ਕੋਰੋਨਾਵਾਇਰਸ: ਪੰਜਾਬ 'ਚ ਆਕਸੀਜਨ ਲਈ ਸਟੀਲ ਤੇ ਲੋਹੇ ਦੇ ਪਲਾਂਟਾਂ 'ਚ ਉਤਪਾਦਨ ਬੰਦ ਕਰਨ ਦੇ ਹੁਕਮ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਦਿੰਦੇ ਰਹਾਂਗੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਹੇ ਤੇ ਸਟੀਲ ਇੰਡਸਟਰੀ ਵਿੱਚ ਕੰਮ ਰੋਕਣ ਅਤੇ ਇਸ ਦੀ ਥਾਂ ਆਕਸੀਜਨ ਨੂੰ ਮੈਡੀਕਲ ਜ਼ਰੂਰਤਾਂ ਵਿੱਚ ਵਰਤੋਂ ਕਰਨ ਨੂੰ ਕਿਹਾ ਹੈ।

ਟਵੀਟ ਕਰਦਿਆਂ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਆਕਸੀਜਨ ਸੰਕਟ ਨਾਲ ਨਜਿੱਠਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ਉੱਤੇ ਤੁਰੰਤ ਆਕਸੀਜਨ ਕੰਟਰੋਲ ਰੂਮ ਸਥਾਪਤ ਕਰਨ ਲਈ ਕਿਹਾ ਹੈ।

ਦੂਜੇ ਪਾਸੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਦੇ ਹੋਏ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ।

ਲੋਹੇ ਤੇ ਸਟੀਲ ਪਲਾਂਟ ਉਦਯੋਗ ਨੂੰ ਬੰਦ ਕਰਨ ਦੇ ਹੁਕਮ ਉੱਤੇ ਮੁੱਖ ਮੰਤਰੀ ਨੇ ਕਿਹਾ ਉਹ ਇਸ ਬਾਰੇ ਛੇਤੀ ਹੀ ਕੇਂਦਰ ਸਰਕਾਰ ਨੂੰ ਜਾਣਕਾਰੀ ਦੇਣਗੇ।

ਪੰਜਾਬ ਵਿੱਚ ਕੋਰੋਨਾਵਾਇਰਸ ਕੇਸਾਂ ਦੇ ਅੱਜ ਦੇ ਅੰਕੜੇ

  • ਪੰਜਾਬ ਵਿੱਚ ਅੱਜ ਕੁੱਲ 5,724 ਕੋਰੋਨਾਵਾਇਰਸ ਦੇ ਕੇਸ ਆਏ।
  • ਕੁੱਲ ਮੌਤਾਂ - 92 (ਸਭ ਤੋਂ ਵੱਧ ਮੌਤਾਂ ਮੋਹਾਲੀ ਵਿੱਚ 11)
  • ਕੁੱਲ ਮਰੀਜ਼ਾਂ ਨੂੰ ਛੁੱਟੀ ਮਿਲੀ - 2949
  • ਨਵੇਂ ਮਰੀਜ਼ ਜੋ ਵੈਂਟੀਲੇਟਰ 'ਤੇ ਹਨ - 18
  • ਨਵੇਂ ਮਰੀਜ਼ ਜੋ ICU 'ਚ ਦਾਖਲ ਹੋਏ - 56

ਇਹ ਵੀ ਪੜ੍ਹੋ

ਦਿੱਲੀ ਨੂੰ ਕੋਟੇ ਦੇ ਹਿਸਾਬ ਨਾਲ ਆਕਸੀਜਨ ਦਿੱਤੀ ਗਈ, ਇਸ ਦੀ ਸਹੀ ਤਰੀਕੇ ਵਰਤੋ ਕਰੋ - ਹਰਸ਼ਵਰਧਨ

ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਦੇ ਮਸਲੇ ਉੱਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜਿੰਨੀ ਮੰਗ ਕੀਤੀ ਸੀ ਉਸ ਤੋਂ ਜ਼ਿਆਦਾ ਆਕਸੀਜਨ ਦਾ ਕੋਟਾ ਉਨ੍ਹਾਂ ਨੂੰ ਦਿੱਤਾ ਗਿਆ ਹੈ ਅਤੇ ਹੁਣ ਇਹ ਉਨ੍ਹਾਂ ਉੱਤੇ ਹੈ ਕਿ ਉਹ ਇਸ ਦੀ ਵਰਤੋਂ ਕਿਵੇਂ ਕਰਦੇ ਹਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ, ਸਿਹਤ ਮੰਤਰੀ ਨੇ ਇਹ ਗੱਲ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਐਂਡ ਹੌਸਪਿਟਲ ਦੇ ਦੌਰੇ ਦੌਰਾਨ ਕਹੀ।

ਉਨ੍ਹਾਂ ਕਿਹਾ, ''ਭਾਰਤ ਵਿੱਚ ਆਕਸੀਜਨ ਦੇ ਉਤਪਾਦਨ ਦੇ ਹਿਸਾਬ ਨਾਲ ਹਰ ਸੂਬੇ ਨੂੰ ਉਸ ਦੇ ਕੋਟੇ ਦੇ ਹਿਸਾਬ ਨਾਲ ਆਕਸੀਜਨ ਦਿੱਤੀ ਗਈ ਹੈ। ਇੱਥੋ ਤੱਕ ਕਿ ਦਿੱਲੀ ਨੂੰ ਉਸ ਦੇ ਮੰਗੇ ਕੋਟੇ ਤੋਂ ਵੱਧ ਆਕਸੀਜਨ ਦਿੱਤੀ ਗਈ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਸੀ।''

"ਹੁਣ ਸਹੀ ਤਰੀਕੇ ਨਾਲ ਕੋਟਾ ਵੰਡਣ ਉੱਤੇ ਰਾਜਧਾਨੀ ਦੀ ਸਰਕਾਰ ਨੂੰ ਪਲਾਨ ਬਣਾਉਣਾ ਚਾਹੀਦਾ ਹੈ।''

ਲੰਡਨ 'ਚ ਭਾਰਤੀ ਹਾਈ ਕਮਿਸ਼ਨ ਨੇ ਮੰਗੀ ਮਦਦ

ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਕੋਵਿਡ-19 ਦੇ ਹਾਲਾਤ 'ਚ ਉਨ੍ਹਾਂ ਦਾ ਧੰਨਵਾਦ ਕੀਤਾ ਜੋ ਮਦਦ ਲਈ ਅੱਗੇ ਆਏ ਹਨ।

ਇਸ ਤੋਂ ਇਲਾਵਾ ਹਾਈ ਕਮਿਸ਼ਨ ਨੇ ਭਾਰਤ ਨੂੰ ਜ਼ਰੂਰਤਾਂ ਦੀ ਸੂਚੀ ਵੀ ਸਾਂਝੀ ਕੀਤੀ ਹੈ:

  • ਖਾਲ੍ਹੀ ਜਾਂ ਭਰੇ ਜਾਣ ਵਾਲੇ ਆਕਸੀਜਨ ਸਿਲੰਡਰ ਜਿਨ੍ਹਾਂ ਦੀ ਸਮਰੱਥਾ 10 ਤੋਂ 45 ਲੀਟਰ ਹੋਵੇ
  • ਆਕਸੀਜਨ ਕੌਂਸਟਰੇਟਰਜ਼
  • ਹਸਪਤਾਲਵਾਂ ਲਈ ਆਕਸੀਜਨ ਬਣਾਉਣ ਵਾਲੇ ਪਲਾਂਟ
  • ਰੇਮਡੇਸਵੀਰ ਦਵਾਈ

ਮਹਾਰਾਸ਼ਟਰ 'ਚ ਸ਼ਰਾਬ ਦੀ ਥਾਂ ਸੈਨੇਟਾਇਜ਼ਰ ਪੀਣ ਨਾਲ 7 ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸ਼ਰਾਬ ਦੀ ਥਾਂ ਸੈਨੇਟਾਇਜ਼ਰ ਪੀਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਯਵਤਮਾਲ ਜ਼ਿਲ੍ਹੇ ਦੇ ਵਾਨੀ ਤਹਿਸੀਲ ਵਿੱਚ ਕੋਵਿਡ ਲੌਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਸੀ ਅਤੇ ਅਜਿਹ 'ਚ ਸੱਤ ਲੋਕਾਂ ਨੇ ਸ਼ਰਾਬ ਨਾ ਮਿਲਣ ਕਰਕੇ ਸੈਨੇਟਾਇਜ਼ਰ ਪੀ ਲਿਆ।

ਸੱਤੇ ਮ੍ਰਿਤਕ ਮਜ਼ਦੂਰ ਦੱਸੇ ਜਾ ਰਹੇ ਹਨ। ਵਾਨੀ ਪੁਲਿਸ ਸਟੇਸ਼ਨ ਦੇ ਅਜੇ ਪੁਜਲਵਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਲਾਗ ਨੂੰ ਕਾਬੂ ਵਿੱਚ ਕਰਨ ਲਈ ਵੀਰਵਾਰ ਨੂੰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਮਹਾਰਾਸ਼ਟਰ ਦੇਸ਼ ਵਿੱਚ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ।

'ਆਕਸੀਜਨ ਪਹੁੰਚਾਉਣ ਵਿੱਚ ਰੋੜਾ ਬਣਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ'

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੇ ਕੇਂਦਰ, ਸੂਬਾ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਆਕਸੀਜਨ ਸਪਲਾਈ ਵਿੱਚ ਰੁਕਾਵਟ ਬਣੇਗਾ ਤਾਂ ਉਸ ਨੂੰ 'ਟੰਗ' ਦਿੱਤਾ ਜਾਵੇਗਾ।

ਦਿੱਲੀ ਦੇ ਮਹਾਰਾਜਾ ਅਗ੍ਰਸੇਨ ਹਸਪਤਾਲ ਨੇ ਗੰਭੀਰ ਰੂਪ ਤੋਂ ਬਿਮਾਰ ਕੋਰੋਨਾ ਮਰੀਜ਼ਾਂ ਦੇ ਲਈ ਆਕਸੀਜਨ ਦੀ ਕਮੀ ਨੂੰ ਲੈ ਕੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।

ਅਦਾਲਤ ਨੇ ਇਹ ਟਿੱਪਣੀ ਇਸੇ ਮਾਮਲੇ ਉੱਤੇ ਸੁਣਵਾਈ ਦੌਰਾਨ ਕੀਤੀ ਹੈ।

ਜਸਟਿਸ ਵਿਪਿਨ ਸਾਂਘੀ ਅਤੇ ਰੇਖਾ ਪੱਲੀ ਦੀ ਬੈਂਚ ਨੇ ਆਖਿਆ ਕਿ ਆਕਸੀਜਨ ਪਹੁੰਚਾਉਣ ਵਿੱਚ ਰੋੜਾ ਬਣਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਕੇਂਦਰ ਨੂੰ ਅਦਾਲਤ ਦੀ ਫਟਕਾਰ

ਸੁਣਵਾਈ ਦੌਰਾਨ ਅਦਾਲਤ ਨੇ ਕੇਂਦਰ ਨੂੰ ਫਟਕਾਰ ਲਗਾਈ ਹੈ।

ਅਦਾਲਤ ਨੇ ਕੇਂਦਰ ਨੂੰ ਕਿਹਾ, ''ਤੁਸੀਂ 21 ਅਪ੍ਰੈਲ ਨੂੰ ਭਰੋਸਾ ਦਿਵਾਇਆ ਸੀ ਕਿ ਦਿੱਲੀ ਨੂੰ ਰੋਜ਼ 480 ਮਿਟ੍ਰਿਕ ਟਨ ਆਕਸੀਜਨ ਦਿੱਤੀ ਜਾਵੇਗੀ। ਇਹ ਕਦੋਂ ਹੋਵੇਗਾ?''

ਦੇਸ਼ ਦੀ ਰਾਜਧਾਨੀ ਦਿੱਲੀ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਲਿਕਵਿਡ ਆਕਸੀਜਨ ਦੀ ਵੱਡੀ ਕਮੀ ਹੈ ਅਤੇ ਇਸ ਦਾ ਅਸਰ ਗੰਭੀਰ ਤੌਰ 'ਤੇ ਮਰੀਜ਼ਾਂ ਉੱਤੇ ਪੈ ਰਿਹਾ ਹੈ।

ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਕਾਰਨ ਸ਼ੁੱਕਰਵਾਰ 23 ਅਪ੍ਰੈਲ ਨੂੰ ਰਾਤ ਵੇਲੇ 20 ਮਰੀਜ਼ਾਂ ਦੀ ਮੌਤ ਹੋ ਗਈ।

ਐਲਐਨਜੇਪੀ ਵਰਗੇ ਸਰਕਾਰੀ ਤੋਂ ਲੈ ਕੇ ਸਰੋਜ ਤੇ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲ ਆਕਸੀਜਨ ਦੀ ਕਮੀ ਨੂੰ ਲੈ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ।

ਕੁਝ ਬੇਵੱਸ ਹਸਪਤਾਲਾਂ ਨੇ ਹਾਈ ਕੋਰਟ ਦਾ ਵੀ ਰੁਖ਼ ਕੀਤਾ ਹੈ।

ਦਿੱਲੀ ਦੇ ਰੋਹਿਣੀ ਸਥਿਤ ਜੈਪੁਰ ਗੋਲਡਨ ਹਸਪਤਾਲ ਵਿੱਚ ਹੁਣ ਸਿਰਫ਼ ਬਹੁਤ ਘੱਟ ਅਕਸੀਜਨ ਬਚੀ ਹੈ।

ਮੈਡੀਕਲ ਡਾਇਰੈਕਟਰ ਡਾ. ਦੀਪ ਬਲੂਜਾ ਅਨੁਸਾਰ ਹਸਪਤਾਲ ਵਿੱਚ 200 ਮਰੀਜ਼ ਹਨ, ਜਿਨ੍ਹਾਂ ਵਿੱਚੋਂ 80 ਆਕਸੀਜਨ ਸਪੋਰਟ ਉੱਤੇ ਹਨ ਅਤੇ 35 ਆਈਸੀਯੂ ਵਿੱਚ ਹਨ।

ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬੀਤੀ ਰਾਤ 20 ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ।

ਖਤਰੇ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਕਿਹਾ ਹੈ ਕਿ ਉਹ ਆਕਸੀਜਨ ਦੀ ਉਡੀਕ ਕਰ ਰਹੇ ਹਨ ਅਤੇ ਕੋਰੋਨਾ ਦੇ 215 ਮਰੀਜ਼ਾਂ ਨੂੰ ਇਸਦੀ ਤੁਰੰਤ ਲੋੜ ਹੈ।

ਹਿੰਦੁਸਤਾਨ ਟਾਈਮਜ਼ ਨੇ ਹਸਪਤਾਲ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੋਵਿਡ -19 ਦੇ ਮਰੀਜ਼ਾਂ ਦੀ ਮੌਤ ਹੋਈ ਜੋ ਹਸਪਤਾਲ ਦੇ ਕ੍ਰਿਟਿਕਲ ਕੇਅਰ ਯੂਨਿਟ ਵਿੱਚ ਭਰਤੀ ਸੀ।

ਸਾਰੇ 20 ਮਰੀਜ਼ਾਂ ਦੀ ਮੌਤ ਘੱਟ ਆਕਸੀਜਨ ਪ੍ਰੈਸ਼ਰ ਕਾਰਨ ਹੋ ਗਈ ਕਿਉਂਕਿ ਹਸਪਤਾਲ ਦੇ ਨਜ਼ਦੀਕ ਆਕਸੀਜਨ ਖ਼ਤਮ ਹੋ ਗਈ ਸੀ।

ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਦੀਪ ਬੱਲੂਜਾ ਨੇ ਕਿਹਾ, "ਅਸੀਂ ਕ੍ਰਿਟਿਕਲ ਕੇਅਰ ਯੂਨਿਟ ਵਿੱਚ ਉਨ੍ਹਾਂ ਸਾਰੇ 20 ਮਰੀਜ਼ ਨੂੰ ਖੋਹ ਦਿੱਤਾ ਜੋ ਹਾਈ ਆਕਸੀਜਨ ਫਲੋ 'ਤੇ ਸਨ।

ਉਨ੍ਹਾਂ ਨੇ ਕਿਹਾ, "ਸ਼ੁੱਕਰਵਾਰ ਰਾਤ 10 ਵਜੇ ਤੱਕ, ਅਸੀਂ ਤਰਲ ਆਕਸੀਜਨ ਦੇ ਸਟਾਕ ਨੂੰ ਖਤਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਸੀਂ ਮੁੱਖ ਗੈਸ ਪਾਈਪ ਲਾਈਨ ਨਾਲ ਜੁੜੇ ਆਕਸੀਜਨ ਸਿਲੰਡਰਾਂ ਦਾ ਸਹਾਰਾ ਲਿਆ ਪਰ ਉਥੇ ਘੱਟ ਦਬਾਅ ਕਾਰਨ ਮਰੀਜ਼ਾਂ ਦੀ ਮੌਤ ਹੋ ਗਈ।"

ਹਿੰਦੁਸਤਾਨ ਟਾਈਮਜ਼ ਦੇ ਅਨੁਸਾਰ, ਹਸਪਤਾਲ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਆਪਣੇ ਹਿੱਸੇ ਦੀ ਤਰਲ ਆਕਸੀਜਨ ਮਿਲਣੀ ਚਾਹੀਦੀ ਸੀ ਪਰ ਅੱਧੀ ਰਾਤ ਤੱਕ ਇਹ ਨਹੀਂ ਪਹੁੰਚੀ।

20 ਮਰੀਜ਼ਾਂ ਦੀ ਮੌਤ ਤੋਂ ਬਾਅਦ ਵੀ, ਹਸਪਤਾਲ ਨੂੰ ਇਸ ਦੀ ਜ਼ਰੂਰਤ ਲਈ ਸਿਰਫ 40 ਪ੍ਰਤੀਸ਼ਤ ਆਕਸੀਜਨ ਮਿਲੀ।

ਡਾ. ਬਲੂਜਾ ਨੇ ਕਿਹਾ, "ਅਸੀਂ ਇੱਕ ਵਾਰ ਫਿਰ ਸੰਕਟ ਦੀ ਸਥਿਤੀ ਵਿੱਚ ਹਾਂ। 200 ਜਾਨਾਂ ਖ਼ਤਰੇ ਵਿੱਚ ਹਨ। ਕੱਲ ਰਾਤ, ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਇਆ ਪਰ ਅੱਜ ਅਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋਵਾਂਗੇ। ਆਕਸੀਜਨ ਜੋ ਅਸੀਂ ਬੈਕਅਪ ਲਈ ਰੱਖੀ ਸੀ, ਉਹ ਵੀ ਖ਼ਤਮ ਹੋ ਗਈ ਹੈ।"

ਹਸਪਤਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫਤਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ, ਸਿਹਤ ਮੰਤਰਾਲੇ ਅਤੇ ਦਿੱਲੀ ਦੇ ਉਪ ਰਾਜਪਾਲ ਨੂੰ ਟੈਗ ਕਰਦੇ ਹੋਏ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਐਸਓਐਸ ਚਿਤਾਵਨੀ ਜਾਰੀ ਕੀਤੀ ਹੈ ਅਤੇ ਮਦਦ ਦੀ ਗੁਹਾਰ ਲਗਾਈ ਹੈ।

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 3.46 ਲੱਖ ਨਵੇਂ ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 3,46,786 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ, ਦੇਸ਼ ਵਿੱਚ ਹੁਣ ਪੌਜ਼ੀਟਿਵ ਕੇਸਾਂ ਦੀ ਕੁਲ ਗਿਣਤੀ 1,66,10,481 ਹੋ ਗਈ ਹੈ।

ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 2,624 ਲੋਕਾਂ ਦੀ ਮੌਤ ਹੋ ਗਈ ਹੈ, ਜਿਸਦੇ ਨਾਲ ਦੇਸ਼ ਵਿੱਚ ਹੁਣ ਮੌਤਾਂ ਦੀ ਗਿਣਤੀ 1,89,544 ਹੋ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)