ਜਦੋਂ ਮਨੀਸ਼ ਸਿਸੋਦੀਆ ਪੱਤਰਕਾਰ ਵਜੋਂ ਕੇਜਰੀਵਾਲ ਦੇ ਅੰਦੋਲਨ ਦੀ ਖ਼ਬਰ ਕਰਨ ਪਹੁੰਚੇ ਸਨ

    • ਲੇਖਕ, ਦੀਪਕ ਮੰਡਲ
    • ਰੋਲ, ਬੀਬੀਸੀ ਪੱਤਰਕਾਰ

“ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਸਬੰਧ ਚੰਗੇ ਬੌਸ ਅਤੇ ਉਨ੍ਹਾਂ ਦੇ ਸਾਥੀ ਦੇ ਤੌਰ 'ਤੇ ਤਬਦੀਲ ਹੋ ਗਏ ਹਨ। ਸਿਸੋਦੀਆ ਨੇ ਸਭ ਤੋਂ ਪਹਿਲਾਂ ਇਹ ਸਮਝ ਲਿਆ ਸੀ ਕਿ ਪਾਰਟੀ ਵਿੱਚ ਕੰਮ ਕਰਨ ਦਾ ਸਭ ਤੋਂ ਸਹੀ ਤਰੀਕਾ ਕੀ ਹੈ।”

“ਇਹ ਕਿਸੇ ਇਨਸਾਨ ਦਾ ਸਮਰਪਣ ਨਹੀਂ ਹੈ ਜਿਸ ਦੀਆਂ ਬਹੁਤ ਵੱਡੀਆਂ ਰਾਜਨੀਤਕ ਇੱਛਾਵਾਂ ਹੋਣ, ਇਹ ਆਪਣੇ ਨੇਤਾ ਪ੍ਰਤੀ ਇੱਕ ਪਾਰਟੀ ਵਰਕਰ ਦਾ ਸਮਰਪਣ ਹੈ।“

ਮਨੀਸ਼ ਸਿਸੋਦੀਆ ਬਾਰੇ ਇਹ ਰਾਇ ਦਿੱਲੀ ਦੇ ਤਿਮਾਰਪੁਰ ਵਿਧਾਨਸਭਾ ਹਲਕੇ ਤੋਂ 'ਆਪ' ਵਿਧਾਇਕ ਰਹੇ ਪੰਕਜ ਪੁਸ਼ਕਰ ਦੀ ਹੈ।

ਮਨੀਸ਼ ਸਿਸੋਦੀਆ ਖ਼ਿਲਾਫ਼ ਛਾਪੇ ਅਤੇ ਅਰਵਿੰਦ ਕੇਜਰੀਵਾਲ ਦਾ ਬਚਾਅ

ਸੀਬੀਆਈ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਤਾਂ ਕੇਜਰੀਵਾਲ ਨੇ ਉਨ੍ਹਾਂ ਦਾ ਬਚਾਅ ਕੀਤਾ।

ਕੇਜਰੀਵਾਲ ਨੇ ਆਖਿਆ ਕਿ ਦਿੱਲੀ ਦੀ ਸਿੱਖਿਆ ਤੇ ਸਿਹਤ ਨੀਤੀ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਇਸ ਨੂੰ ਇਹ ਰੋਕਣਾ ਚਾਹੁੰਦੇ ਹਨ ਇਸ ਕਰਕੇ ਦਿੱਲੀ ਦੇ ਸਿਹਤ ਅਤੇ ਸਿੱਖਿਆ ਮੰਤਰੀ ਦੇ ਘਰ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਹੋ ਰਹੀ ਹੈ।

ਸ਼ਨੀਵਾਰ ਨੂੰ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਕੇਜਰੀਵਾਲ ਨੇ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ ਨੂੰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਦਿੱਲੀ ਦੇ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਦਾ ਸਿਹਰਾ ਸਿਸੋਦੀਆ ਨੂੰ ਦਿੱਤਾ ਗਿਆ ਹੈ।

22 ਜੁਲਾਈ ਨੂੰ ਦਿੱਲੀ ਦੇ ਉਪਰਾਜਪਾਲ ਵਿਨੈ ਸਕਸੈਨਾ ਨੇ ਦਿੱਲੀ ਸਰਕਾਰ ਦੀ 2021 ਦੀ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਾਉਣ ਦੇ ਹੁਕਮ ਜਾਰੀ ਕੀਤੇ ਸਨ।

ਸੀਬੀਆਈ ਸੂਤਰਾਂ ਮੁਤਾਬਕ ਇਸ ਪਾਲਿਸੀ ਦੇ ਤਹਿਤ ਕੋਰੋਨਾ ਮਹਾਂਮਾਰੀ ਕਾਰਨ ਸ਼ਰਾਬ ਦੇ ਵਪਾਰ ਨੂੰ ਹੋਏ ਘਾਟੇ ਦਾ ਹਵਾਲਾ ਦਿੰਦੇ ਹੋਏ ਲਾਈਸੈਂਸ ਫੀਸ ਖਤਮ ਕੀਤੀ ਗਈ ਸੀ।

ਇਸ ਨਾਲ ਦਿੱਲੀ ਸਰਕਾਰ ਨੂੰ ਤਕਰੀਬਨ 140 ਕਰੋੜ ਰੁਪਏ ਦਾ ਘਾਟਾ ਹੋਇਆ। ਇਹ ਵੀ ਆਖਿਆ ਗਿਆ ਕਿ ਲਾਇਸੈਂਸ ਦੇਣ ਲਈ ਰਿਸ਼ਵਤ ਲਈ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਇਸ ਪੈਸੇ ਦੀ ਕਥਿਤ ਤੌਰ 'ਤੇ ਵਰਤੋਂ ਪੰਜਾਬ ਵਿੱਚ ਚੋਣਾਂ ਲੜਨ ਲਈ ਕੀਤੀ ਹੈ।

ਸੀਬੀਆਈ ਦੀ ਜਾਂਚ ਦੌਰਾਨ ਮਨੀਸ਼ ਸਿਸੋਦੀਆ ਨੇ 1 ਅਗਸਤ 2022 ਤੋਂ 2021 ਦੀ ਨੀਤੀ ਬਦਲਣ ਦਾ ਐਲਾਨ ਕਰ ਦਿੱਤਾ ਤੇ ਆਖਿਆ ਕਿ ਹੁਣ ਸ਼ਰਾਬ ਸਿਰਫ਼ ਸਰਕਾਰੀ ਦੁਕਾਨਾਂ ’ਤੇ ਹੀ ਵਿਕੇਗੀ। 2021 ਵਿੱਚ ਸ਼ਰਾਬ ਦੀ ਵਿਕਰੀ ਨਿੱਜੀ ਦੁਕਾਨਾਂ ਨੂੰ ਸੌਂਪ ਦਿੱਤੀ ਗਈ ਸੀ।

2021 ਵਿੱਚ ਨਵੀਂ ਸ਼ਰਾਬ ਨੀਤੀ ਲੈ ਕੇ ਆਉਣ ਸਮੇਂ ਕੇਜਰੀਵਾਲ ਸਰਕਾਰ ਨੇ ਆਖਿਆ ਸੀ ਕਿ ਉਨ੍ਹਾਂ ਦਾ ਮਾਲੀਆ ਇਸ ਨਾਲ 3500 ਕਰੋੜ ਰੁਪਏ ਤੱਕ ਵਧੇਗਾ ਪਰ ਰਿਪੋਰਟ ਵਿੱਚ ਚੀਫ ਸੈਕਰੇਟਰੀ ਨੇ ਆਖਿਆ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਦਿੱਲੀ ਸਰਕਾਰ ਦਾ ਮਾਲੀਆ ਘਟਿਆ ਹੈ।

ਸਿਸੋਦੀਆ ਸਮੇਤ 15 ਦੇ ਨਾਮ ਐੱਫਆਈਆਰ ਵਿੱਚ ਦਰਜ

ਇਸ ਰਿਪੋਰਟ ਦੇ ਆਧਾਰ ਉਪਰ ਉਪ ਰਾਜਪਾਲ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਇਸ ਸਤੇਂਦਰ ਜੈਨ ਖ਼ਿਲਾਫ਼ ਈਡੀ ਦੀ ਕਾਰਵਾਈ ਤੋਂ ਬਾਅਦ ਹੁਣ ਸੀਬੀਆਈ ਸਿਸੋਦੀਆ ਉੱਪਰ ਕਾਰਵਾਈ ਕਰੇਗੀ। ਸ਼ੁੱਕਰਵਾਰ ਨੂੰ ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ।

ਸ਼ੁੱਕਰਵਾਰ ਨੂੰ ਪੂਰਾ ਦਿਨ ਸਿਸੋਦੀਆ ਦੇ ਘਰ ਛਾਪੇਮਾਰੀ ਦੀ ਕਾਰਵਾਈ ਤੋਂ ਬਾਅਦ ਸੀਬੀਆਈ ਨੇ ਸ਼ਾਮ ਤੱਕ ਉਨ੍ਹਾਂ ਦੇ ਖਿਲਾਫ ਇੱਕ ਐਫਆਈਆਰ ਵੀ ਦਰਜ ਕਰ ਦਿੱਤੀ। ਇਸ ਐੱਫਆਈਆਰ ਵਿੱਚ ਉਨ੍ਹਾਂ ਦਾ ਨਾਮ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਨਾਲ ਜੋੜਿਆ ਗਿਆ ਹੈ।

ਇਸ ਐੱਫਆਈਆਰ ਵਿੱਚ ਸਿਸੋਦੀਆ ਸਮੇਤ ਕੁੱਲ ਪੰਦਰਾਂ ਨਾਮ ਹਨ। ਇਨ੍ਹਾਂ ਵਿੱਚ ਤਤਕਾਲੀ ਐਕਸਾਈਜ਼ ਕਮਿਸ਼ਨਰ ਸਮੇਤ ਤਿੰਨ ਅਫ਼ਸਰ ਵੀ ਸ਼ਾਮਲ ਹਨ ਜਿਨ੍ਹਾਂ ਉਤੇ ਅਪਰਾਧਿਕ ਸਾਜ਼ਿਸ਼ ਰਚਨ ਤੇ ਧੋਖਾਧੜੀ ਦੇ ਇਲਜ਼ਾਮ ਹਨ।

ਪਾਰਟੀ ਵਿੱਚ ਨੰਬਰ ਦੋ ਦੀ ਹੈਸੀਅਤ ਬਰਕਰਾਰ

ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਦੋਸਤੀ ਕਾਫੀ ਪੁਰਾਣੀ ਹੈ। ਪਾਰਟੀ ਵਿਚ ਹਰ ਖੇਤਰ ਤੋਂ ਕਈ ਲੋਕ ਆਏ ਅਤੇ ਗਏ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਮਤਭੇਦ ਕਾਰਨ ਉਹ ਵੱਖਰੇ ਵੀ ਹੋਏ।

ਇਨ੍ਹਾਂ ਵਿੱਚ ਮੰਨੇ ਪ੍ਰਮੰਨੇ ਵਕੀਲ ਪ੍ਰਸ਼ਾਂਤ ਭੂਸ਼ਨ, ਪੱਤਰਕਾਰ ਆਸ਼ੂਤੋਸ਼, ਸਮਾਜਿਕ ਕਾਰਕੁਨ ਯੋਗੇਂਦਰ ਯਾਦਵ ਵਰਗੇ ਵੱਡੇ ਨਾਮ ਵੀ ਜੁੜੇ ਸਨ ਅਤੇ ਉਹ ਇਸ ਤੋਂ ਵੱਖ ਵੀ ਹੋਵੇ।

ਮਨੀਸ਼ ਸਿਸੋਦੀਆ ਸ਼ੁਰੂ ਤੋਂ ਹੀ ਪਾਰਟੀ ਵਿੱਚ ਨੰਬਰ ਦੋ ਦੀ ਹੈਸੀਅਤ ਰੱਖਦੇ ਹਨ ਅਤੇ ਅੱਜ ਵੀ ਉਨ੍ਹਾਂ ਨੂੰ ਕੋਈ ਬਦਲ ਨਹੀਂ ਸਕਿਆ।

ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਸਾਥ 2006-07 ਤੋਂ ਹੈ ਜਦੋਂ ਉਨ੍ਹਾਂ ਵਿੱਚ ਰਾਜਨੀਤੀ ਪ੍ਰਤੀ ਕੋਈ ਰੁਝਾਨ ਨਹੀਂ ਸੀ। ਉਸ ਸਮੇਂ ਦੋਵੇਂ ਦਿੱਲੀ ਦੀਆਂ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਲਈ ਕੰਮ ਕਰਦੇ ਸਨ।

ਸੀਨੀਅਰ ਪੱਤਰਕਾਰ ਪ੍ਰਮੋਦ ਜੋਸ਼ੀ ਦੱਸਦੇ ਹਨ,"ਕੇਜਰੀਵਾਲ ਤੇ ਸਿਸੋਦੀਆ ਅਕਸਰ ਮੇਰੇ ਕੋਲ ਆਉਂਦੇ ਸਨ। ਉਸ ਸਮੇਂ ਮੈਂ ਦਿੱਲੀ ਦੇ ਇੱਕ ਵੱਡੇ ਅਖ਼ਬਾਰ ਦਾ ਸੰਪਾਦਕ ਸੀ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੇ ਹਾਲਾਤ ਵਿੱਚ ਸੀ।”

“ਦੋਨੋਂ ਸਮਾਜਕ ਖੇਤਰ ਵਿੱਚ ਕੰਮ ਕਰ ਰਹੇ ਸਨ ਪਰ ਜਦੋਂ 2011-12 ਵਿੱਚ ਆਮ ਆਦਮੀ ਪਾਰਟੀ ਦੇ ਗਠਨ ਦੀ ਤਿਆਰੀ ਚੱਲ ਰਹੀ ਸੀ ਤਾਂ ਸਿਸੋਦੀਆ ਕੇਜਰੀਵਾਲ ਦੇ ਸਭ ਤੋਂ ਕਰੀਬੀ ਬਣ ਕੇ ਕੰਮ ਕਰ ਰਹੇ ਸਨ।"

'ਸਕੂਲੀ ਸਿੱਖਿਆ ਵਿੱਚ ਸੁਧਾਰ ਦੇ ਮੋਢੀ'

ਇੱਕ ਸਮਾਜਿਕ ਕਾਰਕੁਨ ਅਤੇ ਪੱਤਰਕਾਰ ਤੋਂ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਤੱਕ ਦਾ ਸਫ਼ਰ ਸਿਸੋਦੀਆ ਲਈ ਕਾਫ਼ੀ ਦਿਲਚਸਪ ਰਿਹਾ ਹੈ।

1998 ਅਰਵਿੰਦ ਕੇਜਰੀਵਾਲ ਨੇ ਸਮਾਜ ਲਈ ਕੰਮ ਕਰਨ ਲਈ 'ਪਰਿਵਰਤਨ' ਨਾਮ ਦੀ ਐੱਨਜੀਓ ਬਣਾਈ ਸੀ ਅਤੇ ਉਸ ਵੇਲੇ ਮਨੀਸ਼ ਸਿਸੋਦਿਆ ਟੀਵੀ ਪੱਤਰਕਾਰ ਸਨ।ਅਰਵਿੰਦ ਕੇਜਰੀਵਾਲ ਦੀ ਐੱਨਜੀਓ ਉੱਪਰ ਸਿਸੋਦੀਆ ਨੇ ਖ਼ਬਰ ਕੀਤੀ ਸੀ।

ਇਸ ਖ਼ਬਰ ਕਰਨ ਤੋਂ ਅਗਲੇ ਦਿਨ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਨੂੰ ਮਿਲੇ ਅਤੇ ਦੋਹਾਂ ਦਰਮਿਆਨ ਕਾਫ਼ੀ ਲੰਬੀ ਗੱਲਬਾਤ ਹੋਈ।

ਇਸ ਬਾਅਦ ਦੋਹਾਂ ਦੀ ਦੋਸਤੀ ਹੋਈ ਅਤੇ ਫਿਰ ਇੱਕ ਅਜਿਹਾ ਸਮਾਂ ਆਇਆ ਜਦੋਂ ਸਿਸੋਦੀਆ ਨੇ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਕੇਜਰੀਵਾਲ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ।

ਦਰਅਸਲ ਸਿਸੋਦੀਆ ਦਾ ਰੁਝਾਨ ਰਾਜਨੀਤਿਕ ਰਣਨੀਤੀ ਬਣਾਉਣ ਤੋਂ ਜ਼ਿਆਦਾ ਸਮਾਜਿਕ ਖੇਤਰ ਵਿੱਚ ਰਿਹਾ ਹੈ।

ਇਹ ਵੀ ਪੜ੍ਹੋ-

ਇਸ ਲਈ ਮੰਨਿਆ ਜਾਂਦਾ ਹੈ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਵਧੀਆ ਕਰਨ ਲਈ ਯੋਜਨਾ ਬਣਾਈ।ਅਰਵਿੰਦ ਕੇਜਰੀਵਾਲ ਸਰਕਾਰ ਸਕੂਲੀ ਸਿੱਖਿਆ ਵਿੱਚ ਸੁਧਾਰ ਨੂੰ ਵਾਰ-ਵਾਰ ਆਪਣੇ ਕੀਤੇ ਕੰਮਾਂ ਵਿੱਚ ਸ਼ਾਮਲ ਕਰਦੀ ਹੈ। ਇਸ ਸੁਧਾਰ ਦਾ ਸਿਹਰਾ ਵੀ ਸਿਸੋਦੀਆ ਨੂੰ ਜਤਾਇਆ ਜਾਂਦਾ ਹੈ।

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ ਕੰਮਕਾਜ ਤੇ ਪੜ੍ਹਾਈ ਲਿਖਾਈ ਦੇ ਪੱਧਰ ਵਿੱਚ ਜੋ ਸੁਧਾਰ ਹੋਇਆ ਹੈ, ਉਹ ਦੇਸ਼ ਦੇ ਦੂਜੇ ਸੂਬਿਆਂ ਲਈ ਮਿਸਾਲ ਬਣ ਗਿਆ ਹੈ। ਦੇਸ਼ ਦੇ ਕਈ ਸੂਬੇ ਮੁੱਖ ਮੰਤਰੀ ਦੀ ਤਾਰੀਫ਼ ਕਰ ਚੁੱਕੇ ਹਨ ਅਤੇ ਆਪਣੇ ਆਪਣੇ ਸੂਬਿਆਂ ਵਿੱਚ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ।

ਵਿਦੇਸ਼ਾਂ ਵਿੱਚ ਤਾਰੀਫ਼ ਪਰ ਆਪਣੇ ਦੇਸ਼ ਵਿੱਚ ਘਿਰੇ

ਵਿਦੇਸ਼ੀ ਅਖ਼ਬਾਰਾਂ ਵਿੱਚ ਭਾਵੇਂ ਸਕੂਲ ਸਿੱਖਿਆ ਦੇ ਸੁਧਾਰ ਲਈ ਮਨੀਸ਼ ਸਿਸੋਦੀਆ ਦੀ ਤਾਰੀਫ ਹੋ ਰਹੀ ਹੈ ਪਰ ਆਪਣੇ ਹੀ ਘਰ ਵਿੱਚ ਘਿਰਦੇ ਨਜ਼ਰ ਆ ਰਹੇ ਹਨ।

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਉਨ੍ਹਾਂ ਦੀ ਵਧ ਰਹੀ ਤਾਕਤ ਨੂੰ ਦੇਖ ਕੇ ਘਬਰਾਈ ਹੋਈ ਹੈ ਇਸੇ ਕਰਕੇ ਸਿਸੋਦੀਆ ਦੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਜਿਸ ਦੀ ਤਾਰੀਫ਼ ਪੂਰੀ ਦੁਨੀਆ ਵਿਚ ਹੋ ਰਹੀ ਹੈ।

ਪ੍ਰਮੋਦ ਜੋਸ਼ੀ ਆਖਦੇ ਹਨ,"ਸਿਸੋਦੀਆ ਨੇ ਭ੍ਰਿਸ਼ਟਾਚਾਰ ਕੀਤਾ ਹੈ ਜਾਂ ਨਹੀਂ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਇਲਜ਼ਾਮ ਰਾਜਨੀਤਕ ਹੋ ਸਕਦੇ ਹਨ। ਇਹ ਉਹ ਸਮਾਂ ਹੈ ਜਦੋਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਨੂੰ ਰਾਜਨੀਤਕ ਵਿਰੋਧੀ ਦੇ ਤੌਰ ’ਤੇ ਦੇਖ ਰਹੀ ਹੈ।"

"ਬੀਜੇਪੀ ਦੇ ਗੜ੍ਹ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਭਾਜਪਾ ਨੂੰ ਚੰਗੀ ਟੱਕਰ ਦੇ ਸਕਦੀ ਹੈ ਅਤੇ ਹਿਮਾਚਲ ਅਤੇ ਹਰਿਆਣਾ ਵਿੱਚ ਇਨ੍ਹਾਂ ਦਾ ਅਸਰ ਹੈ।ਪੰਜਾਬ ਵਿੱਚ ਤਾਂ ਉਹ ਜਿੱਤ ਹੀ ਚੁੱਕੇ ਹਨ।"

ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਾ ਤਾਲਮੇਲ ਸ਼ੁਰੂ ਤੋਂ ਕਾਫ਼ੀ ਚੰਗਾ ਰਿਹਾ ਹੈ ਅੱਜ ਵੀ ਸਿੱਖਿਆ ਸਮੇਤ ਅੱਧੀ ਦਰਜਨ ਤੋਂ ਵੱਧ ਮਹਿਕਮੇ ਸਿਸੋਦੀਆ ਕੋਲ ਹਨ।

ਆਖਿਆ ਜਾਂਦਾ ਹੈ ਕਿ ਮਨੀਸ਼ ਸਿਸੋਦੀਆ ਦੀ ਸਲਾਹ 'ਤੇ ਕੇਜਰੀਵਾਲ ਸਾਰੇ ਨੀਤੀਗਤ ਫ਼ੈਸਲੇ ਲੈਂਦੇ ਹਨ। ਦਿੱਲੀ ਵਿੱਚ ਸਕੂਲੀ ਸਿੱਖਿਆ ਦੇ ਸੁਧਾਰ ਬਾਰੇ ਮਨੀਸ਼ ਸਿਸੋਦੀਆ ਆਖਦੇ ਹਨ ਕਿ ਉਹ ਕਲਾਸ ਰੂਮ ਨੂੰ ਇੱਕ ਅੰਦੋਲਨ ਵਿੱਚ ਬਦਲਣਾ ਚਾਹੁੰਦੇ ਹਨ।

ਕੇਜਰੀਵਾਲ ਅਤੇ ਸਿਸੋਦੀਆ ਦਾ ਸਾਥ

ਮਨੀਸ਼ ਸਿਸੋਦੀਆ ਨੇ ਵੀ ਆਪਣਾ ਇੱਕ ਐੱਨਜੀਓ ਬਣਾਇਆ ਸੀ ਜਿਸ ਦਾ ਨਾਮ ਸੀ 'ਕਬੀਰ'। ਬਾਅਦ ਵਿੱਚ ਉਹ ਅਰਵਿੰਦ ਕੇਜਰੀਵਾਲ ਦੇ ਐੱਨਜੀਓ ਪਰਿਵਰਤਨ ਨਾਲ ਰਲ ਕੇ ਕੰਮ ਕਰਨ ਲੱਗੇ।

ਅਰੁਣ ਰਾਏ ਨੇ ਜਦੋਂ ਆਰਟੀਆਈ ਦਾ ਮਸੌਦਾ ਤਿਆਰ ਕਰਨ ਲਈ 9 ਲੋਕਾਂ ਦੀ ਕਮੇਟੀ ਬਣਾਈ ਸੀ ਤਾਂ ਉਸ ਵਿੱਚ ਮਨੀਸ਼ ਸਿਸੋਦੀਆ ਇੱਕ ਮੈਂਬਰ ਦੇ ਤੌਰ 'ਤੇ ਸ਼ਾਮਲ ਸਨ।

ਸੂਚਨਾ ਦੇ ਅਧਿਕਾਰ ਲਈ ਇੱਕ ਕਾਰਕੁਨ ਦੇ ਤੌਰ 'ਤੇ ਅਰਵਿੰਦ ਕੇਜਰੀਵਾਲ ਨੇ ਵੀ ਕੰਮ ਕੀਤਾ ਹੈ। 2011 ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲ ਕੇ ਲੋਕਪਾਲ ਬਿੱਲ ਲਈ ਅੰਨਾ ਹਜ਼ਾਰੇ ਦੇ ਨਾਲ ਮਿਲ ਕੇ ਅੰਦੋਲਨ ਕੀਤਾ ਸੀ। ਫਿਰ ਦੋਵੇਂ ਰਾਜਨੀਤੀ ਵਿੱਚ ਆ ਗਏ।

ਪ੍ਰਮੋਦ ਜੋਸ਼ੀ ਆਖਦੇ ਹਨ,"ਮਨੀਸ਼ ਸਿਸੋਦੀਆ ਮੈਨੂੰ ਕਾਫ਼ੀ ਸੰਜੀਦਾ ਲੱਗੇ। ਜਿਨ੍ਹਾਂ ਦਿਨਾਂ ਵਿੱਚ ਮੇਰੇ ਕੋਲ ਆਉਂਦੇ ਸਨ ਤਾਂ ਕਾਫ਼ੀ ਵਧੀਆ ਕੰਮ ਕਰ ਰਹੇ ਸਨ। ਸਿਸੋਦੀਆ ਮੈਨੂੰ ਕਾਫ਼ੀ ਸੰਤੁਲਿਤ ਵੀ ਲੱਗੇ ਸਨ। ਉਨ੍ਹਾਂ ਨੇ ਕਦੇ ਆਪਣੇ ਆਪ ਨੂੰ ਅੱਗੇ ਨਹੀਂ ਰੱਖਿਆ ਸੀ ਹਮੇਸ਼ਾਂ ਪਿੱਛੇ ਰਹਿ ਕੇ ਹੀ ਕੰਮ ਕਰਦੇ ਰਹੇ।"

ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦਰਮਿਆਨ ਕਿਉਂ ਹੈ ਟਕਰਾਅ

2012 ਵਿੱਚ ਬਣੀ ਆਮ ਆਦਮੀ ਪਾਰਟੀ ਨੇ 2013 ਵਿੱਚ ਦਿੱਲੀ ਵਿੱਚ ਆਪਣੀ ਸਰਕਾਰ ਬਣਾਈ।

ਦਿੱਲੀ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਦੀ ਤੀਜੀ ਸਰਕਾਰ ਹੈ।

ਇਸ ਸਾਲ ਪੰਜਾਬ ਵਿੱਚ ਵੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ।

ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਕੇਂਦਰ ਦਰਮਿਆਨ ਵਧ ਰਿਹਾ ਰਾਜਨੀਤਿਕ ਤਣਾਅ ਇਸ ਰਾਜਨੀਤਕ ਵਿਰੋਧ ਦਾ ਨਤੀਜਾ ਹੈ।

ਜਦੋਂ ਵੀ ਕੇਂਦਰ ਦੀ ਐੱਨਡੀਏ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦਰਮਿਆਨ ਟਕਰਾਅ ਹੋਇਆ ਹੈ ਤਾਂ ਮਨੀਸ਼ ਸਿਸੋਦੀਆ ਨੇ ਮੋਰਚਾ ਸੰਭਾਲਿਆ ਹੈ।

ਭਾਵੇਂ ਉਹ ਮਹਾਂਮਾਰੀ ਦਰਮਿਆਨ ਦਿੱਲੀ ਸਰਕਾਰ ਉੱਤੇ ਕਥਿਤ ਤੌਰ 'ਤੇ ਅਣਗਹਿਲੀ ਦੇ ਲੱਗੇ ਇਲਜ਼ਾਮ ਹੋਣ ਜਾਂ ਬਿਜਲੀ ਮਾਮਲਾ ਹੋਵੇ ਜਾਂ ਫਿਰ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਮੁੱਦਾ, ਸਿਸੋਦੀਆ ਹਮੇਸ਼ਾ ਸਰਕਾਰ ਦਾ ਪੱਖ ਰੱਖਦੇ ਨਜ਼ਰ ਆਏ ਹਨ।

ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਪਟਪੜਗੰਜ ਸੀਟ ਤੋਂ ਜਿੱਤਦੇ ਰਹੇ ਹਨ ਅਤੇ 2020 ਵਿੱਚ ਉਹ ਇੱਥੋਂ ਤੀਜੀ ਵਾਰ ਵਿਧਾਇਕ ਬਣੇ ਹਨ।

ਪ੍ਰਮੋਦ ਜੋਸ਼ੀ ਦਾ ਕਹਿਣਾ ਹੈ, "ਕੇਜਰੀਵਾਲ ਸਰਕਾਰ ਦੇ ਇੱਕ ਮੰਤਰੀ ਸਤਿੰਦਰ ਜੈਨ ਪਹਿਲਾਂ ਹੀ ਮਨੀ ਲਾਂਡਰਿੰਗ ਮਾਮਲੇ ਕਾਰਨ ਜੇਲ੍ਹ ਵਿੱਚ ਹਨ ਅਤੇ ਹੁਣ ਸੀਬੀਆਈ ਨੇ ਸਿਸੋਦੀਆ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ। ਜੇਕਰ ਮਨੀਸ਼ ਵੀ ਜੇਲ੍ਹ ਜਾਂਦੇ ਹਨ ਤਾਂ ਕੇਜਰੀਵਾਲ ਲਈ ਮੁਸ਼ਕਿਲਾਂ ਹੋ ਸਕਦੀਆਂ ਹਨ। ਇਸ ਨਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਅਸਰ ਪੈ ਸਕਦਾ ਹੈ।"

ਆਮ ਆਦਮੀ ਪਾਰਟੀ ਲਈ ਇਹ ਦੋਹੇਂ ਸੂਬੇ ਮਹੱਤਵਪੂਰਨ ਹਨ ਇਸ ਲਈ ਮੈਂ ਸਿਸੋਦੀਆ ਦੀ ਕਮੀ ਹੋਰ ਵੀ ਪ੍ਰਭਾਵਿਤ ਕਰ ਸਕਦੀ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)