ਤੇ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅੰਬੇਡਕਰ ਭਵਨ ਵਿਖੇ ਜੈ ਭੀਮ ਬੁੱਧਿਸਟ ਸੁਸਾਇਟੀ ਆਫ਼ ਇੰਡੀਆ ਵੱਲੋਂ ਆਯੋਜਿਤ ਬੋਧੀ ਧਰਮ ਦੀਕਸ਼ਾ ਸਮਾਗਮ 'ਚ ਸ਼ਾਮਲ ਹੋਏ ਸਨ।

ਉਨ੍ਹਾਂ ਨੇ ਅੱਗੇ ਲਿਖਿਆ ਹੈ, " ਇਸੇ ਸਮਾਗਮ ਦੌਰਾਨ ਬਾਬਾ ਸਾਹਿਬ ਦੇ ਪੜਪੋਤੇ ਰਾਜਰਤਨ ਨੇ ਬੀਆਰ ਅੰਬੇਡਕਰ ਦੇ 22 ਸੰਕਲਪ ਦੁਹਰਾਏ ਸਨ ਅਤੇ ਉਨ੍ਹਾਂ ਨੇ ਵੀ 10 ਹਜ਼ਾਰ ਲੋਕਾਂ ਦੇ ਨਾਲ ਇਹ ਸਹੁੰ ਦੁਹਰਾਈ ਸੀ। ਇਸੇ ਸਹੁੰ 'ਚ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨ ਦੀ ਗੱਲ ਹੈ।"

15 ਅਕਤੂਬਰ, 1956 ਨੂੰ ਬੀਆਰ ਅੰਬੇਡਕਰ ਦੇ ਸਾਹਮਣੇ ਹਜ਼ਾਰਾਂ ਦੀ ਭੀੜ੍ਹ ਖੜ੍ਹੀ ਸੀ ਅਤੇ ਉਨ੍ਹਾਂ ਨੇ ਲੋਕਾਂ ਨੂੰ 22 ਨੁਕਤਿਆਂ ਵਾਲੀ ਸਹੁੰ ਚੁਕਾਈ ਸੀ।

ਇੰਨ੍ਹਾਂ 22 ਸਹੁੰਆਂ ਨੂੰ ਲੈ ਕੇ ਰਾਜਿੰਦਰ ਪਾਲ ਗੌਤਮ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਪੇਚੀਦਾ ਹੋ ਗਈ ਸੀ।

ਇਹ ਇੱਕ ਤਰ੍ਹਾਂ ਨਾਲ ਜਿੱਥੇ ਹਿੰਦੂ ਪਛਾਣ ਨੂੰ ਚੁਣੌਤੀ ਸੀ ਉੱਥੇ ਹੀ ਦੂਜੇ ਪਾਸੇ ਦਲਿਤਾਂ ਦੇ ਉਭਾਰ ਦਾ ਮਾਮਲਾ ਵੀ ਸੀ।

ਕੇਜਰੀਵਾਲ ਦੇ ਲਈ ਇੰਨ੍ਹਾਂ ਦੋਵਾਂ ਮਾਮਲ਼ਿਆਂ ਨੂੰ ਰੱਦ ਕਰਨਾ ਆਸਾਨ ਨਹੀਂ ਸੀ।

ਰਾਜਿੰਦਰ ਪਾਲ ਗੌਤਮ ਜਦੋਂ ਬਤੌਰ ਮੰਤਰੀ ਧਰਮ ਪਰਿਵਰਤਨ ਸਮਾਗਮ 'ਚ ਸ਼ਾਮਲ ਹੋਏ ਤਾਂ ਹਿੰਦੂਵਾਦੀ ਕੇਜਰੀਵਾਲ ਨੂੰ ਘੇਰ ਰਹੇ ਸਨ ਅਤੇ ਜਦੋਂ ਗੌਤਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਇਸ 'ਤੇ ਵੀ ਸਵਾਲ ਉੱਠ ਰਹੇ ਸਨ।

ਹੁਣ ਅਸਤੀਫੇ਼ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕੇਜਰੀਵਾਲ ਨੇ ਹਿੰਦੂਤਵ ਦੀ ਰਾਜਨੀਤੀ ਦੇ ਸਾਹਮਣੇ ਅੰਬੇਡਕਰਵਾਦ ਨੂੰ ਨੁਕਰੇ ਕਰ ਦਿੱਤਾ ਹੈ।

ਪੰਜਾਬ ਯੂਨੀਵਰਸਿਟੀ 'ਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ, "ਕੇਜਰੀਵਾਲ ਨੂੰ ਅੰਬੇਡਕਰ ਨਾਲ ਪਿਆਰ ਨਹੀਂ ਸੀ। ਉਨ੍ਹਾਂ ਨੇ ਪੰਜਾਬ 'ਚ ਸੱਤਾ 'ਚ ਆਉਣਾ ਸੀ ਅਤੇ ਉੱਥੇ ਦਲਿਤ ਆਬਾਦੀ 32% ਹੈ।"

"ਇਸ ਲਈ ਕੇਜਰੀਵਾਲ ਨੇ ਅੰਬੇਡਕਰ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ। ਰਾਜਿੰਦਰ ਪਾਲ ਗੌਤਮ ਦੇ ਮਾਮਲੇ 'ਚ ਉਨ੍ਹਾਂ ਦੇ ਅੰਬੇਡਕਰਵਾਦ ਦਾ ਪਰਦਾਫਾਸ਼ ਹੋ ਗਿਆ ਹੈ। ਕੇਜਰੀਵਾਲ ਦੇ ਪੰਜਾਬ ਪੈਕੇਜ 'ਚ ਭਗਤ ਸਿੰਘ ਅਤੇ ਅੰਬੇਡਕਰ ਸਨ।"

"ਇਸ ਰਾਜਨੀਤੀ ਤਹਿਤ ਉਨ੍ਹਾਂ ਨੇ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ 'ਚ ਲਗਵਾ ਦਿੱਤੀਆਂ ਸਨ। ਹੁਣ ਉਹ ਇਸ ਗੱਲ ਤੋਂ ਵਾਕਫ਼ ਹਨ ਕਿ ਪੰਜਾਬ ਤੋਂ ਬਾਹਰ ਭਗਤ ਸਿੰਘ ਅਤੇ ਅੰਬੇਡਕਰ ਉਨ੍ਹਾਂ ਦੇ ਬੇੜੇ ਨੂੰ ਪਾਰ ਨਹੀਂ ਲਗਾ ਸਕਦੇ ਹਨ। ਇਸ ਲਈ ਗੁਜਰਾਤ 'ਚ ਉਹ ਆਪਣੇ ਆਪ ਨੂੰ ਕੱਟੜ ਹਨੂਮਾਨ ਭਗਤ ਦੱਸ ਰਹੇ ਹਨ।"

ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਕੇਜਰੀਵਾਲ ਮੱਧ ਵਰਗ ਦੀ ਸਿਆਸਤ ਕਰਦੇ ਹਨ ਅਤੇ ਮੱਧ ਵਰਗ ਸੱਜੇ ਪੱਖ ਨਾਲ ਹੈ। ਅਸੀਂ ਕਹਿੰਦੇ ਹਾਂ ਕਿ ਪੋਲੀਟਿਕਸ ਇਜ਼ ਆਰਟ ਆਫ਼ ਕੰਟਰਾਡਿਕਸ਼ਨ ਅਤੇ ਕੇਜਰੀਵਾਲ ਵੀ ਇਹੀ ਰਾਜਨੀਤੀ ਕਰ ਰਹੇ ਹਨ। ਸਿਰਫ ਕੇਜਰੀਵਾਲ ਹੀ ਨਹੀਂ ਬਲਕਿ ਭਾਰਤ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਅਜਿਹਾ ਕਰ ਰਹੀਆਂ ਹਨ।"

ਬੀਆਰ ਅੰਬੇਡਕਰ ਦੇ ਪੜਪੋਤੇ ਪ੍ਰਕਾਸ਼ ਅੰਬੇਡਕਰ ਦਾ ਕਹਿਣਾ ਹੈ ਕਿ " ਅਸੀਂ ਕੇਜਰੀਵਾਲ ਤੋਂ ਬਿਲਕੁੱਲ ਵੀ ਉਮੀਦ ਨਹੀਂ ਕਰਦੇ ਹਾਂ ਕਿ ਉਹ ਬਾਬਾ ਸਾਹਿਬ ਦੇ ਸਿਧਾਂਤਾ 'ਤੇ ਚੱਲਣ।"

"ਪਰ ਰਾਜਿੰਦਰ ਪਾਲ ਗੌਤਮ ਦੇ ਮਾਮਲੇ 'ਚ ਜੇਕਰ ਉਹ ਸੰਵਿਧਾਨ ਦੀ ਵੀ ਪਾਲਣਾ ਕਰਦੇ ਤਾਂ ਵੀ ਅਸਤੀਫਾ ਮਨਜ਼ੂਰ ਨਾ ਕਰਦੇ। ਸੰਵਿਧਾਨ 'ਚ ਲਿਖਿਆ ਹੈ ਕਿ ਤੁਸੀਂ ਕਿਸੇ ਵੀ ਧਰਮ ਨੂੰ ਛੱਡ ਸਕਦੇ ਹੋ ਅਤੇ ਕਿਸੇ ਹੋਰ ਧਰਮ ਨੂੰ ਅਪਣਾ ਸਕਦੇ ਹੋ।"

"ਕੇਜਰੀਵਾਲ ਵੈਦਿਕ ਹਿੰਦੂ ਧਰਮ ਦੀ ਵਰਨਾਸ਼ਰਮ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਅਸੀਂ ਉਨ੍ਹਾਂ ਤੋਂ ਬਾਬਾ ਸਾਹਿਬ ਦੇ ਦਰਸਾਏ ਰਾਹ 'ਤੇ ਚੱਲਣ ਦੀ ਉਮੀਦ ਨਹੀਂ ਕਰ ਸਕਦੇ ਹਾਂ।"

"ਕੇਜਰੀਵਾਲ ਤਾਂ ਸ਼ੁਰੂ ਸ਼ੁਰੂ 'ਚ ਰਾਖਵੇਂਕਰਨ ਦਾ ਵੀ ਵਿਰੋਧ ਕਰਦੇ ਸਨ। ਦਲਿਤ ਅਤੇ ਆਦਿਵਾਸੀ ਵਰਣਾਸ਼ਰਮ ਪ੍ਰਣਾਲੀ ਦਾ ਹਿੱਸਾ ਨਹੀਂ ਹੈ ਅਤੇ ਕੇਜਰੀਵਾਲ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਗੁੰਮਰਾਹ ਨਹੀਂ ਕਰ ਸਕਦੇ ਹਨ।"

ਉਹ ਅੱਗੇ ਕਹਿੰਦੇ ਹਨ , " ਕੇਜਰੀਵਾਲ ਨੇ ਝਾੜੂ ਚੋਣ ਨਿਸ਼ਾਨ ਜਾਣਬੁੱਝ ਕੇ ਚੁਣਿਆ ਸੀ। ਦਰਅਸਲ ਝਾੜੂ ਦਾ ਸਬੰਧ ਵਾਲਮੀਕੀ ਸਮਾਜ ਨਾਲ ਰਿਹਾ ਹੈ। ਵਾਲਮੀਕੀ ਸਮਾਜ ਸ਼ੁਰੂ ਤੋਂ ਹੀ ਸਾਫ਼-ਸਫ਼ਾਈ ਦੇ ਕੰਮ ਨਾਲ ਜੁੜਿਆ ਰਿਹਾ ਹੈ। ਪਰ ਕੇਜਰੀਵਾਲ ਨੇ ਝਾੜੂ ਦੀ ਮਹੱਤਤਾ ਨਹੀਂ ਸਮਝੀ।"

ਦਰਅਸਲ ਕੇਜਰੀਵਾਲ ਰਾਮ ਅਤੇ ਅੰਬੇਡਕਰ ਦੋਵਾਂ ਦੀ ਹੀ ਰਾਜਨੀਤੀ ਦਾ ਦਾਅਵਾ ਠੋਕਦੇ ਹਨ।

8 ਅਕਤੂਬਰ ਨੂੰ ਕੇਜਰੀਵਾਲ ਨੇ ਗੁਜਰਾਤ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, " ਮੈਂ ਹਨੂੰਮਾਨ ਜੀ ਦਾ ਕੱਟੜ ਭਗਤ/ਸ਼ਰਧਾਲੂ ਹਾਂ। ਕੰਸ ਦੀਆਂ ਔਲਾਦਾਂ ਮੇਰੇ ਵਿਰੁੱਧ ਹਨ। ਮੇਰਾ ਜਨਮ ਜਨਮ ਆਸ਼ਟਮੀ ਵਾਲੇ ਦਿਨ ਹੋਇਆ ਸੀ। ਮੈਨੂੰ ਉਸ ਪ੍ਰਮਾਤਮਾ ਨੇ ਕੰਸ ਦੇ ਬੱਚਿਆਂ ਦਾ ਨਾਸ਼ ਕਰਨ ਲਈ ਇੱਕ ਵਿਸ਼ੇਸ਼ ਕੰਮ ਦੀ ਜ਼ਿੰਮੇਵਾਰੀ ਦੇ ਕੇ ਭੇਜਿਆ ਹੈ।"

ਪੰਜਾਬ 'ਚ ਦਲਿਤ

ਦਿੱਲੀ ਵਿਧਾਨ ਸਭਾ 'ਚ 2021 ਦੇ ਬਜਟ ਸੈਸ਼ਨ 'ਚ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਦਿੱਲੀ 'ਚ ਰਾਮ ਰਾਜ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।

ਕੇਜਰੀਵਾਲ ਨੇ ਕਿਹਾ ਸੀ, " ਭਗਵਾਨ ਰਾਮ ਅਯੁੱਧਿਆ ਦੇ ਰਾਜਾ ਸਨ। ਭਗਵਾਨ ਰਾਮ ਦੇ ਰਾਜ 'ਚ ਜਨਤਾ ਸੰਤੁਸ਼ਟ ਸੀ ਕਿਉਂਕਿ ਸਾਰੀਆਂ ਬੁਨਿਆਦੀ ਸਹੂਲਤਾਂ ਲੋਕਾਂ ਦੀ ਪਹੁੰਚ 'ਚ ਸਨ। ਅਸੀਂ ਇਸ ਨੂੰ ਹੀ ਰਾਮ ਰਾਜ ਕਹਿੰਦੇ ਹਾਂ ਅਤੇ ਅਸੀਂ ਦਿੱਲੀ 'ਚ ਵੀ ਇਹ ਰਾਮ ਰਾਜ ਲਿਆਉਣਾ ਚਾਹੁੰਦੇ ਹਾਂ।"

ਕੇਜਰੀਵਾਲ ਨੇ ਦਿੱਲੀ ਦੇ ਇੱਕ ਮੰਦਰ 'ਚ ਸ਼੍ਰੀ ਰਾਮ ਦੀ 30 ਫੁੱਟ ਉੱਚੀ ਮੂਰਤੀ ਬਣਾਉਣ ਨੂੰ ਇੱਕ ਪ੍ਰਾਪਤੀ ਵੱਜੋਂ ਦੱਸਿਆ ਸੀ।

ਕੇਜਰੀਵਾਲ ਨੇ 2021 ਦੇ ਬਜਟ 'ਚ ਆਪਣੀ ਸਰਕਾਰ ਵੱਲੋਂ ਬੀਆਰ ਅੰਬੇਡਕਰ ਦੇ ਸਨਮਾਨ 'ਚ ਇੱਕ ਪ੍ਰੋਗਰਾਮ ਆਯੋਜਿਤ ਕਰਨ ਲਈ 10 ਕਰੋੜ ਰੁਪਏ ਅਲਾਟ ਕੀਤੇ ਸਨ।

ਇਸ ਸਾਲ ਜਨਵਰੀ ਮਹੀਨੇ ਪੰਜਾਬ 'ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਸਾਰੇ ਸਰਕਾਰੀ ਦਫ਼ਤਰਾਂ 'ਚ ਸਿਰਫ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਹੀ ਤਸਵੀਰਾਂ ਲਗਾਈਆਂ ਜਾਣਗੀਆਂ।

ਆਮ ਆਦਮੀ ਪਾਰਟੀ ਸੱਤਾ 'ਚ ਆਈ ਅਤੇ ਉੱਥੋਂ ਦੇ ਸਾਰਕਾਰੀ ਦਫ਼ਤਰਾਂ 'ਚ ਅਜਿਹਾ ਹੀ ਹੋਇਆ। ਕੇਜਰੀਵਾਲ ਨੇ ਦਿੱਲੀ ਦੇ ਸਕੱਤਰੇਤ 'ਚ ਵੀ ਅਜਿਹਾ ਹੀ ਕੀਤਾ ਹੈ।

ਇਸ ਸਾਲ ਫ਼ਰਵਰੀ ਮਹੀਨੇ ਦਿੱਲੀ ਸਰਕਾਰ ਨੇ ਦੋ ਹਫ਼ਤਿਆਂ ਤੱਕ ਦਿਨ 'ਚ ਦੋ ਵਾਰ ਅੰਬੇਡਕਰ ਦੇ ਜੀਵਨ 'ਤੇ ਸੰਗੀਤਕ ਸਮਾਗਮ ਦਾ ਆਯੋਜਨ ਕਰਵਾਇਆ ਸੀ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਕਈ ਭਾਸ਼ਣਾਂ 'ਚ ਕਿਹਾ ਹੈ ਕਿ ਉਹ ਬਾਬਾ ਸਾਹਿਬ ਦੇ ਸਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ।

2011 ਦੀ ਮਰਦਮਸ਼ੁਮਾਰੀ ਅਨੁਸਾਰ, ਪੰਜਾਬ 'ਚ ਦਲਿਤ ਭਾਈਚਾਰੇ ਦੀ ਵਸੋਂ 31.9% ਹੈ। ਇੰਨ੍ਹਾਂ 'ਚੋਂ 19.4% ਦਲਿਤ ਸਿੱਖ ਹਨ ਅਤੇ 12.4% ਦਲਿਤ ਹਿੰਦੂ ਹਨ। ਪੰਜਾਬ 'ਚ ਕੁਲ 34 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।

ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 34 ਸੀਟਾਂ 'ਚੋਂ 29 ਸੀਟਾਂ 'ਤੇ ਜਿੱਤ ਮਿਲੀ ਸੀ।

ਮਤਲਬ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਅਨੁਸੂਚਿਤ ਜਾਤੀ ਲਈ ਰਾਖਵੀਆਂ 85% ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ, ਜਿੱਥੇ ਅਨੁਸੂਚਿਤ ਜਾਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ।

ਦਿੱਲੀ ਦੇ ਕੁੱਲ 1.2 ਕਰੋੜ ਵੋਟਰਾਂ 'ਚ 20% ਦਲਿਤ ਵੋਟਰ ਹਨ। ਦਲਿਤਾਂ 'ਚ ਜਾਟਵ, ਵਾਲਮੀਕੀ ਅਤੇ ਹੋਰ ਉਪ ਜਾਤੀਆਂ ਮੌਜੂਦ ਹਨ।

ਦਿੱਲੀ 'ਚ ਅਨੁਸੂਚਿਤ ਜਾਤੀਆਂ ਲਈ ਕੁੱਲ 12 ਸੀਟਾਂ ਰਾਖਵੀਆਂ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਸਾਰੀਆਂ ਰਾਖਵੀਆਂ ਸੀਟਾਂ 'ਤੇ ਜਿੱਤ ਹਾਸਲ ਹੋਈ ਸੀ।

2013 ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਵੀ ਦਿੱਲੀ 'ਚ ਆਪਣੀ ਮੌਜੁਦਗੀ ਦਰਜ ਕਰਵਾਉਂਦੀ ਸੀ, ਪਰ ਕੇਜਰੀਵਾਲ ਦੇ ਉਭਾਰ ਤੋਂ ਬਾਅਦ ਬਸਪਾ ਦਾ ਦਿੱਲੀ 'ਚੋਂ ਸਫਾਇਆ ਹੀ ਹੋ ਗਿਆ।

ਕੇਜਰੀਵਾਲ ਦਲਿਤਾਂ ਵਿਚਾਲੇ ਬੀਆਰ ਅੰਬੇਡਕਰ ਦੇ ਵੱਕਾਰ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਅਤੇ ਉੱਤਰੀ ਭਾਰਤ 'ਚ ਮਾਇਆਵਤੀ ਤੋਂ ਬਾਅਦ ਇਹ ਚੋਣ ਮੈਦਾਨ ਖਾਲੀ ਹੈ।

ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਕੀ ਹੈ ?

2012 'ਚ ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੀ ਅਗਵਾਈ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਉਪਜ ਹੈ।

ਆਮ ਆਦਮੀ ਪਾਰਟੀ ਦਾ ਗਠਨ ਨਵ-ਉਦਾਰਵਾਦੀ ਆਰਥਿਕ ਪ੍ਰਣਾਲੀ ਦੀ ਸਥਾਪਨਾ ਤੋਂ ਬਾਅਦ ਹੋਈ ਹੈ।

ਸਿਵਲ ਰਾਈਟਸ ਕਾਰਕੁਨ ਆਨੰਦ ਤੇਲਤੁੰਬੜੇ ਨੇ ਆਮ ਆਦਮੀ ਪਾਰਟੀ ਦੇ ਗਠਨ ਤੋਂ ਦੋ ਸਾਲ ਬਾਅਦ ਯਾਨੀ ਕਿ 2014 ਇਕਨਾਮਿਕ ਐਂਡ ਪੋਲੀਟਿਕਲ ਸਪਤਾਹਿਕ 'ਚ ਲਿਖਿਆ ਸੀ।

"ਆਮ ਆਦਮੀ ਪਾਰਟੀ ਨਵ-ਉਦਾਰਵਾਦੀ ਪ੍ਰਣਾਲੀ 'ਚ ਬਣੀ ਪਾਰਟੀ ਦੀ ਸਭ ਤੋਂ ਵਧੀਆ ਮਿਸਾਲ ਹੈ।ਇਸ ਦੇ ਨਾਲ ਹੀ ਇਹ ਪਾਰਟੀ ਇਸ ਗੱਲ ਦੀ ਵੀ ਇੱਕ ਮਿਸਾਲ ਹੈ ਕਿ ਸਿਆਸੀ ਨਿਘਾਰ ਦੇ ਦੌਰ 'ਚ ਇਸ ਨੇ ਛੇਤੀ ਹੀ ਮੱਧ ਵਰਗ 'ਚ ਆਪਣੀ ਥਾਂ ਕਾਇਮ ਕੀਤੀ ਹੈ।"

'ਆਪ' ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਇਹ ਪਾਰਟੀ ਵਿਚਾਰਧਾਰਾ ਕੇਂਦਰਿਤ ਨਹੀਂ ਹੈ ਬਲਕਿ ਇਹ ਹੱਲ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦੀ ਹੈ।

ਕੇਜਰੀਵਾਲ ਨੇ ਵਿਚਾਰਧਾਰਾ ਦੇ ਸਵਾਲ ਦੇ ਜਵਾਬ 'ਚ ਚੀਨ ਨੂੰ ਆਰਥਿਕ ਤਾਕਤ ਬਣਾਉਣ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਦੇਂਗ ਸ਼ਿਆਓਪਿੰਗ ਦੇ ਇੱਕ ਕਥਨ ਦਾ ਹਵਾਲਾ ਦਿੱਤਾ ਸੀ।

ਸ਼ਿਆਓਪਿੰਗ ਨੇ ਕਿਹਾ ਸੀ, "ਬਿੱਲੀ ਜਿੰਨਾ ਚਿਰ ਚੂਹਾ ਫੜਦੀ ਹੈ, ਉਦੋਂ ਤੱਕ ਇਹ ਮਾਅਇਨੇ ਨਹੀਂ ਰੱਖਦਾ ਕਿ ਉਹ ਕਾਲੀ ਹੈ ਜਾਂ ਫਿਰ ਚਿੱਟੀ।"

ਪ੍ਰੋ. ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ, "ਅੰਨਾ ਅੰਦੋਲਨ ਗਾਂਧੀਵਾਦੀ ਤਰੀਕੇ ਨਾਲ ਜ਼ਮੀਨ 'ਤੇ ਉਤਰਿਆ ਸੀ। ਵਰਤ ਅਤੇ ਸੱਤਿਆਗ੍ਰਹਿ ਨੂੰ ਅੰਦੋਲਨ ਦੇ ਹਥਿਆਰ ਵੱਜੋਂ ਵਰਤਿਆ ਗਿਆ ਸੀ।"

"ਮੰਚ 'ਤੇ ਗਾਂਧੀ ਦੀ ਵੱਡੀ ਜਿਹੀ ਤਸਵੀਰ ਲੱਗੀ ਹੋਈ ਸੀ। ਪਰ ਸੱਤਾ 'ਚ ਆਉਂਦਿਆਂ ਹੀ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਗਾਂਧੀ ਨੂੰ ਛੱਡਿਆ, ਕਿਉਂਕਿ ਉਹ ਜਾਣਦੇ ਹਨ ਕਿ ਗਾਂਧੀ ਤੋਂ ਕੋਈ ਵੀ ਵੋਟ ਬੈਂਕ ਪ੍ਰਭਾਵਤ ਨਹੀਂ ਹੋਣ ਵਾਲਾ ਹੈ। ਇਸ ਲਈ ਇਸ ਕੰਮ ਲਈ ਅੰਬੇਡਕਰ ਉਨ੍ਹਾਂ ਦੇ ਬਹੁਤ ਕੰਮ ਆ ਸਕਦੇ ਹਨ।"

"ਦਲਿਤ ਭਾਈਚਾਰੇ 'ਚ ਅੰਬੇਡਕਰ ਭਗਵਾਨ ਦੀ ਥਾਂ 'ਤੇ ਹਨ। ਗਾਂਧੀ ਅਤੇ ਨਹਿਰੂ ਨੂੰ ਤੁਸੀਂ ਬੁਰਾ ਭਲਾ ਕਹਿ ਸਕਦੇ ਹੋ। ਭਾਜਪਾ ਦੇ ਲੋਕ ਤਾਂ ਜਨਤਕ ਤੌਰ 'ਤੇ ਅਜਿਹਾ ਕਰਦੇ ਵੀ ਹਨ।"

"ਪਰ ਅੰਬੇਡਕਰ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਸਮੇਂ ਭਾਰਤੀ ਰਾਜਨੀਤੀ 'ਚ ਵੋਟਾਂ ਅੰਬੇਡਕਰ ਦੀ ਪੂਜਾ ਕਰਨ ਅਤੇ ਗਾਂਧੀ ਤੇ ਨਹਿਰੂ ਨੂੰ ਗਾਲਾਂ ਕੱਢਣ ਕਰਕੇ ਮਿਲਦੀਆਂ ਹਨ। ਸਪੱਸ਼ਟ ਹੈ ਕਿ ਕੇਜਰੀਵਾਲ ਵੋਟ ਬੈਂਕ ਦੀ ਹੀ ਰਾਜਨੀਤੀ ਕਰ ਰਹੇ ਹਨ।"

ਭਾਰਤ ਦੀ ਹਰ ਸਿਆਸੀ ਪਾਰਟੀ ਦਾ ਅਤੀਤ ਵਿਰੋਧਾਭਾਸ ਨਾਲ ਭਰਿਆ ਹੋਇਆ ਹੈ। ਇਹ ਵਿਰੋਧਾਭਾਸ ਭਾਰਤੀ ਸਿਆਸਤਦਾਨਾਂ ਦੇ ਆਚਰਣ 'ਚ ਵੀ ਸ਼ਾਮਲ ਹੈ।

ਆਮ ਆਦਮੀ ਪਾਰਟੀ 2012 'ਚ ਇਨ੍ਹਾਂ ਵਿਰੋਧਤਾਈਆਂ ਦੇ ਖ਼ਿਲਾਫ਼ ਬਣੀ ਸੀ ਪਰ ਮਾਹਿਰਾਂ ਅਨੁਸਾਰ ਇਹ ਖ਼ੁਦ ਵੀ ਇਸ ਦਾ ਸ਼ਿਕਾਰ ਹੋ ਗਈ ਹੈ ।

ਆਮ ਆਦਮੀ ਪਾਰਟੀ ਦਿੱਲੀ ਵਿੱਚ ਬਹੁਤ ਤੇਜ਼ੀ ਨਾਲ ਮਸ਼ਹੂਰ ਹੋ ਗਈ ਸੀ। ਆਮ ਆਦਮੀ ਪਾਰਟੀ ਦੀ ਸਥਾਪਨਾ ਨਵੰਬਰ 2012 'ਚ ਹੋਈ ਸੀ ਅਤੇ ਦਸੰਬਰ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 70 ਵਿੱਚੋਂ 28 ਸੀਟਾਂ ਜਿੱਤੀਆਂ ਸਨ।

ਇੰਨ੍ਹਾਂ ਚੋਣਾਂ 'ਚ ਕਾਂਗਰਸ ਸਿਰਫ 8 ਸੀਟਾਂ 'ਤੇ ਹੀ ਸਿਮਟ ਗਈ ਸੀ।

ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਕਦੇ ਵੀ ਭਾਜਪਾ ਅਤੇ ਕਾਂਗਰਸ ਨਾਲ ਗਠਜੋੜ ਨਹੀਂ ਕਰਨਗੇ। ਪਰ ਉਹ 2013 ਵਿੱਚ ਕਾਂਗਰਸ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੇ ਸਨ।

ਕੇਜਰੀਵਾਲ ਦੇ ਸੱਤਾ 'ਚ ਆਉਣ ਦੀ ਸ਼ੁਰੂਆਤ ਹੀ ਆਪਣੇ ਸ਼ਬਦਾਂ ਤੋਂ ਪਰਤਣ ਦੇ ਨਾਲ ਹੋਈ ਸੀ।

ਫਰਵਰੀ 2015 ਵਿੱਚ ਦਿੱਲੀ 'ਚ ਮੁੜ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ।

'ਆਪ' ਨੇ 70 'ਚੋਂ 67 ਸੀਟਾਂ ਜਿੱਤੀਆਂ ਸਨ। ਅਰਵਿੰਦ ਕੇਜਰੀਵਾਲ ਭਾਰੀ ਬਹੁਮਤ ਨਾਲ ਦਿੱਲੀ ਦੇ ਮੁੱਖ ਮੰਤਰੀ ਬਣੇ।

ਇਨ੍ਹਾਂ ਪੰਜ ਸਾਲਾਂ 'ਚ ਕੇਜਰੀਵਾਲ ਅੰਨਾ ਅੰਦੋਲਨ ਵਿੱਚ ਬਣੇ ਆਪਣੇ ਅਕਸ ਤੋਂ ਖਹਿੜਾ ਛੁਡਾਉਂਦੇ ਨਜ਼ਰ ਆਏੇ ।

2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ, ਕੇਜਰੀਵਾਲ ਨੇ ਫਿਰ 70 'ਚੋਂ 62 ਸੀਟਾਂ ਜਿੱਤੀਆਂ ਅਤੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ।

ਪੰਜਾਬ 'ਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਆਮ ਆਦਮੀ ਪਾਰਟੀ ਨੇ ਇੱਥੇ ਬਹੁਮਤ ਨਾਲ ਸਰਕਾਰ ਬਣਾਈ।

ਆਪਣੇ ਦਸ ਸਾਲਾਂ ਦੇ ਇਤਿਹਾਸ 'ਚ ਆਮ ਆਦਮੀ ਪਾਰਟੀ ਅੰਨਾ ਅੰਦੋਲਨ ਦੌਰਾਨ ਬਣਾਏ ਗਏ ਅਕਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਭਾਰਤ ਦੇ ਬਹੁ-ਪਾਰਟੀ ਲੋਕਤੰਤਰ 'ਚ ਕਿਸੇ ਵੀ ਹੋਰ ਪਾਰਟੀ ਵਾਂਗ ਸਥਾਪਤ ਹੋ ਗਈ ਹੈ।

ਹਿੰਦੂਤਵ, ਹਿੰਦੂਵਾਦ ਅਤੇ ਅੰਬੇਡਕਰ

ਭਾਜਪਾ ਵਿਨਾਇਕ ਦਾਮੋਦਰ ਸਾਵਰਕਰ ਦੀ ਹਿੰਦੂਤਵ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੀ ਹੈ। ਸਾਵਰਕਰ ਵੀ ਹਿੰਦੂਤਵ ਅਤੇ ਹਿੰਦੂਵਾਦ ਨੂੰ ਇੱਕ ਨਹੀਂ ਮੰਨਦੇ ਸਨ।

ਹਿੰਦੂਤਵ ਨੂੰ ਆਰਐਸਐਸ ਅਤੇ ਭਾਜਪਾ ਦੇ ਸਿਆਸੀ ਫਲਸਫੇ ਵਜੋਂ ਦੇਖਿਆ ਜਾਂਦਾ ਹੈ ਅਤੇ ਹਿੰਦੂਵਾਦ ਨੂੰ ਹਿੰਦੂ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਹਿੰਦੂਤਵ ਦੀ ਵਿਚਾਰਧਾਰਾ 'ਚ ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਸਰਵਉੱਚਤਾ ਸ਼ਾਮਲ ਹੈ ਜਦੋਂ ਕਿ ਹਿੰਦੂਵਾਦ ਨੂੰ ਸਮਾਵੇਸ਼ੀ ਮੰਨਿਆ ਜਾਂਦਾ ਹੈ।

ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਧਾਰਮਿਕ ਅਧਿਐਨ ਦੇ ਪ੍ਰੋਫੈਸਰ ਅਰਵਿੰਦ ਸ਼ਰਮਾ ਦਾ ਕਹਿਣਾ ਹੈ ਕਿ ਉਦਾਰਵਾਦੀ ਮੰਨਦੇ ਹਨ ਕਿ ਹਿੰਦੂਵਾਦ ਪਹਿਲਾਂ ਆਇਆ, ਫਿਰ ਹਿੰਦੂਤਵ, ਜਦੋਂ ਕਿ ਹਿੰਦੂ ਰਾਸ਼ਟਰਵਾਦੀ ਮੰਨਦੇ ਹਨ ਕਿ ਪਹਿਲਾਂ ਹਿੰਦੂਤਵ ਆਇਆ ਫਿਰ ਹਿੰਦੂਵਾਦ।

ਪ੍ਰੋਫੈਸਰ ਅਰਵਿੰਦ ਸ਼ਰਮਾ ਦਾ ਕਹਿਣਾ ਹੈ, "ਹਿੰਦੂ ਉਦਾਰਵਾਦੀ ਭਾਰਤ 'ਚ ਮੁਸਲਿਮ ਸ਼ਾਸਕਾਂ ਪ੍ਰਤੀ ਸਹਿਣਸ਼ੀਲ ਰਵੱਈਆ ਰੱਖਦੇ ਹਨ ਅਤੇ ਬ੍ਰਿਟਿਸ਼ ਸ਼ਾਸਨ ਨੂੰ ਜ਼ਾਲਮ ਦੱਸਦੇ ਹਨ। ਦੂਜੇ ਪਾਸੇ ਹਿੰਦੂਤਵਵਾਦੀ ਇਤਿਹਾਸਕਾਰ ਮੁਸਲਿਮ ਸ਼ਾਸਕਾਂ ਨੂੰ ਵਧੇਰੇ ਜ਼ਾਲਮ ਅਤੇ ਬ੍ਰਿਟਿਸ਼ ਸ਼ਾਸਨ ਪ੍ਰਤੀ ਬਹੁਤ ਵਧੇਰੇ ਹਮਲਾਵਰ ਨਹੀਂ ਹੁੰਦੇ ਹਨ।"

ਹਾਲਾਂਕਿ 1995 ਵਿੱਚ ਸੁਪਰੀਮ ਕੋਰਟ ਦੇ ਜਸਟਿਸ ਜੇਐਸ ਵਰਮਾ ਦੀ ਬੈਂਚ ਨੇ ਫੈਸਲਾ ਦਿੱਤਾ ਸੀ, ਜਿਸ ਤੋਂ ਬਾਅਦ ਗੱਲ ਹੋਰ ਗੁੰਝਲਦਾਰ ਹੋ ਗਈ ਸੀ। 1995 ਵਿੱਚ, ਜਸਟਿਸ ਵਰਮਾ ਨੇ ਹਿੰਦੂਤਵ ਬਾਰੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਹਿੰਦੂਤਵ, ਹਿੰਦੂਵਾਦ ਅਤੇ ਭਾਰਤੀਆਂ ਦਾ ਜੀਵਨ ਢੰਗ ਸਭ ਇੱਕ ਹੈ। ਇੰਨ੍ਹਾਂ ਦਾ ਹਿੰਦੂ ਧਾਰਮਿਕ ਕੱਟੜਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਅੰਬੇਡਕਰ ਹਿੰਦੂ ਧਰਮ ਵਿੱਚ ਜਾਤੀ ਵਿਤਕਰੇ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਰਹਿੰਦੇ ਸਨ।

ਦਿੱਲੀ ਯੂਨੀਵਰਸਿਟੀ 'ਚ ਇਤਿਹਾਸ ਪੜ੍ਹਾਉਣ ਵਾਲੇ ਡਾ: ਰਾਹੁਲ ਗੋਵਿੰਦ ਨੇ ਇਕਨਾਮਿਕ ਐਂਡ ਪੋਲੀਟਿਕਲ ਵੀਕਲੀ 'ਚ ਇਕ ਪੇਪਰ ' ਚ ਉਨ੍ਹਾਂ ਦੇ ਕੰਮ ਦਾ ਵਿਸ਼ਲੇਸ਼ਣ ਕਰਕੇ ਭਾਰਤੀ ਇਤਿਹਾਸ ਬਾਰੇ ਸਾਵਰਕਰ ਅਤੇ ਅੰਬੇਡਕਰ ਵਿਚਲੇ ਬੁਨਿਆਦੀ ਅੰਤਰ ਬਾਰੇ ਚਰਚਾ ਕੀਤੀ ਹੈ ।

ਗੋਵਿੰਦ 'ਕ੍ਰਾਂਤੀ ਅਤੇ ਪ੍ਰਤੀਕ੍ਰਾਂਤੀ ਦਾ ਹਵਾਲਾ ਦਿੰਦੇ ਹਨ, ਜਿੱਥੇ ਅੰਬੇਡਕਰ ਨੇ ਲਿਖਿਆ ਸੀ, " ਲੋਕਾਂ ਦੇ ਸਮਾਜਿਕ ਅਤੇ ਅਧਿਆਤਮਿਕ ਜੀਵਨ 'ਤੇ ਸਥਾਈ ਪ੍ਰਭਾਵ ਦੇ ਸੰਦਰਭ 'ਚ ਬੁੱਧ ਭਾਰਤ ਦੇ ਬ੍ਰਾਹਮਣਵਾਦੀ ਹਮਲੇ ਉਨ੍ਹਾਂ ਦੇ ਪ੍ਰਭਾਵ 'ਚ ਇੰਨ੍ਹੇ ਡੂੰਗੇ ਰਹੇ ਹਨ ਕਿ ਉਨ੍ਹਾਂ ਦੀ ਤੁਲਨਾ ਹਿੰਦੂ ਭਾਰਤ 'ਤੇ ਮੁਸਲਿਮ ਹਮਲਿਆਂ ਦਾ ਪ੍ਰਭਾਵ ਅਸਲ 'ਚ ਅਸਥਾਈ ਰਿਹਾ ਹੈ।"

ਇਹ ਭਾਰਤੀ ਇਤਿਹਾਸ ਵਿੱਚ ਬੁੱਧ ਧਰਮ ਅਤੇ ਇਸਲਾਮ ਬਾਰੇ ਸਾਵਰਕਰ ਦੀ ਸਮਝ ਦੇ ਉਲਟ ਹੈ। ਇਹ ਸਿੱਧੇ ਤੌਰ 'ਤੇ ਅੰਬੇਡਕਰ ਦੀ ਹਿੰਦੂ ਧਰਮ ਦੀ ਮੌਲਿਕ/ਬੁਨਿਆਦੀ ਆਲੋਚਨਾ ਨਾਲ ਵੀ ਜੁੜਿਆ ਹੋਇਆ ਹੈ, ਜਿਸ ਨੂੰ ਅੰਬੇਡਕਰ 'ਹਮਲਾਵਰ' ਦੇ ਰੂਪ 'ਚ ਵੇਖਦੇ ਹਨ ਅਤੇ ਜਾਤੀ ਨੂੰ ਇੱਕ ਧਰਮ ਸ਼ਾਸਤਰੀ ਆਧਾਰ ਦੇ ਕੇ ਬਰਾਬਰੀ ਅਤੇ ਦਇਆ ਦੇ ਬੋਧੀ ਆਦਰਸ਼ਾਂ ਨੂੰ ਹਰਾਉਂਦੇ ਹਨ, ਜੋ ਕਿ ਉਦੋਂ ਤੋਂ ਹੀ ਹਿੰਦੂ ਸਮਾਜ ਦੀ ਵਿਸ਼ੇਸ਼ਤਾ ਬਣੇ ਹੋਏ ਹਨ।

ਭਾਜਪਾ ਦੀ ਰਾਜਨੀਤੀ 'ਚ ਅੰਬੇਡਕਰ ਕਿੰਨ੍ਹੇ ਕੁ ਫਿੱਟ ਬੈਠਦੇ ਹਨ ?

ਸਾਵਰਕਰ ਆਪਣੇ ਹਿੰਦੂਤਵ 'ਚ ਪੁਣਯ ਭੂਮੀ ਅਤੇ ਪਿਤ੍ਰ ਭੂਮੀ ਦੀ ਗੱਲ ਕਰਦੇ ਹਨ। ਪੁਣਯ ਭੂਮੀ ਤੋਂ ਮਤਲਬ ਹੈ ਕਿ ਜਿੰਨ੍ਹਾਂ ਦੇ ਧਰਮ ਦਾ ਜਨਮ ਭਾਰਤ ਤੋਂ ਬਾਹਰ ਹੋਇਆ ਹੈ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਪੁਣਯ ਭੂਮੀ ਭਾਰਤ ਨਹੀਂ ਹੈ।

ਸਾਵਰਕਰ ਦਾ ਕਹਿਣਾ ਸੀ ਕਿ ਪੁਣਯ ਭੂਮੀ ਅਤੇ ਪਿਤ੍ਰ ਭੂਮੀ ਦਾ ਵੰਡਿਆ ਹੋਣਾ ਦੇਸ਼ ਪ੍ਰਤੀ ਪਿਆਰ ਦੀ ਵੰਡ ਨੂੰ ਵੀ ਦਰਸਾਉਂਦਾ ਹੈ।

ਸਾਵਰਕਰ ਦਾ ਪੂਰਾ ਜ਼ੋਰ ਮੱਧਕਾਲੀਨ ਸਮੇਂ 'ਚ ਮੁਸਲਿਮ ਸ਼ਾਸਕਾਂ ਨੂੰ ਹਮਲਾਵਰ ਅਤੇ ਵਿਨਾਸ਼ਕਾਰੀ ਵੱਜੋਂ ਵਿਖਾਉਣ 'ਤੇ ਹੀ ਲੱਗਾ ਰਿਹਾ ਸੀ, ਪਰ ਅੰਬੇਡਕਰ ਨੇ ਪ੍ਰਾਚੀਨ ਕਾਲ 'ਚ ਬੋਧੀਆਂ ਦੇ ਉਭਾਰ ਅਤੇ ਉਨ੍ਹਾਂ ਦੇ ਵਿਰੋਧ ਦੇ ਟਕਰਾਵ ਦੇ ਕਾਰਨਾਂ 'ਤੇ ਵਧੇਰੇ ਜ਼ੋਰ ਦਿੱਤਾ ਸੀ।

ਅੰਬੇਡਕਰ ਕਿਹਾ ਕਰਦੇ ਸਨ ਕਿ ਉਹ ਭਾਰਤ ਦੇ ਇਤਿਹਾਸ ਤੋਂ ਖੁਸ਼ ਨਹੀਂ ਹਨ ਕਿਉਂਕਿ ਭਾਰਤ 'ਚ ਮੁਸਲਮਾਨਾਂ ਦੀ ਜਿੱਤ 'ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ।

ਡਾ. ਰਾਹੁਲ ਗੋਵਿੰਦ ਨੇ ਆਪਣੇ ਲੇਖ 'ਚ ਅੰਬੇਡਕਰ ਦੇ ਨੋਟ 'ਚੋਂ ਉਨ੍ਹਾਂ ਦੇ ਕਥਨ ਦਾ ਹਵਾਲਾ ਦਿੱਤਾ ਹੈ।

ਇਸ 'ਚ ਅੰਬੇਡਕਰ ਨੇ ਕਿਹਾ ਸੀ, " ਬੋਧ ਭਾਰਤ 'ਤੇ ਬ੍ਰਾਹਮਣਾਂ ਦੇ ਹਮਲੇ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇੱਥੋਂ ਦੇ ਸਮਾਜ 'ਤੇ ਪਿਆ ਹੈ। ਇਸ ਦੀ ਤੁਲਨਾ 'ਚ ਹਿੰਦੂ ਭਾਰਤ 'ਚ ਮੁਸਲਮਾਨਾਂ ਦੇ ਹਮਲੇ ਘੱਟ ਰਹੇ ਹਨ। ਇਸਲਾਮੀ ਹਮਲਿਆਂ ਤੋਂ ਬਾਅਧ ਵੀ ਹਿੰਦੂ ਧਰਮ ਬਚਿਆ ਰਿਹਾ ਪਰ ਬੋਧੀਆਂ 'ਤੇ ਬ੍ਰਾਹਮਣਾਂ ਦੇ ਹਮਲੇ ਤੋਂ ਬਾਅਦ ਇਹ ਧਰਮ ਭਾਰਤ 'ਚੋਂ ਖ਼ਤਮ ਹੋ ਗਿਆ।"

ਡਾ. ਗੋਵਿੰਦ ਨੇ ਲੇਖ 'ਚ ਰੇਖਾਂਕਿਤ ਕੀਤਾ ਹੈ ਕਿ ਅੰਬੇਡਕਰ ਦਲੀਲ ਦਿੰਦੇ ਹਨ ਕਿ ਮਨੁਸਮ੍ਰਿਤੀ ਅਤੇ ਗੀਤਾ ਦੋਵਾਂ 'ਚ ਹੀ ਕਰਮ ਦੇ ਦਾਰਸ਼ਨਿਕ ਸੰਕਲਪ ਨੂੰ ਜਾਤੀ ਦੇ ਸੰਦਰਭ 'ਚ ਵੇਖਿਆ ਜਾਣਾ ਚਾਹੀਦਾ ਹੈ।

ਡਾ. ਗੋਵਿੰਦ ਦੀ ਦਲੀਲ ਹੈ ਕਿ ਅੰਬੇਡਕਰ ਦੀ ਵਿਆਖਿਆ, ਜੋ ਕਿ ਤਿਲਕ ਦੀਆਂ ਵਿਆਖਿਆਵਾਂ ਦੀ ਆਲੋਚਨਾਤਮਕ ਹੈ , ਉਸ ਨੂੰ ਵਿਆਪਕ ਸਬੂਤਾਂ ਅਤੇ ਸਮਕਾਲੀ ਵਿਦਵਾਨਾਂ ਦਾ ਸਮਰਥਨ ਹਾਸਲ ਹੈ।

ਇਤਿਹਾਸਕਾਰ ਅਤੇ ਲੇਖਕ ਰਾਜਮੋਹਨ ਗਾਂਧੀ ਦਾ ਕਹਿਣਾ ਹੈ ਕਿ ਅੰਬੇਡਕਰ ਦੀ ਇਹ ਚਿੰਤਾ ਜਾਇਜ਼ ਸੀ।

ਉਹ ਕਹਿੰਦੇ ਹਨ, " ਜੇਕਰ ਭਾਰਤ 'ਚ ਬੁੱਧ ਧਰਮ ਹੁੰਦਾ ਤਾਂ ਇੱਥੇ ਜਾਤੀ ਭੇਦਭਾਵ, ਅਸਮਾਨਤਾ, ਨਾਇਨਸਾਫ਼ੀ ਅਤੇ ਛੂਤ-ਛਾਤ ਵਰਗੀਆਂ ਬੁਰਾਈਆ ਨਹੀਂ ਹੋਣੀਆਂ ਸੀ। ਸਮਾਜ 'ਚ ਇਨਸਾਫ਼ ਵਧੇਰੇ ਹੋਣਾ ਸੀ। ਪਰ ਬੁੱਧ ਧਰਮ ਨੂੰ ਭਾਰਤ 'ਚੋਂ ਖ਼ਤਮ ਕਰ ਦਿੱਤਾ ਗਿਆ ਅਤੇ ਇਹ ਇਤਿਹਾਸ ਦੀ ਇੱਕ ਵੱਡੀ ਘਟਨਾ ਸੀ।"

ਰਾਜਮੋਹਨ ਗਾਂਧੀ ਦਾ ਕਹਿਣਾ ਹੈ, " ਹੁਣ ਰਾਜਨੀਤੀ ਬਦਲ ਗਈ ਹੈ। ਅੱਜ ਦੀ ਰਾਜਨੀਤੀ ਦਾ ਮੁੱਖ ਉਦੇਸ਼ ਚੋਣ ਜਿੱਤਣਾ ਹੈ। ਇੰਨ੍ਹਾਂ ਨੂੰ ਜਿੱਥੇ ਵੀ ਅੰਬੇਡਕਰ ਦੀ ਲੋੜ ਹੋਵੇਗੀ, ਉੱਥੇ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਲਰਨਗੇ ਅਤੇ ਜਿੱਥੇ ਗਾਂਧੀ ਦੀ ਜ਼ਰੂਰਤ ਹੋਵੇਗੀ, ਉੱਥੇ ਗਾਂਧੀ ਦੀ ਤਸਵੀਰ ਲਗਾ ਦਿੱਤੀ ਜਾਵੇਗੀ। ਅੰਬੇਡਕਰ ਕਾਂਗਰਸ ਦੀ ਸਿਆਸਤ 'ਚ ਜ਼ਿਆਦਾ ਅਯੋਗ ਨਹੀਂ ਹਨ। ਨਹਿਰੂ ਨੇ ਹੀ ਉਨ੍ਹਾਂ ਨੂੰ ਮੰਤਰੀ ਬਣਾਇਆ ਸੀ। ਭਾਜਪਾ ਲਈ ਅੰਬੇਡਕਰ ਤਾਂ ਬਿਲਕੁੱਲ ਹੀ ਉਲਟ ਹਨ। ਪਰ ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੈ।"

ਰਾਜਮੋਹਨ ਗਾਂਧੀ ਦਾ ਕਹਿਣਾ ਹੈ ਕਿ ਭਾਜਪਾ ਸਾਵਰਕਰ ਦੀ ਵਿਚਾਰਧਾਰਾ 'ਤੇ ਚੱਲਦੀ ਹੈ ਅਤੇ ਉਹ ਅੰਬੇਡਕਰ ਨੂੰ ਇੱਕ ਪੋਸਟਰ ਤੋਂ ਵੱਧ ਬਰਦਾਸ਼ਤ ਨਹੀਂ ਕਰ ਸਕਦੀ ਹੈ।

ਰਾਜਮੋਹਨ ਗਾਂਧੀ ਅੱਗੇ ਕਹਿੰਦੇ ਹਨ, " ਅੰਬੇਡਕਰ ਨੇ 1951 'ਚ ਨਹਿਰੂ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ। ਅੰਬੇਡਕਰ ਹਿੰਦੂ ਕੋਡ ਬਿੱਲ 'ਚ ਦੇਰੀ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਇਸ ਨੂੰ ਤਿਆਰ ਕੀਤਾ ਸੀ ਅਤੇ ਨਹਿਰੂ ਦਾ ਪੂਰਾ ਸਮਰਥਨ ਵੀ ਸੀ। ਦੂਜੇ ਪਾਸੇ ਨਹਿਰੂ 'ਤੇ ਹਿੰਦੂਵਾਦੀ ਆਗੂਆਂ ਦਾ ਦਬਾਅ ਸੀ ਕਿ ਉਹ ਇਸ ਨੂੰ ਪਾਸ ਨਾ ਹੋਣ ਦੇਣ।"

"ਹਿੰਦੂ ਸੱਜੇ ਪੱਖੀ ਇਸ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ ਸਨ। ਅਜਿਹੇ ਲੋਕ ਕਾਂਗਰਸ 'ਚ ਵੀ ਮੌਜੂਦ ਸਨ। ਭਾਜਪਾ ਨੂੰ ਸੋਚਣ ਦੀ ਲੋੜ ਹੈ ਕਿ ਅੰਬੇਡਕਰ ਕਿਉਂ ਹਿੰਦੂ ਰਾਸ਼ਟਰ ਦਾ ਵਿਰੋਧ ਕਰਦੇ ਸਨ। ਪੀਐਮ ਮੋਦੀ ਨੇ ਵੀ ਅੰਬੇਡਕਰ ਦੇ ਅਸਤੀਫੇ ਦਾ ਮੁੱਦਾ ਚੁੱਕਿਆ ਸੀ, ਪਰ ਜੇਕਰ ਉਹ ਇਮਾਨਦਾਰੀ ਨਾਲ ਵੇਖਦੇ ਤਾਂ ਪਤਾ ਲੱਗ ਜਾਣਾ ਸੀ ਕਿ ਉਨ੍ਹਾਂ ਦੀ ਵਿਚਾਰਧਾਰਾ ਦੇ ਕਾਰਨ ਹੀ ਆਸਤੀਫਾ ਦੇਣਾ ਪਿਆ ਸੀ।"

ਸਿਆਸਤ ਵਿਰੋਧੀ ਚੀਜ਼ਾਂ ਨੂੰ ਸੰਭਾਲਣ ਦੀ ਕਲਾ ਹੈ। ਇਸ ਲਈ ਸਾਵਰਕਰ ਦੀ ਵਿਚਾਰਧਾਰਾ 'ਤੇ ਚੱਲਣ ਵਾਲੀ ਭਾਜਪਾ ਵੀ ਅੰਬੇਡਕਰ ਦੀ ਗੱਲ ਕਰਦੀ ਹੈ ਅਤੇ ਆਪਣੇ ਆਪ ਨੂੰ ਕੱਟੜ ਹਨੂੰਮਾਨ ਭਗਤ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਵੀ ਅੰਬੇਡਕਰ ਦੀ ਗੱਲ ਕਰਦੇ ਹਨ।

ਨਹਿਰੂ ਅੰਬੇਡਕਰ ਦੀ ਸਮਝਦਾਰੀ ਅਤੇ ਵਿਲੱਖਣਤਾ ਤੋਂ ਜਾਣੂ ਸਨ, ਇਸ ਲਈ ਉਨ੍ਹਾਂ ਨੇ ਵਿਰੋਧੀ ਹੋਣ ਦੇ ਬਾਵਜੂਦ ਅੰਬੇਡਕਰ ਨੂੰ ਕਾਨੂੰਨ ਮੰਤਰੀ ਬਣਾਇਆ ਸੀ। ਨਹਿਰੂ ਦੀ ਇਸ ਪੇਸ਼ਕਸ਼ ਤੋਂ ਖੁਦ ਅੰਬੇਡਕਰ ਵੀ ਹੈਰਾਨ ਹੋਏ ਸਨ।

ਭਾਜਪਾ ਆਗੂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਹਨ, ਪਰ ਅੰਬੇਡਕਰ ਤਾਂ ਇਸ ਦੇ ਸਖ਼ਤ ਖਿਲਾਫ ਸਨ।

ਭਾਰਤ ਦੀ ਆਬਾਦੀ 'ਚ ਦਲਿਤਾਂ ਦੀ ਗਿਣਤੀ ਤਕਰੀਬਨ 17% ਹੈ ਅਤੇ ਅੰਬੇਡਕਰ ਉਨ੍ਹਾਂ ਲਈ ਭਗਵਾਨ ਤੋਂ ਘੱਟ ਨਹੀਂ ਹਨ।

ਵੋਟਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਚਾਹੀਦੀਆਂ ਹਨ ਅਤੇ ਇਸ ਲਈ 17% ਆਬਾਦੀ ਦੇ ਆਈਕਨ/ਪ੍ਰਤੀਕ ਨੂੰ ਕੌਣ ਨਜ਼ਰਅੰਦਾਜ਼ ਕਰ ਸਕਦਾ ਹੈ?

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)