You’re viewing a text-only version of this website that uses less data. View the main version of the website including all images and videos.
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਦੀ ਖੁਦਕਸ਼ੀ ਤੋਂ ਬਾਅਦ ਦੇਰ ਰਾਤ ਹੰਗਾਮਾ
ਪੰਜਾਬ ਦੇ ਜਲੰਧਰ ਵਿਚ ਪੈਂਦੀ ਨਿੱਜੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।
ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਪੁਲਿਸ ਵੱਲੋਂ ਇਸ ਜਾਂਚ ਕੀਤੀ ਜਾ ਰਹੀ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਵੀ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ 'ਤੇ ਦੁੱਖ ਜਤਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਬਾਰੇ ਆਖਿਆ ਗਿਆ ਹੈ।
ਯੂਨੀਵਰਸਿਟੀ ਵੱਲੋਂ ਆਖਿਆ ਗਿਆ ਹੈ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਲਿਖੇ ਨੋਟ ਵਿੱਚ ਵਿਦਿਆਰਥੀ ਵੱਲੋਂ ਇਸ ਦੇ ਨਿੱਜੀ ਕਾਰਨ ਦੱਸੇ ਗਏ ਹਨ।
ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਇਸ ਹਫ਼ਤੇ ਇਹ ਕਿਸੇ ਦੀ ਨਿੱਜੀ ਯੂਨੀਵਰਸਿਟੀ ਵਿਖੇ ਵਾਪਰੀ ਦੂਜੀ ਵਿਵਾਦਿਤ ਘਟਨਾ ਹੈ।
ਖ਼ਬਰ ਏਜੰਸੀ ਏਐਨਆਈ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥੀ ਕੇਰਲਾ ਦਾ ਹੈ ਅਤੇ ਫਿਲਹਾਲ ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ। ਬੁੱਧਵਾਰ ਸਵੇਰੇ ਵੀ ਯੂਨੀਵਰਸਿਟੀ ਵਿਖੇ ਪੁਲਿਸ ਮੌਜੂਦ ਹੈ।
ਯੂਨੀਵਰਸਿਟੀ ਨੇ ਜਤਾਇਆ ਦੁੱਖ
ਮੰਗਲਵਾਰ ਸ਼ਾਮ ਖੁਦਕਸ਼ੀ ਤੋਂ ਬਾਅਦ ਦੇਰ ਰਾਤ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ।
ਮ੍ਰਿਤਕ ਵਿਦਿਆਰਥੀ ਦੇ ਹੋਸਟਲ ਵਿਚਲੇ ਕਮਰੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
ਮੰਗਲਵਾਰ ਰਾਤ ਤਕਰੀਬਨ 3 ਵਜੇ ਯੂਨੀਵਰਸਿਟੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ।
ਇਸ ਘਟਨਾ ਉਪਰ ਦੁੱਖ ਦਾ ਇਜ਼ਹਾਰ ਕਰਦੇ ਹੋਏ ਯੂਨੀਵਰਸਿਟੀ ਵੱਲੋਂ ਲਿਖਿਆ ਗਿਆ," ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਦਿਆਰਥੀ ਵੱਲੋਂ ਇਹ ਕਦਮ ਆਪਣੇ ਨਿੱਜੀ ਕਾਰਨਾਂ ਕਰਕੇ ਚੁੱਕਿਆ ਗਿਆ ਹੈ।"
"ਯੂਨੀਵਰਸਿਟੀ ਵੱਲੋਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਸਹੀ ਤਰੀਕੇ ਨਾਲ ਜਾਂਚ ਹੋ ਸਕੇ।"
ਬਿਆਨ ਵਿੱਚ ਅੱਗੇ ਲਿਖਿਆ ਗਿਆ ਹੈ,"ਯੂਨੀਵਰਸਿਟੀ ਵਿਦਿਆਰਥੀ ਦੀ ਮੌਤ ਉਪਰ ਦੁੱਖ ਜ਼ਾਹਿਰ ਕਰਦੀ ਹੈ ਅਤੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੀ ਹੈ।"
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਖੁਦਕਸ਼ੀਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
- ਯੂਨੀਵਰਸਿਟੀ ਵਿਖੇ ਪੜ੍ਹਦੇ ਕੇਰਲਾ ਦੇ ਵਿਦਿਆਰਥੀ ਨੇ ਮੰਗਲਵਾਰ ਦੁਪਹਿਰ ਖ਼ੁਦਕੁਸ਼ੀ ਕੀਤੀ
- ਪੁਲਿਸ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਸ਼ਾਮ 5.30 ਵਜੇ ਉਨ੍ਹਾਂ ਨੂੰ ਸੂਚਨਾ ਦਿੱਤੀ
- ਪੁਲਿਸ ਮੁਤਾਬਕ ਮਿਲੇ ਸੁਸਾਈਡ ਨੋਟ ਵਿੱਚ ਵਿਦਿਆਰਥੀ ਨੇ ਇਸ ਕਦਮ ਲਈ ਨਿੱਜੀ ਕਾਰਨ ਲਿਖੇ ਹਨ
- ਐਸਡੀਐਮ ਫਗਵਾੜਾ ਵੱਲੋਂ ਵਿਦਿਆਰਥੀਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ
- ਯੂਨੀਵਰਸਿਟੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਘਟਨਾ 'ਤੇ ਦੁੱਖ ਜਤਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ ਹੈ
- ਹਸਪਤਾਲ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ
- ਬੁੱਧਵਾਰ ਸਵੇਰੇ ਯੂਨੀਵਰਸਿਟੀ ਦੇ ਬਾਹਰ ਪੁਲਿਸ ਫੋਰਸ ਲਗਾਈ ਗਈ ਹੈ
ਪੁਲਿਸ ਅਤੇ ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਵਿਦਿਆਰਥੀ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹਨ।
ਕਪੂਰਥਲਾ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਡੀਐੱਸਪੀ ਫ਼ਗਵਾੜਾ ਜਸਪ੍ਰੀਤ ਸਿੰਘ ਅਤੇ ਫਗਵਾੜਾ ਦੇ ਐੱਸਡੀਐੱਮ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-
ਡੀਐੱਸਪੀ ਜਸਪ੍ਰੀਤ ਸਿੰਘ ਆਪਣੇ ਬਿਆਨ ਵਿੱਚ ਆਖਦੇ ਹਨ," ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਬੀ ਡਿਜ਼ਾਈਨ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਮੰਗਲਵਾਰ ਨੂੰ ਆਤਮ ਹੱਤਿਆ ਕੀਤੀ ਹੈ। ਯੂਨੀਵਰਸਿਟੀ ਵੱਲੋਂ ਪੁਲੀਸ ਨੂੰ ਤਕਰੀਬਨ ਸ਼ਾਮ 5:30 ਵਜੇ ਜਾਣਕਾਰੀ ਦਿੱਤੀ ਗਈ।"
"ਅਸੀਂ ਮੌਕੇ 'ਤੇ ਪਹੁੰਚ ਕੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਸਾਨੂੰ ਮੌਕੇ ਤੋਂ ਇਕ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਵਿਦਿਆਰਥੀ ਨੇ ਨਿੱਜੀ ਕਾਰਨ ਲਿਖੇ ਹਨ।
ਪੁਲਿਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਵਿਦਿਆਰਥੀ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ।"
ਇਸੇ ਨਾਲ ਹੀ ਫਗਵਾੜਾ ਦੇ ਐੱਸਡੀਐੱਮ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ,"ਵਿਦਿਆਰਥੀਆਂ ਕਿਸੇ ਕਿਸਮ ਦੀ ਅਫਵਾਹ ਉੱਤੇ ਯਕੀਨ ਨਾ ਕਰਨ।
ਮੈਂ ਵੀ ਅਪੀਲ ਕਰਦਾ ਹਾਂ ਕਿ ਕੋਈ ਅਫਵਾਹ ਨਾ ਫੈਲਾਈ ਜਾਵੇ।ਇਹ ਇੱਕ ਮੰਦਭਾਗੀ ਘਟਨਾ ਹੈ ਅਤੇ ਮੈਂ ਵਿਦਿਆਰਥੀਆਂ ਤੋਂ ਆਸ਼ਾ ਕਰਦਾ ਹਾਂ ਕਿ ਉਹ ਇਸ ਮੌਕੇ ਸ਼ਾਂਤੀ ਬਣਾਈ ਰੱਖਣਗੇ।"
ਇਸ ਹਫ਼ਤੇ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਕੋਈ ਨਿੱਜੀ ਯੂਨੀਵਰਸਿਟੀ ਵਿਵਾਦਾਂ ਵਿੱਚ ਘਿਰੀ ਹੋਈ ਹੈ।
ਸ਼ਨੀਵਾਰ ਅਤੇ ਐਤਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਈ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।
ਚੰਡੀਗੜ੍ਹ ਯੂਨੀਵਰਸਿਟੀ ਵਿਚ ਵੀ ਬੀਤੇ ਸ਼ਨੀਵਾਰ ਰਾਤ ਨੂੰ ਵਿਦਿਆਰਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਹੋਸਟਲ ਦੀ ਇਕ ਵਿਦਿਆਰਥਣ ਵਲੋਂ ਕੁਝ ਵਿਦਿਆਰਥਣਾਂ ਦੀ ਵੀਡੀਓ ਬਣਾਈ ਗਈ ਹੈ।
ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਆਖਿਆ ਸੀ ਕਿ ਵਿਦਿਆਰਥਣ ਨੇ ਕੇਵਲ ਆਪਣੀ ਵੀਡੀਓ ਬਣਾ ਕੇ ਸ਼ਿਮਲੇ ਵਿਖੇ ਇੱਕ ਮੁੰਡੇ ਨੂੰ ਭੇਜੀ ਹੈ।
ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ 24 ਸਤੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: