ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ: ਪੰਜਾਬ ਵਿੱਚ ਮਰੀਜ਼ ਪਰੇਸ਼ਾਨੀ ਕਿਉਂ ਝੱਲ ਰਹੇ ਹਨ

    • ਲੇਖਕ, ਅਵਤਾਰ ਸਿੰਘ ਤੇ ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਨੂੰ ਅਦਾਇਗੀ ਨਾ ਕੀਤੇ ਜਾਣ ਕਾਰਨ ਇਹ ਸਕੀਮ ਲਗਭਗ ਠੱਪ ਹੋ ਗਈ ਹੈ।

ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ ਜੋ ਇਸ ਯੋਜਨਾ ਤਹਿਤ ਇਲਾਜ ਕਰਵਾ ਰਹੇ ਸਨ, ਉਨ੍ਹਾਂ ਦਾ ਇਲਾਜ ਰੁਕ ਗਿਆ ਹੈ ਜਾਂ ਮਰੀਜ਼ਾਂ ਨੂੰ ਪੈਸੇ ਆਪਣੀ ਜੇਬ ਵਿੱਚੋਂ ਦੇਣੇ ਪੈ ਰਹੇ ਹਨ।

ਕੀ ਹੈ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ?

ਪੰਜਾਬ ਸਰਕਾਰ ਦੀ ਵੈਬਸਾਈਟ ਮੁਤਾਬਕ, ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 60:40 ਫੰਡਾਂ ਦੇ ਅਨੁਪਾਤ ਨਾਲ ਚਲਾਈ ਜਾਂਦੀ ਹੈ।

ਇਹ ਸਕੀਮ ਪੰਜਾਬ ਵਿੱਚ 20 ਅਗਸਤ 2019 ਵਿੱਚ ਸ਼ੁਰੂ ਕੀਤੀ ਗਈ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਿਹਤ ਬੀਮਾ ਯੋਜਨਾ ਨਾਲ ਸੂਬੇ ਵਿੱਚ ਕਰੀਬ 14.66 ਲੱਖ ਪਰਿਵਾਰ ਜੁੜੇ ਹੋਏ ਹਨ।

ਲੋਕ ਸਰਕਾਰੀ ਹਸਪਤਾਲਾਂ ਅਤੇ ਸਕੀਮ ਅੰਦਰ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਭਰਤੀ ਹੋਣ 'ਤੇ ਪਰਿਵਾਰ ਦਾ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ-

ਆਯੂਸ਼ਮਾਨ ਭਾਰਤ ਬੀਮਾ ਯੋਜਨਾ ਕੀ ਪੰਜਾਬ ਵਿੱਚ ਬੰਦ ਹੋ ਗਈ ਹੈ?

ਪੰਜਾਬ ਦੇ ਲਗਭਗ 700 ਨਿੱਜੀ ਹਸਪਤਾਲਾਂ ਨੇ ਕਰੀਬ 250 ਕਰੋੜ ਰੁਪਏ ਸਰਕਾਰ ਵੱਲੋਂ ਜਾਰੀ ਨਾ ਕੀਤੇ ਜਾਣ ਕਾਰਨ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਲੋਕਾਂ ਵਿੱਚ ਚਰਚਾ ਹੈ ਕਿ ਇਹ ਸਕੀਮ ਸੂਬੇ ਵਿੱਚ ਬੰਦ ਹੋ ਗਈ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਪੰਜਾਬ) ਦੇ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਮਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿੱਜੀ ਹਸਪਤਾਲਾਂ ਦੇ 250 ਕਰੋੜ ਰੁਪਏ ਸਰਕਾਰ ਵੱਲ ਖੜ੍ਹੇ ਹਨ ਜਿੰਨ੍ਹਾਂ ਨੂੰ ਜਲਦ ਜਾਰੀ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਫਿਲਹਾਲ ਨਿੱਜੀ ਹਸਪਤਾਲਾਂ ਵਿੱਚ ਇਸ ਸਕੀਮ ਰਾਹੀਂ ਇਲਾਜ ਰੁਕਿਆ ਹੋਇਆ ਹੈ ਪਰ ਅਸੀਂ ਵੀ ਨਹੀਂ ਚਾਹੁੰਦੇ ਕਿ ਇਹ ਰੋਕ ਲੰਬੀ ਚਲੀ ਜਾਵੇ। ਇਸ ਲਈ ਸਰਕਾਰ ਨੂੰ ਬਕਾਇਆ ਰਕਮ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣੀ ਚਾਹੀਦੀ ਹੈ।"

ਹਾਲਾਂਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਸਕੀਮ ਚੱਲ ਰਹੀ ਹੈ ਪਰ ਉਨ੍ਹਾਂ ਨੇ ਫੰਡਾਂ ਵਿੱਚ ਕੁਝ ਦੇਰੀ ਹੋਣ ਦੀ ਗੱਲ ਕਬੂਲੀ ਹੈ।

ਰਾਸ਼ੀ ਜਲਦ ਹੋਵੇਗੀ ਜਾਰੀ, ਸਕੀਮ ਰਹੇਗੀ ਚਾਲੂ: ਸਿਹਤ ਸਕੱਤਰ

ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਦਾ ਕਹਿਣਾ ਹੈ ਕਿ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾ ਤਾਂ ਬੰਦ ਹੋਈ ਹੈ ਅਤੇ ਨਾ ਹੀ ਬੰਦ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵਾਲੀ ਕੰਪਨੀ ਨਾਲ ਕੋਈ ਮੁੱਦਾ ਹੋ ਗਿਆ ਸੀ ਪਰ ਉਸ ਨੂੰ ਅਸੀਂ ਹੱਲ ਕਰ ਰਹੇ ਹਾਂ।

ਅਜੋਏ ਸ਼ਰਮਾ ਮੁਤਾਬਕ, "ਬਹੁਤ ਜਲਦ ਹੀ ਸਰਕਾਰ ਵੱਲੋਂ ਲੋੜੀਂਦੀ ਰਕਮ ਜਾਰੀ ਕਰ ਦਿੱਤੀ ਜਾਵੇਗੀ। ਨਾ ਤਾਂ ਲੋਕਾਂ ਨੂੰ ਅਤੇ ਨਾ ਹੀ ਹਸਪਤਾਲਾਂ ਨੂੰ ਇਸ ਬਾਰੇ ਚਿੰਤਾਂ ਕਰਨ ਦੀ ਲੋੜ ਹੈ। ਕੁਝ ਕਾਰਨਾਂ ਕਰਕੇ ਥੋੜ੍ਹੇ ਸਮੇਂ ਲਈ ਸਮੱਸਿਆ ਹੈ।"

"ਜਲਦ ਹੀ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾ ਦਿੱਤਾ ਜਾਵੇਗਾ ਜੋ ਕਿ ਚੱਲ ਵੀ ਰਹੀ ਹੈ ਪਰ ਅੜੀ ਹੋਈ ਰਕਮ ਅਗਲੇ ਇੱਕ-ਦੋ ਹਫਤਿਆਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ।"

ਉਨ੍ਹਾਂ ਕਿਹਾ, "ਕਰੀਬ 15 ਲੱਖ ਪਰਿਵਾਰਾਂ ਦੇ 45 ਲੱਖ ਲੋਕ ਇਸ ਸਕੀਮ ਨਾਲ ਜੁੜੇ ਹੋਏ ਹਨ। ਅਸੀਂ ਹਸਪਤਾਲਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਯੋਜਨਾ ਨੂੰ ਜਾਰੀ ਰੱਖਣ। ਪੇਮੈਂਟ ਜਾਰੀ ਕਰ ਦਿੱਤੀ ਜਾਵੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)