ਪੀਐੱਮ ਮੋਦੀ ਦਾ ਵਿਰੋਧੀਆਂ 'ਤੇ ਨਿਸ਼ਾਨਾ- "ਮੇਰੀ 100 ਸਾਲਾ ਮਾਂ, ਟੀਕਾ ਲਗਵਾਉਣ ਲਈ ਕਤਾਰ ਟੱਪ ਕੇ ਅੱਗੇ ਨਹੀਂ ਗਈ" - ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ 'ਚ ਇੱਕ ਰੈਲੀ ਦੌਰਾਨ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਲਈ "ਘੋਰ ਪਰਿਵਾਰ ਵਾਦੀ" ਸ਼ਬਦ ਦੀ ਵਰਤੋਂ ਕਰਦਿਆਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੀ 100 ਸਾਲਾਂ ਦੀ ਮਾਂ ਕੋਵਿਡ ਟੀਕਾ ਲਗਵਾਉਣ ਲਈ ਕਦੇ ਕਤਾਰ ਟੱਪ ਕੇ ਅੱਗੇ ਨਹੀਂ ਆਈ, ਹਾਲਾਂਕਿ "ਵੰਸ਼ਵਾਦੀ ਅਜਿਹਾ ਕਰਦੇ''।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੇ ਯੂਪੀ ਦੇ ਅਮੇਠੀ ਵਿੱਚ ਚੋਣ ਪ੍ਰਚਾਰ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਅਤੇ ਮੇਰੀ ਮਾਂ ਦੋਵਾਂ ਨੇ ਟੀਕਾ ਲਗਵਾਇਆ ਹੈ। ਉਹ 100 ਸਾਲ ਦੀ ਹੈ ਪਰ ਵੈਕਸੀਨ ਲਈ ਕਤਾਰ ਨਹੀਂ ਟੱਪੀ। ਉਸਨੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਫਿਰ ਟੀਕਾ ਲਗਵਾਇਆ।"

ਉਨ੍ਹਾਂ ਕਿਹਾ, "ਉਹ 100 ਸਾਲ ਦੀ ਹੈ ਪਰ ਉਸ ਨੂੰ ਕੋਈ ਸਹਿ ਰੋਗ ਨਹੀਂ ਹੈ ਅਤੇ ਇਸ ਲਈ ਉਸ ਨੇ ਬੂਸਟਰ ਡੋਜ਼ ਵੀ ਨਹੀਂ ਲਗਵਾਈ। ਪਰ ਜੇਕਰ 'ਪਰਿਵਾਰਵਾਦੀ' ਹੁੰਦੇ ਤਾਂ ਉਹ ਇਹ ਯਕੀਨੀ ਬਣਾਉਂਦੇ ਕਿ ਉਨ੍ਹਾਂ ਸਾਰਿਆਂ ਨੂੰ ਪਹਿਲਾਂ ਟੀਕਾ ਲੱਗ ਜਾਵੇ।"

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦੀ ਅਗਵਾਈ ਅਖਿਲੇਸ਼ ਯਾਦਵ ਅਤੇ ਕਾਂਗਰਸ ਦੀ ਅਗਵਾਈ ਪ੍ਰਿਯੰਕਾ ਗਾਂਧੀ ਵਾਡਰਾ ਕਰ ਰਹੇ ਹਨ।

ਇਹ ਵੀ ਪੜ੍ਹੋ:

ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਯੂਕਰੇਨ ਦੀਆਂ ਜ਼ਮੀਨੀ ਸਰਹੱਦਾਂ ਵੱਲ ਰਵਾਨਾ

ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕਰਨ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲਾ (ਐੱਮਈਏ) ਦੇਸ਼ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਵਿੱਚ ਸਹਾਇਤਾ ਲਈ ਹੰਗਰੀ, ਪੋਲੈਂਡ, ਸਲੋਵਾਕ ਗਣਰਾਜ ਅਤੇ ਰੋਮਾਨੀਆ ਵਿੱਚ ਜ਼ਮੀਨੀ ਸਰਹੱਦਾਂ ਉੱਤੇ ਟੀਮਾਂ ਭੇਜ ਰਿਹਾ ਹੈ।

ਯੂਕਰੇਨ ਇਨ੍ਹਾਂ ਦੇਸ਼ਾਂ ਨਾਲ ਆਪਣੀ ਪੱਛਮੀ ਸਰਹੱਦ ਸਾਂਝੀ ਕਰਦਾ ਹੈ, ਜਦਕਿ ਰੂਸ ਪੂਰਬੀ ਪਾਸਿਓਂ ਹਮਲਾ ਕਰ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਇਨ੍ਹਾਂ ਚਾਰ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਵੀ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਤਿਆਰ ਹਨ।

ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਅੰਦਾਜ਼ਨ 20,000 ਭਾਰਤੀਆਂ ਵਿੱਚੋਂ ਲਗਭਗ 4,000 ਪਿਛਲੇ ਕੁਝ ਹਫ਼ਤਿਆਂ ਵਿੱਚ ਦੇਸ਼ 'ਚੋਂ ਨਿੱਕਲਣ ਵਿੱਚ ਕਾਮਯਾਬ ਹੋਏ ਹਨ।

ਐੱਮਈਏ ਟੀਮਾਂ ਨੂੰ ਯੂਕਰੇਨ ਦੇ ਜ਼ਕਰਪਟੀਆ ਓਬਲਾਸਟ ਵਿੱਚ ਉਜ਼ਹੋਰੋਡ ਦੇ ਸਾਹਮਣੇ ਹੰਗਰੀ ਦੀ ਜ਼ਾਹੋਨੀ ਸਰਹੱਦੀ ਚੌਕੀ; ਪੋਲੈਂਡ ਦੀ ਕ੍ਰਾਕੋਵੀਕ ਸਰਹੱਦ; ਸਲੋਵਾਕ ਗਣਰਾਜ ਦੀ ਵਿਸਨੇ ਨੇਮੇਕੇ ਸਰਹੱਦ; ਅਤੇ ਰੋਮਾਨੀਆ ਦੀ ਸੁਸੇਵਾ ਸਰਹੱਦ 'ਤੇ ਭੇਜਿਆ ਜਾ ਰਿਹਾ ਹੈ। ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਸਰਹੱਦੀ ਪੁਆਇੰਟਾਂ ਦੇ ਨੇੜੇ ਇਨ੍ਹਾਂ ਟੀਮਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਹਿਜਾਬ ਵਿਵਾਦ: ਬੈਂਗਲੁਰੂ 'ਚ ਸਿੱਖ ਕੁੜੀ ਨੂੰ ਪੱਗ ਉਤਾਰਨ ਲਈ ਕਿਹਾ, ਬਾਅਦ 'ਚੋਂ ਪਹਿਨਣ ਦੀ ਦਿੱਤੀ ਇਜਾਜ਼ਤ

ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਵਿਚਕਾਰ ਬੈਂਗਲੁਰੂ ਦੇ ਇੱਕ ਕਾਲਜ 'ਚ ਇੱਕ ਸਿੱਖ ਕੁੜੀ ਨੂੰ ਆਪਣੀ ਪੱਗ ਉਤਾਰਨ ਦੀ ਬੇਨਤੀ ਕੀਤੀ ਗਈ, ਪਰ ਉਸਦੇ ਪਰਿਵਾਰ ਦੁਆਰਾ ਅਜਿਹਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਲਜ ਨੇ ਸਿੱਖ ਕੁੜੀ ਦੁਆਰਾ ਪੱਗ ਪਹਿਨਣ ਸਮੇਤ ਮੁਸਲਿਮ ਵਿਦਿਆਰਥਣਾਂ ਨੂੰ ਵੀ ਸਿਰ ਦੇ ਸਕਾਰਫ ਪਾਉਣ ਦੀ ਇਜਾਜ਼ਤ ਦੇ ਦਿੱਤੀ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮਾਊਂਟ ਕਾਰਮਲ ਪੀਯੂ ਕਾਲਜ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ 16 ਫਰਵਰੀ ਨੂੰ ਵਿਦਿਅਕ ਸੰਸਥਾ ਮੁੜ ਖੁੱਲ੍ਹੀ ਤਾਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਦਾਲਤ ਦੇ ਹੁਕਮ ਬਾਰੇ ਸੂਚਿਤ ਕੀਤਾ।

ਹਾਲਾਂਕਿ, ਜਦੋਂ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਾਲਜ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੇ ਹਿਜਾਬ ਵਿੱਚ ਕੁੜੀਆਂ ਦੇ ਇੱਕ ਸਮੂਹ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ।

ਵਿਦਿਆਰਥਣਾਂ ਨੇ ਮੰਗ ਕੀਤੀ ਕਿ ਅਜਿਹੇ ਵਿੱਚ ਸਿੱਖ ਵਿਦਿਆਰਥਣਾਂ ਸਮੇਤ ਕਿਸੇ ਵੀ ਵਿਦਿਆਰਥੀ ਨੂੰ ਧਾਰਮਿਕ ਚਿੰਨ੍ਹ ਨਾ ਪਹਿਨਣ ਦਿੱਤਾ ਜਾਣ।

ਮਾਊਂਟ ਕਾਰਮੇਲ ਪੀਯੂ ਕਾਲਜ ਦੀ ਐਡਮਿਨਿਸਟ੍ਰੇਟਰ ਸਿਸਟਰ ਜੇਨੇਵੀਵ ਨੇ ਐੱਨਡੀਟੀਵੀ ਨੂੰ ਦੱਸਿਆ, ''ਅਸੀਂ ਸਿੱਖ ਵਿਦਿਆਰਥੀ ਨੂੰ ਦਸਤਾਰ ਉਤਾਰਨ ਲਈ ਬੇਨਤੀ ਕੀਤੀ ਤਾਂ ਜੋ ਇਕਸਾਰਤਾ ਹੋਵੇ। ਪਰ ਉਸਨੇ ਸਾਨੂੰ ਦੱਸਿਆ ਕਿ ਕਿਉਂਕਿ ਉਸਨੇ ਅੰਮ੍ਰਿਤ ਛਕਿਆ ਹੋਇਆ ਹੈ, ਉਹ ਨਹੀਂ ਉਤਾਰ ਸਕਦੀ। ਅਤੇ ਇਸ ਲਈ, ਅਸੀਂ ਇਸਨੂੰ ਇਸੇ ਤਰ੍ਹਾਂ ਰਹਿਣ ਦਿੱਤਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)