You’re viewing a text-only version of this website that uses less data. View the main version of the website including all images and videos.
ਗੁਰਪ੍ਰੀਤ ਕੌਰ ਤੇ ਭਗਵੰਤ ਮਾਨ ਦਾ ਵਿਆਹ: ਜਾਣੋ ਕੌਣ ਹੈ ਮੁੱਖ ਮੰਤਰੀ ਦੀ ਪਤਨੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦਾ ਵਿਆਹ ਹੋ ਗਿਆ ਹੈ।
ਉਨ੍ਹਾਂ ਦਾ ਵਿਆਹ ਅੱਜ ਇੱਕ ਸਾਦੇ ਸਮਾਗਮ ਦੌਰਾਨ ਚੰਡੀਗੜ੍ਹ ਵਿਖੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਇਆ।
ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ।
'ਆਪ' ਆਗੂ ਰਾਘਵ ਚੱਢਾ ਨੇ ਭਗਵੰਤ ਮਾਨ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੀ ਇੱਕ ਤਸਵੀਰ ਸਾਂਝਾ ਕੀਤੀ ਹੈ।
ਇਸ ਤਸਵੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਲਾੜਾ ਬਣੇ ਦਿਖਾਈ ਦੇ ਰਹੇ ਹਨ।
ਰਾਘਵ ਚੱਢਾ ਨੇ ਭਗਵੰਤ ਮਾਨ ਦੇ ਵਿਆਹ ਦੀਆਂ ਰਸਮਾਂ ਦੀ ਇੱਕ ਹੋਰ ਤਸਵੀਰ ਸਾਂਝਾ ਕਰਦਿਆਂ ਲਿਖਿਆ ''ਮਾਨ ਸਾਹਿਬ ਦਾ ਖ਼ਾਸ ਦਿਨ।''
'ਸਾਡੇ ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ'- ਰਾਘਵ ਚੱਢਾ
ਭਗਵੰਤ ਮਾਨ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਚੰਡੀਗੜ੍ਹ ਪਹੁੰਚੇ।
ਰਾਘਵ ਚੱਢਾ ਆਪਣੀ ਮਾਤਾ ਜੀ ਨਾਲ ਇਸ ਸਮਾਗਮ ਲਈ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਟਵਿੱਟਰ 'ਤੇ ਭਗਵੰਤ ਮਾਨ ਦੇ ਨਾਲ ਆਪਣੀ ਇੱਕ ਤਸਵੀਰ ਸਾਂਝਾ ਕੀਤੀ ਤੇ ਲਿਖਿਆ - 'ਸਾਡੇ ਵੀਰ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾਅ'।
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ''ਉਹ ਅੱਜ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਮੈਂ ਉਨ੍ਹਾਂ ਨੂੰ ਖੁਸ਼ਹਾਲ ਵਿਆਹੁਤਾ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।''
ਆਮ ਆਦਮੀ ਪਾਰਟੀ ਪੰਜਾਬ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ।
ਗੁਰਪ੍ਰੀਤ ਕੌਰ ਕੌਣ ਹਨ
ਕੁਰੂਕਸ਼ੇਤਰ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਨਾਲ ਡਾ. ਗੁਰਪ੍ਰੀਤ ਕੌਰ ਦੇ ਚਾਚਾ ਗੁਰਿੰਦਰਜੀਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀਆਂ ਤਿੰਨ ਭਤੀਜੀਆਂ ਹਨ, ਗੁਰਪ੍ਰੀਤ ਕੌਰ ਪੜ੍ਹਾਈ ਵਿੱਚ ਅੱਵਲ ਸੀ। ਉਸ ਨੇ ਮੌਲਾਨਾ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਸੀ, ਉਹ ਬੇਹੱਦ ਹੁਸ਼ਿਆਰ ਸੀ ਅਤੇ ਗੋਲਡ ਮੈਡਲਿਸਟ ਹੈ।"
ਗੁਰਪ੍ਰੀਤ ਕੌਰ ਦਾ ਪਿੰਡ ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦਾ ਮਦਨਪੁਰ ਹੈ।
ਗੁਰਪ੍ਰੀਤ ਕੌਰ ਦੇ ਪਿੰਡ ਦੇ ਗੁਆਂਢੀ ਪਲਵਿੰਦਰ ਨੇ ਕਮਲ ਸੈਣੀ ਨੂੰ ਦੱਸਿਆ ਕਿ ਡਾ. ਗੁਰਪ੍ਰੀਤ ਕੌਰ ਦੇ ਪਿਤਾ ਦਾ ਨਾਂ ਇੰਦਰਜੀਤ ਸਿੰਘ ਹੈ ਅਤੇ ਮਾਤਾ ਦਾ ਨਾਂ ਰਾਜ ਕੌਰ ਹੈ।
ਪਰਿਵਾਰ ਦੀ ਖੇਤੀਬਾੜੀ ਦੀ ਜ਼ਮੀਨ ਪਿੰਡ ਮਦਨਪੁਰ ਵਿੱਚ ਹੀ ਹੈ। 2007 ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਮਦਨਪੁਰ ਵਿੱਚ ਹੀ ਰਹਿੰਦਾ ਸੀ ਉਸ ਤੋਂ ਬਾਅਦ ਪਿਹੋਵਾ ਸ਼ਹਿਰ ਰਹਿਣ ਲੱਗਾ।
ਪਰਿਵਾਰ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਹੈ ਕਿਉਂਕਿ ਗੁਰਿੰਦਰਜੀਤ, ਜੋ ਪਹਿਲਾਂ ਕਾਂਗਰਸ ਵਿੱਚ ਸੀ, ਪਿਛਲੇ ਸਾਲ 'ਆਪ' ਵਿੱਚ ਸ਼ਾਮਲ ਹੋਏ ਸੀ।
ਉਹ ਕਹਿੰਦੇ ਹਨ ਕਿ ਗੁਰਪ੍ਰੀਤ ਦੇ ਪਿਤਾ ਦੀ ਸਿਆਸਤ ਵਿੱਚ ਬਹੁਤੀ ਦਿਲਚਸਪੀ ਨਹੀਂ ਹੈ ਅਤੇ ਉਹ ਇੱਕ ਧਾਰਮਿਕ ਵਿਅਕਤੀ ਹਨ, ਜੋ ਗੁਰਦੁਆਰੇ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ।
ਇਹ ਵੀ ਪੜ੍ਹੋ:
ਉਹ ਪਹਿਲਾਂ ਪਿੰਡ ਦੇ ਸਰਪੰਚ ਰਹੇ ਹਨ ਤੇ ਹੁਣ ਉਨ੍ਹਾਂ ਦੇ ਭਰਾ ਸਰਪੰਚ ਹਨ। ਗੁਰਪ੍ਰੀਤ ਕੌਰ ਦੀਆਂ ਦੋ ਹੋਰ ਭੈਣਾਂ ਵੀ ਹਨ ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ।
ਐੱਨਡੀਟੀਵੀ ਨਾਲ ਗੱਲਬਾਤ ਦੌਰਾਨ 'ਆਪ' ਆਗੂ ਰਾਘਵ ਚੱਢਾ ਨੇ ਦੱਸਿਆ ਕਿ ਡਾਕਟਰ ਗੁਰਪ੍ਰੀਤ ਪੰਜਾਬ ਚੋਣਾਂ ਦੌਰਾਨ, 'ਆਪ' ਦੇ ਕੈਂਪੇਨ ਵਿੱਚ ਕੁਝ ਮੌਕਿਆਂ 'ਤੇ ਸਰਗਰਮ ਰਹੇ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਰਾਘਵ ਚੱਢਾ ਨਾਲ ਉਨ੍ਹਾਂ ਦੇ ਆਪਣੇ ਚੋਣ ਪ੍ਰਚਾਰ ਵੇਲੇ ਇੱਕ ਕੈਂਪੇਨ ਵਿੱਚ ਵੀ ਸ਼ਾਮਿਲ ਹੋਏ ਸਨ।
ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ
- ਭਗਵੰਤ ਮਾਨ 48 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰਵਾ ਰਹੇ ਹਨ
- ਮਾਨ ਨੇ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਤਲਾਕ ਲਿਆ ਸੀ
- ਭਗਵੰਤ ਮਾਨ ਦੇ ਦੋ ਬੱਚੇ (ਬੇਟਾ ਤੇ ਬੇਟੀ) ਹਨ, ਜੋ ਮਾਂ ਨਾਲ ਅਮਰੀਕਾ ਰਹਿੰਦੇ ਹਨ
- ਭਗਵੰਤ ਮਾਨ ਦੇ 2014 ਵਿੱਚ ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਪਤਨੀ ਨਾਲ ਮਤਭੇਦ ਆ ਗਏ ਸਨ
- ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ ਉਨ੍ਹਾਂ ਨੇ ਪਰਿਵਾਰ ਤੇ ਪੰਜਾਬ ਵਿਚੋਂ ਪੰਜਾਬ ਨੂੰ ਚੁਣਿਆ ਹੈ
ਪਿੰਡ ਮਦਨਪੁਰ ਦੇ ਵਸਨੀਕ ਪਲਵਿੰਦਰ ਦੱਸਦੇ ਹਨ ਕਿ ਡਾ. ਗੁਰਪ੍ਰੀਤ ਦੇ ਦਾਦਾ ਕਈ ਦਹਾਕੇ ਪਹਿਲਾਂ ਲੁਧਿਆਣਾ ਤੋਂ ਪਿਹੋਵਾ ਆ ਕੇ ਵਸ ਗਏ ਸਨ।
ਡਾਕਟਰ ਗੁਰਪ੍ਰੀਤ ਕੌਰ ਦੋ ਢਾਈ ਸਾਲਾਂ ਤੋਂ ਹੀ ਭਗਵੰਤ ਮਾਨ ਨੂੰ ਜਾਣਦੇ ਹਨ।
ਪਲਵਿੰਦਰ ਸਿੰਘ ਮੁਤਾਬਕ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮਹਾਰਿਸ਼ੀ ਮਾਰਕੰਡੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੌਲਾਨਾ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਹੈ।
ਇਹ ਵੀ ਪੜ੍ਹੋ: