ਕੋਟਕਪੁਰਾ ਗੋਲੀਕਾਂਡ: ਬਾਦਲਾਂ ਨੂੰ ਮਿਲੀ ਕਲੀਨ ਚਿੱਟ, ਕੁੰਵਰ ਵਿਜੇ ਪ੍ਰਤਾਪ 'ਤੇ ਖੜੇ ਹੋਏ ਸਵਾਲ - ਪ੍ਰੈਸ ਰੀਵੀਉ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦਿੱਤੀ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ, ਹਾਈਕੋਰਟ ਦੀ ਬੈਂਚ ਨੇ ਆਈਪੀਐੱਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ 'ਤੇ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦਿਆਂ ਗਵਾਹਾਂ ਨਾਲ ਪੱਖਪਾਤੀ ਰਵੱਈਆ ਰੱਖਣ ਦੀ ਗੱਲ ਕਹੀ ਹੈ।

ਦੱਸ ਦੇਇਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਹਾਲ ਹੀ ਵਿੱਚ ਵਕਤ ਤੋਂ ਪਹਿਲਾਂ ਰਿਟਾਅਰਮੈਂਟ ਲਈ ਹੈ।

ਇਹ ਵੀ ਪੜ੍ਹੋ

ਜਸਟਿਸ ਰਾਜਬੀਰ ਸੇਹਰਾਵਤ ਦੇ 89 ਪੇਜਾਂ ਦੇ ਫੈਸਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਘਟਨਾ ਵੇਲੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਡੀਸੀ ਜਾਂ ਡੀਜੀਪੀ ਨਾਲ ਹੋਈ ਗੱਲਬਾਤ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਨੂੰ ਗੋਲੀ ਚਲਾਉਣ ਜਾਂ ਉਨ੍ਹਾਂ ਨੂੰ ਜ਼ਖ਼ਮੀ ਕਰਨ ਦੇ ਆਦੇਸ਼ ਦਿੱਤੇ ਹੋਣ।

ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਹੁਣ ਸੱਚ ਸਭ ਦੇ ਸਾਹਮਣੇ ਆ ਚੁੱਕਿਆ ਹੈ ਜਿਸ ਤੋਂ ਬਾਅਦ ਕਾਂਗਰਸ ਵਿੱਚ ਘਮਸਾਨ ਮੱਚ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਹੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਟਵੀਟ ਕਰ ਰਹੇ ਹਨ।

ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਜੇਲ੍ਹਾਂ 'ਚ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਪੰਜਾਬ ਵਿੱਚ ਬਦਲੇਗੀ ਤਾਂ ਸਾਰੇ ਚਿਹਰੇ ਬੇਨਕਾਬ ਹੋਣਗੇ।

ਪੰਜਾਬ 'ਚ ਨਹੀਂ ਮਿਲਿਆ ਡਬਲ ਮਿਉਟੈਂਟ ਵੇਰਿਅੰਟ - ਸੀਐਸਆਈਆਰ

ਕਾਉਂਸਿਲ ਫਾਰ ਸਾਈਂਟੀਫਿੱਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐਸਆਈਆਰ) ਮੁਤਾਬਕ ਸੀਰਮ ਇੰਸਟੀਚਿਉਟ ਦੀ ਕੋਵੀਸ਼ੀਲਡ ਕੋਰੋਨਾ ਦੇ ਡਬਲ ਮਿਊਟੈਂਟ ਉੱਤੇ ਵੀ ਕਾਰਗਰ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ, ਮਹਾਰਾਸ਼ਟਰ ਦੇ ਕੁਝ ਸੈਂਪਲਾਂ ਵਿੱਚ ਕੋਰੋਨਾਵਾਇਰਸ ਦਾ ਡਬਲ ਮਿਉਟੈਂਟ ਜ਼ਰੂਰ ਮਿਲਿਆ ਹੈ ਹਾਲਾਂਕਿ ਇਹ ਲਾਗ ਦਾ ਮੁੱਖ ਕਾਰਨ ਨਹੀਂ ਬਣ ਰਿਹਾ।

ਦੱਸ ਦੇਇਏ ਕਿ ਭਾਰਤ ਵਿੱਚ ਡਬਲ ਮਿਉਟੈਂਟ ਵੇਰਿਅੰਟ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਤੋਂ ਬਾਅਦ ਕਿਹਾ ਜਾਣ ਲੱਗਿਆ ਕਿ ਭਾਰਤ ਵਿੱਚ ਇੰਨੀ ਰਫ਼ਤਾਰ ਨਾਲ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧਣ ਦਾ ਅਸਲ ਕਾਰਨ ਸ਼ਾਇਦ ਡਬਲ ਮਿਉਟੈਂਟ ਵੈਰਿਅੰਟ ਹੀ ਹੈ।

ਸਵਾਲ ਇਹ ਵੀ ਉੱਠ ਰਹੇ ਸਨ ਕਿ ਕੀ ਕੋਰੋਨਾ ਵੈਕਸੀਨ ਇਸ ਡਬਲ ਮਿਉਟੈਂਟ ਵੇਰਿਅੰਟ ਉੱਤੇ ਕਾਰਗਰ ਸਿੱਧ ਹੋਵੇਗੀ ਜਾਂ ਨਹੀਂ।

ਪਰ ਸੀਐਸਆਈਆਰ ਦੀ ਇਸ ਰਿਪੋਰਟ ਨੇ ਇਸ ਬਾਰੇ ਸਾਫ਼ ਕੀਤਾ ਹੈ ਕਿ ਸੀਰਮ ਇੰਸਟੀਚਿਉਟ ਦੀ ਕੋਵੀਸ਼ੀਲਡ ਵੈਕਸੀਨ ਦੇ ਇਸ ਡਬਲ ਮਿਉਟੈਂਟ ਵੇਰਿਅੰਟ ਤੇ ਪ੍ਰਭਾਵੀ ਹੋਣ ਦੇ ਸਬੂਤ ਮਿਲੇ ਹਨ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮੁਕੇਸ਼ ਅੰਬਾਨੀ ਨੇ ਯੂਕੇ 'ਚ ਖਰੀਦਿਆ ਅਰਬਾਂ ਦਾ ਹੋਟਲ, ਇੱਥੇ ਬਣ ਚੁੱਕੀਆਂ ਹਨ ਜੇਮਜ਼ ਬੌਂਡ ਦੀਆਂ ਫਿਲਮਾਂ

ਰਿਲਾਇੰਸ ਇੰਡਸਟਰੀ ਲਿਮਿਟਿਡ ਦੇ ਮਾਲਕ ਮੁਕੇਸ਼ ਅੰਬਾਨੀ ਨੇ ਯੂਕੇ ਵਿੱਚ 79 ਮਿਲੀਅਨ ਡਾਲਰ ਯਾਨੀ ਕਰੀਬ 6 ਅਰਬ ਰੁਪਏ ਦਾ ਹੋਟਲ ਖਰੀਦਿਆ ਹੈ।

ਅਲਜਜ਼ੀਰਾ ਨਿਉਜ਼ ਮੁਤਾਬਕ, ਮੁਕੇਸ਼ ਅੰਬਾਨੀ ਨੇ ਸਟੌਕ ਪਾਰਕ ਲਿਮਿਟਿਡ ਦਾ ਹੋਟਲ ਖਰੀਦਿਆ ਹੈ ਜਿਸ ਵਿੱਚ ਦੋ ਜੇਮਸ ਬੌਂਡ ਫਿਲਮਾਂ ਬਣ ਚੁੱਕੀਆਂ ਹਨ ਅਤੇ ਟੂਰਿਜ਼ਮ ਦੇ ਲਿਹਾਜ਼ ਨਾਲ ਵੀ ਇਹ ਕਾਫ਼ੀ ਅਹਿਮ ਹੈ।

ਸਟੌਕ ਪਾਰਕ ਲਿਮਿਟਿਡ ਵਿੱਚ ਇਸ ਹੋਟਲ ਤੋਂ ਇਲਾਵਾ ਬੰਕਿਘਮਸ਼ਾਇਰ ਵਿੱਚ ਮੌਜੂਦ ਸਪੋਰਟਸ ਅਤੇ ਲੈਜ਼ਰ ਫਸੀਲਿਟੀ ਵੀ ਸ਼ਾਮਲ ਹੈ।

ਇਸ ਦਾ ਰੋਲਿੰਗ ਗੋਲਫ਼ ਕੋਰਸ ਵੀ ਕਾਫ਼ੀ ਮਸ਼ਹੂਰ ਹੋ ਗਿਆ ਸੀ ਜਦੋਂ 1964 ਦੀ ਆਪਣੀ ਬਲੌਕਬਸਟਰ ਵਿੱਚ ਜੇਮਜ਼ ਬੌਂਡ ਨੇ ਔਰਿਕ ਗੋਲਡਫਿੰਗਰ ਨਾਲ ਗੇਮ ਲਗਾਈ ਸੀ।

ਇਸ ਤੋਂ ਬਾਅਦ ਇਸ ਵਿੱਚ ਬ੍ਰਿਜੈੱਟ ਜੋਨਸ ਡਾਇਰੀ, ਦਿ ਕ੍ਰਾਉਨ, ਆਦਿ ਦੀ ਸ਼ੂਟਿੰਗ ਹੋ ਚੁੱਕੀ ਹੈ।

ਇਸ ਵਿੱਚ 49 ਲਗਜ਼ਰੀ ਬੈੱਡਰੂਮ, 27-ਹੋਲ ਚੈਪਿੰਅਨਸ਼ਿਪ ਗੋਲਫ਼ ਕੋਰਸ, 13 ਟੈਨਿਸ ਕੋਰਟ ਅਤੇ 14 ਏਕੜ ਵਿੱਚ ਫੈਲੇ ਪ੍ਰਾਈਵੇਟ ਗਾਰਡਨ ਸ਼ਾਮਲ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)