You’re viewing a text-only version of this website that uses less data. View the main version of the website including all images and videos.
ਮੋਗਾ 'ਚ AAP ਦੀ ਕਿਸਾਨਾਂ ਦੇ ਹੱਕ 'ਚ ਰੈਲੀ, ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਰੈਲੀ ਨੂੰ ਕਿਵੇਂ ਜਾਇਜ਼ ਦੱਸਿਆ
ਪੰਜਾਬ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 20 ਬੰਦਿਆਂ ਤੋਂ ਵੱਡਾ ਇਕੱਠ ਕਰਨ ਉੱਤੇ ਪਾਬੰਦੀ ਸਣੇ ਕਈ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਪਰ ਕੈਪਟਨ ਅਮਰਿੰਦਰ ਸਰਕਾਰ ਦੇ ਹੁਕਮਾਂ ਦੇ ਖ਼ਿਲਾਫ਼ ਜਾ ਕੇ ਸੂਬੇ ਵਿਚ ਸਿਆਸੀ, ਸਮਾਜਿਕ ਅਤੇ ਜਨਤਕ ਇਕੱਠ ਕੀਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਐਤਵਾਰ ਨੂੰ ਬਾਘਾਪੁਰਾਣਾ ਵਿਚ ਰੈਲੀ ਹੋਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੰਗਰੂਰ ਵਿਚ ਨੌਜਵਾਨਾਂ ਦੀ ਮਹਾਂ ਪੰਚਾਇਤ ਹੋਈ ਅਤੇ ਗੁਰਦਾਸਪੁਰ ਵਿਚ ਢੀਂਡਸਾ ਅਕਾਲੀ ਦਲ ਵਲੋਂ ਨਨਕਾਣਾ ਸਾਹਿਬ ਉੱਤੇ ਸੈਮੀਨਾਰ ਕਰਵਾਇਆ ਗਿਆ।
ਇਹ ਵੀ ਪੜ੍ਹੋ
ਬਾਘਾ ਪੁਰਾਣਾ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਦੀਆਂ ਮੁੱਖ ਗੱਲਾਂ
- ਕਿਸਾਨਾਂ ਦਾ ਸਮਰਥਨ ਕਰਨ ਲਈ ਮੈਨੂੰ ਦਿੱਲੀ ਵਿਚ ਮੋਦੀ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ।
- ਮੈਂ ਜਦ ਤੱਕ ਦਿੱਲੀ ਵਿਚ ਹਾਂ ਕਿਸਾਨਾਂ ਖ਼ਿਲਾਫ਼ ਐਕਸ਼ਨ ਨਹੀਂ ਲੈਣ ਦਿਆਂਗਾ।
- ਦੇਸ਼ ਨੂੰ ਜਦੋਂ ਵੀ ਅਗਵਾਈ ਦੀ ਲੋੜ ਪਈ ਪੰਜਾਬ ਨੇ ਲੀਡਰਸ਼ਿਪ ਦਿੱਤੀ ਹੈ। ਹੁਣ ਵੀ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਨੂੰ ਅਗਵਾਈ ਦਿੱਤੀ ਹੈ।
- ਦਿੱਲੀ ਦੇ ਘਰ ਘਰ ਅੰਦਰ ਕਿਸਾਨ ਅੰਦੋਲਨ ਪਹੁੰਚ ਚੁੱਕਿਆ ਹੈ।
- ਸੂਰਤ ਵਿੱਚ ਕਾਂਗਰਸ ਜ਼ੀਰੋ ਅਤੇ ਆਮ ਆਦਮੀ ਪਾਰਟੀ ਦੀਆਂ 27 ਸੀਟਾਂ ਆਈਆਂ ਹਨ।
- ਮੈਨੂੰ ਗੁਜਰਾਤ ਦੇ ਕਿਸਾਨਾਂ ਨੇ ਕਿਹਾ ਕਿ ਜੇ ਤੁਸੀਂ ਪੰਜਾਬ ਜਾਓ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਅਸੀਂ ਤੁਹਾਡੇ ਨਾਲ ਹਾਂ। ਮਮਤਾ ਬੈਨਰਜੀ ਨੇ ਵੀ ਕਿਹਾ ਅਸੀਂ ਪੰਜਾਬ ਦੇ ਨਾਲ ਹਾਂ।
- ਹੁਣ ਇਹ ਅੰਦੋਲਨ ਸਿਰਫ਼ ਪੰਜਾਬ ਜਾਂ ਸਿਰਫ਼ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਸਗੋਂ ਦੇਸ਼ ਦੇ ਹਰ ਵਰਗ ਦਾ ਅੰਦੋਨਲ ਬਣ ਚੁੱਕਿਆ ਹੈ।
- ਜਦੋਂ ਕਿਸਾਨ ਦਿੱਲੀ ਪਹੁੰਚੇ ਤਾਂ ਮੋਦੀ ਅਤੇ ਸ਼ਾਹ ਦੀ ਸਾਜਿਸ਼ ਸੀ ਕਿ ਇਨ੍ਹਾਂ ਨੂੰ ਦਿੱਲੀ ਆ ਲੈਣ ਦਿਓ ਫਿਰ ਇਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗੇ। ਪਰ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਪ੍ਰਵਾਨਗੀ ਮੈਂ ਦੇਣੀ ਸੀ, ਜਿਸ ਤੋਂ ਮੈਂ ਮਨ੍ਹਾਂ ਕਰ ਦਿੱਤਾ।
- ਮੈਂ ਦਿੱਲੀ ਦੇ ਸਟੇਡੀਅਮਾਂ ਨੂੰ ਕਿਸਾਨਾਂ ਲਈ ਜੇਲ੍ਹ ਨਹੀਂ ਬਣਨ ਦਿੱਤਾ ਤਾਂ ਮੈਨੂੰ ਤੰਗ ਕਰ ਰਹੇ ਹਨ। ਇੱਕ ਨਵਾਂ ਕਾਨੂੰ ਲੈ ਕੇ ਆ ਰਹੇ ਹਨ ਦਿੱਲੀ ਦੀ ਸਾਰੀ ਪਾਵਰ ਮੁੱਖ ਮੰਤਰੀ ਕੋਲ ਨਹੀਂ ਸਗੋਂ ਐਲਜੀ ਕੋਲ ਹੋਵੇਗੀ ਪਰ ਅਸੀਂ ਲੜਾਂਗੇ।
- ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੂੰ ਮਿਲੀਆਂ ਨਹੀਂ।
- ਕੈਪਟਨ ਨੇ ਜਿਨ੍ਹਾਂ ਨੂੰ ਕਾਰਡ ਦਿੱਤੇ ਸਨ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਨੌਕਰੀ ਦੇਵੇਗੀ ਅਤੇ ਜਦੋਂ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਦੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸਂਸਦ ਮੈਂਬਰ ਭਗਵੰਤ ਮਾਨ ਵੀ ਬੋਲੇ।
ਭਗਵੰਤ ਮਾਨ ਨੇ ਕਿਹਾ, ''ਅੱਜ ਦੇ ਇਕੱਠ ਨਾਲ ਅਕਾਲੀਆਂ ਤੇ ਕਾਂਗਰਸ ਵਾਲਿਆਂ ਨੂੰ ਇੱਕ ਸਾਲ ਨੀਂਦ ਨਹੀਂ ਆਉਣੀ। ਕੋਰੋਨਾ ਕਰ ਕੇ ਸਾਨੂੰ ਕਹਿ ਰਹੇ ਸੀ ਕਿ ਰੈਲੀ ਨਾ ਕਰੋ ਅਸੀਂ ਕਿਹਾ ਪਹਿਲਾਂ ਤੁਸੀਂ ਬੰਗਾਲ ਵਾਲੀਆਂ ਰੈਲੀਆਂ ਬੰਦ ਕਰੋ।''
ਅੰਤ ਵਿੱਚ ਭਗਵੰਤ ਮਾਨ ਨੇ ਇਹ ਸ਼ੇਅਰ ਕਿਹਾ-
ਹਕੂਮਤ ਵੋਹ ਕਰਤੇ ਹੈਂ ਜਿਨ ਕਾ ਦਿਲੋਂ ਮੈਂ ਰਾਜ਼ ਹੋਤਾ ਹੈ
ਵੈਸੇ ਤੋ ਮੁਰਗੇ ਕੇ ਸਿਰ ਪੇ ਭੀ ਤਾਜ ਹੋਤਾ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਰੋਨਾ ਤੋਂ ਨਹੀਂ ਸਗੋਂ ਕੇਜੀਰਵਾਲ ਤੋਂ ਲਗਦਾ ਹੈ।
ਕੋਰੋਨਾ ਦਾ ਖੌਫ਼ ਅਤੇ ਸਿਆਸੀ ਰੈਲੀਆਂ
ਕੋਰੋਨਾਵਾਇਰਸ ਦੇ ਕੇਸ ਪੰਜਾਬ ਵਿੱਚ ਮੁੜ ਤੋਂ ਲਗਾਤਾਰ ਵਧਦੇ ਜਾ ਰਹੇ ਹਨ। ਸੂਬੇ ਵਿੱਚ ਇਸ ਵੇਲੇ 17000 ਦੇ ਕਰੀਬ ਐਕਟਿਵ ਕੇਸ ਹਨ ਅਤੇ 287 ਮਰੀਜ਼ ਆਕਸੀਜਨ 'ਤੇ ਹਨ।
ਸ਼ਨੀਵਾਰ ਨੂੰ ਸੂਬੇ ਵਿੱਚ ਕੋਰੋਨਾ ਨਾਲ 25 ਮੌਤਾਂ ਹੋਈਆਂ ਹਨ। ਹੁਣ ਤੱਕ ਸੂਬੇ ਵਿੱਚ ਕੁੱਲ ਮਿਲਾ ਕੇ 6280 ਮੌਤਾਂ ਕੋਰੋਨਾ ਨਾਲ ਹੋਈਆਂ ਹਨ।
ਭਾਰਤ ਵਿੱਚ ਸ਼ਨੀਵਾਰ ਨੂੰ 43,815 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 40,906 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਵੇਲੇ ਦੇਸ਼ ਵਿੱਚ 3 ਲੱਖ ਤੋਂ ਵੱਧ ਐਕਟਿਵ ਕੇਸ ਹੋ ਚੁੱਕੇ ਹਨ।
ਇੱਕ ਪਾਸੇ ਸੂਬੇ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਸਿਆਸੀ ਰੈਲੀਆਂ ਵੀ ਹੋ ਰਹੀਆਂ ਹਨ।
ਕੋਰੋਨਾਵਾਇਰਸ ਦੇ ਚਲਦਿਆਂ ਅਕਾਲੀ ਦਲ ਨੇ 31 ਮਾਰਚ ਤੱਕ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਲੀ 'ਤੇ ਰੋਕ ਲਗਾਈ ਹੋਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਕੋਰੋਨਾ ਹੋ ਗਿਆ ਹੈ ਅਤੇ ਉਹ ਹਸਪਤਾਲ 'ਚ ਜੇਰ-ਏ-ਇਲਾਜ ਹਨ।
ਸੁਖਬੀਰ ਬਾਦਲ ਪਿਛਲੀ ਦਿਨੀਂ ਸੂਬੇ ਭਰ ਵਿੱਚ ਕੈਪਟਨ ਸਰਕਾਰ ਖ਼ਿਲਾਫ 'ਪੰਜਾਬ ਮੰਗਦਾ ਜਵਾਬ' ਰੈਲੀਆਂ ਕਰ ਰਹੇ ਸਨ।
ਕੈਪਟਨ ਸਰਕਾਰ ਨੇ ਵੀ ਕੋਰੋਨਾ ਦੇ ਵਧਦਿਆਂ ਮਾਮਲਿਆਂ ਨੂੰ ਵੇਖਦੇ ਹੋਏ ਦੋ ਹਫ਼ਤਿਆਂ ਤੱਕ ਆਪਣੀਆਂ ਰੈਲੀਆਂ 'ਤੇ ਰੋਕ ਲਗਾਈ ਹੈ।
ਕਿਸਾਨ ਜਥੇਬੰਦੀਆਂ ਵਲੋਂ ਸੰਗਰੂਰ ਅਤੇ ਗੁਰਦਾਸਪੁਰ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: