ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਅਜਿਹਾ ਕੀ ਪੋਸਟ ਕੀਤਾ, ਕਿ ਮਾਫ਼ੀ ਮੰਗਣੀ ਪਈ

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਹੇ ਹਰਭਜਨ ਸਿੰਘ ਨੇ ਆਪਣੀ ਵਿਵਾਦਪੂਰਨ ਇੰਸਟਾਗ੍ਰਾਮ ਪੋਸਟ ਲਈ ਮਾਫ਼ੀ ਮੰਗੀ ਹੈ।

ਹਰਭਜਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਮਾਫ਼ੀਨਾਮਾ ਪੋਸਟ ਕੀਤਾ ਹੈ।

ਦਰਅਸਲ ਬੀਤੇ ਦਿਨੀਂ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਹਰਭਜਨ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ।

ਇਹ ਵੀ ਪੜ੍ਹੋ-

ਜਿਸ ਵਿੱਚ ਲਿਖਿਆ ਸੀ, '6 ਜੂਨ 1984 ਨੂੰ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਪ੍ਰਣਾਮ'। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ।

ਸੋਸ਼ਲ ਮੀਡੀਆ ’ਤੇ ਟ੍ਰੋਲ ਹੋਏ ਹਰਭਜਨ

ਸੋਮਿਆਦੀਪਤਾ ਨਾਮ ਦੇ ਯੂਜ਼ਰ ਨੇ ਟਵਿਟਰ ’ਤੇ ਲਿਖਿਆ ਕਿ ਹਰਭਜਨ ਸਿੰਘ ਨੇ ਅਜਿਹਾ ਲਿਖ ਕੇ ਆਪਣੀ ਇੱਜ਼ਤ ਗੁਆ ਲਈ ਹੈ।

“ਮੈਂ ਉਸ ਵੇਲੇ ਵੀ ਹੈਰਾਨ ਹੋਇਆ ਸੀ ਜਦੋਂ ਉਨ੍ਹਾਂ ਨੇ ਸ਼ਾਹਿਦ ਅਦਰੀਦੀ ਦੇ ਸਮਰਥਨ ’ਚ ਟਵੀਟ ਕੀਤਾ ਸੀ। ਚੰਗਾ ਹੋਇਆ ਕਿ ਉਸ ਵੇਲੇ ਉਨ੍ਹਾਂ ਨੇ ਮਾਫ਼ੀ ਮੰਗੀ। ਉਨ੍ਹਾਂ ਨੂੰ ਭਿੰਡਰਾਂਵਾਲੇ ਦੀ ਪ੍ਰਸ਼ੰਸਾ ਕਰਨ ਲਈ ਵੀ ਮਾਫੀ ਮੰਗਣੀ ਚਾਹੀਦੀ ਹੈ।”

ਉਨ੍ਹਾਂ ਕਿਹਾ ਕਿ ਕੋਈ ਵੀ ਭਾਰਤੀ ਭਿੰਡਰਾਂਵਾਲਾ ਦਾ ਸਮਰਥਨ ਨਹੀਂ ਕਰ ਸਕਦਾ।

ਵਰੁਣ ਕੁਮਾਰ ਰਾਣਾ ਨਾਮ ਦੇ ਟਵਿਟਰ ਯੂਜ਼ਰ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਕ੍ਰਿਕੇਟਰ ਹਰਭਜਨ ਸਿੰਘ ਲਈ ‘ਸ਼ਹੀਦ’ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਸ਼ਖ਼ਸ ਭਾਰਤ ਲਈ 103 ਟੈਸਟ ਮੈਚ ਅਤੇ 236 ਓਡੀਆਈ ਮੈਚ ਖੇਡ ਚੁੱਕਿਆ ਹੈ।

ਇੱਕ ਹੋਰ ਟਵਿਟਰ ਯੂਜ਼ਰ ਅੰਕਿਤ ਜੈਨ ਨੇ ਲਿਖਿਆ, “ਭਿੰਡਰਾਂਵਾਲਾ ਨੇ ਕਿੰਨੇ ਹਿੰਦੂਆਂ ਨੂੰ ਮਾਰਿਆ, ਇਸ ਦੀ ਕੋਈ ਗਿਣਤੀ ਨਹੀਂ ਹੈ। ਭਾਰਤੀਆਂ ਵੱਲੋਂ ਦਿੱਤੇ ਪਿਆਰ ਦੀ ਕੀਮਤ ਹਰਭਜਨ ਸਿੰਘ ਤਰ੍ਹਾਂ ਚੁਕਾ ਰਹੇ ਹਨ।

ਅਭਿਨਵ ਸ਼੍ਰੀਵਾਸਤਵ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਭਿੰਡਰਾਂਵਾਲਾ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਮਿਲੇ ਦਰਦ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ।

ਆਪਣੀ ਮਾਫ਼ੀ ’ਚ ਹਰਭਜਨ ਨੇ ਕੀ ਕਿਹਾ

ਹਰਭਜਨ ਨੇ ਆਪਣੀ ਮਾਫ਼ੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਵੱਟਸਐਪ ਦੇ ਫਾਰਵਰਡ ਮੈਸੇਜ ਨੂੰ ਜਲਦਬਾਜ਼ੀ ਵਿੱਚ ਪੋਸਟ ਕਰ ਦਿੱਤਾ ਸੀ।

ਉਨ੍ਹਾਂ ਨੇ ਅੱਗੇ ਲਿਖਿਆ, 'ਇਹ ਮੇਰੀ ਗ਼ਲਤੀ ਸੀ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਇਸ ਪੋਸਟ ਵਿੱਚ ਜਿਸ ਦੀ ਤਸਵੀਰ ਹੈ, ਮੈਂ ਉਨ੍ਹਾਂ ਦਾ ਕਿਸੇ ਵੀ ਤਰੀਕੇ ਨਾਲ ਸਮਰਥਨ ਨਹੀਂ ਕਰਦਾ। ਮੈਂ ਇੱਕ ਸਿੱਖ ਹਾਂ, ਜੋ ਦੇਸ਼ ਲਈ ਲੜੇਗਾ, ਨਾ ਕਿ ਦੇਸ਼ ਦੇ ਖ਼ਿਲਾਫ਼।"

"ਮੈਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ। ਮੈਂ ਨਾ ਤਾਂ ਆਪਣੇ ਦੇਸ਼ ਵਾਸੀਆਂ ਦੇ ਖਿਲਾਫ ਕਿਸੇ ਸਮੂਹ ਦਾ ਸਮਰਥਨ ਕਰਦਾ ਹਾਂ ਅਤੇ ਨਾ ਹੀ ਕਦੇ ਕਰਾਂਗਾ।"

"ਮੈਂ ਇਸ ਦੇਸ਼ ਲਈ 20 ਸਾਲਾਂ ਤੋਂ ਖੂਨ ਅਤੇ ਪਸੀਨਾ ਵਹਾਇਆ ਹੈ, ਮੈਂ ਕਦੇ ਵੀ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਾਂਗਾ ਜੋ ਭਾਰਤ ਦੇ ਵਿਰੁੱਧ ਹੋਵੇਗੀ। ਜੈ ਹਿੰਦ।''

ਕੀ ਹੈ ਮਾਮਲਾ?

ਦਰਅਸਲ ਬੀਤੇ ਦਿਨੀਂ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਹਰਭਜਨ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ।

ਉਨ੍ਹਾਂ ਨੇ ਹਾਲਾਂਕਿ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਪੋਸਟ 'ਚ ਭਿੰਡਰਾਂਵਾਲੇ ਦੇ ਨਾਮ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਨਹੀਂ ਕੀਤਾ ਸੀ।

ਫਿਰ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਕਾਰਨ ਉਨ੍ਹਾਂ ਨੇ ਮਾਫ਼ੀ ਮੰਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)