ਮਿਊਕੋਰਮਾਇਕੋਸਿਸ: ਸ਼ੂਗਰ ਦੇ ਮਰੀਜ਼ਾਂ ਲਈ ਗੰਭੀਰ ਹੈ ਬਲੈਕ ਫੰਗਸ, ਪੰਜਾਬ ਦੇ ਜਾਣੋਂ ਤਾਜ਼ਾ ਹਾਲਾਤ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਚ ਕੋਰੋਨਾਵਾਇਰਸ ਦੇ ਨਾਲ ਨਾਲ ਬਲੈਕ ਫੰਗਸ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸੂਬਾ ਸਰਕਾਰ ਮੁਤਾਬਕ ਹੁਣ ਤੱਕ ਇਸ ਬਿਮਾਰੀ ਦੇ 300 ਕੇਸ ਪੰਜਾਬ ਵਿਚ ਰਿਪੋਰਟ ਹੋਏ ਹਨ ਇਹਨਾਂ ਵਿਚੋਂ 43 ਦੀ ਮੌਤ ਵੀ ਹੋ ਚੁੱਕੀ ਹੈ।

ਬਿਮਾਰੀ ਦੀ ਭਿਆਨਕਤਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮਹਾਂਮਾਰੀ ਰੋਗ ਐਕਟ ਤਹਿਤ ਮਿਊਕੋਰਮਾਇਕੋਸਿਸ ਨੂੰ ਨੋਟੀਫਾਈਡ ਕੀਤਾ ਜਾ ਚੁੱਕਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੁਤਾਬਕ ਸੂਬਾ ਸਰਕਾਰ ਮਿਊਕੋਰਮਾਇਕੋਸਿਸ (ਬਲੈਕ ਫੰਗਸ) ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਉਸੇ ਭਾਵਨਾ ਨਾਲ ਕੰਮ ਕਰ ਰਹੀ ਹੈ ਜਿਸ ਤਰੀਕੇ ਨਾਲ ਕੋਵਿਡ ਦੀ ਰੋਕਥਾਮ ਲਈ ਲੜਾਈ ਲੜੀ ਜਾ ਰਹੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮਿਊਕੋਰਮਾਇਕੋਸਿਸ ਦੇ ਕੇਸਾਂ ਵਿਚ ਸ਼ੂਗਰ ਰੋਗ ਜੋਖ਼ਮ ਦਾ ਇੱਕ ਵੱਡਾ ਕਾਰਨ ਹੈ।

ਪੰਜਾਬ ਦੇ ਕੀ ਹਨ ਹਾਲਾਤ

ਪੰਜਾਬ ਵਿਚ ਇਸ ਬਿਮਾਰੀ ਦੇ ਵੇਰਵੇ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਹੁਣ ਤੱਕ ਮਿਊਕੋਰਮਾਇਕੋਸਿਸ ਦੇ 300 ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 259 ਕੇਸ ਪੰਜਾਬ ਅਤੇ 41 ਕੇਸ ਦੂਜੇ ਰਾਜਾਂ ਨਾਲ ਸਬੰਧਿਤ ਹਨ।

ਸਿਹਤ ਵਿਭਾਗ ਮੁਤਾਬਕ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ 23 ਮਰੀਜ਼ ਠੀਕ ਹੋ ਗਏ ਹਨ ਅਤੇ 234 ਮਰੀਜ਼ ਇਲਾਜ ਅਧੀਨ ਹਨ।

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਮਿਊਕੋਰਮਾਇਕੋਸਿਸ ਦੇ 25 ਫ਼ੀਸਦੀ ਕੇਸ 18-45 ਉਮਰ ਵਰਗ, 38 ਫ਼ੀਸਦੀ ਕੇਸ 45-60 ਉਮਰ ਵਰਗ ਅਤੇ 36 ਫ਼ੀਸਦੀ ਕੇਸ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਅਕਤੀਆਂ ਵਿੱਚ ਰਿਪੋਰਟ ਕੀਤੇ ਗਏ ਹਨ।

ਵਿਭਾਗ ਮੁਤਾਬਕ ਮਿਊਕੋਰਮਾਇਕੋਸਿਸ ਦੇ ਤਕਰੀਬਨ 80 ਫ਼ੀਸਦੀ ਕੇਸ ਕੋਵਿਡ ਨਾਲ ਸਬੰਧਿਤ ਹਨ ਅਤੇ 87 ਫ਼ੀਸਦੀ ਕੇਸਾਂ ਵਿੱਚ ਸ਼ੂਗਰ ਦੀ ਬਿਮਾਰੀ ਜੋਖ਼ਮ ਦੇ ਵੱਡੇ ਕਾਰਕ ਵਜੋਂ ਸਾਹਮਣੇ ਆਈ ਹੈ।

ਸਿਹਤ ਵਿਭਾਗ ਨੇ ਦੱਸਿਆ ਕਿ ਮਰਨ ਵਾਲੇ 43 ਮਰੀਜ਼ਾਂ ਵਿਚੋਂ 88 ਫ਼ੀਸਦੀ ਕੋਵਿਡ ਤੋਂ ਪੀੜਤ ਸਨ, 86 ਫ਼ੀਸਦੀ ਮਰੀਜ਼ਾ ਨੇ ਪਹਿਰਾਂ ਸਟੋਰੌਇਡ ਦੀ ਵਰਤੋਂ ਕੀਤੀ ਸੀ ਜਿਸ ਵਿਚ ਜ਼ਿਆਦਾਤਰ ਮਰੀਜ਼ ਸ਼ੂਗਰ ਤੋਂ ਪੀੜਤ ਸਨ।

ਪੰਜਾਬ ਦੇ ਸਿਹਤ ਵਿਭਾਗ ਨੇ ਉਨ੍ਹਾਂ ਮਰੀਜ਼ਾ ਨੂੰ ਅਪੀਲ ਕੀਤੀ ਹੈ, ਜਿੰਨਾ ਦਾ ਟੈੱਸਟ ਕੋਵਿਡ ਪੌਜ਼ੀਟਿਵ ਆਇਆ ਹੈ ਜਾਂ ਉਹ ਕੋਵਿਡ ਤੋਂ ਪੀੜਤ ਰਹੇ ਹਨ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਸ਼ੂਗਰ ਵੀ ਹੈ, ਉਹ ਸਟੇਰੌਇਡ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ।

ਇਹ ਵੀ ਪੜ੍ਹੋ

ਕੀ ਹੈ ਮਿਊਕੋਰਮਾਇਕੋਸਿਸ?

ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।

ਡਾ. ਅਕਸ਼ੇ ਦੱਸਦੇ ਹਨ, "ਇਸ ਦੇ ਕਣ ਬਹੁਤ ਆਮ ਜਗ੍ਹਾ ਵਿੱਚ ਪਾਏ ਜਾਂਦੇ ਹਨ। ਮਿੱਟੀ, ਹਵਾ ਅਤੇ ਕਦੇ ਕਦੇ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ।"

ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।

ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।

ਇਹ ਸਟੀਰੌਇਡ ਕੋਰੋਨਾਵਾਇਰਸ ਦੀ ਲਾਗ ਦੌਰਾਨ ਫੇਫੜਿਆਂ ਖ਼ਿਲਾਫ਼ ਇਨਫੈਕਸ਼ਨ ਲਈ ਮਦਦਗਾਰ ਹਨ ਪਰ ਇਹ ਖੂਨ ਵਿਚ ਸ਼ੂਗਰ ਦੇ ਲੈਵਲ ਨੂੰ ਵਧਾ ਦਿੰਦੀਆਂ ਹਨ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਘਟਾ ਦਿੰਦੀਆਂ ਹਨ।

ਡਾ. ਅਕਸ਼ੈ ਮੁੰਬਈ ਦੇ ਤਿੰਨ ਹਸਪਤਾਲਾਂ ਵਿੱਚ ਕੰਮ ਕਰਦੇ ਹਨ, ਜੋ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਉਨ੍ਹਾਂ ਨੇ ਦੱਸਿਆ ਕਿ ਅਪਰੈਲ ਵਿੱਚ ਇਸ ਬਿਮਾਰੀ ਕਾਰਨ 40 ਮਰੀਜ਼ ਆਏ ਸਨ ਅਤੇ ਇਨ੍ਹਾਂ ਵਿੱਚੋਂ ਕਈ ਡਾਈਬੀਟੀਜ਼ ਦੇ ਮਰੀਜ਼ ਸਨ ਅਤੇ ਘਰ ਵਿੱਚ ਹੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਨ੍ਹਾਂ ਮਰੀਜ਼ਾਂ ਵਿਚੋਂ 11 ਦੀਆਂ ਅੱਖਾਂ ਇਲਾਜ ਦੌਰਾਨ ਕੱਢਣੀਆਂ ਪਈਆਂ।

ਦਸੰਬਰ ਅਤੇ ਫਰਵਰੀ ਵਿੱਚ ਡਾ. ਅਕਸ਼ੈ ਨਾਲ ਕੰਮ ਕਰਨ ਵਾਲੇ ਛੇ ਡਾਕਟਰਾਂ ਨੇ ਮੁੰਬਈ, ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਪੁਣੇ ਵਿੱਚ ਇਸ ਫੰਗਲ ਇਨਫੈਕਸ਼ਨ ਦੇ 58 ਮਰੀਜ਼ਾਂ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)