ਕੋਰੋਨਾਵਾਇਰਸ: ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਨੂੰ ਕਿਹਾ, ‘ਪੰਜਾਬ ’ਚ ਆਕਸੀਜਨ ਤੇ ਵੈਕਸੀਨ ਦੀ ਘਾਟ, ਸਪਲਾਈ ਵਧਾਓ’ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਤੁਹਾਡੇ ਤੱਕ ਕੋਰੋਨਾਵਾਇਰਸ ਨਾਲ ਜੁੜਿਆ ਅੱਜ ਦਾ ਅਹਿਮ ਘਟਨਾਕ੍ਰਮ ਪਹੁੰਚਾਇਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਆਕਸੀਜਨ ਤੇ ਕੋਰੋਨਾਵਾਇਰਸ ਦੀ ਵੈਕਸੀਨ ਦੀ ਭਾਰੀ ਕਮੀ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਪੰਜਾਬ ਨੂੰ ਹੋਰ ਆਕਸੀਜਨ ਅਤੇ ਵੈਕਸੀਨ ਦੀ ਸਪਲਾਈ ਦਿੱਤੀ ਜਾਵੇ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਸੂਬੇ ਨੂੰ ਸੜਕ ਰਾਹੀਂ ਆਕਸੀਜਨ ਦੀ ਸਪਲਾਈ ਹੋ ਰਹੀ ਸੀ ਅਤੇ ਭਾਰਤੀ ਹਵਾਈ ਫੌਜ ਨੇ ਵੀ ਆਕਸੀਜਨ ਨੂੰ ਸਪਲਾਈ ਕੀਤਾ ਸੀ ਪਰ ਉਹ ਕਾਫੀ ਨਹੀਂ ਪੈ ਰਹੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਉਨ੍ਹਾਂ ਦੀ ਬੇਨਤੀ 'ਤੇ ਪੰਜਾਬ ਲਈ ਕੋਰੋਨਾ ਐੱਕਸਪ੍ਰੈੱਸਾਂ ਸ਼ੁਰੂ ਕੀਤੀਆਂ ਹਨ ਜਿਸ ਨਾਲ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਹੋਇਆ ਹੈ।

ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜਮਾਖੋਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿੱਜੀ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮਰੀਜ਼ਾਂ ਨੂੰ ਲੋੜ ਤੋਂ ਵੱਧ ਚਾਰਜ ਨਾ ਕਰਨ।

ਉਨ੍ਹਾਂ ਕਿਹਾ ਕਿ ਜੋ ਹਸਪਤਾਲ ਸਰਕਾਰ ਦੀ ਗੱਲ ਨੂੰ ਨਹੀਂ ਮੰਨਣਗੇ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਫਤਿਹ ਕਿੱਟ ਦਿੱਤੀ ਜਾ ਰਹੀ ਹੈ ਤੇ ਗਰੀਬਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।

ਰਾਹੁਲ ਗਾਂਧੀ ਬੋਲੇ, 'ਮੈਨੂੰ ਵੀ ਗ੍ਰਿਫ਼ਤਾਰ ਕਰੋ'

ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਅਤੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਟਵਿੱਟਰ ਤੇ ਆਪਣੀ ਪ੍ਰੋਫ਼ਾਈਲ ਤਸਵੀਰ ਦੀ ਜਗ੍ਹਾ 'ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ।

ਸ਼ਨਿੱਚਰਵਾਰ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ ਲਗਭਗ 17 ਰਿਪੋਰਟਾਂ ਲਿਖੀਆਂ ਸਨ। ਜਿਨ੍ਹਾਂ ਵਿੱਚ ਲੋਕਾਂ ਉੱਪਰ ਇਲਜ਼ਾਮ ਸਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦੇ ਪੋਸਟਰ ਕੰਧਾਂ ਉੱਪਰ ਲਗਾਏ ਸਨ।

ਪੋਸਟਰਾਂ ਦੀ ਇਬਰਤ ਸੀ "ਮੋਦੀ ਜੀ, ਸਾਡੇ ਬੱਚਿਆਂ ਦੇ ਹਿੱਸੇ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ ਦਿੱਤੀ?"

ਰਾਹੁਲ ਅਤੇ ਪ੍ਰਿਅੰਕਾ ਨੇ ਇਨ੍ਹਾਂ ਪੋਸਟਰਾਂ ਨੂੰ ਆਪਣੀਆਂ ਪ੍ਰੋਫਾਈਲ ਤਸਵੀਰਾਂ ਬਣਾਇਆ ਹੈ ਅਤੇ ਲਿਖਿਆ ਹੈ ਕਿ “ਮੈਨੂੰ ਵੀ ਗ੍ਰਿਫ਼ਤਾਰ ਕਰੋ”।

ਕੋਰੋਨਾਵਾਇਰਸ ਦਿੱਲੀ 'ਚ ਇੱਕ ਹਫ਼ਤੇ ਲਈ ਵਧਿਆ ਲੌਕਡਾਊਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲੌਕਡਾਊਨ ਨੂੰ ਇੱਕ ਹਫ਼ਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ।

ਕੇਜਰੀਵਾਲ ਨੇ ਕਿਹਾ, ''ਪਹਿਲਾਂ ਲੌਕਡਾਊਨ ਸੋਮਵਾਰ ਸਵੇਰ 17 ਮਈ ਤੱਕ ਸੀ। ਅਸੀਂ ਉਸ ਨੂੰ ਇੱਕ ਹਫ਼ਤੇ ਲਈ ਵਧਾ ਰਹੇ ਹਾਂ। ਦਿੱਲੀ ਵਿੱਚ ਚੰਗੀ ਰਿਕਵਰੀ ਹੋ ਰਹੀ ਹੈ। ਕੋਰੋਨਾ ਕਾਫ਼ੀ ਤੇਜ਼ੀ ਦੇ ਨਾਲ ਘੱਟ ਰਿਹਾ ਹੈ। ਅਸੀਂ ਨਹੀਂ ਚਾਹੁੰਦੇ ਕਿ ਜੋ ਸਥਿਤੀ ਬਿਹਤਰ ਹੁੰਦੀ ਦਿਖ ਰਹੀ ਹੈ, ਉਸ 'ਚ ਬਦਲਾਅ ਆਵੇ। ਇਸ ਲਈ ਲੌਕਡਾਊਨ ਹੁਣ 24 ਮਈ ਸਵੇਰੇ ਪੰਜ ਵਜੇ ਤੱਕ ਦੇ ਲਈ ਵਧਾਇਆ ਜਾ ਰਿਹਾ ਹੈ। ਉਦੋਂ ਤੱਕ ਮੈਟਰੋ ਸੇਵਾ ਵੀ ਬੰਦ ਰਹੇਗੀ।''

ਇਸ ਤੋਂ ਇਲਾਵਾ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਦੂਜੇ ਉੱਤੇ ਸ਼ਬਦੀ ਹਮਲਿਆਂ ਤੋਂ ਬਚਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਕੋਰੋਨਾ ਨੇ ਕਹਿਰ ਢਾਹਿਆ ਹੈ। ਲੋਕ ਬਹੁਤ ਦੁਖ਼ੀ ਹਨ। ਇਹ ਵੇਲਾ ਇੱਕ ਦੂਜੇ ਉੱਤੇ ਉਂਗਲ ਚੁੱਕਣਾ ਦਾ ਨਹੀਂ, ਸਗੋਂ ਇੱਕ-ਦੂਜੇ ਨੂੰ ਸਹਾਰਾ ਦੇਣ ਦਾ ਹੈ। ਮੇਰੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਹੈ ਕਿ ਉਹ ਜਿੱਥੇ ਵੀ ਹਨ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਤਨ, ਮਨ, ਧਨ ਨਾਲ ਪੂਰੀ ਮਦਦ ਕਰਨ। ਇਸ ਵੇਲੇ ਇਹੀ ਸੱਚੀ ਦੇਸ਼ਭਗਤੀ ਹੈ, ਇਹ ਧਰਮ ਹੈ।''

ਉਨ੍ਹਾਂ ਦੇ ਇਸ ਟਵੀਟ ਨੂੰ ਪੀਐੱਮ ਮੋਦੀ ਦੀ ਆਲੋਚਨਾ ਵਿੱਚ ਲਗਾਏ ਗਏ ਪੋਸਟਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਛਾਪਣ ਅਤੇ ਚਿਪਕਾਉਣ ਵਾਲੇ ਲਗਭਗ 25 ਲੋਕਾਂ ਨੂੰ ਦਿੱਲੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਕੋਰੋਨਾ ਕਾਰਨ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸਾਤਵ ਦਾ ਦੇਹਾਂਤ

ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸਾਤਵ ਦਾ ਪੂਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ।

ਹਸਪਤਾਲ ਦਾ ਕਹਿਣਾ ਹੈ ਕਿ ਕੋਵਿਡ ਲਾਗ ਲੱਗਣ ਤੋਂ ਬਾਅਦ ਰਾਜੀਵ ਦਾ ਇਲਾਜ ਚੱਲ ਰਿਹਾ ਸੀ। 46 ਸਾਲ ਦੇ ਰਾਜੀਵ ਨੂੰ ਵੈਂਟੀਲੇਟਰ ਸਪੋਰਟ ਉੱਤੇ ਰੱਖਿਆ ਗਿਆ ਸੀ। ਰਾਜੀਵ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ। 22 ਅਪ੍ਰੈਲ ਨੂੰ ਰਾਜੀਵ ਦੀ ਕੋਵਿਡ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਹ ਵਾਇਰਲ ਇਨਫ਼ੈਕਸ਼ਨ ਨਾਲ ਜੂਝ ਰਹੇ ਸਨ।

ਰਾਹੁਲ ਗਾਂਧੀ ਨੇ ਰਾਜੀਵ ਦੀ ਮੌਤ ਉੱਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਅਤੇ ਟਵੀਟ ਵਿੱਚ ਲਿਖਿਆ, ''ਮੈਂ ਆਪਣੇ ਦੋਸਤ ਰਾਜੀਵ ਨੂੰ ਗੁਆ ਕੇ ਬਹੁਤ ਦੁਖੀ ਹਾਂ। ਉਹ ਸਮਰੱਥਾ ਵਾਲੇ ਆਗੂ ਸਨ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਲੈ ਕੇ ਪ੍ਰਤੀਬੱਧ ਸਨ। ਸਾਡੇ ਸਾਰਿਆਂ ਲਈ ਇਹ ਇੱਕ ਵੱਡਾ ਨੁਕਸਾਨ ਹੈ। ਸ਼ਰਧਾਂਜਲੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)