ਰਾਕੇਸ਼ ਟਿਕੈਤ ਨੇ ਕਿਹਾ, 'ਸਰਕਾਰ ਨੇ ਨਾ ਸੁਣਿਆ ਤਾਂ ਪੂਰੇ ਦੇਸ਼ ਵਿੱਚ 40 ਲੱਖ ਟਰੈਕਟਰਾਂ ਨਾਲ ਹੋਵੇਗੀ ਰੈਲੀ' - ਪ੍ਰੈੱਸ ਰਿਵੀਊ

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਹ ਪੂਰੇ ਦੇਸ਼ ਵਿੱਚ ਕਿਸਾਨ ਰੈਲੀ ਕਰਨਗੇ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਨੂੰ ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਜੇ ਉਹ ਸਾਡੀ ਨਹੀਂ ਸੁਣਦੇ ਤਾਂ ਅਸੀਂ ਪੂਰੇ ਦੇਸ਼ ਵਿੱਚ 40 ਲੱਖ ਟਰੈਕਟਰਾਂ ਨਾਲ ਰੈਲੀ ਕਰਾਂਗੇ।"

ਇਸ ਤੋਂ ਪਹਿਲਾਂ ਝਾਰਖੰਡ ਦੇ ਖੇਤੀ ਮੰਤਰੀ ਬਾਦਲ ਪਤਰਲੇਖ ਨੇ ਗਾਜ਼ੀਪੁਰ ਬਾਰਡਰ ਉੱਪਰ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ, "ਅਸੀਂ ਮੁੱਢ ਤੋਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰ ਰਹੇ ਹਾਂ। ਮੈਂ ਇੱਥੇ ਆਪਣੀ ਨੈਤਿਕ ਹਮਾਇਤ ਦੇਣ ਲਈ ਆਇਆ ਹਾਂ।"

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਐੱਨਆਰਸੀ ਤੇ ਧਰਮ ਬਦਲੀ ਬਾਰੇ ਸਰਕਾਰ ਨੇ ਕੀ ਕਿਹਾ

ਮੰਗਲਵਾਰ ਨੂੰ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਕਾਨੂੰਨ ਲਿਆਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਨੇ ਕਿਹਾ ਕਿ ਧਾਰਿਮਕ ਮਸਲਿਆਂ ਬਾਰੇ ਕਾਨੂੰਨ ਬਣਾਉਣਾ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਦਾ ਮਸਲਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਇੱਕ ਸਵਾਲ ਕੀ ਕੇਂਦਰ ਸਰਕਾਰ ਮੰਨਦੀ ਹੈ ਕਿ ਅੰਤਰ-ਧਰਮ ਵਿਆਹਾਂ ਦਾ ਸਬੰਧ ਜ਼ਬਰਨ ਧਰਮ ਬਦਲੀ ਨਾਲ ਹੈ ਤਾਂ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸੰਵਿਧਾਨ ਦੇ ਸੱਤਵੇਂ ਸ਼ਡਿਊਲ ਮੁਤਾਬਕ ਪਬਲਿਕ ਆਰਡਰ ਅਤੇ ਪੁਲਿਸ ਰਾਜਾਂ ਦੇ ਵਿਸ਼ੇ ਹਨ।

ਇਸ ਤੋਂ ਇਲਾਵਾ ਦਿ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਇੱਕ ਸਾਲ ਪਛੜ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਕਿ ਇਸ ਬਾਰੇ ਹਾਲੇ ਨੇਮ ਬਣਾਏ ਜਾ ਰਹੇ ਹਨ ਅਤੇ ਇਸ ਬਾਰੇ ਦੋਵਾਂ ਸਦਨਾਂ ਦੀ ਸਬਾਰਡੀਨੇਟ ਲੈਜਿਸਲੇਸ਼ਨ ਬਾਰੇ ਕਮੇਟੀ ਨੇ ਨੇਮ ਬਣਾਉਣ ਲਈ ਮਿਆਦ ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸਰਕਾਰ ਨੇ ਰਾਜ ਸਭਾ ਨੂੰ ਦੱਸਿਆ ਕਿ ਸਰਕਾਰ ਦਾ ਦੇਸ਼ ਵਿਆਪੀ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ ਲੈ ਕੇ ਆਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਪਿਛਲੇ ਸਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਐੱਨਆਰਸੀ ਸੀਏਏ ਤੋਂ ਬਾਅਦ ਅਗਲਾ ਕਦਮ ਹੋਵੇਗਾ।

ਸੀਏਏ 12 ਦਸੰਬਰ 2019 ਨੂੰ ਨੋਟੀਫਾਈ ਕੀਤਾ ਗਿਆ ਸੀ ਤੇ 10 ਜਨਵਰੀ, 2020 ਨੂੰ ਲਾਗੂ ਹੋ ਗਿਆ ਸੀ। ਕਿਸੇ ਵੀ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਸਰਕਾਰ ਲਈ ਉਸ ਬਾਰੇ ਨਿਯਮ ਬਣਾਉਣਾ ਜਰੂਰੀ ਹੈ।

ਤਿੰਨ ਅਧਿਆਪਕਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਮਗਰੋਂ ਸਕੂਲ ਬੰਦ

ਨਵਾਂਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਚੌਦਾਂ ਵਿਦਿਆਰਥੀਆਂ ਅਤੇ ਤਿੰਨ ਅਧਿਆਪਕਾਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।

ਦਿਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਹੋਰ ਪ੍ਰਾਈਮਰੀ ਵਿੰਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਮੂਨੇ ਸਿਹਤ ਵਿਭਾਗ ਵੱਲੋਂ ਲਏ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਸਰਕਾਰੀ ਹਾਈ ਸਕੂਲ ਸਲਾਹੋਂ ਵਿੱਚ 350 ਵਿਦਿਆਰਥੀ ਪੜ੍ਹਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)