You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ, ਮੁੜ ਤੋਂ 'ਕੈਬਨਿਟ ਸੀਟ ਦੇ ਆਫ਼ਰ' 'ਤੇ ਚਰਚਾ - ਪ੍ਰੈੱਸ ਰਿਵੀਊ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਵੱਲੋਂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ।
ਇਹ ਬੈਠਕ ਸੋਨੀਆ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਹੋਈ।
ਦਿ ਟ੍ਰਿਬਿਊਨ ਮੁਤਾਬਕ 25 ਮਿੰਟ ਹੋਈ ਇਸ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਦੀ ਸੀਟ ਜਾਂ ਕੇਂਦਰੀ ਭੂਮੀਕਾ ਦਾ ਆਫ਼ਰ ਦਿੱਤਾ ਹੈ। ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਬੈਠਕ ਵਿੱਚ ਕਿਸਾਨ ਅੰਦੋਲਨ 'ਤੇ ਵੀ ਚਰਚਾ ਹੋਈ।
ਇਸ ਬੈਠਕ ਵਿੱਚ ਏਆਸੀਸੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਕੇਸੀ ਵੇਣੂਗੋਪਾਲ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ:
ਚੀਨ ਨੇ ਵੀ ਕੇ ਸਿੰਘ ਦੇ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ
ਚੀਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਵਾਂਗ ਵੈਨਬਿਨ ਨੇ ਚੀਨੀ ਸਰਕਾਰ ਦੇ ਹਿਮਾਇਤੀ ਅਖ਼ਬਾਰ ਗਲੋਬਲ ਟਾਈਮਜ਼ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਭਾਰਤ ਵਾਰ-ਵਾਰ ਭਾਰਤ-ਚੀਨ ਲਾਈਨ ਵਿਚਾਲੇ ਐਕਚੁਅਲ ਲਾਈਨ ਆਫ਼ ਕੰਟਰੋਲ (ਐਲਏਸੀ) ਦੀ ਉਲੰਘਣਾ ਕਰ ਰਿਹਾ ਹੈ ਅਤੇ ਲਗਾਤਾਰ ਟਕਰਾਅ ਦੇ ਹਾਲਾਤ ਬਣਾ ਰਿਹਾ ਹੈ।
ਅਖਬਾਰ ਅਨੁਸਾਰ, ਸਰਹੱਦ 'ਤੇ ਤਣਾਅ ਦਾ ਇਹ ਮੁੱਖ ਕਾਰਨ ਹੈ।
ਵਿਦੇਸ਼ ਮੰਤਰੀ ਦੇ ਬੁਲਾਰੇ ਨੇ ਕਿਹਾ, "ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਦੋਵੇਂ ਦੇਸ ਆਪਸੀ ਸਹਿਮਤੀ ਨਾਲ ਜਿਸ ਸਮਝੌਤੇ 'ਤੇ ਪਹੁੰਚੇ ਹਨ, ਉਸ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਅਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਰਾਖੀ ਲਈ ਕਦਮ ਚੁੱਕੇ ਜਾਣ।"
ਅਖ਼ਬਾਰ ਦਾ ਕਹਿਣਾ ਹੈ ਕਿ ਸਰਹੱਦੀ ਵਿਵਾਦ ਦੇ ਮਾਮਲੇ ਵਿੱਚ ਭਾਰਤ ਚੀਨ ਨੂੰ 'ਹਮਲਾਵਰ' ਕਹਿੰਦਾ ਆਇਆ ਹੈ ਪਰ ਭਾਰਤ ਦੇ ਇੱਕ ਮੰਤਰੀ ਨੇ ਭਾਰਤ ਦੇ ਚੀਨ ਨਾਲੋਂ ਜ਼ਿਆਦਾ ਵਾਰ ਐੱਲਏਸੀ ਦੀ ਉਲੰਘਣਾ ਦੀ ਗੱਲ ਮੰਨੀ ਹੈ।
ਚੀਨੀ ਵਿਦੇਸ਼ ਮੰਤਰੀ ਦਾ ਇਹ ਪ੍ਰਤੀਕਰਮ ਗਲੋਬਲ ਟਾਈਮਜ਼ ਵਿੱਚ ਛਪੇ ਇੱਕ ਲੇਖ ਤੋਂ ਬਾਅਦ ਆਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਨੇ ਚੀਨ ਨਾਲੋਂ ਜ਼ਿਆਦਾ ਵਾਰ ਐੱਲਏਸੀ 'ਤੇ ਉਲੰਘਣਾ ਕੀਤੀ ਹੋਵੇਗੀ ਪਰ ਭਾਰਤ ਸਰਕਾਰ ਨੇ ਇਸ ਬਾਰੇ ਨਹੀਂ ਦੱਸਿਆ।
7 ਫਰਵਰੀ ਦੀ ਦਿ ਹਿੰਦੂ ਅਖ਼ਬਾਰ ਦੀ ਇੱਕ ਰਿਪੋਰਟ ਵਿੱਚ ਵੀ ਕੇ ਸਿੰਘ ਦੇ ਹਵਾਲੇ ਨਾਲ ਲਿਖਿਆ ਸੀ, "ਤੁਸੀਂ ਲੋਕ ਨਹੀਂ ਜਾਣਦੇ ਕਿ ਅਸੀਂ ਕਿੰਨੀ ਵਾਰ ਉਲੰਘਣਾ ਕੀਤੀ ਹੈ। ਚੀਨੀ ਮੀਡੀਆ ਇਸ ਨੂੰ ਕਵਰ ਨਹੀਂ ਕਰਦਾ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਜੇ ਚੀਨ ਨੇ 10 ਵਾਰ ਕਬਜ਼ਾ ਕੀਤਾ, ਤਾਂ ਅਸੀਂ ਘੱਟੋ ਘੱਟ 50 ਵਾਰ ਅਜਿਹਾ ਕੀਤਾ ਹੋਵੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੇਂਦਰ ਵੱਲੋਂ 'ਟਵਿੱਟਰ' ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ
ਪੰਜਾਬੀ ਟ੍ਰਿਬਿਊਨ ਮੁਤਾਬਕ ਭਾਰਤ ਸਰਕਾਰ ਨੇ 'ਟਵਿੱਟਰ' ਨੂੰ ਇੱਕ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਲਈ ਕਿਹਾ ਹੈ। ਸਰਕਾਰ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਹਨ ਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਹੈ।
ਸਰਕਾਰ ਨੇ 'ਟਵਿੱਟਰ' ਨੂੰ 10 ਦਿਨਾਂ ਵਿੱਚ ਇਹ ਦੂਜਾ ਨੋਟਿਸ ਭੇਜਿਆ ਹੈ। ਅਖ਼ਬਾਰ ਦੇ ਸੂਤਰਾਂ ਮੁਤਾਬਕ ਟਵਿੱਟਰ ਨੂੰ ਨਵਾਂ ਨੋਟਿਸ ਪਿਛਲੇ ਹਫ਼ਤੇ ਵੀਰਵਾਰ ਨੂੰ ਭੇਜਿਆ ਗਿਆ ਹੈ ਅਤੇ ਕੰਪਨੀ ਨੇ ਹਾਲੇ ਤੱਕ ਹੁਕਮਾਂ ਉਤੇ ਅਮਲ ਨਹੀਂ ਕੀਤਾ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਆਈਟੀ ਮੰਤਰਾਲੇ ਨੇ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਨੂੰ 257 ਅਕਾਊਂਟ ਬੰਦ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: