ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਦਾ ਦੇਹਾਂਤ ਅਤੇ ਪੰਜਾਬ ਵਿਚ ਲਾਗੂ ਹੋਏ ਨਵੇਂ ਦਿਸ਼ਾ ਨਿਰਦੇਸ਼ - ਅਹਿਮ ਖ਼ਬਰਾਂ

ਇਸ ਪੰਨੇ ਜ਼ਰਿਏ ਅਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ਼-ਵਿਦੇਸ਼ ਅਤੇ ਪੰਜਾਬ ਦੀਆਂ ਖ਼ਬਰਾਂ ਤੋਂ ਤੁਹਾਨੂੰ ਰੁਬਰੂ ਕਰਾਂਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਨਰਮਦਾਬੇਨ ਮੋਦੀ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ।

ਨਰਮਦਾ ਬੇਨ ਮੋਦੀ ਕੋਰੋਨਾ ਦੀ ਲਾਗ ਦਾ ਸ਼ਿਕਾਰ ਸੀ ਅਤੇ ਅਹਿਮਦਾਬਾਦ ਦੇ ਇੱਕ ਹਸਪਤਾਲ ਵਿਚ ਦਾਖਲ ਸੀ।

ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨੇ ਬੀਬੀਸੀ ਗੁਜਰਾਤੀ ਸਰਵਿਸ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ, "ਸਾਡੀ ਚਾਚੀ ਨਰਮਦਾਬੇਨ ਨੂੰ 10 ਦਿਨ ਪਹਿਲਾਂ ਸਦਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਕੋਰੋਨਾ ਦੀ ਲਾਗ ਲੱਗਣ ਕਾਰਨ ਉਨ੍ਹਾਂ ਦੀ ਤਬੀਅਤ ਲਗਾਤਾਰ ਵਿੜਗਦੀ ਗਈ।"

"ਉਨ੍ਹਾਂ ਨੇ ਹਸਪਤਾਲ ਵਿਚ ਹੀ ਆਪਣੇ ਆਖ਼ਰੀ ਸਾਹ ਲਏ।"

ਪ੍ਰਹਿਲਾਦ ਮੋਦੀ ਨੇ ਦੱਸਿਆ ਕਿ ਨਰਮਾਦਬੇਨ ਦੇ ਪਤੀ ਜਗਜੀਵਨਦਾਸ ਪ੍ਰਧਾਨ ਮੰਤਰੀ ਦੇ ਪਿਤਾ ਦਾਮੋਦਰਦਾਸ ਮੋਦੀ ਦੇ ਭਰਾ ਸਨ ਅਤੇ ਉਨ੍ਹਾਂ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ-

ਪੰਜਾਬ ਸਰਕਾਰ ਵੱਲੋਂ ਕੋਰੋਨਾ ਲੌਕਡਾਊਨ ਸੰਬੰਧੀ ਅੱਜ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜੋ ਇਸ ਤਰ੍ਹਾਂ ਹਨ -

  • ਸੂਬੇ ਵਿੱਚ ਸਾਰੀਆਂ ਦੁਕਾਨਾਂ 5 ਵਜੇ ਬੰਦ ਹੋ ਜਾਣਗੀਆਂ ਅਤੇ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋਵੇਗੀ।
  • ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਹੋਵੇਗਾ।
  • ਵੀਕੈਂਡ ਕਰਫਿਊ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਰਹੇਗਾ।
  • ਸਰਵਿਸ ਇੰਡਸਟ੍ਰੀ ਤਹਿਤ ਆਉਂਦੇ ਪ੍ਰਾਈਵੇਟ ਦਫ਼ਤਰ ਘਰੋਂ ਹੀ ਕੰਮ ਕਰ ਸਕਣਗੇ।
  • ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਕੈਮੀਸਟ ਦੀ ਦੁਕਾਨ, ਸਬਜ਼ੀ-ਫਲਾਂ ਦੀ ਦੁਕਾਨ, ਦੁੱਧ-ਰਾਸ਼ਨ ਦੀ ਦੁਕਾਨ ਆਦਿ ਖੁੱਲ੍ਹੀਆਂ ਰਹਿਣਗੀਆਂ।
  • ਮੈਨੁਫੈਕਚਰਿੰਗ ਇੰਡਸਟ੍ਰੀ (ਨਿਰਮਾਣ ਕਾਰਜ) ਜ਼ਰੂਰੀ ਮਨਜ਼ੂਰੀ ਦੇ ਨਾਲ ਕੰਮ ਜਾਰੀ ਰੱਖੇਗੀ ਅਤੇ ਉਸ ਦੇ ਕਰਮਚਾਰੀ ਵੀ ਆ-ਜਾ ਸਕਣਗੇ।
  • ਹਵਾਈ ਜਹਾਜ਼, ਟ੍ਰੇਨ ਅਤੇ ਬਸਾਂ ਦੇ ਯਾਤਰੀ ਵੀ ਪਾਬੰਦੀਸ਼ੁਦਾ ਸਮੇਂ ਦੌਰਾਨ ਸਫ਼ਰ ਕਰ ਸਕਦੇ ਹਨ।
  • ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿਰਮਾਣ ਕਾਰਜ ਚੱਲਦੇ ਰਹਿਣਗੇ।
  • ਖ਼ੇਤੀਬਾੜੀ ਸੰਬੰਧੀ ਕੰਮ ਵੀ ਪਹਿਲਾਂ ਵਾਂਗ ਚੱਲਦੇ ਰਹਿਣਗੇ।
  • ਵੈਕਸੀਨ ਕੈਂਪਾਂ 'ਚ ਜਾਣ ਦੀ ਇਜਾਜ਼ਤ ਵੀ ਹੋਵੇਗੀ।

ਕੌਮੀ ਸੰਕਟ ਦੀ ਘੜੀ ਵਿੱਚ ਅਸੀਂ ਮੂਕ ਦਰਸ਼ਕ ਨਹੀਂ ਬਣੇ ਰਹਿ ਸਕਦੇ: ਸੁਪਰੀਮ ਕੋਰਟ

ਕੋਰੋਨਾ ਦੀ ਲਾਗ ਦੀ ਸੁਨਾਮੀ ਨੂੰ 'ਕੌਮੀ ਸੰਕਟ' ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ।

ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੋਵਿਡ ਪ੍ਰਬੰਧਨ ਲਈ ਰਾਸ਼ਟਰੀ ਨੀਤੀ ਦਾ ਫੈਸਲਾ ਲੈਣ ਲਈ ਸ਼ੁਰੂ ਕੀਤੀ ਗਈ ਕਾਰਵਾਈ ਦਾ ਉਦੇਸ਼ ਉੱਚ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਨੂੰ ਸੁਣਨਾ ਨਹੀਂ ਹੈ।

ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਦੇਸ਼ ਦੀਆਂ ਉੱਚ ਅਦਾਲਤਾਂ ਆਪਣੇ ਅਧਿਕਾਰ ਖੇਤਰ ਹੇਠਲੇ ਖੇਤਰਾਂ ਦੀ ਨਿਗਰਾਨੀ ਕਰਨ ਲਈ ਬਿਹਤਰ ਸਥਿਤੀ ਵਿੱਚ ਹਨ।

ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਕੁਝ ਰਾਸ਼ਟਰੀ ਮੁੱਦਿਆਂ 'ਤੇ ਦਖਲ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਅਜਿਹੇ ਮੁੱਦੇ ਹੋ ਸਕਦੇ ਹਨ ਜਿਥੇ ਰਾਜਾਂ ਦਰਮਿਆਨ ਤਾਲਮੇਲ ਰੱਖਣ ਦੀ ਜ਼ਰੂਰਤ ਹੁੰਦੀ ਹੈ।

ਅਦਾਲਤ ਨੇ ਕਿਹਾ, "ਅਸੀਂ ਪੂਰਕ ਭੂਮਿਕਾ ਨਿਭਾ ਰਹੇ ਹਾਂ। ਅਸੀਂ ਮਦਦ ਕਰਾਂਗੇ ਜੇ ਉੱਚ ਅਦਾਲਤਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ।"

ਪਿਛਲੇ ਵੀਰਵਾਰ ਨੂੰ, ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੀ ਸੁਣਵਾਈ ਕਰਦਿਆਂ, ਇਸ ਬੈਂਚ ਨੇ ਕਿਹਾ ਸੀ ਕਿ ਉਸਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇੱਕ ਰਾਸ਼ਟਰੀ ਯੋਜਨਾ ਲੈ ਕੇ ਆਵੇਗੀ, ਜਿਸ ਵਿੱਚ ਆਕਸੀਜਨ ਅਤੇ ਦਵਾਈਆਂ ਸਮੇਤ ਹੋਰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਦਾ ਮੁੱਦਾ ਸ਼ਾਮਲ ਹੋਏਗਾ।

ਆਸਟ੍ਰੇਲੀਆਈ ਪ੍ਰੀਮੀਅਰ ਨੇ ਕਿਹਾ, ਭਾਰਤ ਵਿਚ ਹੋ ਰਹੇ ਕੋਵਿਡ ਟੈਸਟ ਭਰੋਸੇਯੋਗ ਨਹੀਂ

ਪੱਛਮੀ ਆਸਟਰੇਲੀਆ ਰਾਜ ਦੇ ਪ੍ਰੀਮੀਅਰ ਮਾਰਕ ਮੈਕਗੌਵਨ ਨੇ ਕਿਹਾ ਹੈ ਕਿ ਆਸਟਰੇਲੀਆ ਪਰਤਣ ਵਾਲੇ ਯਾਤਰੀਆਂ ਲਈ ਭਾਰਤ ਵਿਚ ਹੋ ਰਹੇ ਕੋਵਿਡ -19 ਟੈਸਟ ਦੇ ਨਤੀਜੇ ਜਾਂ ਤਾਂ ਸਹੀ ਨਹੀਂ ਹਨ ਜਾਂ ਭਰੋਸੇਮੰਦ ਨਹੀਂ ਹਨ।

ਮੰਗਲਵਾਰ ਨੂੰ ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਆਸਟਰੇਲੀਆ ਦਾ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੱਛਮੀ ਆਸਟਰੇਲੀਆ ਵਿਚ ਅਧਿਕਾਰੀਆਂ ਨੇ ਭਾਰਤ ਤੋਂ ਵਾਪਸ ਆਉਣ ਵਾਲੇ ਚਾਰ ਯਾਤਰੀਆਂ ਨੂੰ ਕੋਵਿਡ ਪੌਜ਼ੀਟਿਵ ਪਾਇਆ ਹੈ। ਚਾਰੇ ਯਾਤਰੀਆਂ ਨੂੰ ਪਰਥ ਦੇ ਇਕ ਹੋਟਲ ਵਿਚ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ।

ਇੱਕ ਸਥਾਨਕ ਟੈਲੀਵੀਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਮਾਰਕ ਮੈਕਗੌਵਨ ਨੇ ਕਿਹਾ, "ਸਵੇਰੇ ਹੋਈ ਟੀਮ ਦੀ ਐਮਰਜੈਂਸੀ ਮੀਟਿੰਗ ਵਿੱਚ ਮੈਨੂੰ ਦੱਸਿਆ ਕਿ ਇੱਕ ਫਲਾਈਟ ਤੋਂ ਆਸਟਰੇਲੀਆ ਆਏ 79 ਯਾਤਰੀਆਂ ਵਿੱਚੋਂ 78 ਭਾਰਤ ਗਏ ਸਨ। ਸਾਡਾ ਅਨੁਮਾਨ ਹੈ ਕਿ ਇਨ੍ਹਾਂ ਵਿੱਚ ਵਧੇਰੇ ਕੋਵਿਡ ਪੌਜ਼ੀਟਿਵ ਮਾਮਲੇ ਪਾਏ ਜਾ ਸਕਦੇ ਹਨ। "

ਉਨ੍ਹਾਂ ਕਿਹਾ, "ਕੁਝ ਟੈਸਟ ਜੋ ਭਾਰਤ ਵਿਚ ਕੀਤੇ ਜਾ ਰਹੇ ਹਨ ਜਾਂ ਤਾਂ ਸਹੀ ਨਹੀਂ ਹਨ ਜਾਂ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਪੱਸ਼ਟ ਤੌਰ 'ਤੇ, ਇਸ ਕਾਰਨ ਸਮੱਸਿਆਵਾਂ ਆ ਰਹੀਆਂ ਹਨ।"

ਉਨ੍ਹਾਂ ਕਿਹਾ ਕਿ ਆਸਟਰੇਲੀਆ ਆਉਣ ਵਾਲੇ ਬਹੁਤੇ ਲੋਕ, ਜੋ ਵਾਇਰਸ ਨਾਲ ਸੰਕਰਮਿਤ ਹਨ, ਇਸ ਤੱਥ ਵੱਲ ਇਸ਼ਾਰਾ ਕਰ ਰਹੇ ਹਨ ਕਿ ਉੱਥੇ ਸਿਸਟਮ ਵਿੱਚ ਕੁਝ ਖਾਮੀਆਂ ਹਨ।

ਉਨ੍ਹਾਂ ਨੇ ਸਵਾਲ ਕੀਤਾ, "ਜੇਕਰ ਯਾਤਰਾ ਕਰ ਰਹੇ ਲੋਕਾਂ ਦੇ ਟੈਸਟ ਨਤੀਜੇ ਗਲਤ ਹਨ ਜਾਂ ਜੇ ਉਹ ਗਲਤ ਰਿਪੋਰਟ ਪੇਸ਼ ਕਰਕੇ ਉਡਾਣ ਤੱਕ ਪਹੁੰਚ ਰਹੇ ਹਨ ਤਾਂ ਪੂਰੀ ਪ੍ਰਣਾਲੀ' ਤੇ ਸਵਾਲ ਉੱਠਦੇ ਹਨ। ਇਸੇ ਲਈ ਅਸੀਂ ਇੱਥੇ ਮੁਸੀਬਤ ਵਿੱਚ ਹਾਂ। "

ਮੈਕਗੌਵਨ ਨੇ ਆਸਟਰੇਲੀਆ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇ ਜਰੂਰੀ ਨਾ ਹੋਏ ਤਾਂ ਉਹ ਭਾਰਤ ਦੀ ਯਾਤਰਾ ਨਾ ਕਰਨ।

ਆਸਟਰੇਲੀਆਈ ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਪਰਥ ਵਿਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਦਰਜ ਹੋਇਆ ਹੈ ਜੋ ਹਾਲ ਹੀ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਵਿਚ ਗਿਆ ਹੋਇਆ ਸੀ।

ਦਿੱਲੀ ਸਰਕਾਰ ਨੇ ਬੈਂਕਾਕ ਤੋਂ ਮੰਗਵਾਏ ਆਕਸੀਜਨ ਦੇ ਟੈਂਕਰ

ਦਿੱਲੀ ਵਿਖੇ ਕੋਰੋਨਾ ਵਾਇਰਸ ਦੇ ਹਾਲਾਤਾਂ ਅਤੇ ਤਿਆਰੀਆਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ਕੀਤੀ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ। ਇਸ ਲਈ ਦਿੱਲੀ ਸਰਕਾਰ ਨੇ ਬੈਂਕਾਕ ਤੋਂ 18 ਟੈਂਕਰ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ ਕੇਂਦਰ ਸਰਕਾਰ ਤੋਂ ਏਅਰ ਫੋਰਸ ਦੀ ਮਦਦ ਮੰਗੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਫਰਾਂਸ ਤੋਂ 21 ਆਕਸੀਜਨ ਪਲਾਂਟ ਮੰਗਵਾਏ ਹਨ ਜੋ ਹਸਪਤਾਲਾਂ ਵਿੱਚ ਲੱਗ ਜਾਣਗੇ ਅਤੇ ਫਿਰ ਆਕਸੀਜਨ ਦੇ ਨਿਰਮਾਣ ਤੋਂ ਬਾਅਦ ਹਸਪਤਾਲ ਨੂੰ ਸਿੱਧੀ ਸਪਲਾਈ ਹੋ ਸਕੇਗੀ।

ਉਨ੍ਹਾਂ ਦੱਸਿਆ ਇਕ ਮਹੀਨੇ ਵਿਚ ਦਿੱਲੀ ਸਰਕਾਰ ਕੁੱਲ 44 ਆਕਸੀਜਨ ਪਲਾਂਟ ਲਗਾਏਗੀ। 8 ਆਕਸੀਜਨ ਪਲਾਂਟ ਲਗਾਉਣ ਲਈ ਕੇਂਦਰ ਸਰਕਾਰ ਮਦਦ ਕਰ ਰਹੀ ਹੈ ਅਤੇ ਬਾਕੀ 36 ਪਲਾਂਟ ਦਿੱਲੀ ਸਰਕਾਰ ਫਰਾਂਸ ਸਰਕਾਰ ਅਤੇ ਦੇਸ਼ ਦੇ ਨਿਰਮਾਤਾਵਾਂ ਦੇ ਸਹਿਯੋਗ ਨਾਲ ਲਗਾਵੇਗੀ।

ਅੱਜ ਤੋਂ ਕਰਨਾਟਕ ਵਿੱਚ 14 ਦਿਨਾਂ ਲਈ ਕਰਫਿਊ

ਕਰਨਾਟਕ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਭਾਰੀ ਤੇਜ਼ੀ ਤੋਂ ਬਾਅਦ ਰਾਜ ਸਰਕਾਰ ਨੇ ਉਥੇ 14 ਦਿਨਾਂ ਕਰਫਿਊ ਦਾ ਐਲਾਨ ਕੀਤਾ ਹੈ।

ਸੂਬੇ ਦੇ ਉਪ ਮੁੱਖ ਮੰਤਰੀ ਸੀ ਐਨ ਅਸ਼ਵਤ ਨਾਰਾਇਣ ਨੇ ਸੋਮਵਾਰ ਨੂੰ ਕਿਹਾ ਕਿ ਕਰਫਿਊ 27 ਅਪ੍ਰੈਲ ਤੋਂ 10 ਮਈ ਤੱਕ ਲਾਗੂ ਰਹੇਗਾ ਅਤੇ ਇਸ ਸਮੇਂ ਦੌਰਾਨ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ।

ਰਾਮਨਗਰ ਦੇ ਇੱਕ ਹਸਪਤਾਲ ਦੇ ਦੌਰੇ ਤੋਂ ਬਾਅਦ, ਉਨ੍ਹਾਂ ਨੇ ਕਿਹਾ, "27 ਅਪ੍ਰੈਲ ਨੂੰ ਰਾਤ 9 ਵਜੇ ਤੋਂ ਅਗਲੇ 14 ਦਿਨਾਂ ਤੱਕ ਸੂਬੇ ਵਿੱਚ ਕਰਫਿਊ ਲਾਗੂ ਰਹੇਗਾ। ਇਸ ਸਮੇਂ ਦੌਰਾਨ, ਸਿਰਫ ਜ਼ਰੂਰੀ ਸੇਵਾਵਾਂ ਨੂੰ ਸਵੇਰੇ ਛੇ ਵਜੇ ਤੋਂ ਰਾਤ ਦੇ 10 ਵਜੇ ਤੱਕ ਇਜਾਜ਼ਤ ਹੋਵੇਗੀ।"

ਉਨ੍ਹਾਂ ਕਿਹਾ, "ਸਰਕਾਰ ਨੇ ਖੇਤੀਬਾੜੀ ਦੇ ਕੰਮ ਅਤੇ ਨਿਰਮਾਣ ਕਾਰਜਾਂ ਲਈ ਸੀਮਤ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।"

ਪਿਛਲੇ ਚੌਵੀ ਘੰਟਿਆਂ ਵਿੱਚ, ਜਿਥੇ ਸੂਬੇ ਵਿੱਚ ਕੋਰੋਨਾ ਦੇ 34,804 ਨਵੇਂ ਕੇਸ ਦਰਜ ਕੀਤੇ ਗਏ ਹਨ, 143 ਲੋਕਾਂ ਦੀ ਇਸ ਕਾਰਨ ਮੌਤ ਹੋ ਗਈ ਹੈ।

ਕਰਨਾਟਕ ਵਿੱਚ ਕੋਰੋਨਾ ਦੇ 2,62,162 ਸਰਗਰਮ ਕੇਸ ਹਨ ਜਦੋਂ ਕਿ ਕੁੱਲ ਮੌਤਾਂ ਦਾ ਅੰਕੜਾ 14,426 ਰਿਹਾ ਹੈ।

ਗੁਜਰਾਤ ਨੇ ਵਲਸਾਡ ਅਤੇ ਪੋਰਬੰਦਰ ਸਮੇਤ 29 ਸ਼ਹਿਰਾਂ ਵਿਚ ਲਗਾਇਆ ਨਾਈਟ ਕਰਫਿਊ

ਗੁਜਰਾਤ ਵਿੱਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਹਿੰਮਤਨਗਰ, ਪਾਲਨਪੁਰ, ਨਵਸਾਰੀ, ਪੋਰਬੰਦਰ, ਬੋਟਾਡ, ਵੀਰਮਗਮ, ਛੋਟਾ ਉਦੈਪੁਰ, ਵੇਰਾਵਲ-ਸੋਮਨਾਥ ਅਤੇ ਵਲਸਾਡ ਵਿੱਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਕਰਫਿਊ ਪਹਿਲਾਂ ਹੀ ਗੁਜਰਾਤ ਦੇ 20 ਸ਼ਹਿਰਾਂ ਵਿੱਚ ਲਗਾਇਆ ਜਾ ਚੁੱਕਿਆ ਹੈ।

ਇਹ ਕਰਫਿਊ 28 ਅਪ੍ਰੈਲ ਤੋਂ 5 ਮਈ ਤੱਕ ਲਾਗੂ ਰਹੇਗਾ। ਇਸ ਸਮੇਂ ਦੌਰਾਨ ਸਬਜੀਆਂ, ਫਲ, ਡੇਅਰੀ, ਬੇਕਰੀ ਅਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੇ ਦਿੱਤੀ ਹੈ।

ਸਿੱਦੀਕ ਕਪਨ ਦੀ ਮੈਡੀਕਲ ਰਿਪੋਰਟ ਦਾਖ਼ਲ ਕਰੇ ਯੂਪੀ ਸਰਕਾਰ- ਸੁਪਰੀਮ ਕੋਰਟ

ਪੱਤਰਕਾਰ ਸਿੱਦੀਕ ਕਪਨ ਨੂੰ ਉੱਤਰ ਪ੍ਰਦੇਸ਼ ਤੋਂ ਦਿੱਲੀ ਟ੍ਰਾਂਸਫਰ ਕਰਨ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਿੱਦਿਕ ਕਪਨ ਨੂੰ ਜੰਜ਼ੀਰਾਂ ਵਿੱਚ ਨਹੀਂ ਰੱਖਿਆ ਗਿਆ ਹੈ।

ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਸਿੱਦਿਕ ਕਪਨ ਦੀ ਪਤਨੀ ਵੱਲੋਂ ਲਗਾਏ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਿੱਦੀਕ ਨੂੰ ਹਸਪਤਾਲ ਵਿੱਚ ਜੰਜ਼ੀਰਾਂ ਨਾਲ ਬੰਨ੍ਹਿਆ ਗਿਆ ਹੈ।

ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੋਂ ਸਿੱਦੀਕ ਕਪਨ ਦੀ ਮੇਡੀਕਲ ਰਿਪੋਰਟ ਦਾਇਰ ਕਰਨ ਲਈ ਕਿਹਾ ਅਤੇ ਬੁੱਧਵਾਰ ਲਈ ਇਸ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ।

ਕੇਸ ਦੀ ਸੁਣਵਾਈ ਚੀਫ਼ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਦੁਆਰਾ ਕੀਤੀ ਜਾ ਰਹੀ ਹੈ, ਜਿਸ ਵਿੱਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਏਐਸ ਬੋਪੰਨਾ ਸ਼ਾਮਲ ਹਨ।

ਕੇਰਲ ਯੂਨੀਅਨ ਆਫ ਵਰਕਿੰਗ ਜਰਨਲਿਸਟਸ ਨੇ ਮਥੁਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਸਿੱਦੀਕ ਕਪਨ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਤਬਦੀਲ ਕਰਨ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਸੀ।

ਸਿੱਦੀਕ ਕਪਨ ਲਈ ਪੇਸ਼ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ 21 ਅਪ੍ਰੈਲ ਨੂੰ ਸਿੱਦੀਕ ਕੋਰੋਨਾ ਪੌਜੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਜੰਜ਼ੀਰਾਂ ਵਿਚ ਰੱਖਿਆ ਹੋਇਆ ਹੈ।

ਇਸ ਹੀ ਹਫਤੇ ਕੇਰਲਾ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਕਪਨ ਦੀ ਸਿਹਤ ਬਹੁਤ ਗੰਭੀਰ ਹੈ ਜਦੋਂ ਕਿ ਉਸਨੂੰ ਯੂਏਪੀਏ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਹੈ।

ਪਿਨਰਈ ਵਿਜਯਨ ਨੇ ਆਪਣੇ ਪੱਤਰ ਵਿੱਚ ਲਿਖਿਆ, "ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸ਼ੂਗਰ ਹੈ, ਦਿਲ ਦੀ ਬਿਮਾਰੀ ਹੈ, ਕੋਰੋਨਾ ਦੀ ਲਾਗ ਤੋਂ ਬਾਅਦ ਉਨ੍ਹਾਂ ਨੂੰ ਮਥੁਰਾ ਦੇ ਕੇਵੀਐਮ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿਥੇ ਉਨ੍ਹਾਂ ਨੂੰ ਬਿਸਤਰੇ' ਤੇ ਜੰਜ਼ੀਰ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ। "

ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਬਾਅਦ ਕੱਢੇ ਜਾਂਦੇ ਜਲੂਸਾਂ 'ਤੇ ਲਗਾਈ ਪਾਬੰਦੀ

ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਣ ਵਾਲੇ ਜੇਤੂ ਜਲੂਸਾਂ ਉਪਰ ਪਾਬੰਦੀ ਲਗਾ ਦਿੱਤੀ ਹੈ।

ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਦੋ ਮਈ ਨੂੰ ਨਤੀਜੇ ਆਉਣੇ ਹਨ ਅਤੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਸੰਜੀਵ ਬੈਨਰਜੀ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕੋਵਿਡ ਦੀ ਦੂਜੀ ਲਹਿਰ ਲਈ ਸਿਰਫ਼ ਇਕੱਲਾ ਤੁਹਾਡਾ ਅਦਾਰਾ (ਚੋਣ ਕਮਿਸ਼ਨ ) ਜ਼ਿੰਮੇਵਾਰ ਹੈ ਅਤੇ ਤੁਹਾਡੇ ਅਧਿਕਾਰੀਆਂ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਚੋਣ ਕਮਿਸ਼ਨ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਆਰਡਰ ਅਨੁਸਾਰ ਨਤੀਜੇ ਆਉਣ ਤੋਂ ਬਾਅਦ ਜੇਤੂ ਉਮੀਦਵਾਰ ਨਾਲ ਜਿੱਤ ਦਾ ਪ੍ਰਮਾਣ ਪੱਤਰ ਲੈਣ ਲਈ ਵੀ ਕੇਵਲ ਦੋ ਵਿਅਕਤੀ ਹੀ ਰਿਟਰਨਿੰਗ ਅਧਿਕਾਰੀ ਕੋਲ ਜਾ ਸਕਦੇ ਹਨ।

ਆਸਟ੍ਰੇਲੀਆ ਨੇ ਭਾਰਤ ਵੱਲੋਂ ਆਉਂਦੀਆਂ ਸਿੱਧੀਆਂ ਯਾਤਰੀ ਉਡਾਣਾਂ 'ਤੇ 15 ਮਈ ਤੱਕ ਲਗਾਈ ਰੋਕ

ਆਸਟ੍ਰੇਲੀਆ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਸਿੱਧੀਆਂ ਉਡਾਣਾਂ ਤਿੰਨ ਹਫ਼ਤਿਆਂ ਲਈ ਰੋਕ ਦਿੱਤੀਆਂ ਹਨ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਮੰਗਲਵਾਰ ਨੂੰ ਕਿਹਾ ਕਿ 15 ਮਈ ਨੂੰ ਉਡਾਣਾਂ ਮੁੜ ਬਹਾਲ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ।

ਕੋਰੋਨਾ ਦਾ ਅਸਰ ਆਈਪੀਐਲ 'ਤੇ ਵੀ

ਭਾਰਤ ਵਿੱਚ ਕੋਵਿਡ ਦੀ ਦੂਸਰੀ ਲਹਿਰ ਦਾ ਅਸਰ ਆਈਪੀਐਲ ਉੱਪਰ ਵੀ ਪੈਂਦਾ ਨਜ਼ਰ ਆ ਰਿਹਾ ਹੈ।

ਭਾਰਤੀ ਖਿਡਾਰੀ ਰਵੀ ਚੰਦਰਨ ਅਸ਼ਵਿਨ ਨੇ ਆਈਪੀਐਲ ਤੋਂ ਪਰਿਵਾਰ ਦੇ ਕੋਵਿਡ ਪੌਜ਼ਿਟਿਵ ਹੋਣ ਕਾਰਨ ਕਿਨਾਰਾ ਕੀਤਾ ਹੈ ਉੱਥੇ ਹੀ ਆਸਟਰੇਲਿਆਈ ਖਿਡਾਰੀ ਐਡਮ ਜ਼ੰਪਾ, ਕੇਨ ਰਿਚਰਡਸਨ ਅਤੇ ਐਂਡ੍ਰਿਊ ਟਾਈ ਨੇ ਵਤਨ ਵਾਪਸੀ ਦਾ ਐਲਾਨ ਕੀਤਾ ਹੈ।

ਬੀਸੀਸੀਆਈ ਵੱਲੋਂ ਭਾਰਤੀ ਖਿਡਾਰੀਆਂ ਦੇ ਟੀਕਾਕਰਨ ਦੀ ਤਿਆਰੀ ਦੀਆਂ ਖ਼ਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹਨ।

ਕੋਵਿਡ ਦੇ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ

ਕੋਵਿਡ-19: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਚੌਵੀ ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 3,23,144 ਨਵੇਂ ਕੇਸ ਅਤੇ 2771 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ ਚੌਵੀ ਘੰਟਿਆਂ ਵਿੱਚ 2,51,827 ਮਰੀਜ਼ ਹੋਏ ਸਿਹਤਯਾਬ। ਦੇਸ਼ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 1,76,36,307 ਕੇਸ ਜਿਨ੍ਹਾਂ ਵਿਚੋਂ 1,45,56,209 ਮਰੀਜ਼ ਹੋਏ ਠੀਕ ਅਤੇ 1,97,894 ਲੋਕਾਂ ਦੀ ਜਾਨ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ 28,82,204 ਕੇਸ ਐਕਟਿਵ ਹਨ ਅਤੇ ਵੱਖ ਵੱਖ ਚਰਨਾਂ ਵਿੱਚ ਕੁੱਲ 14,52,71,86 ਟੀਕੇ ਲਗਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ