You’re viewing a text-only version of this website that uses less data. View the main version of the website including all images and videos.
ਪੁੰਛ ਸੈਕਟਰ ਵਿੱਚ ਫੌਜ ਦਾ ਕੱਟੜਪੰਥੀਆਂ ਨਾਲ ਮੁਕਾਬਲਾ, ਪੰਜਾਬ ਦੇ ਤਿੰਨ ਜਵਾਨਾਂ ਸਮੇਤ 5 ਜਵਾਨਾਂ ਦੀ ਮੌਤ
ਸੋਮਵਾਰ ਸਵੇਰ ਤੋਂ ਹੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਲਾਈਨ ਆਫ਼ ਕੰਟਰੋਲ ਨਾਲ ਲਗਦੇ ਇਲਾਕੇ ਵਿੱਚ ਭਾਰਤੀ ਫ਼ੌਜ ਅਤੇ ਕੱਟੜਪੰਥੀਆਂ ਵਿਚਕਾਰ ਇੱਕ ਮੁਕਾਬਲਾ ਸ਼ੁਰੂ ਹੋਇਆ।
ਇਸ ਮੁਕਾਬਲੇ ਵਿੱਚ ਜੇਸੀਓ ਸਣੇ ਪੰਜ ਸਿਪਾਹੀਆਂ ਦੀ ਮੌਤ ਹੋ ਗਈ ਹੈ।
ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਇਹ ਗੋਲੀਬਾਰੀ ਦੇਹਰਾ ਕੀ ਗਲੀ ਵਿੱਚ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਵਿੱਚ ਖੂਫ਼ੀਆ ਰਿਪੋਰਟਾਂ ਦੇ ਅਧਾਰ 'ਤੇ ਕੀਤੀ ਗਈ।
ਇਸ ਤੋਂ ਇਲਾਵਾ ਇੱਕ ਦੂਜਾ ਮੁਕਾਬਲਾ ਪੁੰਛ ਦੀ ਹੀ ਮੁਗ਼ਲ ਰੋਡ ਦੇ ਨਾਲ ਲਗਦੇ ਚਾਮਰਰ ਜੰਗਲਾਂ ਵਿੱਚ ਹੋਇਆ।
ਸ਼ੱਕ ਸੀ ਕਿ ਇਸ ਇਲਾਕੇ ਵਿੱਚ ਤਿੰਨ ਤੋਂ ਪੰਜ ਕੱਟੜਪੰਥੀ ਲੁਕੇ ਹੋ ਸਕਦੇ ਹਨ। ਕੱਟੜਪੰਥੀਆਂ ਦੀ ਭਾਲ ਜਾਰੀ ਹੈ।
ਦੇਵੇਂਦਰ ਆਨੰਦ ਨੇ ਦੱਸਿਆ, "ਹਾਲੇ ਤੱਕ ਮਿਲੀ ਜਾਣਕਾਰੀ ਮੁਤਾਬਕ ਪੁੰਛ ਸੈਕਟਰ ਵਿੱਚ ਸੋਮਵਾਰ ਸਵੇਰ ਤੋਂ ਚਲਾਏ ਜਾ ਰਹੇ ਤਲਾਸ਼ੀ ਅਭਿਆਨ ਦੇ ਦੌਰਾਨ ਕੱਟੜਪੰਥੀਆਂ ਦੇ ਨਾਲ ਹੋਏ ਮੁਕਾਬਲੇ ਵਿੱਚ ਇੱਕ ਜੇਸੀਓ ਸਮੇਤ ਭਾਰਤੀ ਫ਼ੌਜ ਦੇ ਪੰਜ ਜਵਾਨ ਮਾਰੇ ਗਏ ਹਨ। ਇਹ ਅਪਰੇਸ਼ਨ ਅਜੇ ਚੱਲ ਰਿਹਾ ਹੈ।"
ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਹ ਆਪਰੇਸ਼ਨ ਇੱਕ ਗੂਪਤ ਇਤਲਾਹ ਮਿਲਣ ਤੋਂ ਬਾਅਦ ਸੁਰਨਕੋਟ ਤਹਿਸੀਲ ਦੇ ਡੇਰਾ ਕੀ ਗਲੀ ਇਲਾਕੇ ਵਿੱਚ ਚਲਾਇਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਵਿੱਚ ਗੰਭੀਰ ਰੂਪ ਵਿੱਚ ਫਟੱੜ ਹੋਏ ਜਵਾਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੰਜਾਬ ਤੋਂ ਕਿਹੜੇ ਜਵਾਨਾਂ ਦੀ ਜਾਨ ਗਈ
ਪੰਜਾਬ ਤੋਂ ਜਿਹੜੇ ਜਵਾਨਾਂ ਦੀ ਇਸ ਮੁਕਾਬਲੇ ਵਿੱਚ ਮੌਤ ਹੋਈ ਹੈ ਉਨ੍ਹਾਂ ਦੇ ਵੇਰਵੇ ਇਸ ਤਰ੍ਹਾਂ ਹਨ-
ਨਾਇਬ ਸੂਬੇਦਾਰ ਜਸਵਿੰਦਰ ਸਿੰਘ (ਐੱਸਐੱਮ), ਪਿੰਡ ਮਾਨਾਂ ਤਲਵੰਡੀ, ਜਿਲ੍ਹਾ ਕਪੂਰਥਲਾ
ਨਾਇਕ ਮਨਦੀਪ ਸਿੰਘ, ਪਿੰਡ ਚੱਠਾ ਸੀੜਾ, ਜ਼ਿਲਾ ਗੁਰਰਦਾਸਪੁਰ
ਸਿਪਾਹੀ ਗੱਜਣ ਸਿੰਘ, ਪਿੰਡ ਪੰਚਹਰਾਂਡਾ ਜਿਲ੍ਹਾ ਰੋਪੜ
ਪੰਜਾਬ ਸਰਕਾਰ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: