ਵਾਤਾਵਰਨ ਤਬਦੀਲੀ : ਫਰੀਦਕੋਟ ਤੇ ਮੋਗਾ ਦੇ ਇਹ ਨੌਜਵਾਨ ਕਿਵੇਂ ਬਣ ਰਹੇ ਦੁਨੀਆਂ ਲਈ ਮਿਸਾਲ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਮੋਗਾ ਦੇ ਬਾਘਾਪੁਰਾਣਾ ਦਾ ਪਿੰਡ ਨੱਥੋ ਕੇ ਗਲਾਸਗੋ ਦੇ COP26 ਸੰਮੇਲਨ ਲਈ ਰਾਹ ਦਸੇਰਾ ਬਣ ਸਕਦਾ ਹੈ।

ਸਕਾਟਲੈਂਡ ਦੇ ਗਲਾਸਗੋ ਵਿਚ 31 ਅਕਤੂਬਰ ਤੋਂ 12 ਨਵੰਬਰ ਤੱਕ ਮੌਸਮੀ ਤਬਦੀਲੀ (ਕਲਾਈਮੇਟ ਚੇਜ਼) ਉੱਤੇ ਸੰਮੇਲਨ ਚੱਲ ਰਿਹਾ ਹੈ।

ਦੁਨੀਆਂ ਦੇ 200 ਮੁਲਕ ਬਰਤਾਨੀਆਂ ਦੀ ਮੇਜ਼ਬਾਨੀ ਹੇਠ ਗਲਾਸਗੋ ਵਿਚ ਮੌਸਮੀ ਤਬਦੀਲੀ ਨਾਲ ਲੜਨ ਰਣਨੀਤੀ ਘੜ ਰਹੇ ਹਨ।

ਹਰ ਮੁਲਕ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਪੋ-ਆਪਣੇ ਟੀਚੇ ਦੱਸ ਰਹੇ ਹਨ ਅਤੇ ਇਸ ਨੂੰ ਹਾਸਲ ਕਰਨ ਲਈ ਰਣਨੀਤੀ ਦਾ ਖੁਲਾਸਾ ਕਰ ਰਹੇ ਹਨ।

ਸਾਰੀਆਂ ਯੋਜਨਾਵਾਂ ਦੇ ਐਲਾਨ ਦੇ ਨਾਲ-ਨਾਲ ਜਿਹੜਾ ਨੁਕਤਾ ਸਭ ਤੋਂ ਵੱਧ ਚਰਚਾ ਦੇ ਕੇਂਦਰ ਵਿਚ ਹੈ, ਉਹ ਹੈ ਮੌਸਮੀ ਤਬਦੀਲੀ ਖ਼ਿਲਾਫ਼ ਲੜਾਈ ਨੂੰ ਲੋਕ ਲਹਿਰ ਬਣਾਉਣਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਇਸ ਨੁਕਤੇ ਦਾ ਖਾਸ ਜ਼ਿਕਰ ਕੀਤਾ।

ਮੋਗਾ ਜ਼ਿਲ੍ਹੇ ਦੇ ਨੱਥੋ ਕੇ ਪਿੰਡ ਦੇ ਕਿਸਾਨ ਗਗਨ ਸਿੰਘ ਅਤੇ ਫਰੀਦਕੋਟ ਦੀ ਬੀੜ ਸੁਸਾਇਟੀ ਦੇ ਨੌਜਵਾਨਾਂ ਦਾ ਉੱਦਮ ਮੌਸਮੀ ਤਬਦੀਲੀ ਖ਼ਿਲਾਫ਼ ਲੜਨ ਲਈ ਪਹਿਲਕਦਮੀ ਲਗਦਾ ਹੈ।

ਲੋਕ ਲਹਿਰ ਲਈ ਪਹਿਲਕਦਮੀ

ਗਗਨ ਸਿੰਘ ਨੇ ਆਪਣੇ ਘਰ ਦੇ ਨਾਲ ਲੱਗਦਾ ਕਰੀਬ ਇੱਕ ਏਕੜ ਰਕਬਾ ਜੰਗਲ ਲਈ ਦਾਨ ਕੀਤਾ ਹੈ।

ਇਸ ਜ਼ਮੀਨ ਵਿਚ ਬੀੜ ਸੁਸਾਇਟੀ ਦੇ ਕਾਰਕੁਨਾਂ ਨੇ ਪਿਛਲੇ 2 ਸਾਲਾਂ ਵਿਚ ਰਵਾਇਤੀ ਰੁੱਖ ਲਗਾ ਕੇ ਇੱਕ ਮਿੰਨੀ ਜੰਗਲ ਖੜਾ ਕਰ ਦਿੱਤਾ ਹੈ।

ਮੋਟੀ ਨਜ਼ਰੇ ਭਾਵੇਂ ਇਹ ਨਿਗੂਣਾ ਜਿਹਾ ਕੰਮ ਲੱਗਦਾ ਹੈ, ਪਰ ਸੋਚੋ ਕਿ ਜੇਕਰ ਦੁਨੀਆਂ ਭਰ ਵਿਚ ਲੋਕ ਇੰਝ ਜ਼ਮੀਨ ਵਿਚੋਂ ਜੰਗਲਾਂ ਜਾਂ ਰੁੱਖਾਂ ਲਈ ਰਕਬੇ ਦਾ ਦਸਵੰਦ ਕੱਢਣ ਲੱਗ ਜਾਣ ਅਤੇ ਬੀੜ ਸੁਸਾਇਟੀ ਵਰਗੀਆਂ ਹੋਰ ਸੰਸਥਾਵਾਂ ਇੰਝ ਜੰਗਲ ਖੜ੍ਹੇ ਕਰਨ ਲੱਗਣ ਤਾਂ ਇਹ ਕਿਵੇਂ ਮੌਸਮੀ ਤਬਦੀਲੀ ਖ਼ਿਲਾਫ਼ ਇੱਕ ਲੋਕ ਲਹਿਰ ਬਣ ਸਕਦੀ ਹੈ।

ਇੱਕ ਨਵੰਬਰ ਨੂੰ ਨੱਥੋ ਕੇ ਪਿੰਡ ਦੇ ਇਸ ਮਿੰਨੀ ਜੰਗਲ ਵਿਚ ਜੰਗਲ ਲਾਉਣ ਵਾਲਿਆਂ ਅਤੇ ਵਾਤਾਵਰਨ ਮਾਹਰਾਂ ਨਾਲ ਇਕੱਠਿਆਂ ਬੀਬੀਸੀ ਪੰਜਾਬੀ ਲਈ ਲਾਈਵ ਚਰਚਾ ਕਰਨ ਦਾ ਸਬੱਬ ਬਣਿਆ।

ਬੀੜ ਸੁਸਾਇਟੀ ਦੇ ਸੰਚਾਲਕ ਗੁਰਪ੍ਰੀਤ ਸਿੰਘ ਸਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੰਜਾਬ ਵਿਚ ਕਈ ਹੋਰ ਥਾਵਾਂ ਉੱਤੇ ਵੀ ਅਜਿਹੇ ਜੰਗਲ ਲਗਾਉਣ ਅਤੇ ਹਰਬਲ ਗਾਰਡਨ ਬਣਾਉਣ ਦੀ ਇੱਕ ਮੁਹਿੰਮ ਚਲਾਈ ਹੋਈ ਹੈ।

ਮਿੰਨੀ ਜੰਗਲਾਂ ਤੇ ਹਰਬਲ ਗਾਰਡਨਾਂ ਦੀ ਮੁਹਿੰਮ

ਗੁਰਪ੍ਰੀਤ ਸਿੰਘ ਸਰਾਂ ਮੁਤਾਬਕ ਉਹ 5 ਤਰੀਕਿਆਂ ਨਾਲ ਰੁੱਖ ਲਾਉਣ ਦੀ ਮੁਹਿੰਮ ਚਲਾ ਰਹੇ ਹਨ।

ਪਹਿਲਾ, ਉਹ ਅਜਿਹੀਆਂ ਜ਼ਮੀਨਾਂ ਦੀ ਤਲਾਸ਼ ਕਰਦੇ ਹਨ, ਜਿੱਥੇ ਰੁੱਖ ਲਗਾ ਕੇ ਜੰਗਲ ਵਿਕਸਿਤ ਕੀਤਾ ਜਾ ਸਕੇ।

ਇੱਥੇ ਰੁੱਖਾਂ ਦੇ ਨਾਲ-ਨਾਲ ਪੰਜਾਬ ਦੀਆਂ ਕੁਦਰਤੀ ਜੜੀਆਂ ਬੂਟੀਆਂ ਤੇ ਝਾੜੀਆਂ ਉੱਗ ਸਕਣ ਅਤੇ ਪੰਛੀ ਪੰਖੇਰੂ ਆਪਣਾ ਰੈਣ ਬਸੇਰਾ ਬਣਾ ਸਕਣ।

ਉਹ ਜਿੱਥੇ ਵੀ ਮਿੰਨੀ ਜੰਗਲ ਲਗਾਉਂਦੇ ਹਨ, ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ 90 ਫ਼ੀਸਦ ਪੰਜਾਬ ਦੇ ਰਵਾਇਤੀ ਰੁੱਖ ਹੀ ਲਗਾਉਣ।

ਉਨ੍ਹਾਂ ਦੇ ਇਸ ਉੱਦਮ ਤਹਿਤ ਫਰੀਦਕੋਟ ਵਿਚ 5000 ਏਕੜ ਰਕਬੇ ਵਿਚ ਫੈਲਿਆ ਬੀੜ ਦਾ ਇਲਾਕਾ, ਜਿੱਥੇ ਰੁੱਖ ਖ਼ਤਮ ਹੋ ਗਏ ਸਨ ਅਤੇ ਜੰਗਲੀ ਕਿੱਕਰ ਨੇ ਰਵਾਇਤੀ ਬਨਸਪਤੀ ਨੂੰ ਨਸ਼ਟ ਕਰ ਦਿੱਤਾ ਸੀ।

ਉੱਥੇ 10 ਏਕੜ ਰਕਬੇ ਵਿਚ 10,000 ਰੁੱਖ ਲਗਾਏ ਅਤੇ ਜੋ ਹੁਣ ਕਰੀਬ 6-7 ਹਜ਼ਾਰ ਪੂਰੇ ਦਰਖ਼ਤ ਬਣ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਅਜਿਹਾ ਉੱਦਮ ਚੱਲ ਰਿਹਾ ਹੈ।

ਦੂਜਾ, ਉਹ ਅਹਿਮ ਵਿਅਕਤੀਆਂ ਅਤੇ ਸੰਸਥਾਵਾਂ ਦੇ ਘਰਾਂ ਜਾਂ ਇਮਾਰਤਾਂ ਵਿਚ ਜਾ ਕੇ ਅਹਿਮ ਮੌਕਿਆਂ ਉੱਤੇ ਰੁੱਖ ਲਾਉਣ ਦੀ ਰਸਮ ਨਿਭਾਉਂਦੇ ਹਨ ਅਤੇ ਉਨ੍ਹਾਂ ਦੇ ਦੇਖ ਭਾਲ ਦੀ ਜ਼ਿੰਮੇਵਾਰੀ ਲੈਂਦੇ ਹਨ।

ਅਹਿਮ ਵਿਅਕਤੀਆਂ ਦੇ ਜਨਮ ਦਿਨ ਮੌਕੇ ਰੁੱਖ ਲਾਉਣ ਅਤੇ ਹਰ ਤਿਓਹਾਰ ਨੂੰ ਰੁੱਖਾਂ ਨਾਲ ਜੋੜ ਕੇ ਮਨਾਉਣ ਲਈ ਉੱਦਮ ਕਰਦੇ ਹਨ।

ਤੀਜਾ, ਉਹ ਛੋਟੀਆਂ ਥਾਵਾਂ ਉੱਤੇ ਖਾਸ ਕਰਕੇ ਸਕੂਲਾਂ ਵਿਚ ਹਰਬਲ ਗਾਰਡਨ ਬਣਾ ਰਹੇ ਹਨ। ਉਨ੍ਹਾਂ ਨੇ ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਦੇ ਪਿੰਡਾਂ ਵਿਚ 8 ਹਰਬਲ ਗਾਰਡਨ ਡਿਵੈਲਪ ਕੀਤੇ ਹਨ।

ਇਨ੍ਹਾਂ ਹਰਬਲ ਗਾਰਡਨਜ਼ ਵਿਚ ਉਹ ਮੈਡੀਸਨਲ ਪਲਾਂਟ ਲਗਾ ਕੇ ਲੋਕਾਂ ਨੂੰ ਇਸ ਵਿਰਾਸਤ ਪ੍ਰਤੀ ਸੁਚੇਤ ਕਰਦੇ ਹਨ ਅਤੇ ਘਰ-ਘਰ ਵਿਚ ਇਹ ਜੜ੍ਹੀਆਂ ਬੂਟੀਆਂ ਲਗਾ ਕੇ ਰੋਜ਼ਾਨਾਂ ਵਰਤੋਂ ਵਿਚ ਲਿਆਉਣ ਲਈ ਜਾਗਰੂਕ ਕਰਦੇ ਹਨ।

ਨਵਾਂ ਸ਼ਹਿਰ ਦੇ ਬਲਾਚੌਰ ਇਲਾਕੇ ਦੇ ਜੰਗਲਾਂ ਵਿਚ ਬੀੜ ਸੁਸਾਇਟੀ ਨੇ ਛੋਟੇ-ਛੋਟੇ ਚੈੱਕ ਡੈਮ ਅਤੇ ਟੌਬੇ ਬਣਾ ਕੇ ਜਿੱਥੇ ਜੰਗਲੀ ਜਾਨਵਰਾਂ ਲਈ ਮੀਂਹ ਦੇ ਪਾਣੀ ਦਾ ਪ੍ਰਬੰਧ ਕੀਤਾ ਹੈ।

ਉਵੇਂ ਹੀ ਘਾਹ-ਫੂਸ, ਜੜੀਆਂ ਬੂਟੀਆਂ ਅਤੇ ਰੁੱਖਾਂ ਤੇ ਬਨਸਪਤੀ ਲਈ ਪਾਣੀ ਮੁਹੱਈਆ ਕਰਵਾਇਆ ਹੈ।

ਮਿੰਨੀ ਜੰਗਲਾਂ ਨਾਲ ਕੀ ਬਦਲਿਆ

ਗੁਰਪ੍ਰੀਤ ਸਿੰਘ ਸਰਾਂ ਦੱਸਦੇ ਹਨ ਕਿ ਮਾਲਵੇ ਦਾ ਇਲਾਕਾ ਅਰਧ ਮਾਰੂਥਲ ਜਿਹਾ ਹੈ। ਇੱਥੇ ਪਾਣੀ ਦੀ ਘਾਟ ਰਹਿੰਦੀ ਹੈ ਅਤੇ ਜਿੱਥੋਂ ਕੋਈ ਥਾਂ ਮਿਲਦੀ ਹੈ, ਉੱਥੇ ਪਹਾੜੀ ਕਿੱਕਰ ਉੱਗ ਪੈਂਦੀ ਹੈ, ਜੋ ਸਥਾਨਕ ਬਨਸਪਤੀ ਨੂੰ ਖ਼ਤਮ ਕਰ ਦਿੰਦੀ ਹੈ।

ਇਸ ਇਲਾਕੇ ਵਿੱਚ ਕਾਰਕੁਨਾਂ ਵੱਲੋਂ ਪਹਾੜੀ ਕਿੱਕਰ ਦੀ ਥਾਂ ਹੁਣ ਰਵਾਇਤੀ ਰੁੱਖ ਨਜ਼ਰ ਆ ਰਹੇ ਹਨ।

ਇਨ੍ਹਾਂ ਮਿੰਨੀ ਜੰਗਲਾਂ ਨੂੰ ਪੂਰੀ ਤਰ੍ਹਾਂ ਜੰਗਲ ਦੇ ਅਸੂਲਾਂ ਵਾਂਗ ਹੀ ਰੱਖਿਆ ਜਾਂਦਾ ਹੈ, ਕਹਿਣ ਦਾ ਭਾਵ ਇੱਥੇ ਕੋਈ ਵਾਹੀ ਜਾਂ ਕੰਕਰੀਟ ਦੀ ਉਸਾਰੀ ਨਹੀਂ ਕੀਤੀ ਜਾਂਦੀ।

ਇਸ ਕਾਰਨ ਇਸ ਜੰਗਲ ਇਸ ਲਗਾਏ ਗਏ ਰੁੱਖਾਂ ਤੋਂ ਇਲਾਵਾ ਪੰਜਾਬ ਦੀ ਧਰਤੀ ਦੇ ਰਵਾਇਤੀ ਘਾਹ-ਫੂਸ ਅਤੇ ਜੜੀਆਂ ਬੂਟੀਆਂ ਉੱਗ ਰਹੀਆਂ ਹਨ।

ਇਨ੍ਹਾਂ ਵਿਚ ਤੋਤੇ, ਘੁੱਗੀਆਂ -ਗਟਾਰਾਂ ਅਤੇ ਹੋਰ ਪੰਛੀ ਪੰਖੇਰੂ ਦਿਖਦੇ ਹਨ। ਜੋ ਆਮ ਕਰਕੇ ਪਿੰਡਾਂ ਜਾਂ ਸ਼ਹਿਰਾਂ ਵਿਚੋਂ ਅਲੋਪ ਹੋ ਗਏ ਲੱਗਦੇ ਸਨ।

ਮਾਹਰਾਂ ਦੀ ਰਾਇ ਵਿਚ ਉੱਦਮ

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਵਾਤਾਵਰਨ ਮਾਹਰ ਡਾ. ਵੀਕੇ ਗਰਗ ਕਹਿੰਦੇ ਹਨ, ''ਮੁਹਿੰਮ ਸਰਕਾਰ ਨਾਲ ਹਰ ਥਾਂ ਪਹੁੰਚ ਸਕਦੀ ਹੈ ਅਤੇ ਨਾ ਸਰਕਾਰ ਸਾਰੇ ਕੰਮ ਕਰ ਸਕਦੀ ਹੈ। ਅਸੀਂ ਹੀ ਲੋਕ ਸਰਕਾਰ ਹਾਂ ਅਤੇ ਸਾਡਾ ਹੀ ਮੁਲਕ ਹੈ।''

''ਜਿੰਨਾ, ਮੈਂ ਇਸ ਨੱਥੋ ਕੇ ਮਿੰਨੀ ਜੰਗਲ ਵਿਚ ਘੁੰਮ ਕੇ ਦੇਖਿਆ, ਇਹ ਇਨ੍ਹਾਂ ਦਾ ਬਹੁਤ ਚੰਗਾ ਯਤਨ ਹੈ।''

ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਤਾਪਮਾਨ ਇਸ ਨਾਲ ਘਟਿਆ ਹੈ ਜਾਂ ਨਹੀਂ ਪਰ ਉਨ੍ਹਾਂ ਇੱਥੇ ਕਾਫ਼ੀ ਬਨਸਪਤੀ ਤੇ ਪੰਛੀ ਦੇਖੇ ਹਨ।

''ਪਰ ਮੈਂ ਕਹਿੰਦਾ ਹਾਂ ਕਿ ਤਾਪਮਾਨ ਕਿਉਂ ਵਧ ਕਿਹਾ ਹੈ, ਉਹ ਕਾਰਬਨ ਡਾਇਆਕਸਾਈਡ ਦੀ ਪੈਦਾਵਾਰ ਕਾਰਨ। ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੁੱਖ ਕਾਰਬਨ ਡਾਇਆਕਸਾਈਡ ਨੂੰ ਸੋਖ਼ਦਾ ਹੈ।''

''ਜਦੋਂ ਉਹ ਕਾਰਬਨ ਡਾਇਆਕਸਾਈਡ ਸੋਖੇਗਾ ਤਾਂ ਇਹ ਗੈਸ ਘਟੇਗੀ ਅਤੇ ਜਦੋਂ ਇਹ ਗੈਸ ਘਟੇਗੀ ਤਾਂ ਤਾਪਮਾਨ ਵੀ ਜਰੂਰ ਘਟੇਗਾ।''

ਡਾਕਟਰ ਗਰਗ ਕਹਿੰਦੇ ਹਨ ਕਿ ਇਹ ਗੱਲ ਸਮਝੋ ਕਿ ਪੰਜਾਬ ਅਤੇ ਹਰਿਆਣਾ ਅਜਿਹੇ ਸੂਬੇ ਹਨ, ਜਿੱਥੇ ਮੁਸ਼ਕਲ ਨਾਲ 2-3 ਫੀਸਦ ਜੰਗਲੀ ਰਕਬਾ ਹੀ ਬਚਿਆ ਹੈ।

ਇਸ ਖੇਤਰ ਵਿਚ ਹਰ ਰੁੱਖ ਹਨੇਰੇ ਵਿਚ ਆਸ ਦੀ ਕਿਰਨ ਵਰਗਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

''ਮੈਂ ਦੇਖਿਆ ਹੈ ਕਿ ਇਨ੍ਹਾਂ ਦੇ ਤਾਂ 35-40 ਕਿਸਮ ਦੇ ਰੁੱਖ ਲਗਾਏ ਹਨ ਅਤੇ ਜ਼ਿਆਦਾਤਰ ਇਸ ਖਿੱਤੇ ਦੇ ਰਵਾਇਤੀ ਰੁੱਖ ਹਨ। ਇਹ ਰੁੱਖ ਥੋੜੀ ਜਿਹੀ ਸੰਭਾਲ ਤੋਂ ਬਾਅਦ ਖੁਦ ਹੀ ਵਧਦੇ ਹਨ ਅਤੇ ਆਕਸੀਜਨ ਪੈਦਾ ਕਰਦੇ ਹਨ।''

''ਇਨ੍ਹਾਂ ਰੁੱਖਾਂ ਦਾ ਕਲਾਈਮੇਟ ਚੇਂਜ਼ ਖ਼ਿਲਾਫ਼ ਟਾਕਰੇ ਵਿਚ ਬਹੁਤ ਵੱਡਾ ਯੋਗਦਾਨ ਹੈ। ਇਹ ਜੈਵਿਕ ਵਿਭਿੰਨਤਾ ਨੂੰ ਵੀ ਵਧਾਉਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਵਿਰਾਸਤੀ ਰੁੱਖਾਂ ਬਾਰੇ ਜਾਗਰੂਕ ਕਰਨਗੇ।''

''ਪਹਿਲਾਂ ਤਾਂ ਜਿਸ ਜ਼ਮੀਨ ਉੱਤੇ ਇਹ ਜੰਗਲ ਵਿਕਸਤ ਕੀਤਾ ਗਿਆ ਉਹ ਕਰੋੜਾਂ ਰੁਪਏ ਦੀ ਜ਼ਮੀਨ ਹੈ। ਉਨ੍ਹਾਂ ਲੋਕਾਂ ਨੇ ਜੰਗਲ ਲਈ ਜ਼ਮੀਨ ਦੇ ਦਿੱਤੀ, ਜੋ ਨਾ ਇੱਥੋਂ ਲੱਕੜ ਲੈਣਗੇ ਅਤੇ ਨਾ ਹੀ ਹੋਰ ਕੋਈ ਲਾਭ।''

''ਪੁਰਾਣੇ ਸਮਿਆਂ ਵਿਚ ਪੰਜਾਬ ਅਤੇ ਹਰਿਆਣਾ ਵਿਚ ਹਰ ਪਿੰਡ-ਪਿੰਡ ਅਜਿਹੇ ਮਿੰਨੀ ਜੰਗਲ (ਚਰਾਂਦ) ਹੁੰਦੇ ਸਨ, ਜੇਕਰ ਹੁਣ ਵੀ ਸਰਕਾਰ ਅਜਿਹੇ ਮਿੰਨੀ ਜੰਗਲ ਡਿਵੈਲਪ ਕਰੇ ਤਾਂ ਦਰ ਦਰ ਭਟਕਦੀਆਂ ਗਾਵਾਂ ਤੇ ਪਸ਼ੂਆਂ ਨੂੰ ਵੀ ਆਸਰਾ ਮਿਲ ਜਾਵੇਗਾ।''

''ਮੈਂ ਇਸ ਯਤਨ ਨੂੰ ਸਲਾਮ ਕਰਦਾ ਹਾਂ ਇਹ ਮਿਸ਼ਨ ਹੋਰ ਅੱਗੇ ਵਧਣਾ ਚਾਹੀਦਾ ਹੈ।''

ਪੰਜਾਬ ਕੇਂਦਰੀ ਯੂਨੀਵਰਿਸਟੀ ਬਠਿੰਡਾ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਕਹਿੰਦੇ ਹਨ ਕਿ ਭਾਰਤੀ ਸਮਾਜ ਨੇ ਕਦੇ ਵੀ ਸਰਕਾਰਾਂ ਉੱਤੇ ਝਾਕ ਨਹੀਂ ਰੱਖੀ।

ਬੀੜ ਸੁਸਾਇਟੀ ਦੇ ਉੱਦਮ ਨੂੰ ਦੇਖ ਕੇ ਲਗਦਾ ਹੈ ਕਿ ਮੋਗਾ ਦਾ ਇਹ ਛੋਟਾ ਜਿਹਾ ਪਿੰਡ ਸਮਾਜ ਦੇ ਸਵੈ ਉੱਦਮ ਰਾਹੀ ਗਲਾਸਗੋ ਦੇ ਨੀਤੀ ਘਾੜਿਆ ਨੂੰ ਮੌਸਮੀ ਤਬਦੀਲੀ ਨਾਲ ਲੜਨ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ ਦੇ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)