ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦਾ ਛਾਪਾ: ਉਹ ਮਾਮਲਾ ਜਿਸ ਕਾਰਨ ਸਿਸੋਦੀਆ ਦੇ ਘਰ ਪਹੁੰਚੀ ਸੀਬੀਆਈ

ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ।

ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਸੀਬੀਆਈ ਦੀ ਟੀਮ ਬਾਰੇ ਉਹਨਾਂ ਖ਼ੁੱਦ ਹੀ ਟਵੀਟ ਕਰਕੇ ਜਾਣਕਾਰੀ ਦਿੱਤੀ।

ਭਾਜਪਾ ਨੇ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਦੇ ਆਗੂਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ, ਜਦਕਿ ਸਿਸੋਦੀਆ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ ਸੀਬੀਆਈ ਨੇ ਸੱਤ ਸੂਬਿਆਂ ਵਿੱਚ 21 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਐੱਫਆਈਆਰ ਵਿੱਚ ਚਾਰ ਲੋਕਾਂ ਦਾ ਨਾਮ ਹੈ ਜਿਸ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਵੀ ਹੈ।

ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਦਿੱਲੀ ਤਤਕਾਲੀ ਆਬਕਾਰੀ ਕਮਿਸ਼ਨਰ ਏ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ।

ਸਿਸੋਦੀਆ ਵੱਲੋਂ ਸੀਬੀਆਈ ਦਾ ਸਵਾਗਤ

ਮਨੀਸ਼ ਸਿਸੋਧੀਆ ਨੇ ਟਵੀਟ ਕਰਕੇ ਕਿਹਾ ਕਿ ਉਹ ਸੀਬੀਆਈ ਦਾ ਸਵਾਗਤ ਕਰਦੇ ਹਨ। ਉਹਨਾਂ ਦੀ ਸਰਕਾਰ ਕੱਟੜ ਇਮਾਨਦਾਰ ਹੈ ਅਤੇ ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੀ ਹੈ।

ਉਹਨਾਂ ਲਿਖਿਆ, 'ਅਸੀਂ CBI ਦਾ ਸਵਾਗਤ ਕਰਦੇ ਹਾਂ। ਜਾਂਚ 'ਚ ਪੂਰਾ ਸਹਿਯੋਗ ਦੇਵਾਂਗੇ ਤਾਂਕਿ ਸੱਚ ਜਲਦੀ ਸਾਹਮਣੇ ਆ ਸਕੇ। ਅਸੀਂ ਈਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਾਰਵਾਈ ਮਗਰੋਂ ਕੇਂਦਰ ਸਰਕਾਰ ਨੂੰ ਘੇਰਿਆ।

ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ, "ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਨੇ ਪਹਿਲੇ ਪੰਨੇ 'ਤੇ ਉਹਨਾਂ ਦੀ ਫੋਟੋ ਛਾਪੀ ਹੈ। ਅਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀ.ਬੀ.ਆਈ ਭੇਜੀ ਹੈ। ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦਾ ਬਚਾਅ ਕਰਦੇ ਹੋਏ ਲਿਖਿਆ ਹੈ ਕਿ ਪੂਰੀ ਦੁਨੀਆਂ ਦਿੱਲੀ ਦੇ ਸਿੱਖਿਆ ਅਤੇ ਸਿਹਤ ਮਾਡਲ ਦੀ ਚਰਚਾ ਕਰ ਰਹੀ ਹੈ ਜਿਸ ਨੂੰ ਕੇਂਦਰ ਸਰਕਾਰ ਰੋਕਣਾ ਚਾਹੁੰਦੀ ਹੈ।

ਕੇਜਰੀਵਾਲ ਨੇ ਟਵੀਟ ਕੀਤਾ, "ਜਿਸ ਦਿਨ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ ਹੋਈ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਦੇ ਪਹਿਲੇ ਪੰਨੇ 'ਤੇ ਮਨੀਸ਼ ਸਿਸੋਦੀਆ ਦੀ ਤਸਵੀਰ ਛਾਪੀ ਉਸੇ ਦਿਨ ਕੇਂਦਰ ਨੇ CBI ਨੂੰ ਮਨੀਸ਼ ਦੇ ਘਰ ਭੇਜਿਆ। CBI ਦਾ ਸੁਆਗਤ ਹੈ। ਪੂਰਾ ਸਹਿਯੋਗ ਕਰੇਗਾ। ਪਹਿਲਾਂ ਵੀ ਕਈ ਛਾਪੇ ਮਾਰੇ ਗਏ ਹਨ ਅਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਹੁਣ ਵੀ ਕੁਝ ਨਹੀਂ ਨਿਕਲੇਗਾ।"

ਇਹ ਵੀ ਪੜ੍ਹੋ-

ਭਾਜਪਾ ਦਾ ਪਲਟਵਾਰ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, "ਭ੍ਰਿਸ਼ਟਾਚਰੀ ਜਿੰਨਾ ਮਰਜੀ ਇਮਾਨਦਾਰੀ ਦਾ ਚੋਲਾ ਪਾ ਲਵੇ, ਉਹ ਭ੍ਰਿਸ਼ਟ ਹੀ ਰਹਿੰਦਾ ਹੈ। ਜਿਸ ਦਿਨ ਸੀਬੀਆਈ ਨੂੰ ਜਾਂਚ ਦਿੱਤੀ ਗਈ ਸੀ, ਉਸੇ ਦਿਨ ਸ਼ਰਾਬ ਨੀਤੀ ਵਾਪਸ ਲੈ ਲਈ ਗਈ ਸੀ। ਜੇਕਰ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ ਗਿਆ? ਇਹ ਸਿੱਖਿਆ ਬਾਰੇ ਨਹੀਂ, ਸ਼ਰਾਬ ਬਾਰੇ ਹੈ। ਜਨਤਾ ਨੂੰ ਮੂਰਖ ਨਾ ਸਮਝੋ।"

ਆਖਿਰ ਸਿਸੋਦੀਆ ਸੀਬੀਆਈ ਦੇ ਨਿਸ਼ਾਨੇ 'ਤੇ ਕਿਉਂ ?

ਇਹ ਛਾਪੇਮਾਰੀ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਗੜਬੜੀਆਂ ਦੇ ਸਬੰਧ ਵਿੱਚ ਦਰਜ ਹੋਏ ਇੱਕ ਕੇਸ ਨੂੰ ਲੈ ਕੇ ਹੋਈ ਹੈ।

ਇਹ ਕੇਸ ਮਨੀਸ਼ ਸਿਸੋਦੀਆ ਅਤੇ ਕੁਝ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ਼ ਦਰਜ ਹੋਇਆ ਸੀ।

ਹਾਲਾਂਕਿ ਦਿੱਲੀ ਸਰਕਾਰ ਵੱਲੋਂ ਆਪਣੀ ਨਵੀਂ ਆਬਕਾਰੀ ਨੀਤੀ ਵਾਪਿਸ ਲੈ ਲਈ ਗਈ ਸੀ।

ਹੁਣ 1 ਅਗਸਤ ਤੋਂ ਦਿੱਲੀ ਵਿੱਚ ਸ਼ਰਾਬ ਸਰਕਾਰੀ ਦੁਕਾਨਾਂ ਰਾਹੀਂ ਹੀ ਵਿਕ ਰਹੀ ਹੈ।

ਇਸ ਸਾਲ ਜੁਲਾਈ ਵਿੱਚ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਵੱਲੋਂ ਕੀਤੀ ਗਈ ਸੀਬੀਆਈ ਜਾਂਚ ਦੀ ਸਿਫਾਰਸ਼ ਪਿਛੇ 2021-22 ਦੀ ਆਬਕਾਰੀ ਨੀਤੀ ਵਿੱਚ ਨਿਯਮਾਂ ਦੀ ਉਲੰਘਣਾ ਅਤੇ ਕਈ ਖਾਮੀਆਂ ਦਾ ਹੋਣਾ ਦੱਸਿਆ ਜਾ ਰਿਹਾ ਸੀ।

ਇਹ ਛਾਪੇਮਰੀ ਸਿਫਾਰਿਸ਼ ਤੋਂ ਕਰੀਬ ਇੱਕ ਮਹੀਨੇ ਬਾਅਦ ਹੋਈ ਹੈ।

ਇਸ ਕੇਸ ਵਿੱਚ ਸਿਸੋਦੀਆ ਉਪਰ ਕਈ ਸ਼ਰਾਬ ਦੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਸੀ।

ਇਲਜ਼ਾਮ ਹੈ ਕਿ ਸਿਸੋਦੀਆ ਨੇ ਉਪ ਰਾਜਪਾਲ ਦੀ ਪ੍ਰਵਾਨਗੀ ਬਿਨਾਂ ਆਬਕਾਰੀ ਨੀਤੀ ਵਿੱਚ ਬਦਲਾਅ ਕੀਤਾ।

ਜੇਕਰ ਨੀਤੀ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸ ਨੂੰ ਕੈਬਨਿਟ ਦੇ ਸਾਹਮਣੇ ਰੱਖਣਾ ਹੁੰਦਾ ਹੈ ਜਿਸ ਤੋਂ ਬਾਅਦ ਉਪ ਰਾਜਪਾਲ ਨੂੰ ਆਖਰੀ ਪ੍ਰਵਾਨਗੀ ਲਈ ਭੇਜਣਾ ਹੁੰਦਾ ਹੈ।

ਕੈਬਨਿਟ ਅਤੇ ਉਪ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਬਦਲਾਅ ਦਿੱਲੀ ਆਬਕਾਰੀ ਨੀਤੀ 2010 ਅਤੇ ਵਪਾਰਕ ਨਿਯਮਾਂ ਦਾ ਲੈਣ-ਦੇਣ 1993 ਦੀ ਉਲੰਘਣਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)