ਪੀਐੱਮ ਮੋਦੀ 'ਤੇ ਹਮਲਾ ਕਰਨ ਲਈ ਵਿਰੋਧੀ ਦਲ 'ਭਾਰਤ ਵਿਰੁੱਧ' ਤਾਕਤਾਂ ਨਾਲ ਖੜ੍ਹਾ ਹੈ: ਭਾਜਪਾ - ਪ੍ਰੈੱਸ ਰਿਵੀਊ

ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੋਦੀ ਸਰਕਾਰ ਦੀ ਹੋ ਰਹੀ ਆਲੋਚਨਾ 'ਤੇ ਬੀਜੇਪੀ ਦੇ ਨੇਤਾ ਵਿਰੋਧੀ ਦਲ ਨੂੰ ਘੇਰ ਰਹੇ ਹਨ।

ਟਾਈਮਜ਼ ਆਫ਼ ਇੰਡੀਆ ਅਖ਼ਬਾਰ ਅਨੁਸਾਰ, ਬੀਜੇਪੀ ਦੇ ਬੁਲਾਰੇ ਸੰਭਿਤ ਪਾਤਰਾ ਨੇ ਕਿਹਾ ਹੈ ਕਿ ਵਿਰੋਧੀ ਦਲ ਖ਼ਾਸਕਰ ਕਾਂਗਰਸ ਮੋਦੀ 'ਤੇ ਹਮਲਾ ਕਰਨ ਲਈ 'ਭਾਰਤ ਵਿਰੋਧੀ' ਤਾਕਤਾਂ ਨਾਲ ਖੜ੍ਹਾ ਹੈ।

ਦਿੱਲੀ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੰਦਿਆ ਉਨ੍ਹਾਂ ਇਲਜ਼ਾਮ ਲਾਇਆ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੇ ਭਾਰਤ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਦਾ ਪਰਦਾਫ਼ਾਸ਼ ਕੀਤਾ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਫ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹੇਠਾਂ ਦਿਖਾਉਣ ਲਈ ਵਿਰੋਧੀ ਦਲ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਗਿਆ ਹੈ।

ਉਨ੍ਹਾਂ ਕਿਹਾ, "ਵਿਰੋਧੀ ਦਲ ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਵਰਗੇ ਭਾਰਤ ਰਤਨਾਂ ਦੀ ਜਾਂਚ ਤਾਂ ਚਾਹੁੰਦਾ ਹੈ ਪਰ ਭਾਰਤ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦਾ ਬਚਾਅ ਕਰ ਰਿਹਾ ਹੈ।"

ਇਹ ਵੀ ਪੜ੍ਹੋ

ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਨਹੀਂ ਮਿਲੀ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ

ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਹਰਿਆਣਾ ਦੀ ਜੇਲ੍ਹ 'ਚ ਬੰਦ ਕਾਰਕੁਨ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲ ਪਾਈ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ, ਹਰਿਆਣਾ ਦੇ ਕਰਨਾਲ ਜੇਲ੍ਹ ਸੁਪਰੀਟੈਂਡੇਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ।

ਇੱਕ ਜੇਲ੍ਹ ਅਧਿਕਾਰੀ ਅਨੁਸਾਰ ਕਰਨਾਲ ਜੇਲ੍ਹ ਸੁਪਰੀਟੈਂਡੇਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਇਸ ਲਈ ਉਨ੍ਹਾਂ ਨੂੰ ਹਰਿਆਣਾ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ।

11 ਫਰਵਰੀ ਨੂੰ ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਨੌਦੀਪ ਕੌਰ ਦੀ ਰਿਹਾਈ ਕਰਵਾਉਣ ਲਈ ਕਿਹਾ ਸੀ।

ਨਾਲ ਹੀ ਦੱਸ ਦੇਈਏ ਕਿ ਨੌਦੀਪ ਕੌਰ ਨੂੰ ਸੋਮਵਾਰ ਨੂੰ ਇੱਕ ਹੋਰ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਨੌਦੀਪ ਖ਼ਿਲਾਫ਼ ਕੁੱਲ ਤਿੰਨ ਕੇਸ ਦਰਜ ਹਨ। ਜਬਰੀ ਵਸੂਲੀ ਲਈ ਦਰਜ ਕੇਸ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

ਸੋਨੀਪਤ ਦੀ ਸੈਸ਼ਨ ਅਦਾਲਤ ਨੇ ਨੌਦੀਪ ਕੌਰ ਨੂੰ ਜਿਸ ਕੇਸ ਵਿੱਚ ਅੱਜ ਜ਼ਮਾਨਤ ਦਿੱਤੀ ਹੈ, ਉਹ ਆਈਪੀਸੀ ਦੀਆਂ ਧਾਰਾਵਾਂ 148, 149, 323, 452, 384 ਤੇ 506 ਤਹਿਤ ਦਰਜ ਕੀਤਾ ਗਿਆ ਸੀ।

ਨੌਦੀਪ ਖਿਲਾਫ਼ ਦਰਜ ਤੀਜੇ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਕਰਨਗੇ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਿਤ

28 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ 'ਚ ਕਿਸਾਨਾਂ ਦੀ ਮਹਾਂਪੰਚਾਇਤ ਨੂੰ ਸੰਬੋਧਨ ਕਰਨਗੇ।

ਟਾਈਮਜ਼ ਆਫ਼ ਇੰਡੀਆ ਅਖ਼ਬਾਰ ਅਨੁਸਾਰ, ਆਮ ਆਦਮੀ ਪਾਰਟੀ ਤਿੰਨ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਖੜ੍ਹੇ ਕਿਸਾਨਾਂ ਦਾ ਸ਼ੁਰੂ ਤੋਂ ਹੀ ਸਮਰਥਨ ਕਰ ਰਹੀ ਹੈ। ਅਰਵਿੰਦਰ ਕੇਜਰੀਵਾਲ ਕਿਸਾਨਾਂ ਲਈ 2 ਵਾਰ ਸਿੰਘੂ ਬਾਰਡਰ ਜਾ ਚੁੱਕੇ ਹਨ।

ਆਮ ਆਦਮੀ ਪਾਰਟੀ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉੱਤਰਪ੍ਰਦੇਸ਼ ਦੇ ਮੇਰਠ 'ਚ 28 ਫਰਵਰੀ ਨੂੰ ਦਿੱਲੀ ਦੇ ਮੁੱਖਮੰਤਰੀ ਕਿਸਾਨਾਂ ਦੀ ਮਹਾਂਪੰਚਾਇਤ 'ਚ ਜਾਣਗੇ। ਇਹ ਮਹਾਂਪੰਚਾਇਤ ਉੱਤਰ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਵੱਲੋਂ ਹੀ ਆਯੋਜਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ

ਨਿੱਜਤਾ ਦਾ ਖ਼ਤਰਾ: ਸੁਪਰੀਮ ਕੋਰਟ ਨੇ ਕੇਂਦਰ ਅਤੇ ਵਟਐਪ ਨੂੰ ਦਿੱਤਾ ਨੋਟਿਸ

ਯੂਰਪੀਅਨ ਯੂਜ਼ਰਸ ਦੇ ਮੁਕਾਬਲੇ ਭਾਰਤੀਆਂ ਦੀ ਨਿੱਜਤਾ ਦਾ ਪੱਧਰ ਨੀਵਾਂ ਰੱਖਣ ਦੇ ਇਲਜ਼ਾਮਾਂ ਵਾਲੀ ਨਵੀਂ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਵਟਸਐਪ ਨੂੰ ਨੋਟਿਜ ਜਾਰੀ ਕਰਦਿਆਂ ਚਾਰ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਆਪਣੇ ਨਾਗਰਿਕਾਂ ਦੀ ਨਿੱਜਤਾ ਦੀ ਰਾਖੀ ਕਰਨਾ ਨਿਆਂਪਾਲਿਕਾ ਦਾ ਫਰਜ਼ ਹੈ।

ਉਨ੍ਹਾਂ ਕਿਹਾ, "ਲੋਕਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੀ ਨਿੱਜਤਾ ਨੂੰ ਜਨਤਕ ਕਰ ਦਿੱਤਾ ਜਾਵੇਗਾ।"

ਸੁਪਰੀਪ ਕੋਰਟ ਨੇ ਵਟਸਐਪ ਨੂੰ ਕਿਹਾ ਹੈ ਕਿ ਉਹ ਭਾਵੇਂ ਦੋ-ਤਿੰਨ ਹਜ਼ਾਰ ਅਰਬ ਦੀ ਕੰਪਨੀ ਹੈ ਪਰ ਲੋਕ ਪੈਸਿਆਂ ਨਾਲੋਂ ਜ਼ਿਆਦਾ ਆਪਣੀ ਨਿੱਜਤਾ ਨੂੰ ਅਹਿਮਿਅਤ ਦਿੰਦੇ ਹਨ।

ਵਟਸਐਪ ਨੇ ਦਲੀਲ ਦਿੱਤੀ ਹੈ ਕਿ ਯੂਰੋਪ 'ਚ ਵਿਸ਼ੇਸ਼ ਡਾਟਾ ਸੁਰੱਖਿਆ ਕਾਨੂੰਨ ਹਨ ਜੋ ਭਾਰਤ 'ਚ ਨਹੀਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)