You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2020: ਜੇਤੂ ਦੇ ਨਾਂ ਦਾ ਅੱਜ ਹੋਵੇਗਾ ਐਲਾਨ
ਆਖਿਰ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ਦਰਸ਼ਕਾਂ ਨੂੰ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2020' ਦਾ ਅੱਜ ਮਹਿਲਾ ਦਿਵਸ 'ਤੇ ਪਤਾ ਲੱਗ ਜਾਵੇਗਾ।
ਪੰਜ ਨਾਮਜ਼ਦਗੀਆਂ ਵਿੱਚ ਸਪ੍ਰਿੰਟਰ ਦੂਤੀ ਚੰਦ, ਏਅਰਗਨ ਸ਼ੂਟਰ ਮਨੂ ਭਾਕਰ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਭਾਰਤੀ ਫੀਲਡ ਹਾਕੀ ਟੀਮ ਦੀ ਮੌਜੂਦਾ ਕਪਤਾਨ ਰਾਣੀ ਸ਼ਾਮਲ ਹਨ।
ਜੇਤੂ ਦਾ ਖੁਲਾਸਾ ਅੱਜ ਸ਼ਾਮ 8 ਵਜੇ ਇੱਕ ਵਰਚੁਅਲ ਸਮਾਰੋਹ ਤੋਂ ਬਾਅਦ ਕੀਤਾ ਜਾਵੇਗਾ। ਤੁਸੀਂ ਇਸ ਸਮਾਰੋਹ ਨੂੰ ਬੀਬੀਸੀ ਦੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਵੈੱਬਸਾਈਟਾਂ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਵੇਖ ਸਕਦੇ ਹੋ, ਜਿਨ੍ਹਾਂ ਵਿੱਚ ਬੀਬੀਸੀ ਹਿੰਦੀ, ਤਮਿਲ, ਤੇਲਗੂ, ਮਰਾਠੀ, ਗੁਜਰਾਤੀ ਅਤੇ ਪੰਜਾਬੀ ਸ਼ਾਮਲ ਹਨ।
ਖੇਡਾਂ ਵਿੱਚ ਪਾਏ ਯੋਗਦਾਨ ਲਈ ਵੀ ਇੱਕ ਉੱਘੀ ਖਿਡਾਰਨ ਨੂੰ ਬੀਬੀਸੀ ਲਾਈਫਟਾਈਮ ਐਵਾਰਡ ਦਿੱਤਾ ਜਾਵੇਗਾ।
ਨਾਮਜ਼ਦਗੀਆਂ ਵਿੱਚੋਂ ਇਸ ਸਾਲ ਦੀ ਬੀਬੀਸੀ ਭਾਰਤੀ ਉੱਭਰਦੀ ਖਿਡਾਰਨ ਪੁਰਸਕਾਰ ਵੀ ਦਿੱਤਾ ਜਾਵੇਗਾ, ਇਸ ਸਾਲ ਐਵਾਰਡਾਂ ਵਿੱਚ ਇਹ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ।
ਇਹ ਵੀ ਪੜ੍ਹੋ
ਚੋਣ ਪ੍ਰਕਿਰਿਆ
ਬੀਬੀਸੀ ਵੱਲੋਂ ਚੁਣੀ ਗਈ ਜਿਉਰੀ ਨੇ ਭਾਰਤੀ ਖਿਡਾਰੀਆਂ ਦੀ ਇੱਕ ਸੂਚੀ ਤਿਆਰ ਕੀਤੀ। ਪੈਨਲ ਵਿੱਚ ਪੂਰੇ ਭਾਰਤ ਵਿੱਚੋਂ ਕੁਝ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਸਨ।
ਜਿਉਰੀ ਦੇ ਮੈਂਬਰਾਂ ਵੱਲੋਂ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀਆਂ ਚੋਟੀ ਦੀਆਂ ਪੰਜ ਖਿਡਾਰੀਆਂ ਨੂੰ ਆਨਲਾਈਨ ਜਨਤਕ ਵੋਟਿੰਗ ਜ਼ਰੀਏ ਨਾਮਜ਼ਦ ਕੀਤਾ ਗਿਆ ਜੋ 8 ਤੋਂ 24 ਫਰਵਰੀ ਤੱਕ ਖੁੱਲੀ ਰਹੀ ਸੀ।
ਇਸ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਦੇ ਪੁਰਸਕਾਰ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ 'ਸਪੋਰਟਸ ਹੈਕਾਥਨ' ਵੀ ਕਰਵਾਈ ਗਈ ਸੀ। ਇਸ ਦਾ ਉਦੇਸ਼ ਵਿਕੀਪੀਡੀਆ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਭਾਰਤੀ ਖਿਡਾਰਨਾਂ ਬਾਰੇ ਵਧੇਰੇ ਜਾਣਕਾਰੀ ਸ਼ਾਮਲ ਕਰਨਾ ਸੀ। ਇਹ ਉਹ ਖਿਡਾਰਨਾਂ ਸਨ ਜਿਨ੍ਹਾਂ ਬਾਰੇ ਵਿਕੀਪੀਡੀਆ 'ਤੇ ਘੱਟ ਜਾਂ ਕੋਈ ਜਾਣਕਾਰੀ ਉਪਲੱਬਧ ਨਹੀਂ ਸੀ।
ਇਸ ਪਹਿਲਕਦਮੀ ਦੇ ਹਿੱਸੇ ਵਜੋਂ ਭਾਰਤ ਦੀਆਂ 13 ਯੂਨੀਵਰਸਿਟੀਆਂ ਵਿੱਚੋਂ 300 ਪੱਤਰਕਾਰਤਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ 50 ਭਾਰਤੀ ਖਿਡਾਰਨਾਂ ਦੀਆਂ 300 ਤੋਂ ਵੱਧ ਐਂਟਰੀਆਂ ਵਿਕੀਪੀਡੀਆ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਸੀਜ਼ਨ ਵਿੱਚ ਪੰਜ ਭਾਰਤੀ ਖਿਡਾਰਨਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਵੀ ਹਾਸਲ ਕੀਤੀਆਂ ਗਈਆਂ ਜੋ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੀਆਂ ਹੋਈਆਂ ਸਫਲ ਹੋਈਆਂ ਹਨ। 'ਚੇਂਜਮੇਕਰ' ਸੀਰੀਜ਼ ਵਿੱਚ ਪੈਰਾ-ਬੈਡਮਿੰਟਨ ਖਿਡਾਰੀ ਪਾਰੂਲ ਪਰਮਾਰ, ਹੇਪਟਅਥਲੀਟ ਸਵਪਨਾ ਬਰਮਨ, ਪੈਰਾ ਸਕੈਟਰ ਪ੍ਰਿਅੰਕਾ ਦੇਵਾਨ, ਸਾਬਕਾ ਖੋ-ਖੋ ਖਿਡਾਰੀ ਸਾਰਿਕਾ ਕਾਲੇ ਅਤੇ ਪਹਿਲਵਾਨ ਦਿਵਿਆ ਕਕਰਾਨ ਸ਼ਾਮਲ ਹਨ।
ਦਾਅਵੇਦਾਰ:
1.ਮਨੂ ਭਾਕਰ
ਉਮਰ: 19 ਸਾਲ, ਖੇਡ: ਸ਼ੂਟਿੰਗ
16 ਸਾਲ ਦੀ ਉਮਰ ਵਿੱਚ ਮਨੂ ਭਾਕਰ ਨੇ 2018 ਵਿੱਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਰਲਡ ਕੱਪ ਵਿੱਚ ਔਰਤ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਅਜਿਹਾ ਕਰਨ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ।
ਮਨੂ ਭਾਕਰ ਨੇ 2018 ਯੂਥ ਓਲੰਪਿਕ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਉਸੇ ਸਾਲ ਉਸ ਨੇ ਔਰਤ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਸਕੋਰ 240.9 ਅੰਕਾਂ ਨਾਲ ਸੋਨ ਤਗਮਾ ਜਿੱਤਿਆ।
ਉਸ ਨੂੰ 2019 ਦੇ ਵਰਲਡ ਕੱਪ ਫਾਈਨਲਜ਼ ਵਿੱਚ ਔਰਤ ਦੀ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਦਿਆਂ ਵੇਖਿਆ ਗਿਆ।
2.ਦੂਤੀ ਚੰਦ
ਉਮਰ: 25 ਸਾਲ, ਖੇਡ: ਅਥਲੈਟਿਕਸ
ਦੂਤੀ ਚੰਦ 100 ਮੀਟਰ ਮੁਕਾਬਲੇ ਵਿੱਚ ਮੌਜੂਦਾ ਭਾਰਤੀ ਰਾਸ਼ਟਰੀ ਚੈਂਪੀਅਨ ਹੈ। ਨੇਪਲਜ਼ ਵਿੱਚ ਇਸ ਸਪ੍ਰਿੰਟਰ ਨੇ 2019 ਵਰਲਡ ਯੂਨੀਵਰਸਾਈਡ ਵਿੱਚ 100 ਮੀਟਰ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ। ਉਸ ਨੂੰ 2020 ਵਿੱਚ ਅਰਜੁਨ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।
ਦੂਤੀ ਸਾਲ 2016 ਦੇ ਸਮਰ ਓਲੰਪਿਕਸ ਵਿੱਚ 100 ਮੀਟਰ ਦੇ ਮੁਕਾਬਲੇ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਭਾਰਤੀ ਮਹਿਲਾ ਬਣੀ। ਉਸ ਨੇ ਜਕਾਰਤਾ ਏਸ਼ੀਅਨ ਖੇਡਾਂ 2018 ਵਿੱਚ 100 ਮੀਟਰ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।
1998 ਤੋਂ ਬਾਅਦ ਇਸ ਈਵੈਂਟ ਵਿੱਚ ਇਹ ਭਾਰਤ ਦਾ ਪਹਿਲਾ ਮੈਡਲ ਸੀ। ਦੂਤੀ 'ਤੇ 2014 ਵਿੱਚ 'ਫੀਮੇਲ ਹਾਈਪਰੈਂਡਰੋਜਨਿਜ਼ਮ' ਦੇ ਦੋਸ਼ ਵਿੱਚ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਉਸ ਨੇ ਸਾਲ 2015 ਵਿੱਚ ਪਾਬੰਦੀ ਹਟਾਉਣ ਲਈ ਆਰਬਿਟਰੇਸ਼ਨ ਫਾਰ ਸਪੋਰਟ ਲਈ ਸਫਲਤਾਪੂਰਵਕ ਆਪਣਾ ਕੇਸ ਲੜਿਆ ਸੀ।
ਦੂਤੀ ਚੰਦ ਭਾਰਤ ਦੀ ਪਹਿਲੀ ਖੁੱਲ੍ਹੇ ਤੌਰ 'ਤੇ ਸਾਹਮਣੇ ਆਉਣ ਵਾਲੀ ਸਮਲਿੰਗੀ ਅਥਲੀਟ ਹੈ ਅਤੇ ਬਹੁਤ ਸਾਧਾਰਨ ਪਿਛੋਕੜ ਤੋਂ ਉੱਭਰੀ ਹੋਈ ਖਿਡਾਰਨ ਹੈ।
3.ਕੋਨੇਰੂ ਹੰਪੀ
ਉਮਰ: 33 ਸਾਲ, ਖੇਡ: ਸ਼ਤਰੰਜ
ਵੂਮੈਨਜ਼ ਵਰਲਡ ਰੈਪਿਡ ਸ਼ਤਰੰਜ ਚੈਂਪੀਅਨ, 2019 ਕੋਨੇਰੂ ਹੰਪੀ ਸ਼ਤਰੰਜ 'ਤੇ ਹੁਣ ਤੱਕ ਦੀ ਸਭ ਤੋਂ ਵਧੀਆ ਭਾਰਤੀ ਮਹਿਲਾ ਖਿਡਾਰਨਾਂ ਵਿਚੋਂ ਇੱਕ ਹੈ। ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੋਈ ਕੋਨੇਰੂ ਦੀ ਪਹਿਚਾਣ ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਵੱਲੋਂ ਇੱਕ ਸ਼ਤਰੰਜ ਦੇ ਅਜੂਬੇ ਵਜੋਂ ਕੀਤੀ ਗਈ ਸੀ।
ਉਸ ਨੇ 2002 ਵਿੱਚ 15 ਸਾਲ ਤੋਂ ਘੱਟ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੀ ਗ੍ਰੈਂਡਮਾਸਟਰ ਬਣ ਕੇ ਨਾਮਣਾ ਖੱਟਿਆ ਸੀ, ਇਹ ਰਿਕਾਰਡ ਚੀਨ ਦੇ ਹੂ ਯੀਫਾਨ ਵੱਲੋਂ 2008 ਵਿੱਚ ਤੋੜਿਆ ਗਿਆ ਸੀ। ਕੋਨੇਰੂ ਮੌਜੂਦਾ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਹੈ ਅਤੇ ਦੋ ਸਾਲਾਂ ਦੀ ਜਣੇਪਾ ਬਰੇਕ ਤੋਂ ਬਾਅਦ ਦਸੰਬਰ 2019 ਵਿੱਚ ਇਹ ਖਿਤਾਬ ਹਾਸਲ ਕੀਤਾ।
ਵਾਪਸੀ ਤੋਂ ਬਾਅਦ ਉਸ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਉਹ 2020 ਕੈਰਨਜ਼ ਕੱਪ ਜਿੱਤਣ ਲਈ ਅੱਗੇ ਵਧੀ।
2003 ਵਿੱਚ ਭਾਰਤ ਦੇ ਚੋਟੀ ਦੇ ਖੇਡ ਸਨਮਾਨਾਂ ਵਿੱਚੋਂ ਇੱਕ ਅਰਜੁਨ ਐਵਾਰਡ ਜਿੱਤਣ ਤੋਂ ਇਲਾਵਾ, ਕੋਨੇਰੂ ਨੂੰ 2007 ਵਿੱਚ ਭਾਰਤ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।
4.ਵਿਨੇਸ਼ ਫੋਗਾਟ
ਉਮਰ: 26 ਸਾਲ, ਖੇਡ: ਕੁਸ਼ਤੀ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਵਿਨੇਸ਼ ਫੋਗਾਟ ਅੰਤਰਰਾਸ਼ਟਰੀ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਨਾਲ ਸਬੰਧਤ ਹੈ। ਵਿਨੇਸ਼ ਫੋਗਾਟ ਸਾਲ 2018 ਵਿੱਚ ਜਕਾਰਤਾ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ।
ਫੋਗਾਟ ਦੋ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਿਆਂ ਦੀ ਜੇਤੂ ਵੀ ਹੈ। ਉਹ ਰਾਸ਼ਟਰਮੰਡਲ ਅਤੇ ਏਸ਼ੀਅਨ ਦੋਵਾਂ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ।
ਸਤੰਬਰ 2019 ਵਿੱਚ ਉਸ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਤਮਗਾ ਜਿੱਤਿਆ। ਜਨਵਰੀ 2020 ਵਿੱਚ ਵਿਨੇਸ਼ ਫੋਗਾਟ ਨੇ ਰੋਮ ਰੈਂਕਿੰਗ ਸੀਰੀਜ਼ ਵਿੱਚ ਵੀ ਸੋਨ ਤਮਗਾ ਜਿੱਤਿਆ। ਉਸ ਨੇ ਪਿਛਲੇ ਸਾਲ ਕੋਰੋਨਾਵਾਇਰਸ ਨੂੰ ਵੀ ਹਰਾਇਆ ਸੀ।
5.ਰਾਣੀ
ਉਮਰ: 26 ਸਾਲ, ਖੇਡ: ਹਾਕੀ
ਕਪਤਾਨ, ਭਾਰਤੀ ਔਰਤਾਂ ਦੀ ਹਾਕੀ ਟੀਮ।
ਰਾਣੀ 2020 ਵਿੱਚ 'ਵਰਲਡ ਗੇਮਜ਼ ਐਥਲੀਟ ਆਫ ਦਿ ਯੀਅਰ' ਪੁਰਸਕਾਰ ਜਿੱਤਣ ਵਾਲੀ ਪਹਿਲੀ ਹਾਕੀ ਖਿਡਾਰੀ ਬਣ ਗਈ। ਨਵੰਬਰ 2019 ਵਿੱਚ ਯੂਐੱਸਏ ਦੇ ਖ਼ਿਲਾਫ਼ ਉਸ ਦੇ ਅਹਿਮ ਗੋਲ ਨੇ ਟੋਕਿਓ ਓਲੰਪਿਕ ਵਿੱਚ ਭਾਰਤੀ ਸਥਾਨ ਲਈ ਅਹਿਮ ਭੂਮਿਕਾ ਨਿਭਾਈ।
ਉਹ ਉਸ ਟੀਮ ਦਾ ਹਿੱਸਾ ਵੀ ਸੀ ਜਿਸ ਨੇ ਰੀਓ 2016 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
2010 ਵਿੱਚ ਰਾਣੀ ਵਿਸ਼ਵ ਕੱਪ ਵਿੱਚ ਭਾਰਤ ਲਈ ਖੇਡਣ ਵਾਲੀ ਸਭ ਤੋਂ ਛੋਟੀ ਭਾਰਤੀ ਹਾਕੀ ਖਿਡਾਰਨ ਬਣ ਗਈ ਅਤੇ ਉਸ ਨੇ 2010 ਵਿਸ਼ਵ ਕੱਪ ਵਿੱਚ 'ਯੰਗ ਪਲੇਅਰ ਆਫ ਦਿ ਟੂਰਨਾਮੈਂਟ' ਜਿੱਤਿਆ।
ਭਾਰਤੀ ਟੀਮ ਨੇ 2018 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2018 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਅਤੇ ਉਸੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹੀ।
ਉੱਤਰੀ ਰਾਜ ਹਰਿਆਣਾ ਵਿੱਚ ਹੱਥਾਂ ਨਾਲ ਰੇਹੜਾ ਖਿੱਚਣ ਵਾਲਿਆਂ ਦੇ ਗਰੀਬ ਪਰਿਵਾਰ ਨਾਲ ਸਬੰਧਤ ਰਾਣੀ ਨੇ 2020 ਵਿੱਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: