ਕਿਸਾਨ ਅੰਦੋਲਨ: ਪੰਜਾਬ ਦੀਆਂ ਉਨ੍ਹਾਂ ਮਾਵਾਂ ਦਾ ਦਰਦ, ਜਿਨ੍ਹਾਂ ਨੇ ਅੰਦੋਲਨ ਦੌਰਾਨ ਜਵਾਨ ਪੁੱਤ ਤੋਰੇ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨਾਂ ਵੱਲੋਂ ਸਾਲ ਭਰ ਦੇ ਲੰਬੇ ਅੰਦੋਲਨ ਤੋਂ ਬਾਅਦ ਹੁਣ ਖੇਤੀ ਕਾਨੂੰਨ ਵਾਪਿਸ ਲੈ ਲਏ ਗਏ ਹਨ। ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ, ਐੱਮਐੱਸਪੀ ਦੀ ਗਰੰਟੀ ਲਈ ਕਮੇਟੀ ਬਣਾਉਣ ਸਮੇਤ ਲਗਭਗ ਸਾਰੀਆਂ ਮੰਗਾਂ ਮਨ ਲਈਆਂ ਗਈਆਂ ਹਨ।

ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਹੁਣ ਕਿਸਾਨਾਂ ਨੇ ਅੰਦੋਲਨ ਮੁਲਤਵੀ ਕਰਕੇ ਘਰ ਪਰਤਣ ਦਾ ਐਲਾਨ ਕਰ ਦਿੱਤਾ ਹੈ। 11 ਦਸੰਬਰ ਨੂੰ ਅਧਿਕਾਰਤ ਤੌਰ 'ਤੇ ਕਿਸਾਨ ਆਪੋ-ਆਪਣੇ ਘਰਾਂ ਲਈ ਵਾਪਸੀ ਕਰਨਗੇ।

ਪਰ ਸਾਲ ਭਰ ਦੇ ਇਸ ਅੰਦੋਲਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਕਈਆਂ ਨੂੰ ਜਾਨਾਂ ਵੀ ਗੁਆਉਣੀਆਂ ਪਈਆਂ ਹਨ।

ਬੀਬੀਸੀ ਵੱਲੋਂ ਪੰਜਾਬ ਦੇ ਕੁਝ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਆਪਣੇ ਨਜ਼ਦੀਕੀਆਂ - ਪੁੱਤਰਾਂ, ਪਤੀ, ਮਾਵਾਂ ਅਤੇ ਬਾਪੂਆਂ ਨੂੰ ਗੁਆ ਦਿੱਤਾ ਹੈ - ਜੋ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਗਏ ਸਨ ਪਰ ਘਰ ਵਾਪਸ ਨਾ ਪਰਤ ਸਕੇ।

ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਦੀ ਮੌਤ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਢ ਲੱਗਣ ਕਾਰਨ, ਕੁਝ ਦੀ ਦਿਲ ਦਾ ਦੌਰਾ ਪੈਣ ਕਾਰਨ ਅਤੇ ਕੁਝ ਦੀ ਸੜਕ ਹਾਦਸਿਆਂ ਵਿੱਚ ਮੌਤ ਹੋ ਗਈ।

ਕਿਸਾਨ ਮੋਦੀ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਕਰ ਰਹੇ ਹਨ।

ਸਰਕਾਰ ਨੇ ਹਾਲ ਹੀ ਵਿੱਚ ਸੰਸਦ ਵਿੱਚ ਕਿਹਾ ਸੀ ਕਿ ਉਨ੍ਹਾਂ ਕੋਲ ਪ੍ਰਦਰਸ਼ਨਾਂ ਦੌਰਾਨ ਮਰਨ ਵਾਲੇ ਕਿਸਾਨਾਂ ਦੀ ਗਿਣਤੀ ਦਾ ਕੋਈ ਰਿਕਾਰਡ ਨਹੀਂ ਹੈ, ਇਸ ਲਈ "ਵਿੱਤੀ ਸਹਾਇਤਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"

ਇਹ ਵੀ ਪੜ੍ਹੋ:

ਪਰ ਕਿਸਾਨ ਆਗੂਆਂ ਦਾ ਰੁਖ ਇਸ ਤੋਂ ਵੱਖਰਾ ਹੈ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਦੀ ਸੂਚੀ ਭੇਜ ਦਿੱਤੀ ਹੈ, ਜਿਨ੍ਹਾਂ ਨੇ ਧਰਨੇ ਦੌਰਾਨ ਜਾਨਾਂ ਗੁਆ ਦਿੱਤੀਆਂ ਹਨ। ਇਸ ਵਿੱਚ 700 ਤੋਂ ਵੱਧ ਨਾਮ ਹਨ ਅਤੇ 600 ਤੋਂ ਵੱਧ ਪੰਜਾਬ ਦੇ ਹਨ।"

ਕਿਵੇਂ ਇਕੱਠਾ ਕੀਤਾ ਅੰਕੜਾ

ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਵਲੰਟੀਅਰਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਕਿਸਾਨ ਸੰਗਠਨਾਂ ਅਤੇ ਅਖਬਾਰਾਂ ਦੀਆਂ ਕਲਿੱਪਾਂ ਨਾਲ ਇਸ ਦੀ ਪੁਸ਼ਟੀ ਕੀਤੀ।

ਰਾਜੇਵਾਲ ਨੇ ਸ਼ਿਕਾਇਤ ਕੀਤੀ, "ਸਰਕਾਰ ਦਾ ਆਪਣੇ ਹੀ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਬਹੁਤ ਦੁੱਖ ਵਾਲੀ ਗੱਲ ਹੈ। ਕੀ ਇਸ ਦੇਸ਼ ਵਿੱਚ ਕਿਸਾਨ ਮਾਅਨੇ ਰੱਖਦੇ ਹਨ? ਸਰਕਾਰ ਸਾਡੇ ਨਾਲ ਅਜਿਹਾ ਸਲੂਕ ਕਰ ਰਹੀ ਹੈ ਜਿਵੇਂ ਅਸੀਂ ਦੇਸ਼ ਦੇ ਹੀ ਨਹੀਂ ਹਾਂ।''

ਆਪਣਿਆਂ ਨੂੰ ਗੁਆਉਣ ਵਾਲੇ

ਧਰਨੇ ਵਾਲੀ ਥਾਂ ਤੋਂ ਸੈਂਕੜੇ ਮੀਲ ਦੂਰ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਜੋੜਾ ਆਪਣੇ ਇਕਲੌਤੇ ਪੁੱਤਰ ਦੀ ਮੌਤ ਮਗਰੋਂ ਹਾਲਾਤਾਂ ਨਾਲ ਜੂਝ ਰਿਹਾ ਹੈ। ਮਨਪ੍ਰੀਤ ਸਿੰਘ, ਜਿਸਦੀ ਉਮਰ 24 ਸਾਲ ਸੀ ਉਸਦੀ ਜਨਵਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਉਸ ਦੀ ਮਾਂ ਬਲਜਿੰਦਰ ਕੌਰ ਕਹਿੰਦੀ ਹੈ, "ਮੈਂਰੇ ਕੋਲ ਇਹ ਦਰਦ ਸਹਿਣ ਨਹੀਂ ਹੁੰਦਾ।" ਪੁੱਤ ਦੀ ਯਾਦ ਵਿੱਚ ਰੋਂਦੀ ਰਹਿੰਦੀ ਹੈ।

ਮਨਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। "ਪਰ ਉਸਨੇ ਕਿਹਾ ਕਿ ਜੇ ਸਾਡੇ ਵਰਗੇ ਕਿਸਾਨ ਇਸ ਧਰਨੇ ਵਿੱਚ ਹਿੱਸਾ ਨਹੀਂ ਲੈਣਗੇ, ਤਾਂ ਸਭ ਕੁਝ ਖਤਮ ਹੋ ਜਾਵੇਗਾ।''

ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜਾ ਦਿੱਤਾ ਹੈ।

ਮਨਪ੍ਰੀਤ ਦੀ ਮਾਂ ਬਲਵਿੰਦਰ ਕੌਰ ਸਰਕਾਰ ਨੂੰ ਸਵਾਲ ਕਰਦੀ ਹੈ, "ਅਸੀਂ ਸਭ ਕੁਝ ਦੇਣ ਲਈ ਤਿਆਰ ਹਾਂ। ਕੀ ਸਰਕਾਰ ਸਾਨੂੰ ਸਾਡਾ ਪੁੱਤਰ ਵਾਪਸ ਦੇ ਸਕਦੀ ਹੈ?"

ਉੱਥੋਂ ਹੀ ਥੋੜ੍ਹੀ ਦੂਰ ਅਗਲੀ ਗਲੀ ਵਿੱਚ ਇੱਕ ਪੁੱਤਰ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸਦੀ ਮਾਂ ਨਹੀਂ ਰਹੀ।

65 ਸਾਲਾ ਬਲਬੀਰ ਕੌਰ ਆਪਣੇ ਪਿੰਡ ਦੀਆਂ ਹੋਰ ਔਰਤਾਂ ਨਾਲ ਲਗਾਤਾਰ ਦਿੱਲੀ ਧਰਨੇ ਵਿੱਚ ਆਉਂਦੀ ਜਾਂਦੀ ਸੀ।

ਉਸਦੇ ਪੁੱਤਰ ਚਮਕੌਰ ਸਿੰਘ ਨੇ ਕਿਹਾ, "ਮੇਰੀ ਮਾਂ ਅੰਦੋਲਨ ਦੌਰਾਨ ਹਰ ਤਰ੍ਹਾਂ ਦੀ ਮਦਦ ਕਰਦੀ ਸੀ। ਚਾਹੇ ਉਹ ਖਾਣਾ ਬਣਾਉਣਾ ਹੋਵੇ ਜਾਂ ਖਾਣਾ ਪਰੋਸਣਾ।

ਮਾਰਚ ਮਹੀਨੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।

ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ਵਿੱਚ ਇੱਕ ਮਾਂ ਆਪਣੇ ਪੁੱਤਰ ਲਈ ਵਿਰਲਾਪ ਕਰ ਰਹੀ ਹੈ।

23 ਸਾਲਾ ਗੁਰਪ੍ਰੀਤ ਸਿੰਘ ਦੀ ਦਸੰਬਰ 2020 ਵਿੱਚ ਆਪਣੇ ਚਾਚੇ ਨਾਲ ਧਰਨੇ ਵਾਲੀ ਥਾਂ ਤੋਂ ਘਰ ਪਰਤਦੇ ਸਮੇਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਉਸਦੀ ਮਾਂ ਪਰਮਜੀਤ ਕੌਰ ਕਹਿੰਦੀ ਹੈ,"ਇਸ ਨਾਲ ਕੀ ਫ਼ਰਕ ਪੈਂਦਾ ਹੈ ਕਿ ਕਾਨੂੰਨ ਰੱਦ ਕਰ ਦਿੱਤੇ ਗਏ ਹਨ? ਕੀ ਇਹ ਸਾਡੇ ਪੁੱਤਰ ਨੂੰ ਵਾਪਸ ਲਿਆ ਸਕਦਾ ਹੈ? ਜੇ ਇਹ ਕਾਨੂੰਨ ਨਾ ਬਣਾਏ ਗਏ ਹੁੰਦੇ ਤਾਂ ਕੋਈ ਮਰਦਾ ਨਹੀਂ।"

ਪਰਮਜੀਤ ਨੇ ਕਿਹਾ ਕਿ ਉਸਦਾ ਪੁੱਤਰ ਕਹਿੰਦਾ ਸੀ ਕਿ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਹੈ।

ਗੁਰਪ੍ਰੀਤ ਦੇ ਚਾਚੇ ਲਾਭ ਸਿੰਘ ਦੀ ਪਤਨੀ ਅਮਰਜੀਤ ਕੌਰ ਟੁੱਟ ਚੁੱਕੀ ਹੈ, ਪਰ ਆਪਣੇ ਪਤੀ 'ਤੇ ਮਾਣ ਕਰਦੀ ਹੈ।

ਅਮਰਜੀਤ ਕੌਰ ਕਹਿੰਦੀ ਹੈ,"ਜਿਸ ਦਿਨ ਉਹ ਜਾ ਰਿਹਾ ਸੀ, ਉਸ ਨੇ ਕਿਹਾ ਸੀ ਕਿ ਉਹ ਜਾਂ ਤਾਂ ਲੜਾਈ ਜਿੱਤ ਕੇ ਵਾਪਸ ਆਵੇਗਾ ਜਾਂ ਸ਼ਹੀਦ ਹੋ ਜਾਵੇਗਾ।''

ਉਹ ਆਪਣੇ ਪੰਜਾਬ ਅਤੇ ਪਿੰਡ ਵਿੱਚ ਕਈਆਂ ਲਈ ਸ਼ਹੀਦ ਬਣ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)