ਕੰਗਨਾ ਰਣੌਤ ਨੇ ਦੱਸੀ ‘ਬਚਪਨ ’ਚ ਹੋਏ ਸਰੀਰਕ ਸ਼ੋਸ਼ਣ’ ਦੀ ਕਹਾਣੀ, ਆਪਣੇ ਬੱਚੇ ਨਾਲ ਇਸ ਬਾਰੇ ਕਿਵੇਂ ਗੱਲ ਕਰੀਏ

"ਅਸੀਂ ਸਾਰੇ ਪੰਜ-ਛੇ ਸਾਲਾਂ ਦੇ ਛੋਟੇ ਬੱਚੇ ਸੀ, ਉਹ ਸਾਨੂੰ ਆਪਣੇ ਕੋਲ ਬੁਲਾਉਂਦੇ ਅਤੇ ਸਾਡੇ ਕੱਪੜੇ ਉਤਾਰ ਦਿੰਦੇ। ਉਸ ਸਮੇਂ ਸਾਨੂੰ ਸਮਝ ਨਹੀਂ ਸੀ ਕਿ ਸਾਡੇ ਨਾਲ ਕੀ ਹੋ ਰਿਹਾ ਹੈ।''

ਅਦਾਕਾਰਾ ਕੰਗਨਾ ਰਣੌਤ ਨੇ ਰਿਐਲਿਟੀ ਸ਼ੋਅ 'ਲੌਕ ਅੱਪ' ਦੌਰਾਨ ਆਪਣੇ ਬਚਪਨ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ 'ਗਲਤ ਤਰੀਕੇ' ਨਾਲ ਛੂਹਣ ਦੀ ਇਸ ਘਟਨਾ ਬਾਰੇ ਦੱਸਿਆ।

ਕੰਗਨਾ ਰਿਐਲਿਟੀ ਸ਼ੋਅ 'ਲੌਕ ਅੱਪ' ਨੂੰ ਹੋਸਟ ਕਰ ਰਹੇ ਹਨ। ਐਤਵਾਰ ਦੇ ਐਪੀਸੋਡ ਵਿੱਚ ਸ਼ੋਅ ਦੇ ਕੰਟੈਸਟੇਂਟ ਤੇ ਕਾਮੇਡੀਅਨ ਮੁੱਨਵਰ ਫਾਰੂਕੀ ਨੇ ਇੱਕ ਟਾਸਕ ਦੇ ਤਹਿਤ ਆਪਣਾ ਕੋਈ 'ਰਾਜ਼' ਸਾਂਝਾ ਕਰਨਾ ਸੀ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਇਸ ਦੌਰਾਨ ਮੁੱਨਵਰ ਨੇ ਦੱਸਿਆ ਕਿ ਕਿਵੇਂ ਛੇ ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਹੀ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਦਾ ਜਿਨਸੀ ਸੋਸ਼ਣ ਕੀਤਾ ਅਤੇ ਇਹ ਸਭ ਉਨ੍ਹਾਂ ਨਾਲ 11 ਸਾਲ ਦੀ ਉਮਰ ਤੱਕ ਇੰਝ ਹੀ ਚੱਲਦਾ ਰਿਹਾ।

ਮੁੱਨਵਰ ਨੇ ਦੱਸਿਆ ਕਿ ''ਮੈਨੂੰ ਲੱਗਦਾ ਹੈ ਕਿ ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਲੱਗਾ ਕਿ ਇਹ ਸਭ ਬਹੁਤ ਜ਼ਿਆਦਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਕੁਝ ਸਮੇਂ ਲਈ ਇਹ ਸਭ ਰੋਕ ਦਿੱਤਾ ਜਾਵੇ... ਇੱਕ ਵਾਰ ਮੈਨੂੰ ਲੱਗਾ ਜਿਵੇਂ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ।''

ਉਨ੍ਹਾਂ ਅੱਗੇ ਕਿਹਾ, ''ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ। ਮੈਨੂੰ ਕਦੇ ਨਹੀਂ ਲੱਗਾ ਕਿ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਹੋਵੇਗਾ।''

ਮੁੱਨਵਰ ਦੀ ਆਪਬੀਤੀ ਸੁਣ ਕੇ ਕੰਗਨਾ ਨੇ ਉਨ੍ਹਾਂ ਦੀ ਸਰਾਹਨਾ ਕੀਤੀ ਕਿ ਉਨ੍ਹਾਂ ਨੇ ਜਨਤਕ ਤੌਰ 'ਤੇ ਆਪਣੀ ਕਹਾਣੀ ਸਾਂਝਾ ਕਰਨ ਦੀ ਹਿੰਮਤ ਦਿਖਾਈ ਅਤੇ ਨਾਲ ਹੀ ਕੰਗਨਾ ਨੇ ਆਪਣੇ ਬਚਪਨ ਦੀ ਘਟਨਾ ਵੀ ਸਾਂਝਾ ਕੀਤੀ।

ਕੰਗਨਾ ਨੇ ਦੱਸਿਆ ਕਿ ''ਮੈਂ ਛੋਟੀ ਸੀ ਅਤੇ ਸਾਡੇ ਸ਼ਹਿਰ ਵਿੱਚ.. ਮੇਰੇ ਤੋਂ ਕੁਝ ਕੂ ਸਾਲ ਵੱਡੇ ਇੱਕ ਮੁੰਡੇ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਪਰ ਉਸ ਵੇਲੇ ਮੈਨੂੰ ਸਮਝ ਨਹੀਂ ਸੀ ਕਿ ਇਸਦਾ ਕੀ ਮਤਲਬ ਸੀ। ਹਰ ਬੱਚੇ ਨੂੰ ਇਸ ਤਰ੍ਹਾਂ ਦੀ ਸਥਿਤੀ 'ਚੋਂ ਲੰਘਣਾ ਪੈਂਦਾ ਹੈ, ਫਿਰ ਭਾਵੇਂ ਮਾਪੇ ਕਿੰਨਾ ਵੀ ਧਿਆਨ ਰੱਖ ਲੈਣ।''

ਉਨ੍ਹਾਂ ਦੱਸਿਆ, "ਅਸੀਂ ਸਾਰੇ ਪੰਜ-ਛੇ ਸਾਲਾਂ ਦੇ ਛੋਟੇ ਬੱਚੇ ਸੀ, ਉਹ ਸਾਨੂੰ ਆਪਣੇ ਕੋਲ ਬੁਲਾਉਂਦੇ ਅਤੇ ਸਾਡੇ ਕੱਪੜੇ ਉਤਾਰ ਦਿੰਦੇ। ਉਸ ਸਮੇਂ ਸਾਨੂੰ ਸਮਝ ਨਹੀਂ ਸੀ ਕਿ ਸਾਡੇ ਨਾਲ ਕੀ ਹੋ ਰਿਹਾ ਹੈ।''

ਇਹ ਵੀ ਪੜ੍ਹੋ:

ਕੀ ਹੁੰਦਾ ਹੈ ਬੱਚਿਆਂ ਦਾ ਸਰੀਰਕ ਸ਼ੋਸ਼ਣ

ਬੀਬੀਸੀ ਹਿੰਦੀ ਨੇ ਜਨਵਰੀ 2018 'ਚ ਇਸ ਸਬੰਧੀ ਇੱਕ ਰਿਪੋਰਟ ਕੀਤੀ ਸੀ।

ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਇੱਕ ਐਨਜੀਓ ਐਫਐਕਸਬੀ ਇੰਡੀਆ ਸੁਰੱਖਿਆ ਦੇ ਪ੍ਰੋਗਰਾਮ ਮੈਨੇਜਰ ਸੱਤਿਆ ਪ੍ਰਕਾਸ਼ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਲੋਕ ਸਿਰਫ਼ ਪੇਨਿਟ੍ਰੇਸ਼ਨ ਨੂੰ ਹੀ ਜਿਨਸੀ ਸ਼ੋਸ਼ਣ ਨਾਲ ਜੋੜ ਦੇ ਦੇਖਦੇ ਹਨ, ਪਰ ਅਜਿਹਾ ਨਹੀਂ ਹੈ।

ਭਾਰਤ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਪੋਕਸੋ (POCSO) - ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੁਅਲ ਆਫੈਂਸਿਜ਼ ਦੇ ਅਨੁਸਾਰ, 'ਬੱਚੇ ਨੂੰ ਗਲਤ ਤਰੀਕੇ ਨਾਲ ਛੂਹਣਾ, ਉਸ ਦੇ ਸਾਹਮਣੇ ਗਲਤ ਹਰਕਤਾਂ ਕਰਨਾ ਅਤੇ ਉਸ ਨੂੰ ਅਸ਼ਲੀਲ ਚੀਜ਼ਾਂ ਦਿਖਾਉਣਾ-ਸੁਣਾਉਣਾ ਵੀ ਇਸ ਦਾਇਰੇ ਵਿੱਚ ਆਉਂਦਾ ਹੈ।'

ਕਿਵੇਂ ਪਤਾ ਲੱਗੇ ਕਿ ਕੀ ਕਿਸੇ ਬੱਚੇ ਦਾ ਸ਼ੋਸ਼ਣ ਹੋ ਰਿਹਾ ਹੈ?

ਇਹ ਬੱਚੇ ਨਾਲ ਘਰ, ਸਕੂਲ, ਗੁਆਂਢ ਜਾਂ ਰਿਸ਼ਤੇਦਾਰੀ ਵਿੱਚ ਕਿਤੇ ਵੀ ਹੋ ਸਕਦਾ ਹੈ। ਇਹ ਪਤਾ ਲਗਾਉਣਾ ਆਸਾਨ ਨਹੀਂ ਹੈ, ਪਰ ਇਹ ਅਸੰਭਵ ਵੀ ਨਹੀਂ ਹੈ। ਸੁਚੇਤ ਰਹਿੰਦੇ ਹੋਏ ਤੁਸੀਂ ਯਕੀਨੀ ਤੌਰ 'ਤੇ ਬੱਚੇ ਦੀ ਮਦਦ ਕਰ ਸਕਦੇ ਹੋ।

ਮਨੋਵਿਗਿਆਨੀ ਡਾ. ਨੀਤੂ ਰਾਣਾ ਅਨੁਸਾਰ, ਜੇਕਰ ਕੋਈ ਬੱਚਾ ਅਜਿਹੇ ਤਜ਼ਰਬੇ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਉਹ ਲੋਕਾਂ ਤੋਂ ਦੂਰ ਰਹਿਣ ਲੱਗ ਜਾਂਦਾ ਹੈ। ਕਈ ਵਾਰ ਉਹ ਕੁਝ ਖਾਸ ਲੋਕਾਂ ਕੋਲ ਜਾਣ ਤੋਂ ਸਾਫ਼ ਇਨਕਾਰ ਕਰ ਦੇਵੇਗਾ।

ਜਾਂ ਕਿਸੇ ਖਾਸ ਥਾਂ ਜਿਵੇਂ ਦੁਕਾਨ ਆਦਿ 'ਤੇ ਜਾਣਾ ਉਸ ਲਈ ਡਰਾਉਣਾ ਹੋ ਜਾਵੇਗਾ।

ਇਸ ਤੋਂ ਇਲਾਵਾ ਜੇਕਰ ਬੱਚਾ ਗੁਪਤ ਅੰਗਾਂ 'ਚ ਦਰਦ ਦੀ ਸ਼ਿਕਾਇਤ ਕਰੇ ਜਾਂ ਆਪਣੇ ਸਰੀਰ ਨੂੰ ਛੁਪਾਉਣ ਲੱਗ ਪਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਕਿਵੇਂ ਮਿਲ ਸਕਦੀ ਹੈ ਮਦਦ?

ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਲਈ ਭਾਰਤ ਸਰਕਾਰ ਦੀ ਹੈਲਪਲਾਈਨ 1098 ਮੌਜੂਦ ਹੈ। ਵੱਡਿਆਂ ਨੂੰ ਇਸ ਬਾਰੇ ਆਪਣੇ ਬੱਚਿਆਂ ਨੂੰ ਦਸਣਾ ਚਾਹੀਦਾ ਹੈ ਤਾਂ ਜੋ ਉਹ ਖਤਰਾ ਮਹਿਸੂਸ ਹੋਣ 'ਤੇ ਮਦਦ ਮੰਗ ਸਕਣ।

ਬੱਚਿਆਂ ਦੇ ਮਾਪੇ ਵੀ ਇਸ ਹੈਲਪਲਾਈਨ 'ਤੇ ਫੋਨ ਕਰ ਸਕਦੇ ਹਨ।

ਜੇਕਰ ਕੇਸ ਦਰਜ ਹੁੰਦਾ ਹੈ ਤਾਂ ਬੱਚੇ ਦੀ ਕਾਨੂੰਨੀ ਤੌਰ 'ਤੇ ਹਰ ਮਦਦ ਕੀਤੀ ਜਾਂਦੀ ਹੈ। ਬਾਲ ਸ਼ੋਸ਼ਣ ਮਾਮਲੇ ਵਿੱਚ, ਪੀੜਤ 'ਤੇ ਦੋਸ਼ ਸਾਬਤ ਕਰਨ ਦਾ ਦਬਾਅ ਨਹੀਂ ਹੁੰਦਾ ਬਲਕਿ ਦੋਸ਼ੀ 'ਤੇ ਦਬਾਅ ਹੁੰਦਾ ਹੈ ਕਿ ਉਹ ਆਪਣੇ ਬਚਾਅ ਵਿੱਚ ਸਬੂਤ ਪੇਸ਼ ਕਰੇ।

ਇਸ ਤੋਂ ਇਲਾਵਾ ਬੱਚਿਆਂ ਨੂੰ ਮਨੋਵਿਗਿਆਨਕ ਮਦਦ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਉਹ ਇਸ ਸਦਮੇ ਤੋਂ ਬਾਹਰ ਆ ਸਕਣ।

ਸਿਰਫ ਜਿਨਸੀ ਸ਼ੋਸ਼ਣ ਹੀ ਨਹੀਂ...

ਜਿਨਸੀ ਸ਼ੋਸ਼ਣ ਤੋਂ ਇਲਾਵਾ, ਬੱਚੇ ਹੋਰ ਕਿਸਮ ਦੇ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਸਕਦੇ ਹਨ। ਉਦਾਹਰਨ ਲਈ, ਮਾਨਸਿਕ ਅਤੇ ਸਰੀਰਕ ਸ਼ੋਸ਼ਣ।

ਕਿਸੇ ਬੱਚੇ ਨੂੰ ਕੁੱਟਣਾ, ਮਾਰਨਾ, ਹਿੰਸਕ ਤੌਰ ਨਾਲ ਹਿਲਾਉਣਾ, ਸਾੜਨਾ, ਧੱਕਾ ਦੇਣਾ, ਸੁੱਟਣਾ, ਦਮ ਘੁੱਟਣਾ ਜਾਂ ਜ਼ਹਿਰ ਦੇਣਾ ਸਰੀਰਕ ਸ਼ੋਸ਼ਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਜਦੋਂ ਕੋਈ ਬੱਚਾ ਜਿਨਸੀ ਸ਼ੋਸ਼ਣ ਜਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ, ਤਾਂ ਉਹ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਹੁੰਦਾ ਹੈ।

ਮਾਨਸਿਕ ਸ਼ੋਸ਼ਣ ਤੋਂ ਗੁਜ਼ਰ ਰਹੇ ਬੱਚੇ ਆਪਣੀ ਉਮਰ ਦੇ ਬੱਚਿਆਂ ਨਾਲੋਂ ਵੱਖਰਾ ਵਿਵਹਾਰ ਕਰਦੇ ਹਨ। ਕੁਝ ਮਾਮਲਿਆਂ ਵਿੱਚ ਉਹ ਬਹੁਤ ਹਮਲਾਵਰ ਹੋ ਜਾਂਦੇ ਹਨ, ਜਦਕਿ ਕੁਝ ਬਹੁਤ ਸ਼ਾਂਤ ਅਤੇ ਚੁੱਪ ਹੁੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)