You’re viewing a text-only version of this website that uses less data. View the main version of the website including all images and videos.
Women's Day: '47 ਦੀ ਫਿਰਕਾਪ੍ਰਸਤੀ ਨਾਲ ਲੜਨ ਵਾਲੀ ਅਮਤੁਸ ਸਲਾਮ ਤੋਂ ਮੋਦੀ ਖ਼ਿਲਾਫ਼ ਮੋਰਚਾ ਲਾਉਣ ਵਾਲੀ ਹਰਿੰਦਰ ਬਿੰਦੂ ਤੱਕ
- ਲੇਖਕ, ਚਮਨ ਲਾਲ
- ਰੋਲ, ਬੀਬੀਸੀ ਪੰਜਾਬੀ ਲਈ
ਮੌਜੂਦਾ ਕਿਸਾਨ ਲਹਿਰ ਦਾ ਇੱਕ ਉੱਘੜਵਾਂ ਲੱਛਣ ਪੰਜਾਬੀ ਔਰਤਾਂ ਦਾ ਪੀਲੀਆਂ ਚੁੰਨੀਆਂ ਦਾ ਲਹਿਰਾਉਂਦਾ ਸਮੁੰਦਰ ਹੈ। ਇਹ ਕਿੰਝ ਹੋਇਆ ਕਿ ਮੁੱਖ ਤੌਰ ’ਤੇ ਮਰਦ ਕਿਸਾਨਾਂ ਦੀ ਲਹਿਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ?
ਭਾਰਤੀ ਔਰਤਾਂ ਦੀ ਸਮਾਜਿਕ-ਸੱਭਿਆਚਾਰਕ ਲਹਿਰਾਂ ਵਿੱਚ ਭਰਵੀਂ ਸ਼ਮੂਲੀਅਤ ਕੋਈ ਨਵੀਂ ਘਟਨਾ ਨਹੀਂ ਹੈ। ਪ੍ਰਾਚੀਨ ਕਾਲ ਵਿੱਚ ਵੀ ਗਾਰਗੀ ਅਤੇ ਮੈਤਰੀ ਵਰਗੀਆਂ ਬੌਧਿਕ ਇਸਤਰੀਆਂ ਬ੍ਰਾਹਮਣਵਾਦੀ ਦਾਰਸ਼ਨਿਕ ਧਾਰਨਾਵਾਂ ਨੂੰ ਚੁਣੌਤੀ ਦਿੰਦੀਆਂ ਰਹੀਆਂ ਹਨ ਅਤੇ ਜਿਸ ਬਦਲੇ ਉਹਨਾਂ ਨੂੰ 'ਸਿਰ ਕਟ ਕੇ ਢਿੱਗ ਜਾਣ' ਦੀਆਂ ਧਮਕੀਆਂ ਵੀ ਬ੍ਰਾਹਮਣਵਾਦੀ ਰਿਸ਼ੀਆਂ ਤੋਂ ਮਿਲਦੀਆਂ ਰਹੀਆਂ ਸਨ।
ਮੁਗ਼ਲ ਦੌਰ ਵਿੱਚ ਨੂਰ ਜਹਾਂ ਵਰਗੀਆਂ ਤਾਕਤਵਰ ਔਰਤਾਂ ਹੋਈਆਂ ਹਨ। ਰਜ਼ੀਆ ਸੁਲਤਾਨ ਨੇ ਤਾਂ ਸਾਬਤ ਕੀਤਾ ਸੀ ਕਿ ਉਹ ਬਾਦਸ਼ਾਹਾਂ ਨਾਲੋਂ ਵਧੇਰੇ ਸਿਆਣੀ ਰਾਣੀ ਸੀ।
ਇਹ ਵੀ ਪੜ੍ਹੋ
ਆਜ਼ਾਦੀ ਸੰਗਰਾਮ ਦੇ ਪਹਿਲੇ ਦੌਰ ਵਿੱਚ ਕਿਤੂਰ ਦੀ ਰਾਣੀ ਚੇੱਨਮਾਂ ਤੋਂ ਲੈਕੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਝਲਕਾਰੀ ਬਾਈ ਅਤੇ ਬੇਗਮ ਹਜ਼ਰਤ ਮਹਿਲ ਆਦਿ ਨੇ ਈਸਟ ਇੰਡੀਆ ਕੰਪਨੀ ਖਿਲਾਫ਼ ਜੰਗ ਵਿੱਚ ਹਿੱਸਾ ਲਿਆ ਸੀ।
ਵੀਹਵੀਂ ਸਦੀ ਵਿੱਚ ਐਨੀ ਬੇਸੇਂਟ, ਸਰੋਜਨੀ ਨਾਇਡੂ ਵਰਗੀਆਂ ਔਰਤਾਂ ਨੇ ਕਾਂਗਰਸ ਪਾਰਟੀ ਅਤੇ ਇਸ ਦੀਆਂ ਲੋਕ ਲਹਿਰਾਂ ਦੀ ਲੀਡਰਸ਼ਿਪ ਵਜੋਂ ਆਪਣੀ ਬੌਧਿਕ ਤਾਕਤ ਦਿਖਾਈ। ਇਨਕਲਾਬੀ ਲਹਿਰਾਂ ਵਿੱਚ, ਗਦਰ ਪਾਰਟੀ ਦੀ ਬੀਬੀ ਗੁਲਾਬ ਕੌਰ, ਭਗਤ ਸਿੰਘ ਦੀ ਲਹਿਰ ਵਿੱਚ ਦੁਰਗਾ ਭਾਬੀ, ਚਿੱਟਾਗਾਂਗ ਲਹਿਰ ਵਿੱਚ ਪ੍ਰੀਤੀ ਲਤਾ ਵਾਡੇਦਾਰ ਅਤੇ ਕਲਪਨਾ ਦੱਤ ਨੇ ਆਪਣੇ ਜੌਹਰ ਦਿਖਾਏ ਸਨ।
ਜਿਸ ਵੇਲੇ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਤਾਂ ਲਾਹੌਰ ਵਿੱਚ ਜਵਾਹਰ ਲਾਲ ਨਹਿਰੂ ਦੀ ਕਰੀਬੀ ਰਿਸ਼ਤੇਦਾਰ ਲਾਡੋ ਰਾਣੀ ਜੁਤਸ਼ੀ ਅਤੇ ਉਸ ਦੀਆਂ ਚਾਰ ਧੀਆਂ ਵਿਚੋਂ ਤਿੰਨ-ਜਨਕ ਕੁਮਾਰੀ, ਮਨਮੋਹਿਨੀ ਅਤੇ ਸ਼ਿਆਮਾ ਨੇ ਵਿਰੋਧ ਵਿੱਚ ਮੁਜ਼ਾਹਰੇ ਕਰਕੇ ਜੇਲ੍ਹਾਂ ਦੀ ਹਵਾ ਖਾਧੀ ਸੀ।
ਮਨਮੋਹਿਨੀ, ਜੋ ਬਾਅਦ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਵਿਦਵਾਨ ਬਣੀ, ਭਗਤ ਸਿੰਘ ਨਾਲ ਜੁੜੀ ਲਾਹੌਰ ਸਟੂਡੇੰਟ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਵੀ ਚੁਣੀ ਗਈ ਸੀ।
ਗਾਂਧੀ ਦੇ ਸੰਘਰਸ਼ ’ਚ ਔਰਤਾਂ ਦੀ ਸ਼ਮੂਲਿਅਤ
ਮੋਹਨ ਦਾਸ ਕਰਮਚੰਦ ਗਾਂਧੀ ਵੱਲੋਂ ਚਲਾਏ ਜਾਂਦੇ ਅਸਹਿਯੋਗ ਅੰਦੋਲਨ ਅਤੇ ਸੱਤਿਆਗ੍ਰਹਿ ਦੌਰਾਨ ਵੀ ਹਿੰਦੀ-ਉਰਦੂ ਲੇਖਕ ਪ੍ਰੇਮਚੰਦ ਦੀ ਲੇਖਕ ਪਤਨੀ ਸ਼ਿਵਰਾਨੀ ਦੇਵੀ ਅਤੇ ਖੂਬ ਲੜੀ ਮਰਦਾਨੀ ਕਵਿਤਾ ਰਚਣ ਵਾਲੀ ਕਵਿਤਰੀ ਸੁਭਦਰਾ ਕੁਮਾਰੀ ਚੌਹਾਨ ਵਰਗੀਆਂ ਲੇਖਿਕਾਵਾਂ ਵੀ ਜੇਲ੍ਹਾਂ ਦੀ ਹਵਾ ਖਾਂਦੀਆਂ ਰਹੀਆਂ ਸਨ।
ਆਪਣੇ ਫ਼ੈਸਲਾਕੁਨ ਸੰਘਰਸ਼ਾਂ ਵਿੱਚ ਗਾਂਧੀ ਹਮੇਸ਼ਾ ਆਪਣੀਆਂ ਮਹਿਲਾ ਸਿਖਿਆਰਥੀਆਂ ਜਾਂ ਸ਼ਰਧਾਲੂਆਂ ’ਤੇ ਭਰੋਸਾ ਕਰਦੇ ਸਨ। 1946-47 ਦੌਰਾਨ ਜਦੋਂ ਬੰਗਾਲ ਅਤੇ ਪੰਜਾਬ ਵਿੱਚ ਫਿਰਕੂ ਫ਼ਸਾਦ ਭੜਕੇ ਹੋਏ ਸਨ, ਉਸ ਵੇਲੇ ਗਾਂਧੀ ਦੀ ਪੈਰੋਕਾਰ ਬੀਬੀ ਅਮਤੁਸ ਸਲਾਮ ਨੇ ਪੂਰਬੀ ਬੰਗਾਲ ਦੇ ਨੋਆਖਾਲੀ ਵਿੱਚ ਉੱਨਾਂ ਨਾਲ 21 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ।
ਗਾਂਧੀ ਨੋਆਖਾਲੀ ਤੋਂ ਵਾਪਿਸ ਆ ਗਏ ਸਨ, ਪਰ ਅਮਤੁਸ ਸਲਾਮ ਉਥੇ ਉਦੋਂ ਤੱਕ ਰਹੀ ਸੀ, ਇਥੋਂ ਤੱਕ ਕਿ 47 ਦੀ ਵੰਡ ਤੋਂ ਬਾਅਦ ਤੱਕ, ਜਦ ਤੱਕ ਉਥੋਂ ਦਾ ਫਿਰਕੂ ਮਾਹੌਲ ਸ਼ਾਂਤ ਨਹੀਂ ਹੋ ਗਿਆ।
ਇਵੇਂ ਹੀ ਪੰਜਾਬ ਵਿੱਚ ਰਾਵਲਪਿੰਡੀ ਦੇ ਫਸਾਦਾਂ ਤੋਂ ਬਾਅਦ ਗਾਂਧੀ ਉਥੇ ਆਪਣੀ ਸਿਖਿਆਰਥੀ ਡਾ. ਸੁਸ਼ੀਲਾ ਨੱਯਰ ਨਾਲ ਗਏ, ਜੋ ਉੱਨਾਂ ਦੀ ਡਾਕਟਰ ਵੀ ਸੀ ਅਤੇ ਉਸਨੂੰ ਉਥੇ ਫਿਰਕੂ ਫ਼ਸਾਦਾਂ ਦੀ ਮਾਰ ਹੇਠ ਆਏ ਵਾਹ (ਕਸਬੇ ਦਾ ਨਾਂ) ਵਿਖੇ ਛਡ ਕੇ ਆਏ, ਜਿਥੋਂ ਉਹ ਵੀ ਵੰਡ ਤੋਂ ਬਾਅਦ ਹੀ ਵਾਪਿਸ ਆਈ।
ਅਮਤੁਸ ਸਲਾਮ ਪਟਿਆਲਾ ਦੇ ਜਾਗੀਰਦਾਰੀ ਪਠਾਨ ਘਰਾਣੇ ਦੇ ਅਬਦੁਲ ਮਜੀਦ ਖਾਨ ਦੀ ਧੀ ਸੀ। ਪਰਦੇ ਦੀ ਵਜ੍ਹਾ ਕਰਕੇ ਉਸ ਨੂੰ ਸਕੂਲ ਪੜ੍ਹਨ ਨਹੀਂ ਭੇਜਿਆ ਗਿਆ, ਪਰ ਅਮਤੁਸ ਸਲਾਮ ਨੇ 1925 ਵਿੱਚ ਹੀ ਪਰਦੇ ਤੋਂ ਛੁਟਕਾਰਾ ਪਾ ਲਿਆ।
ਉਹ ਗਾਂਧੀ ਦੇ ਇੰਨੀ ਨੇੜੇ ਹੋ ਗਈ ਕਿ ਗਾਂਧੀ ਉਸ ਨੂੰ ਧੀ ਕਹਿੰਦੇ ਸਨ। ਹਾਲੀ ਉਹ ਨੋਆਖਾਲੀ ਵਿੱਚ ਹੀ ਸੀ ਕਿ ਮੁਲਕ ਦੀ ਵੰਡ ਹੋ ਗਈ ਅਤੇ ਉਸ ਦੇ ਭਰਾਵਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਕਰ ਲਿਆ। ਗਾਂਧੀ ਨੇ ਉਸ ਨੂੰ ਖ਼ਤ ਰਾਹੀਂ ਦੱਸਿਆ ਕਿ ਉਸ ਦੇ ਭਰਾਵਾਂ ਦੇ ਪਾਕਿਸਤਾਨ ਜਾਣ ਦਾ ਠੀਕ ਇੰਤਜ਼ਾਮ ਹੋ ਗਿਆ ਹੈ।
ਅਮਤੁਸ ਸਲਾਮ ਇਸ ਗੱਲ ਤੋਂ ਗਾਂਧੀ ਨਾਲ ਨਾਰਾਜ਼ ਹੋਈ ਕਿ ਉਸ ਦੇ ਭਰਾਵਾਂ ਨੂੰ ਗਾਂਧੀ ਨੇ ਪਾਕਿਸਤਾਨ ਕਿਉਂ ਜਾਣ ਦਿੱਤਾ?
ਗਾਂਧੀ ਨੇ ਉਸ ਨੂੰ ਕਿਹਾ ਕਿ ਤੂੰ ਆਦਰਸ਼ ਵਾਦੀ ਹੈਂ, ਪਟਿਆਲਾ ਵਿੱਚ ਕੋਈ ਵੀ ਮੁਸਲਮਾਨ ਨਹੀਂ ਰਿਹਾ, ਸਭ ਚਲੇ ਗਏ। ਸਾਰੇ ਪਰਵਾਰ ਵਿਚੋਂ ਇਕੱਲੀ ਅਮਤੁਸ ਸਲਾਮ ਪਾਕਿਸਤਾਨ ਨਹੀਂ ਗਈ ਅਤੇ ਵੰਡ ਤੋਂ ਬਾਅਦ ਰਾਜਪੁਰਾ ਵਿੱਚ ਕਸਤੂਰਬਾ ਸੇਵਾ ਆਸ਼ਰਮ ਬਣਾ ਕੇ ਲੋਕ ਸੇਵਾ ਦੇ ਕੰਮ ਲੱਗੀ।
ਪਟਿਆਲਾ ਦੇ ਨੇੜੇ ਰਾਜਪੁਰਾ ਕਸਬਾ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਲਈ ਵਿਸ਼ੇਸ਼ ਤੌਰ ’ਤੇ ਵਿਕਸਿਤ ਕੀਤਾ ਜਾ ਰਿਹਾ ਸੀ ਅਤੇ ਇਥੇ ਪੰਜਾਬ ਦੀ ਬਹਾਵਲਪੁਰ ਰਿਆਸਤ ਤੋਂ ਵਧੇਰੇ ਸ਼ਰਨਾਰਥੀ ਆਏ।
ਅਮਤੁਸ ਸਲਾਮ ਪਾਕਿਸਤਾਨ ਵਿੱਚ ਰਹਿ ਗਈਆਂ ਹਿੰਦੂ ਸਿੱਖ ਔਰਤਾਂ ਨੂੰ ਵਾਪਿਸ ਲਿਆਉਣ ਲਈ ਰਮੇਸ਼ਵਰੀ ਨਹਿਰੂ ਅਤੇ ਲੱਜਾਵਤੀ ਹੂਜਾ ਦੇ ਨਾਲ ਜਾਕੇ ਉੰਨ੍ਹਾਂ ਨੂੰ ਲੈਕੇ ਆਉਂਦੀ ਰਹੀ।
ਰਾਜਪੁਰਾ ਵਿੱਚ ਆ ਰਹੇ ਸ਼ਰਨਾਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ਲਈ ਉਹ ਸਿੱਧਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਸੰਪਰਕ ਕਰਦੀ ਸੀ। ਜਾਗੀਰਦਾਰੀ ਪਿਠਭੂਮੀ ਹੋਕੇ ਵੀ ਅਮਤੁਸ ਸਲਾਮ ਬੜੀ ਸਾਦਗੀ ਨਾਲ ਰਹਿੰਦੀ ਸੀ, ਹਾਲਾਂਕਿ ਕਾਂਗਰਸ ਪਾਰਟੀ ਵਿੱਚ ਉਸਦਾ ਰੁਤਬਾ ਅਤੇ ਅਸਲ ਰਸੂਖ਼ ਸੀ।
ਆਲ ਇੰਡੀਆ ਕਾਂਗਰਸ ਕਮੇਟੀ ਨੇ ਜਦ 1980-83 ਵਿੱਚ ਪ੍ਰਸਿੱਧ ਵਕੀਲ ਆਨੰਦ ਨਾਰਾਇਣ ਮੁੱਲਾ ਦੀ ਪ੍ਰਧਾਨਗੀ ਵਿੱਚ ਇੱਕ ਜੇਲ੍ਹ ਸੁਧਾਰ ਸੁਝਾਅ ਕਮੇਟੀ ਬਣਾਈ ਤਾਂ ਅਮਤੁਸ ਸਲਾਮ ਨੂੰ ਉਸ ਦਾ ਮੈਂਬਰ ਬਣਾਇਆ।
ਇਹ ਅਮਤੁਸ ਸਲਾਮ, ਜਿਸ ਨੇ ਮੁਲਕ ਲਈ ਆਪਣਾ ਸਭ ਕੁਝ ਵਾਰ ਦਿੱਤਾ, 29 ਸਤੰਬਰ 1985 ਨੂੰ ਰਾਜਪੁਰਾ ਵਿਖੇ ਬਿਨਾ ਕਿਸੇ ਦੇ ਧਿਆਨ ਵਿੱਚ ਆਏ ਗੁਜ਼ਰ ਗਈ ਅਤੇ ਹੁਣ ਤਾਂ ਉਸ ਦਾ ਨਾਂ ਕਾਂਗਰਸੀ ਵੀ ਨਹੀਂ ਜਾਣਦੇ।
ਆਜ਼ਾਦੀ ਸੰਗਰਾਮ ਦੌਰਾਨ ਔਰਤਾਂ ਦੀ ਸ਼ਮੂਲੀਅਤ ਨੇ ਨਾ ਸਿਰਫ਼ ਔਰਤਾਂ ਨੂੰ ਘਰਾਂ ਦੇ ਬੰਦ ਘੇਰੇ ਵਿਚੋਂ ਬਾਹਰ ਕੱਢਿਆ, ਸਗੋਂ ਇਸ ਨੇ ਆਜ਼ਾਦੀ ਲਹਿਰ ਨੂੰ ਵੀ ਮਜ਼ਬੂਤ ਕੀਤਾ, ਕਿਉਂਕਿ ਇਸ ਨਾਲ ਕਾਂਗਰਸ ਦਾ ਆਮ ਜਨਤਾ ਵਿੱਚ ਅਧਾਰ ਵੱਧਿਆ।
ਬਿਲਕੀਸ ਬਾਨੋ
ਬਿਲਕੀਸ ਬਾਨੋ ਨੇ 82 ਸਾਲ ਦੀ ਉਮਰ ਵਿੱਚ ਸ਼ਾਹੀਨ ਬਾਗ਼ ਦਿੱਲੀ ਵਿਖੇ ਘੱਟ ਗਿਣਤੀਆਂ ਵਿਰੋਧੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਗਾਂਧੀਵਾਦੀ ਢੰਗ ਦੀ ਪੂਰੀ ਤਰ੍ਹਾਂ ਸ਼ਾਂਤਮਈ ਲਹਿਰ ਉਸਾਰ ਕੇ ਨਵਾਂ ਇਤਿਹਾਸ ਸਿਰਜਿਆ। ਇਸ ਸਿੱਧੀ ਸਾਦੀ ਸਰਲ ਗੈਰ ਸਿਆਸੀ ਔਰਤ ਨੇ ਇਨਸਾਫ਼ ਦੀ ਭਾਵਨਾ ਨਾਲ ਵਧੇਰੇ ਕਰਕੇ ਔਰਤਾਂ ਅਤੇ ਉਹ ਵੀ ਮੁਸਲਿਮ ਔਰਤਾਂ ਦੇ ਸੌ ਦਿਨਾਂ ਸ਼ਾਂਤਮਈ ਲੋਕ ਧਰਨੇ ਦੀ ਅਗਵਾਈ ਕੀਤੀ।
ਦਿੱਲੀ ਦੇ ਇਸ ਸ਼ਾਂਤਮਈ ਧਰਨੇ ਤੋਂ ਪ੍ਰੇਰਿਤ ਹੋਕੇ ਭਾਰਤ ਦੇ ਅਨੇਕ ਸ਼ਹਿਰਾਂ ਵਿੱਚ ਵੀ ਸ਼ਾਹੀਨ ਬਾਗ਼ ਧਰਨੇ ਸ਼ੁਰੂ ਹੋਏ। ਸ਼ਾਹੀਨ ਬਾਗ਼ ਇੱਕ ਚਿੰਨ ਬਣਕੇ ਪੂਰੇ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਇੱਕ ਲਹਿਰ ਬਣ ਗਿਆ।
ਕੋਲਕਾਤਾ ਦੀ ਪਾਰਕ ਸਟ੍ਰੀਟ ਵਿੱਚ ਵੀ ਅਸਮਤ ਜਮੀਲ ਨਾਂ ਦੀ ਔਰਤ ਨੇ ਦਿੱਲੀ ਤੋਂ ਵੀ ਲੰਬੇ ਸਮੇਂ ਤੱਕ ਸ਼ਾਂਤਮਈ ਧਾਰਨਾ ਚਲਾਇਆ। ਬੰਗਲੌਰ, ਚੇੱਨਈ, ਅਹਿਮਦਾਬਾਦ, ਬੰਬਈ, ਮਲੇਰਕੋਟਲਾ ਆਦਿ ਵਿੱਚ ਇਹ ਸ਼ਾਂਤਮਈ ਧਰਨੇ ਮੁੱਖ ਤੌਰ ’ਤੇ ਮੁਸਲਿਮ ਔਰਤਾਂ ਵੱਲੋਂ ਲੋਕ ਲਹਿਰ ਵਾਂਗ ਚਲਾਏ ਗਏ।
ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਲਹਿਰ ਦਾ ਸਭ ਤੋਂ ਵਿਸ਼ੇਸ਼ ਲੱਛਣ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁਸਲਿਮ ਔਰਤਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਹਿੱਸਾ ਵੀ ਲਿਆ ਅਤੇ ਲਹਿਰ ਦੀ ਅਗਵਾਈ ਵੀ ਮੁਸਲਿਮ ਔਰਤਾਂ ਹੱਥ ਸੀ।
ਇਹ ਵੀ ਪੜ੍ਹੋ
ਮੁਸਲਿਮ ਸਮਾਜ ਦੀਆਂ ਔਰਤਾਂ ਦਾ ਸੰਘਰਸ਼
ਮੁਸਲਿਮ ਸਮਾਜ ਨੂੰ ਔਰਤਾਂ ਦੇ ਸਮਾਜਕ ਸਿਆਸੀ ਲਹਿਰਾਂ ਵਿੱਚ ਹਿੱਸਾ ਲੈਣ ਪੱਖੋਂ ਇੱਕ ਰੂੜੀਵਾਦੀ ਸਮਾਜ ਸਮਝਿਆ ਜਾਂਦਾ ਹੈ, ਪਰ ਇਸ ਲਹਿਰ ਨੇ ਇਸ ਸਮਾਜ ਵਿੱਚ ਤਾਜ਼ੀ ਹਵਾ ਦਾ ਝੋਂਕਾ ਲਿਆਂਦਾ।
ਰੂੜੀਵਾਦੀ ਸਮਝੇ ਜਾਂਦੇ ਮੁਸਲਿਮ ਮਰਦਾਂ ਨੇ ਇਸ ਲਹਿਰ ਵਿੱਚ ਨਾ ਸਿਰਫ਼ ਔਰਤਾਂ ਦੀ ਨੈਤਿਕ ਮਦਦ ਕੀਤੀ, ਸਗੋਂ ਹਰ ਤਰ੍ਹਾਂ ਸਾਥ ਦਿੱਤਾ, ਘਰਾਂ ਦੀ ਦੇਖ ਭਾਲ ਤੋਂ ਇਲਾਵਾ ਧਰਨੇ ਦੀ ਜਗ੍ਹਾਂ ’ਤੇ ਵੀ ਬਰਾਬਰ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਮੁਸਲਿਮ ਸਮਾਜ ਦਾ ਇਸ ਲਹਿਰ ਨਾਲ ਜਮਹੂਰੀਕਰਨ ਵੀ ਹੋਇਆ।
ਦਿੱਲੀ ਪੁਲਿਸ ਨੇ ਕੋਵਿਡ ਦੀ ਆੜ ਵਿੱਚ ਸੌ ਦਿਨ ਬਾਅਦ ਇਸ ਧਰਨੇ ਨੂੰ ਉਠਵਾ ਦਿੱਤਾ ਅਤੇ ਧਰਨੇ ਦੀ ਥਾਂ ’ਤੇ ਲੱਗੇ ਸਾਰੇ ਪੋਸਟਰ, ਤਸਵੀਰਾਂ ਤੇ ਹੋਰ ਚਿੰਨ ਮਿਟਾ ਦਿੱਤੇ, ਪਰ ਇਸ ਧਰਨੇ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਅਤੇ ਮੁਸਲਿਮ ਔਰਤਾਂ ਨੂੰ ਇੱਕ ਨਵਾਂ ਵਿਸ਼ਵਾਸ ਤੇ ਅਗਵਾਈ ਦੀ ਹਿੰਮਤ ਦਿੱਤੀ।
ਇਸੇ ਕਰਕੇ Time ਮੈਗਜ਼ੀਨ ਨੇ ਬਿਲਕੀਸ ਬਾਨੋ ਦਾ ਨਾਂ 2020 ਦੀਆਂ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਖਸ਼ੀਅਤਾਂ ਵਿੱਚ ਦਰਜ ਕੀਤਾ।
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਔਰਤਾਂ
ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਮੁਹਿੰਮ ਵਜੋਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੀਆਂ। ਪੰਜਾਬ ਅੰਦਰ ਕਿਸਾਨ ਜੂਨ ਤੋਂ ਹੀ ਇੰਨਾ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਸਨ, ਜਦ ਪਹਿਲੀ ਵਾਰ ਆਰਡੀਨੈਂਸ ਰਾਹੀਂ ਇਹ ਕਾਨੂੰਨ ਲਿਆਂਦੇ ਗਏ ਸਨ।
ਬਾਅਦ ਵਿੱਚ ਸਤੰਬਰ ਵਿੱਚ ਪਾਰਲੀਮੈਂਟ ਵਿੱਚ ਵਿਵਾਦ ਪੂਰਨ ਤਰੀਕੇ ਨਾਲ ਜਿਵੇਂ ਇੰਨਾ ਕਾਨੂੰਨਾਂ ਨੂੰ ਪਾਸ ਕੀਤਾ ਗਿਆ, ਉਸ ਨਾਲ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ।
ਸੰਯੁਕਤ ਕਿਸਾਨ ਮੋਰਚਾ ਦੀ ਅਗੁਵਾਈ ਹੇਠਾਂ ਸਾਰੇ ਦੇਸ਼ ਵਿਚੋਂ 400 ਤੋਂ ਵੱਧ ਕਿਸਾਨ ਜਥੇਬੰਦੀਆਂ ਜੁੜੀਆਂ ਹਨ, ਜਿੰਨਾਂ ਵਿੱਚ ਇਸ ਸਮੇਂ ਸੰਘਰਸ਼ ਵਿੱਚ ਸ਼ਾਮਿਲ 32 ਜਥੇਬੰਦੀਆਂ ਵੀ ਸ਼ਾਮਿਲ ਹਨ। ਇੰਨ੍ਹਾਂ 32 ਜਥੇਬੰਦੀਆਂ ਤੋਂ ਇਲਾਵਾ ਦੋ ਹੋਰ ਜਥੇਬੰਦੀਆਂ-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਸ਼ਾਮਿਲ ਹਨ।
ਇਹ ਦੋਵੇਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਨਾਲ ਤਾਲਮੇਲ ਵਿੱਚ ਇਸ ਜ਼ਬਰਦਸਤ ਲਹਿਰ ਵਿੱਚ ਸਰਗਰਮੀਆਂ ਕਰਦੀਆਂ ਹਨ। ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵਿੱਚ ਔਰਤ ਕਾਡਰ ਅਤੇ ਆਗੂ ਵੀ ਹਨ, ਜੋ ਇਸ ਸੌ ਦਿਨ ਤੋਂ ਚਲੇ ਆ ਰਹੇ ਧਰਨੇ ਵਿੱਚ ਗੋਦ ਖੇਡਦੀ ਬੱਚੀ ਤੋਂ ਲੈਕੇ 90 ਸਾਲ ਦੀਆਂ ਬਜ਼ੁਰਗ ਔਰਤਾਂ ਦੀ ਮੌਜੂਦਗੀ ਵਿੱਚ ਝਲਕਦੀ ਹੈ।
ਔਰਤਾਂ ਇੱਥੇ ਸਿਰਫ ਰੋਟੀ ਪਕਾਉਣ ਜਾਂ ਬੱਚਿਆਂ ਦੀ ਦੇਖ ਭਾਲ ਤੱਕ ਸੀਮਤ ਨਹੀਂ ਹਨ, ਇਹ ਸਭ ਕਰਨ ਦੇ ਨਾਲ ਉਹ ਹਿਸਾਬ ਵੀ ਰੱਖਦੀਆਂ ਹਨ, ਸਟੇਜ ਵੀ ਸਾਂਭਦੀਆਂ ਹਨ ਅਤੇ ਭਾਸ਼ਣ ਵੀ ਦਿੰਦੀਆਂ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੰਬੇ ਸੰਘਰਸ਼ ਵਿੱਚ ਸਾਰੀਆਂ ਜਿੰਮੇਵਾਰੀਆਂ ਔਰਤ ਤੇ ਮਰਦ ਦੋਵੇਂ ਬਰਾਬਰ ਸੰਭਾਲਦੇ ਹਨ। ਵੱਖ ਵੱਖ ਖੇਤਰਾਂ/ ਧਰਮਾਂ/ ਜਾਤਾਂ/ ਸਮਾਜਕ ਦਰਜਾਬੰਦੀ ਦੇ ਲੋਕ ਮਿਲ ਕੇ ਇਕੱਠੇ ਰਹਿੰਦੇ, ਖਾਂਦੇ ਪਕਾਉਂਦੇ, ਸਫਾਈਆਂ ਕਰਦੇ ਹਨ। ਜਾਤਾਂ/ਧਰਮਾਂ/ਖੇਤਰਾਂ/ਦਰਜਾਬੰਦੀਆਂ ਵਿੱਚ ਵੰਡੇ ਭਾਰਤੀ ਸਮਾਜ ਲਈ ਇਹ ਬੜੇ ਕਮਾਲ ਦੀ ਗੱਲ ਹੈ।
ਕਿਸਾਨ ਲਹਿਰ ਵਿੱਚ ਅਨੇਕਾਂ ਔਰਤ ਆਗੂ ਹਨ- ਜਸਬੀਰ ਕੌਰ ਨੱਤ ਅਤੇ ਉਸਦੀ ਧੀ ਨਵਕਿਰਨ ਨੱਤ, ਪਰਮਜੀਤ ਕੌਰ ਪਿਥੋ, ਬਲਬੀਰ ਕੌਰ ਐਡਵੋਕੇਟ , ਅਮਰਜੀਤ ਹਰਦਾਸਪੁਰ ਅਤੇ ਹਰਿੰਦਰ ਕੌਰ ਬਿੰਦੂ ਅਤੇ ਹੋਰ ਵੀ।
ਹਰਿੰਦਰ ਕੌਰ ਬਿੰਦੂ, ਸਭ ਤੋਂ ਵਿਸ਼ਾਲ ਮੰਨੀ ਜਾਂਦੀ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਦੇ ਮਹਿਲਾ ਕਿਸਾਨ ਵਿੰਗ ਦੀ ਪ੍ਰਧਾਨ ਹੈ। ਪਹਿਲਾਂ ਉਹ ਮੁੱਖ ਤੌਰ ’ਤੇ ਦਲਿਤਾਂ ਦੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਿੱਚ ਵੀ ਕੰਮ ਕਰ ਚੁੱਕੀ ਹੈ। ਇਹ ਦੋਵੇਂ ਜਥੇਬੰਦੀਆਂ ਭਰਾਤਰੀ ਭਾਵ ਨਾਲ ਇੱਕਸੁਰ ਵਿੱਚ ਚਲਦੀਆਂ ਹਨ।
ਹਰਿੰਦਰ ਬਿੰਦੂ, ਨੌਜਵਾਨ ਭਾਰਤ ਸਭਾ ਦੇ ਆਗੂ ਰਹੇ ਮੇਘ ਰਾਜ ਭਗਤੁਆਨਾ ਦੀ ਧੀ ਹੈ, ਜੋ 9 ਅਪ੍ਰੈਲ 1991 ਨੂੰ ਸੇਵੇਵਾਲਾ ਪਿੰਡ ਵਿੱਚ ਖਾੜਕੂਆਂ ਦੇ ਹਮਲੇ ਵਿੱਚ ਮਾਰੇ ਗਏ।
ਭਗਤ ਸਿੰਘ ਦੇ ਵਿਚਾਰਾਂ ਨੂੰ ਪਰਨਾਈ ਨੌਜਵਾਨ ਭਾਰਤ ਸਭਾ ਆਪਣੀਆਂ ਸਰਗਰਮੀਆਂ ਕਰਕੇ ਖਾੜਕੂਆਂ ਨੂੰ ਚੁੱਭਦੀ ਸੀ। ਸੇਵੇਵਾਲਾ ਪਿੰਡ ਵਿੱਚ ਉਸ ਦਿਨ ਨਾਟਕ ਅਤੇ ਇਨਕਲਾਬੀ ਗੀਤਾਂ ਦਾ ਪ੍ਰੋਗਰਾਮ ਸੀ। ਪ੍ਰੋਗਰਾਮ ਤੇ ਖਾੜਕੂ ਹਮਲਾਵਰਾਂ ਨੇ ਗੋਲੀਆਂ ਚਲਾ ਕੇ 18 ਇਲਾਕਾ ਵਾਸੀਆਂ ਨੂੰ ਮਾਰ ਦਿੱਤਾ ਸੀ।
ਮੇਘ ਰਾਜ ਨੇ ਇੰਨਾ ਖਾੜਕੂ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਉਨਾਂ ਦੀ ਗੋਲੀ ਦਾ ਉਹ ਸ਼ਿਕਾਰ ਹੋ ਗਿਆ ਸੀ। ਹਰਿੰਦਰ ਬਿੰਦੂ ਉਸ ਵੇਲੇ 13 ਸਾਲ ਦੀ ਬੱਚੀ ਸੀ, ਜਿਸਨੂੰ ਪਿਤਾ ਤੋਂ ਇਹ ਸਿੱਖਿਆ ਮਿਲੀ ਹੋਈ ਸੀ ਕਿ ਉਸ ਦੇ ਮਾਰੇ ਜਾਣ ’ਤੇ ਵੀ ਰੋਣਾ ਨਹੀਂ।
ਤਿੰਨ ਦਹਾਕਿਆਂ ਬਾਅਦ ਬਿੰਦੂ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਉਹ ਬਹੁਤ ਚੰਗੀ ਵਕਤਾ ਅਤੇ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਜੱਥੇਬੰਦ ਕਰਕੇ ਪ੍ਰਦਰਸ਼ਨ ਵਿੱਚ ਸ਼ਾਮਿਲ ਕਰਨ ਵਾਲੀ ਆਗੂ ਹੈ।
ਉਸ ਨੂੰ ਔਰਤਾਂ ਦੇ ਪ੍ਰਦਰਸ਼ਰਨਾਂ ਵਿੱਚ ਸ਼ਾਮਿਲ ਹੋਣ ’ਤੇ ਮਾਣ ਹੈ, ਪਰ ਇਸ ਗੱਲ ਦੀ ਨਾਰਾਜ਼ਗੀ ਵੀ ਕਿ ਖਾਲ਼ਿਸਤਾਨੀ ਤੱਤਾਂ ਦਾ ਮੁਕਾਬਲਾ ਕਰਕੇ ਵੀ ਕਿਸਾਨਾਂ ਨੂੰ ਕਦੀ ਖਾਲ਼ਿਸਤਾਨੀ, ਕਦੀ ਸ਼ਹਿਰੀ ਨਕਸਲ, ਕਦੀ ਟੁਕੜੇ ਟੁਕੜੇ ਗੈਂਗ ਕਹਿ ਕੇ ਬਦਨਾਮ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ।
ਪਰ ਉਸ ਨੂੰ ਯਕੀਨ ਹੈ ਕਿ ਸਰਕਾਰ ਦੀਆਂ ਲਹਿਰ ਨੂੰ ਬਦਨਾਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾ ਕਾਮਯਾਬ ਹੋਣਗੀਆਂ ਅਤੇ ਕਿਸਾਨ ਲਹਿਰ ਜਿੱਤ ਹਾਸਿਲ ਕਰੇਗੀ।
ਆਜ਼ਾਦੀ ਸੰਗਰਾਮ ਅਤੇ ਸ਼ਾਹੀਨ ਬਾਗ਼ ਲਹਿਰ ਵਾਂਗ ਕਿਸਾਨ ਲਹਿਰ ਨੇ ਵੀ ਔਰਤਾਂ ਨੂੰ ਇੱਕ ਪਾਸੇ ਮੁਕਤ ਕੀਤਾ ਹੈ, ਦੂਜੇ ਪਾਸੇ ਕਿਸਾਨ ਲਹਿਰ ਨੂੰ ਵੀ ਆਪਣੀ ਵੱਡੀ ਸ਼ਮੂਲੀਅਤ ਨਾਲ ਤਾਕਤ ਬਖਸ਼ੀ ਹੈ।
ਬਲਕਿ ਕਿਸਾਨ ਲਹਿਰ ਨੂੰ ਲੋਕ ਲਹਿਰ ਬਣਾਉਣ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਅਗਵਾਈ ਦੀ ਭੂਮਿਕਾ ਹੈ। ਇਸ ਸ਼ਮੂਲੀਅਤ ਅਤੇ ਲਹਿਰ ਵਿੱਚ ਔਰਤ-ਮਰਦ ਦੀ ਬਰਾਬਰੀ ਅਤੇ ਏਕਤਾ ਸ਼ਾਇਦ ਇਸ ਲਹਿਰ ਨੂੰ ਜਿੱਤ ਵੱਲ ਵੀ ਲੈ ਜਾਵੇ, ਜੋ 8 ਮਾਰਚ ਔਰਤ ਦਿਨ ਦੀ ਭਾਵਨਾ ਨੂੰ ਸਹੀ ਰੂਪ ਵਿੱਚ ਸਾਕਾਰ ਕਰਨ ਵਾਲੀ ਹੋਵੇਗੀ।
-ਲੇਖਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਰਿਟਾਅਰ ਪ੍ਰੋਫੇਸਰ ਅਤੇ ਭਗਤ ਸਿੰਘ ਆਰਕਾਇਵਸ ਅਤੇ ਸੰਸਾਧਨ ਕੇਂਦਰ ਨਵੀ ਦਿੱਲੀ ਦੇ ਆਨਰੇਰੀ ਸਲਾਹਕਾਰ ਹਨ।
ਇਹ ਵੀ ਪੜ੍ਹੋ: