ਕੋਰੋਨਾਵਾਇਰਸ: 'ਆਕਸੀਜਨ ਦੀ ਕਮੀ ਕਾਰਨ ਸਾਡੇ ਤੋਂ ਸਾਈਨ ਕਰਾ ਲਏ ਗਏ ਸਨ' ਅੰਮ੍ਰਿਤਸਰ 'ਚ ਆਪਣਿਆਂ ਨੂੰ ਗੁਆਉਣ ਵਾਲਿਆਂ ਦਾ ਦਰਦ

ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਕਥਿਤ ਤੌਰ 'ਤੇ ਆਕਸੀਜਨ ਦੀ ਕਮੀ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਕੋਵਿਡ ਦੇ ਮਰੀਜ਼ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ।

ਨੀਲਕੰਠ ਹਸਪਤਾਲ ਦੇ ਐਮਡੀ ਸੁਨੀਲ ਦੇਵਗਨ ਨੇ ਦੱਸਿਆ, "ਪੰਜ ਮਰੀਜ਼ਾਂ ਦੀ ਮੌਤ ਆਕਸੀਜਨ ਨਾ ਮਿਲਣ ਕਾਰਨ ਹੋਈ ਹੈ। ਪਿਛਲੇ 48 ਘੰਟਿਆਂ ਤੋਂ ਅਸੀਂ ਲਗਾਤਾਰ ਪ੍ਰਸ਼ਾਸਨ ਤੋਂ, ਨੋਡਲ ਅਫਸਰ ਤੋਂ ਅਤੇ ਆਪਣੇ ਆਕਸੀਜਨ ਸਪਲਾਈ ਕਰਨ ਵਾਲਿਆਂ ਤੋਂ ਆਕਸੀਜਨ ਦੀ ਮੰਗ ਕਰ ਰਹੇ ਸੀ।"

"ਅਸੀਂ ਆਪਣੇ ਪੱਧਰ 'ਤੇ ਆਪਣੇ ਜਾਣਕਾਰਾਂ ਤੋਂ ਕੁਝ ਸਿਲੰਡਰ ਮੰਗ ਕੇ ਗੁਜ਼ਾਰਾ ਕੀਤਾ। ਪਰ ਜਦੋਂ ਸਾਨੂੰ ਹੋਰ ਆਕਸੀਜਨ ਨਹੀਂ ਮਿਲੀ ਤਾਂ ਅਸੀਂ ਮਰੀਜ਼ਾਂ ਨੂੰ ਕਿਹਾ ਕਿ ਉਹ ਕਿਸੇ ਹੋਰ ਹਸਪਤਾਲ ਜਾ ਸਕਦੇ ਹਨ।"

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੁਨੀਲ ਨੇ ਕਿਹਾ ਕਿ ਉਨ੍ਹਾਂ ਨੂੰ 50 ਸਿਲੰਡਰਾਂ ਦੀ ਲੋੜ ਹੈ, ਪਰ ਅੱਜ ਉਨ੍ਹਾਂ ਨੂੰ ਪੰਜ ਦਿੱਤੇ ਗਏ ਹਨ। ਹਸਪਤਾਲ ਵਿੱਚ ਇਸ ਵੇਲੇ ਕੋਵਿਡ ਦੇ 12 ਮਰੀਜ਼ ਹਨ।

ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਨਿੱਜੀ ਹਸਪਤਾਲਾਂ ਨੂੰ ਆਕਸੀਜਨ ਸਿਲੰਡਰ ਨਹੀਂ ਦਿੱਤੇ ਜਾਣਗੇ।

'ਹਸਪਤਾਲ ਨੇ ਨਹੀਂ ਮੰਗੀ ਆਕਸੀਜਨ'

ਅੰਮ੍ਰਿਤਸਰ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਹਸਪਤਾਲ ਨੇ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਉਨ੍ਹਾਂ ਨੇ ਕਿਹਾ, ਜੇ ਉਨ੍ਹਾਂ ਨੇ ਇਸ ਬਾਰੇ ਦੱਸਿਆ ਹੁੰਦਾ ਤਾਂ ਅਸੀਂ ਆਕਸੀਜਨ ਦਾ ਇੰਤਜ਼ਾਮ ਕਰ ਦਿੰਦੇ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤਾ ਜਾਵੇਗੀ।

ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਮੌਤਾਂ ਦੀ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ ਜੋ 48 ਘੰਟਿਆਂ ਵਿਚ ਰਿਪੋਰਟ ਦੇਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੋਨੀ ਨੇ ਅੱਗੇ ਕਿਹਾ ਕਿ ਸਪਤਾਲ ਨੇ ਦੇਰ ਰਾਤ ਤੱਕ ਵੀ ਆਕਸੀਜਨ ਦੀ ਮੰਗ ਨਹੀਂ ਕੀਤੀ ਸੀ।

ਮਰੀਜ਼ਾਂ ਦੇ ਪਰਿਵਾਰ ਵਾਲੇ ਕੀ ਕਹਿ ਰਹੇ

ਰਵੀ ਮਲਹੋਤਰਾ ਦੇ ਮਾਤਾ ਉਨ੍ਹਾਂ ਮਰੀਜ਼ਾਂ ਵਿੱਚੋਂ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਵਿਡ ਸੀ ਤੇ ਕਿਹਾ ਗਿਆ ਸੀ ਕਿ ਉਹ ਠੀਕ ਹੋ ਜਾਣਗੇ, ਪਰ ਉਨ੍ਹਾਂ ਦੀ ਮੌਤ ਹੋ ਗਈ।

ਵਿੱਕੀ ਦੀ ਸੱਸ ਇਸ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਵਿੱਕੀ ਨੇ ਦੱਸਿਆ, "ਹਸਪਤਾਲ ਨੇ ਕੱਲ੍ਹ ਸਾਡੇ ਤੋਂ ਪੇਪਰ ਸਾਈਨ ਕਰਵਾ ਲਏ ਸੀ ਕਿ ਜੇ ਆਕਸੀਜਨ ਖਤਮ ਹੋ ਜਾਏ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਕੱਲ੍ਹ ਸਾਨੂੰ ਕਿਹਾ ਗਿਆ ਸੀ ਕਿ ਤੁਹਾਡਾ ਮਰੀਜ਼ ਠੀਕ ਹੈ। ਅੱਜ ਕਹਿ ਰਹੇ ਹਨ, ਉਨ੍ਹਾਂ ਦੀ ਮੌਤ ਹੋ ਗਈ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)