‘ਪੰਜਾਬ ਵਿੱਚ ਭਾਜਪਾ 117 ਸੀਟਾਂ ’ਤੇ ਚੋਣ ਲੜੇਗੀ ਤੇ ਵੱਡੇ ਆਗੂ ਆ ਕੇ ਕਰਨਗੇ ਪ੍ਰਚਾਰ’- ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਿੰਦੇ ਰਹਾਂਗੇ।

ਪੰਜਾਬ ਵਿੱਚ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ਉੱਤੇ ਚੋਣ ਲੜੇਗੀ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਪੰਜਾਬ ਵਿੱਚ ਆ ਕੇ ਚੋਣ ਪ੍ਰਚਾਰ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ ਭਾਜਪਾ ਦੇ ਆਗੂਆਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਜਿਸ ਕਾਰਨ ਉਹ ਉਨ੍ਹਾਂ ਨੂੰ ਆਪਣੇ ਪਾਰਟੀ ਦੇ ਕੰਮਾਂ ਨੂੰ ਪੂਰਾ ਕਰਨਾ ਵੀ ਔਖਾ ਹੋ ਰਿਹਾ ਹੈ।

ਇਹ ਵੀ ਪੜ੍ਹੋ:

ਸੁਨੀਲ ਜਾਖੜ ਨੇ ਅਸਤੀਫ਼ੇ ਬਾਰੇ ਕੀ ਕਿਹਾ?

ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੇ ਕਿਹਾ, “ਕਾਂਗਰਸ ਪੰਜਾਬ ਵਿੱਚ ਪੂਰੀ ਤਾਕਤ ਨਾਲ ਲੜੇਗੀ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਜੇਕਰ ਕਿਸੇ ਹੋਰ ਨੂੰ ਪੀਸੀਸੀ ਮੁਖੀ ਨਿਯੁਕਤ ਕਰਨ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ।”

ਉਨ੍ਹਾਂ ਨੇ ਕਿਹਾ, "ਸੁਨੀਲ ਜਾਖੜ ਕਦੇ ਵੀ ਕਾਂਗਰਸ ਦੀ ਇਕਜੁਟਤਾ ਅਤੇ ਮਜ਼ਬੂਤੀ ਅੰਦਰ ਰੋੜਾ ਨਹੀਂ ਬਣੇਗਾ।"

ਟਿਕਰੀ ਬਾਰਡਰ ਰੇਪ ਕੇਸ 'ਚ ਸਾਬਕਾ ਫੌਜੀ ਗ੍ਰਿਫ਼ਤਾਰ, ਪੁਲਿਸ ਨੇ ਹੋਰ ਕੀ ਦੱਸਿਆ

ਕਿਸਾਨ ਅੰਦੋਲਨ ਦੇ ਦੌਰਾਨ ਪੱਛਮੀ ਬੰਗਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੇ ਮੁਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਨੂੰ ਭਿਵਾਨੀ ਦੇ ਭੀਮ ਸਟੇਡੀਅਮ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦਾ ਪੁਲਿਸ ਨੂੰ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ।

ਇਲਜ਼ਾਮ ਹੈ ਕਿ ਮੁਲਜ਼ਮ ਅਨਿਲ ਮਲਿਕ ਨੇ ਆਪਣੇ ਫ਼ੋਨ ਨਾਲ ਬਲਾਤਕਾਰ ਦੀ ਵੀਡੀਓ ਬਣਾ ਕੇ ਪੀੜਤਾ ਨੂੰ ਬਲੈਕਮੇਲ ਕੀਤਾ ਸੀ।

ਡੀਐੱਸਪੀ ਪਵਨ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਪੁਲਿਸ ਨੇ ਅਨਿਲ ਮਲਿਕ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਈਨਾਮੀਆ ਐਲਾਨਿਆ ਸੀ। ਮੁਲਜ਼ਮ ਦਾ ਮੋਬਾਈਲ ਵੀ ਪੁਲਿਸ ਨੇ ਬਰਾਮਦ ਕਰਨਾ ਹੈ।

ਪੁਲਿਸ ਮੁਤਾਬਕ, ''ਮੁਲਜ਼ਮ ਕਿਸਾਨ ਅੰਦੋਲਨ ਵਿੱਚ ਕਿਸਾਨ ਸੋਸ਼ਲ ਆਰਮੀ ਬਣਾ ਕੇ ਸਰਗਰਮ ਸਨ। 12 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਪੀੜਤਾ ਨੂੰ ਟਿਕਰੀ ਬਾਰਡਰ ਲੈ ਕੇ ਆਏ ਸਨ। 9 ਮਈ ਨੂੰ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਦੋ ਔਰਤਾਂ ਸਮੇਤ ਛੇ ਜਣਿਆਂ ਦੇ ਨਾਂਅ ਸਨ। 30 ਅਪ੍ਰੈਲ ਨੂੰ ਪੀੜਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।''

ਇਲਜ਼ਾਮ ਹੈ ਕਿ ਪੀੜਤਾ ਨਾਲ ਰੇਲ ਗੱਡੀ ਅਤੇ ਫਿਰ ਕਿਸਾਨ ਅੰਦੋਲਨ ਦੀ ਇੱਕ ਝੋਂਪੜੀ ਵਿੱਚ ਵੀ ਰੇਪ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਭਾਰਤੀ ਫੌਜ ਵਿੱਚ ਰਿਹਾ ਹੈ ਅਤੇ ਉਸਨੇ 2016 ਵਿੱਚ ਰਿਟਾਇਰਮੈਂਟ ਲਈ ਸੀ।

ਭਾਰਤ ਵਿੱਚ ਦੋ ਇਟਾਲੀਅਨ ਨੌਸੈਨਿਕਾਂ ਖ਼ਿਲਾਫ ਕਾਰਵਾਈ ਬੰਦ ਕਰਨ ਲਈ ਸੁਪਰੀਮ ਕੋਰਟ ਸਹਿਮਤ

ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਵਿੱਚ ਦੋ ਇਟਾਲੀਅਨ ਨੌਸੈਨਿਕਾਂ, ਮਾਸਮਿਲਿਆਨੋ ਲਾਤੋਰੈ ਅਤੇ ਸੈਲਵਾਤੋਰ ਗਿਰੋਨੇ, ਖ਼ਿਲਾਫ਼ ਕਾਰਵਾਈ ਬੰਦ ਕਰਨ ਲਈ ਸਹਿਮਤ ਹੋ ਰਿਹਾ ਹੈ।

ਅਦਾਲਤ ਇਹ ਸਹਿਮਤੀ ਉਦੋਂ ਜਤਾਈ ਜਦੋਂ ਕੇਰਲ ਸਰਕਾਰ ਸਣੇ ਵਕੀਲਾਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਕਿ ਇਟਲੀ ਸਰਕਾਰ ਨੇ 10 ਕਰੋੜ ਰੁਪਏ ਦੀ ਰਾਸ਼ੀ ਸੁਪਰੀਮ ਕੋਰਟ ਦੀ ਰਜਿਸਟ੍ਰੀ ਵਿੱਚ ਜਮਾ ਕਰ ਦਿੱਤੀ ਹੈ।

ਕੇਂਦਰ ਸਰਕਾਰ ਦੇ ਵਕੀਲ ਸਾਲਿਸਟਰ ਜਨਰਲ (ਐੱਸਜੀ) ਤੁਸ਼ਾਰ ਮਹਿਤ ਨੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਕਿ ਪੀੜਤਾਂ ਨੂੰ ਭੁਗਤਾਨ ਲਈ ਅਦਾਲਤ ਕੋਲ 10 ਕਰੋੜ ਰੁਪਏ ਦਾ ਮੁਆਵਜ਼ਾ ਜਮ੍ਹਾਂ ਕੀਤਾ ਗਿਆ ਹੈ।

ਜਸਟਿਸ ਐੱਮਆਰ ਅਤੇ ਜਸਟਿਸ ਇੰਦਰਾ ਬੈਨਰਜੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ, "ਅਸੀਂ ਮੰਗਲਵਾਰ ਨੂੰ (ਰਸਮੀ) ਆਦੇਸ਼ ਜਾਰੀ ਕਰਾਂਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)