You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਸਟਰੇਲੀਆ ਦੇ ਕਿਹੜੇ ਸੂਬੇ 'ਚ ਵਧਿਆ ਲੌਕਡਾਊਨ ਤੇ ਪਾਕਿਸਤਾਨ 'ਚ ਬਣੀ ਕਿਹੜੀ ਵੈਕਸੀਨ- ਅਹਿਮ ਖ਼ਬਰਾਂ
ਇਸ ਪੇਜ ਰਾਹੀਂ ਤੁਸੀਂ ਕੋਰੋਨਾਵਾਇਰਸ ਅਤੇ ਦੇਸ਼-ਦੁਨੀਆਂ ਨਾਲ ਜੁੜੀਆਂ ਅਹਿਮ ਖਬਰਾਂ ਜਾਣੋ।
ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਕਹਿਰ ਜਾਰੀ ਹੈ। ਇਕ ਸਮੇਂ ਭਾਰਤ ਵਿੱਚ ਚਾਰ ਲੱਖ ਨਵੇਂ ਮਾਮਲੇ ਆ ਰਹੇ ਸਨ। ਹੁਣ ਮਾਮਲਿਆਂ ਵਿੱਚ ਕੁਝ ਕਮੀ ਜ਼ਰੂਰ ਆਈ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਨਿਊਜ਼ ਏਜੰਸੀ ਏਐਨਆਈ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਦੌਰਾਨ ਭਾਰਤ ਵਿੱਚ 594 ਡਾਕਟਰਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੇ 3 ਡਾਕਟਰ ਵੀ ਇਸ ਦੂਜੀ ਲਹਿਰ ਦਾ ਹੁਣ ਤੱਕ ਸ਼ਿਕਾਰ ਬਣੇ ਹਨ।
ਸਭ ਤੋਂ ਜ਼ਿਆਦਾ ਮੌਤਾਂ ਦੇ ਰਾਜਧਾਨੀ ਦਿੱਲੀ ਵਿੱਚ ਹੋਈਆਂ ਹਨ। ਦੂਸਰੀ ਲਹਿਰ ਦੌਰਾਨ ਦਿੱਲੀ ਨੇ 107 ਡਾਕਟਰ ਗਵਾਏ ਹਨ।
ਦੂਸਰੇ ਸਥਾਨ ਤੇ ਬਿਹਾਰ ਹੈ ਜਿੱਥੇ ਦੂਸਰੀ ਲਹਿਰ ਦੌਰਾਨ 96 ਡਾਕਟਰਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਵਿਚ ਵੀ 67 ਡਾਕਟਰਾਂ ਦੀ ਜਾਨ ਗਈ ਹੈ।
ਇਹ ਵੀ ਪੜ੍ਹੋ-
ਆਸਟਰੇਲੀਆ: ਵਿਕਟੋਰੀਆ ਵਿੱਚ ਵਧਾਇਆ ਗਿਆ ਲੌਕਡਾਊਨ
ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ।
ਆਸਟਰੇਲੀਆ ਦੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੈਲਬੌਰਨ ਵਿਚ B.1.617.1 ਵੇਰੀਐਂਟ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ ਅਤੇ ਸਾਵਧਾਨੀ ਦੇ ਤੌਰ ਤੇ ਲੌਕਡਾਊਨ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਵੇਰੀਐਂਟ ਨੂੰ ਹੁਣ ਗਾਮਾ ਵੇਰੀਐਂਟ ਦਾ ਨਾਮ ਦਿੱਤਾ ਗਿਆ ਹੈ।
ਆਸਟਰੇਲੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੁਣ ਦਸ ਜੂਨ ਤਕ ਲੌਕਡਾਊਨ ਵਿੱਚ ਰਹੇਗਾ।ਇਹ ਚੌਥਾ ਮੌਕਾ ਹੈ ਜਦੋਂ ਇੱਥੋਂ ਦੇ ਲੋਕਾਂ ਲਈ ਲੌਕਡਾਊਨ ਲਗਾਇਆ ਗਿਆ ਹੈ।
ਬੁੱਧਵਾਰ ਨੂੰ ਇੱਥੇ ਛੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਕਿਹਾ, "ਮੈਨੂੰ ਪਤਾ ਹੈ ਕਿ ਕੋਈ ਵੀ ਇਹ ਖ਼ਬਰ ਨਹੀਂ ਸੁਣਨਾ ਚਾਹੁੰਦਾ ਪਰ ਜਿਸ ਤਰ੍ਹਾਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ,ਉਹਨੂੰ ਦੇਖਦੇ ਹੋਏ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ ਸੀ।"
"ਜੇਕਰ ਅਸੀਂ ਇਹ ਲੌਕਡਾਊਨ ਨਹੀਂ ਕਰਦੇ,ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ,ਸਥਿਤੀ ਬੇਕਾਬੂ ਹੋ ਜਾਵੇਗੀ ਅਤੇ ਲੋਕ ਮਰਨ ਲੱਗਣਗੇ।"
ਪਾਕਿਸਤਾਨ ਨੇ ਬਣਾਈ ਵੈਕਸੀਨ PakVac
ਪਾਕਿਸਤਾਨ ਨੇ ਚੀਨ ਦੀ ਸਹਾਇਤਾ ਨਾਲ ਬਣਾਈ ਕੋਰੋਨਾ ਵੈਕਸੀਨ, PaKVac ਨੂੰ ਦੱਸਿਆ ਇੰਕਲਾਬ
ਪਾਕਿਸਤਾਨ ਸਰਕਾਰ ਨੇ ਚੀਨ ਦੀ ਸਹਾਇਤਾ ਨਾਲ ਆਪਣੇ ਦੇਸ਼ ਵਿਚ ਤਿਆਰ ਕੋਰੋਨਾ ਦੀ ਪਹਿਲੀ ਵੈਕਸੀਨ ਨੂੰ ਇੰਕਲਾਬ ਦੱਸਿਆ ਹੈ।
PakVac ਨਾਮ ਦੇ ਇਸ ਟੀਕੇ ਨੂੰ ਮੰਗਲਵਾਰ ਨੂੰ ਲਾਂਚ ਕੀਤਾ ਗਿਆ।
ਪਾਕਿਸਤਾਨ ਦੇ ਕੇਂਦਰੀ ਯੋਜਨਾ ਮੰਤਰੀ ਅਸਦ ਉਮਰ ਨੇ ਇਸ ਨੂੰ ਅਹਿਮ ਦਿਨ ਦੱਸਦੇ ਹੋਏ ਕਿਹਾ ਕਿ ਪਾਕਿਸਤਾਨ ਦਾ ਇਹ ਟੀਕਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ।
ਉਮਰ ਅਨੁਸਾਰ ਪਾਕਿਸਤਾਨ ਵਿੱਚ ਟੀਕਾ ਲਗਵਾਉਣਾ ਰਹੇ ਲੋਕਾਂ ਦੀ ਪਹਿਲੀ ਪਸੰਦ ਚੀਨ ਵਿੱਚ ਬਣੀ ਸਾਈਨੋਫਾਰਮ ਹੈ ਨਾ ਕਿ ਪੱਛਮੀ ਦੇਸ਼ਾਂ ਵਿੱਚ ਬਣੀ ਵੈਕਸੀਨ।
ਉਮਰ ਅਨੁਸਾਰ ਲੋਕ ਐਸਟਰਾਜੇਨਿਕਾ ਦੀ ਜਗ੍ਹਾ ਸਾਇਨੋਫ਼ਾਰਮ ਦੀ ਮੰਗ ਕਰਦੇ ਹਨ ਅਤੇ ਜੇਕਰ ਨਹੀਂ ਮਿਲਦੀ ਤਾਂ ਵਾਪਸ ਚਲੇ ਜਾਂਦੇ ਹਨ।
ਮੰਤਰੀ ਉਮਰ ਨੇ ਕਿਹਾ,"ਪਰ ਸਾਨੂੰ ਪਾਕਵੈਕ ਬਾਰੇ ਵੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ ਕਿਉਂਕਿ ਅਸੀਂ ਇਹ ਮਿਲ ਕੇ ਤਿਆਰ ਕੀਤਾ ਹੈ। ਇਹ ਇੱਕ ਇੰਕਲਾਬ ਹੈ।"
ਸਿਹਤ ਮਾਮਲਿਆਂ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫ਼ੈਜ਼ਲ ਸੁਲਤਾਨ ਨੇ ਕਿਹਾ ਕਿ ਕੋਵਿਡ ਦਾ ਸਾਹਮਣਾ ਕਰਨ ਵਿੱਚ 'ਸਾਡਾ ਦੋਸਤ ਚੀਨ ਸਾਡੇ ਸਭ ਤੋਂ ਨੇੜੇ ਰਿਹਾ। ਡਾ ਸੁਲਤਾਨ ਅਨੁਸਾਰ ਚੀਨ ਨੇ ਕੱਚਾ ਮਾਲ ਦਿੱਤਾ ਹੈ ਪਰ ਫੇਰ ਵੀ ਇਸ ਨੂੰ ਵਿਕਸਤ ਕਰਨਾ ਆਸਾਨ ਨਹੀਂ ਸੀ।
ਪਾਕਿਸਤਾਨ ਦੇ ਅਖ਼ਬਾਰ ਡਾਅਨ ਦੀ ਇਕ ਰਿਪੋਰਟ ਅਨੁਸਾਰ ਪਾਕਵੈਕ ਨੂੰ ਚੀਨ ਦੀ ਸਰਕਾਰੀ ਫਾਰਮਾਸਿਟੀਕਲ ਕੰਪਨੀ ਨੇ ਵਿਕਸਿਤ ਕੀਤਾ ਹੈ। ਇਸ ਨੂੰ ਕੰਸਨਟਰੇਟਡ ਰੂਪ ਵਿਚ ਪਾਕਿਸਤਾਨ ਲਿਆਂਦਾ ਜਾ ਰਿਹਾ ਹੈ ਜਿੱਥੇ ਇਸਲਾਮਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿੱਚ ਇਸ ਨੂੰ ਪੈਕ ਕੀਤਾ ਜਾਵੇਗਾ। ਰਿਪੋਰਟ ਅਨੁਸਾਰ ਚੀਨੀ ਕੰਪਨੀ ਦੀ ਵੈਕਸੀਨ, ਚੀਨ ਦੀ ਪਹਿਲੀ ਅਜਿਹੀ ਵੈਕਸੀਨ ਸੀ ਜਿਸ ਦਾ ਪਾਕਿਸਤਾਨ ਵਿਚ ਕਲੀਨਿਕਲ ਟਰਾਇਲ ਕੀਤਾ ਗਿਆ ਸੀ ਅਤੇ ਇਹ 18000 ਲੋਕਾਂ ਨੂੰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: