ਕੋਰੋਨਾਵਾਇਰਸ: ਬਲੈਕ ਫੰਗਸ ਲਈ ਸਟੀਰੀਓਡਸ ਦਾ ਗਲਤ ਇਸਤੇਮਾਲ ਮੁੱਖ ਕਾਰਨ ਹੈ-ਰਣਦੀਪ ਗੁਲੇਰੀਆ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਅਪਡੇਟਸ ਦੇਵਾਂਗੇ।

AIIMS ਦੇ ਡਾਇਰੈਕਟਰ ਰਨਦੀਪ ਗੁਲੇਰੀਆ ਅਨੁਸਾਰ ਬਲੈਕ ਫੰਗਸ ਦਾ ਮੁੱਖ ਕਾਰਨ ਸਟੀਰੀਓਡਸ ਦਾ ਗਲਤ ਇਸਤੇਮਾਲ ਹੈ।

ਉਨ੍ਹਾਂ ਕਿਹਾ, "ਡਾਇਬਟੀਜ਼ ਦੇ ਮਰੀਜ਼ ਜਦੋਂ ਕੋਰੋਨਾ ਪੀੜ੍ਹਤ ਹੋ ਜਾਂਦੇ ਹਨ ਤੇ ਉਹ ਸਟੀਰੀਓਡਸ ਲੈਂਦੇ ਹਨ ਤਾਂ ਉਨ੍ਹਾਂ ਨੂੰ ਬਲੈਕ ਫੰਗਸ ਹੋਣ ਦੇ ਕਾਫੀ ਚਾਂਸ ਹੁੰਦੇ ਹਨ।"

"ਇਸ ਨੂੰ ਰੋਕਣ ਵਾਸਤੇ ਸਟੀਰੀਓਡਸ ਦੇ ਗਲਤ ਇਸਤੇਮਾਲ ਨੂੰ ਰੋਕਣਾ ਚਾਹੀਦਾ ਹੈ।"

ਉਨ੍ਹਾਂ ਕਿਹਾ ਕਿ ਬਲੈਕ ਫੰਗਸ ਚਿਹਰੇ, ਨੱਕ ਤੇ ਅੱਖ ਜਾਂ ਦਿਮਾਗ ਉੱਤੇ ਅਸਰ ਪਾਉਂਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਣੀ ਵੀ ਜਾ ਸਕਦੀ ਹੈ ਤੇ ਫੇਫੜਿਆਂ ਤੱਕ ਵੀ ਫੈਲ ਸਕਦੀ ਹੈ।

ਇਹ ਵੀ ਪੜ੍ਹੋ:

ਧਨਾਢ ਦੇਸ਼ਾਂ ਨੂੰ WHO ਦੀ ਅਪੀਲ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ਼ ਟੈਡਰੋਸ ਅਦਾਨੋਮ ਨੇ ਕਿਹਾ ਹੈ ਕਿ ਧਨਾਢ ਦੇਸ਼ ਆਪਣੀ ਵਸੋਂ ਦੇ ਬੱਚਿਆਂ ਅਤੇ ਅਲ੍ਹੜਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਮੁਲਤਵੀ ਕਰਨ ਅਤੇ ਪਹਿਲਾਂ ਗ਼ਰੀਬ ਦੇਸ਼ਾਂ ਨੂੰ ਵੈਕਸੀਨ ਦਾਨ ਕਰਨ।

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਧਨਾਢ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਦੁਨੀਆਂ ਵਿੱਚ ਵੈਕਸੀਨ ਦੀ ਸਾਵੀਂ ਵੰਡ ਲਈ ਬਣਾਏ ਗਏ ਪ੍ਰੋਗਰਾਮ ਕੋਵੈਕਸ ਲਈ ਹੋਰ ਵੈਕਸੀਨਾਂ ਦਾਨ ਕਰਨ।

ਕੋਰੋਨਾਵਾਇਰਸ ਦੇ ਪਹਿਲੇ ਵੈਕਸੀਨ ਨੂੰ ਪਿਛਲੇ ਸਾਲ ਦਸੰਬਰ ਵਿੱਚ ਪ੍ਰਵਾਨਗੀ ਮਿਲ ਗਈ ਸੀ ਇਸ ਦੀ ਜ਼ਿਆਦਾਤਰ ਸਪਲਾਈ ਨੂੰ ਅਮੀਰ ਮੁਲਕਾਂ ਵੱਲੋਂ ਖ਼ਰੀਦ ਲਿਆ ਗਿਆ ਸੀ।

ਆਪਣੀ ਜ਼ਿਆਦਾ ਤੋਂ ਜ਼ਿਆਦਾ ਵਸੋਂ ਦਾ ਟੀਕਾਕਰਨ ਕਰਨ ਦੀ ਦੁਨੀਆਂ ਦੇ ਦੇਸ਼ਾਂ ਵਿੱਚ ਦੌੜ ਲੱਗੀ ਹੋਈ ਹੈ।

ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਿੱਚ 12 ਤੋਂ 15 ਸਾਲ ਉਮਰ ਵਰਗ ਦੇ ਅਲੜ੍ਹਾਂ ਲਈ ਜਲਦੀ ਤੋਂ ਜਲਦੀ ਟੀਕਾਕਰਨ ਸ਼ੁਰੂ ਦਾ ਐਲਾਨ ਕੀਤਾ ਸੀ।

ਕੈਨੇਡਾ ਨੇ 12 ਤੋਂ 15 ਸਾਲ ਉਮਰ ਵਰਗ ਦੇ ਅਲੜ੍ਹਾਂ ਨੂੰ ਫਾਈਜ਼ਰ ਵੈਕਸੀਨ ਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹੁਣ ਤੱਕ ਚੀਨ ਅਤੇ ਅਮਰੀਕਾ ਨੇ ਆਪੋ-ਆਪਣੇ ਲੋਕਾਂ ਨੂੰ ਸਭ ਤੋਂ ਵੱਡੀ ਗਿਣਤੀ ਵਿੱਚ ਟੀਕਾ ਲਗਾਇਆ ਹੈ। ਜਦਕਿ ਭਾਰਤ ਕੋਰੋਨਾਵਾਇਰਸ ਟੀਕਾਕਰਨ ਵਿੱਚ ਤੀਜੇ ਨੰਬਰ 'ਤੇ ਹੈ।

ਜਦਕਿ ਅਫ਼ਰੀਕਾ ਵਿੱਚ ਕਈ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਪਹਿਲੀ ਖ਼ੁਰਾਕ ਵੀ ਹਾਲੇ ਤੱਕ ਨਹੀਂ ਮਿਲ ਸਕੀ ਹੈ।

ਤਮਿਲ ਨਾਡੂ ਵਿੱਚ ਰੈਮਡੈਸਿਵੀਰ ਲਈ ਜੁਟਿਆ ਹਜੂਮ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸ਼ਨਿੱਚਰਵਾਰ ਨੂੰ ਚੇਨਈ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਕੋਰੋਨਾਵਾਇਰਸ ਦੇ ਇਲਾਜ ਵਿੱਚ ਵਰਤੀ ਜਾਣ ਵਾਲ਼ਾ ਰੈਮਡੈਸਿਵੀਰ ਟੀਕਾ ਹਾਸਲ ਕਰਨ ਲਈ ਲੋਕਾਂ ਦਾ ਹਜੂਮ ਇਕੱਠ ਹੋ ਗਿਆ।

ਇੱਕ ਇਲਾਕਾਮਕੀਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਦਾ "ਸਾਰਾ ਪਰਿਵਾਰ ਹੈ ਹਸਪਤਾਲ ਵਿੱਚ ਹੈ। ਸਰਕਾਰ ਬੈੱਡਾਂ ਦਾ ਬੰਦੋਬਸਤ ਕਰਨ ਵਿੱਚ ਤਾਂ ਲੱਗੀ ਹੋਈ ਹੈ ਪਰ ਰੈਮਡੈਸਿਵੀਰ ਦੀ ਸਪਲਾਈ ਵਿੱਚ ਕੋਈ ਸੁਧਾਰ ਨਹੀਂ ਹੈ।"

ਬੀਸੀਸੀਆਈ ਦੀ ਖਿਡਾਰੀਆਂ ਨੂੰ ਕੋਰੋਨਾ ਤੋਂ ਬਚਾਉਣ ਦੀ ਇਹ ਵਿਓਂਤ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਮਹਿਫ਼ੂਜ਼ ਰੱਖਣ ਲਈ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਿੱਕੇਬੰਦ ਯੋਜਨਾ ਤਿਆਰ ਕੀਤੀ ਹੈ।

ਬੋਰਡ ਵੱਲੋਂ ਇਹ ਯੋਜਨਾ ਮੁਤਾਬਕ ਭਾਰਤੀ ਟੀਮ ਦੇ ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਅਤੇ ਇੰਗਲੈਂਡ ਨਾਲ ਇੱਕ ਪੰਜ ਮੈਚਾਂ ਦੀ ਟੈਸਟ-ਲੜੀ ਖੇਡਣ ਜਾਣ ਤੋਂ ਪਹਿਲਾਂ ਤਿੰਨ ਵਾਰ ਕੋਵਿਡ ਟੈਸਟ ਕੀਤਾ ਜਾਵੇਗਾ।

ਖਿਡਾਰੀਆਂ ਨੇ 19 ਮਈ ਨੂੰ ਮੁੰਬਈ ਵਿੱਚ ਇਕੱਠੇ ਹੋਣਾ ਹੈ ਅਤੇ ਇਸ ਤੋਂ ਪਹਿਲਾਂ ਖਿਡਾਰੀਆਂ ਦੇ ਤਿੰਨ ਆਰਟੀ-ਪੀਸੀਆਰ ਟੈਸਟ ਕੀਤੇ ਜਾਣਗੇ।

ਦੋ ਜੂਨ ਨੂੰ ਯੂਕੇ ਲਈ ਰਵਾਨਾ ਹੋਣ ਤੋਂ ਪਹਿਲਾਂ ਦਲ ਦਾ ਹਰੇਕ ਮੈਂਬਰ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)