ਕਿਸਾਨ ਅੰਦੋਲਨ: ਪੀਐੱਮ ਮੋਦੀ ਨੇ ਕਿਹਾ, ਖੇਤੀ ਕਾਨੂੰਨਾਂ 'ਤੇ ਡੇਢ ਸਾਲ ਤੱਕ ਰੋਕ ਲਾਉਣ ਵਾਲਾ ਸਰਕਾਰ ਦਾ ਆਫਰ ਅਜੇ ਵੀ ਬਰਕਰਾਰ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਕਿਸਾਨ ਅੰਦੋਲਨ ਦਾ ਅੱਜ ਦਾ ਪ੍ਰਮੁੱਖ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ।

ਸ਼ਨਿੱਚਰਵਾਰ ਨੂੰ ਹੋਈ ਸਰਬ ਦਲੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਜੋ ਪ੍ਰਸਤਾਵ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਸੰਗਠਨਾਂ ਦੇ ਸਾਹਮਣੇ ਰੱਖਿਆ ਹੈ, ਉਸ 'ਤੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ।"

ਜੇਕਰ ਤੁਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਉਹ ਫੋਨ ਕਾਲ 'ਤੇ ਉਪਲਬਧ ਹਨ। ਜੋ ਕਿਸਾਨਾਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਗਿਆ ਸੀ, ਉਹ ਹੁਣ ਵੀ ਇੱਕ ਬਿਹਤਰ ਪ੍ਰਸਤਾਵ ਹੈ। ਜੋ ਸਾਡੇ ਖੇਤੀ ਮੰਤਰੀ ਨੇ ਪ੍ਰਸਤਾਵ ਦਿੱਤਾ ਸੀ ਉਸ 'ਤੇ ਗੱਲਬਾਤ ਲਈ ਹੁਣ ਵੀ ਸਰਕਾਰ ਤਿਆਰ ਹੈ।"

ਸਰਬ ਦਲੀ ਬੈਠਕ ਤੋਂ ਬਾਅਦ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਨਾਲ ਸਿਰਫ਼ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ। ਕਿਸਾਨ ਨੇਤਾਵਾਂ ਨੂੰ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜੋ ਪ੍ਰਸਤਾਵ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ, ਜਦੋਂ ਤੁਸੀਂ ਮਨ ਬਣਾ ਲਓਗੇ ਅਤੇ ਸਿੱਟੇ 'ਤੇ ਪਹੁੰਚ ਜਾਓਗੇ ਤਾਂ ਤੋਮਰ ਸਾਬ੍ਹ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ।

ਇਹ ਵੀ ਪੜ੍ਹੋ:

ਦਿ ਕਾਰਵਾਂ ਮੈਗਜ਼ੀਨ ਖ਼ਿਲਾਫ਼ ਕੇਸ ਦਰਜ

ਦਿੱਲੀ ਪੁਲਿਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਗੋਲੀਬਾਰੀ ਵਿੱਚ ਇੱਕ ਮੁਜ਼ਾਹਰਾਕਾਰੀ ਦੀ ਮੌਤ ਦੀ ਗੁੰਮਰਾਹਕੁਨ ਅਤੇ ਗ਼ਲਤ ਜਾਣਕਾਰੀ ਫੈਲਾਉਣ ਕਰਕੇ ਦਿ ਕਾਰਵਾਂ 'ਤੇ ਆਈਪੀ ਅਸਟੇਟ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਟਵੀਟ ਵਿੱਚ ਇਹ ਵੀ ਲਿਖਿਆ ਹੈ ਕਿ ਐੱਫਆਈਆਰ ਵਿੱਚ ਹੋਰਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਿਸ ਦਿਨ ਹਿੰਸਾ ਹੋ ਗਈ ਉਸ ਦਿਨ ਮੋਦੀ ਦੀ ਜਿੱਤ ਹੋ ਜਾਵੇਗੀ- ਬਲਬੀਰ ਸਿੰਘ ਰਾਜੇਵਾਲ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਤੋਂ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੰਘੂ ਬਾਰਡਰ ਵੱਲ ਅਤੇ ਹਰਿਆਣੇ ਵਾਲੇ ਪਾਸੇ ਇੰਟਰਨੈਟ ਬੰਦ ਹੈ, ਬਿਜਲੀ-ਪਾਣੀ ਵੀ ਬੰਦ ਕਰ ਦਿੱਤਾ ਜਾਂਦਾ ਹੈ ਇਸ ਲਈ ਆਪਣੀ ਗੱਲ ਰੱਖਣ ਉਹ ਚੰਡੀਗੜ੍ਹ ਪਹੁੰਚੇ ਹਨ।

ਰਾਜੇਵਾਲ ਨੇ ਕਿਹਾ ਕਿ ਅੰਦੋਲਨ ਹੁਣ ਸਿਰਫ਼ ਕਿਸਾਨਾਂ ਦਾ ਹੀ ਨਹੀਂ ਰਿਹਾ ਅਤੇ ਸਾਰੇ ਲੋਕਾਂ ਦਾ ਬਣ ਗਿਆ ਹੈ। ਪੇਸ਼ ਹਨ ਉਨ੍ਹਾਂ ਦੇ ਸੰਬੋਧਨ ਦੀਆਂ ਮੁੱਖ ਗੱਲਾਂ-

  • ਸੰਭਾਵਨਾ ਹੈ ਕਿ 2 ਤਰੀਕ ਤੱਕ ਮੁੜ ਤੋਂ ਭਰਵਾਂ ਇਕੱਠ ਹੋਵੇਗਾ
  • ਸਰਕਾਰ ਵੱਲੋਂ ਉੱਥੇ ਨੈੱਟ ਬੰਦ ਕਰ ਦਿੱਤਾ ਜਾਂਦਾ ਹੈ, ਪਾਣੀ ਬੰਦ ਕਰ ਦਿੱਤਾ ਜਾਂਦਾ ਹੈ
  • ਪਹੁੰਚ ਰਹੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਜਿਸ ਦਿਨ ਹਿੰਸਾ ਹੋ ਗਈ ਉਸ ਦਿਨ ਮੋਦੀ ਦੀ ਜਿੱਤ ਹੋ ਜਾਵੇਗੀ।
  • ਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ, ਲੋਕ ਦੇਸ਼ ਦੇ ਮਾਲਕ ਹਨ
  • ਸਰਕਾਰ ਨੂੰ ਰਾਜਹੱਠ ਛੱਡ ਕੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ
  • ਅੰਦੋਲਨ ਵਿੱਚ ਜੋ ਵੀ ਆ ਰਹੇ ਹਨ ਸਾਰੇ ਹੀ ਬਰਾਬਰ ਹਨ
  • ਸਾਡਾ ਆਪਣਾ ਦੇਸ਼ ਹੈ, ਸਰਕਾਰ ਆਪਣੀ ਹੈ, ਅਸੀਂ ਕੋਈ ਯੁੱਧ ਕਰਨ ਨਹੀਂ ਜਾ ਰਹੇ
  • ਸਰਕਾਰ ਤੋਂ ਅਫ਼ਵਾਹਾਂ ਫੈਲਾਉਣ ਅਤੇ ਗਲਤਫ਼ਹਿਮੀਆਂ ਫੈਲਾਉਣ ਦੀ ਉਮੀਦ ਨਹੀਂ ਹੁੰਦੀ।
  • ਰਾਕੇਸ਼ ਟਿਕੈਤ ਦੇ ਭਵੁਕ ਹੋਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੀ ਕਾਰਵਾਈ ਤੋਂ ਦਿਲੋਂ ਦੁਖੀ ਸਨ, ਉਨ੍ਹਾਂ ਦੀ ਪ੍ਰਤੀਕਿਰਿਆ ਸੁਭਾਵਕ ਹੈ।
  • ਰਾਕੇਸ਼ ਟਿਕੈਤ ਦੇ ਮੰਚ 'ਤੇ ਸਿਆਸੀ ਆਗੂਆਂ ਦੇ ਪਹੁੰਚਣ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬੁਲਾਉਂਦੇ, ਉਹ ਆਉਂਦੇ ਹਨ ਆਪਣੀ ਗੱਲ ਰੱਖ ਕੇ ਜਾਂਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸਿੰਘੂ ਬਾਰਡਰ ਹਿੰਸਾ ਦੇ ਸੰਬੰਧ ਵਿੱਚ 44 ਵਿਅਕਤੀ ਹਿਰਾਸਤ ਵਿੱਚ ਲਏ ਗਏ

ਸਿੰਘੂ ਬਾਰਡਰ ਉੱਪਰ ਹੋਈ ਸ਼ੁੱਕਰਵਾਰ ਦੀ ਹਿੰਸਾ ਦੇ ਸੰਬੰਧ ਵਿੱਚ 44 ਵਿਅਕਤੀਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਪੁਲਿਸ ਮੁਤਾਬਕ ਇਨ੍ਹਾਂ ਲੋਕਾਂ ਵਿੱਚ ਪੰਜਾਬ ਦੇ ਨਵਾਂ ਸ਼ਹਿਰ ਦਾ 22 ਸਾਲਾ ਨੌਜਵਾਨ ਰਣਜੀਤ ਸਿੰਘ ਵੀ ਸ਼ਾਮਲ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਉੱਪਰ ਕਤਲ ਦੀ ਕੋਸ਼ਿਸ਼ ਤੋਂ ਇਲਾਵਾ ਦੰਗਾ ਕਰਨ ਦੀਆਂ ਧਾਰਾਵਾਂ ਤਹਿਤ ਅਲੀਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਉੱਪਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਸੀ ਜਦੋਂ ਆਪਣੇ ਆਪ ਨੂੰ ਸਥਾਨਕ ਵਾਸੀ ਦੱਸਣ ਵਾਲੇ ਲੋਕਾਂ ਨੇ ਆ ਕੇ ਬਵਾਲ ਕਰ ਦਿੱਤਾ ਅਤੇ ਉਹ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਉੱਥੋਂ ਹਟਾਉਣ ਦੀ ਮੰਗ ਕਰਨ ਲੱਗੇ।

ਇਸ ਮੌਕੇ ਮੁ਼ਜ਼ਾਹਰਾਕਾਰੀ ਕਿਸਾਨਾਂ ਉੱਪਰ ਪੱਥਰ ਵੀ ਮਾਰੇ ਗਏ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਅਫ਼ਸਰਾਂ ਨੂੰ ਕਿਸਾਨਾਂ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ਉਹ ਆਪਣੇ ਆਗੂਆਂ ਨੂੰ ਕਹਿ ਦੇਣ ਕਿ ਉਨ੍ਹਾਂ ਨੂੰ ਥਾਂ ਖਾਲੀ ਕਰਨੀ ਪਵੇਗੀ।

ਜਦੋਂ ਪੱਤਰਕਾਰਾਂ ਨੇ ਮੌਕੇ 'ਤੇ ਮੌਜੂਦ ਪੁਲਿਸ ਅਫ਼ਸਰਾਂ ਨੂੰ ਪੁੱਛਿਆ ਕਿ ਪੁਲਿਸ ਦੀ ਸੁਰੱਖਿਆ ਹੁੰਦੇ ਹੋਏ ਅਜਿਹਾ ਕਿਵੇਂ ਹੋ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਨਹੀਂ ਜਾਣਦੇ ਅਤੇ ਜਾਂਚ ਕਰ ਕੇ ਦੱਸਣਗੇ।

ਇੱਕ ਪੁਲਿਸ ਮੁਲਾਜ਼ਮ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਰਣਜੀਤ ਸਿੰਘ ਬਾਰੇ ਸ਼ੁੱਕਰਵਾਰ ਨੂੰ ਦੱਸਿਆ ਸੀ,"ਅਲੀਪੁਰ ਐੱਸਐੱਚਓ ਉੱਪਰ ਕਿਰਪਾਨ ਨਾਲ ਹਮਲਾ ਹੋਇਆ ਹੈ। ਹਮਲਾਵਰ ਨੂੰ ਪੁਲਿਸ ਨੇ ਫੜ ਕੇ ਕੁੱਟਿਆ ਤੇ ਫਿਰ ਲੈ ਗਏ।"

ਸ਼ੁੱਕਰਵਾਰ ਨੂੰ ਕੀ ਕੁਝ ਹੋਇਆ?

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਸਿੰਘੂ ਬਾਰਡਰ , ਦਲੀਪ ਸਿੰਘ ਟਿਕਰੀ ਬਾਰਡਰ ਅਤੇ ਸਮੀਰਆਤਮਜ ਮਿਸ਼ਰ ਗਾਜ਼ੀਪੁਰ ਬਾਰਡਰ ਉੱਪਰ ਮੌਕੇ ‘ਤੇ ਮੌਜੂਦ ਸਨ।

  • ਅਰਵਿੰਦ ਛਾਬੜਾ ਮੁਤਾਬਕ ਸਿੰਘੂ ਬਾਰਡਰ ਉੱਪਰ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਵੱਲੋਂ ਧਰਨਾ ਚੁੱਕਣ ਲਈ ਨਾਅਰੇਬਾਜ਼ੀ ਕੀਤੀ ਗਈ। ਭਾਰੀ ਪੁਲਿਸ ਫੋਰਸ ਦੇ ਬਾਵਜੂਦ ਇਹ ਲੋਕ ਕਿਸਾਨਾਂ ਦੇ ਕੁਝ ਟੈਂਟਾਂ ਤੱਕ ਪਹੁੰਚ ਗਏ ਅਤੇ ਉਹਨਾਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਨੇ ਇਲਜ਼ਾਮ ਲਾਇਆ ਕਿ ਕੁਝ ਕਿਸਾਨਾਂ ਨੇ ਉਹਨਾਂ ਉੱਤੇ ਹਮਲਾ ਕੀਤਾ।
  • ਸਿੰਘੂ ਬਾਰਡਰ ਉੱਪਰ ਅੱਜ ਕੁਝ ਲੋਕ ਆ ਗਏ ਜੋ ਆਪਣੇ ਆਪ ਨੂੰ ਸਥਾਨਕ ਵਸਨੀਕ ਦੱਸ ਰਹੇ ਸਨ ਅਤੇ ਪੁਲਿਸ ਤੋਂ ਮੰਗ ਕਰ ਰਹੇ ਸਨ ਕਿ ਧਰਨੇ ਵਾਲੀ ਥਾਂ ਖਾਲੀ ਕਰਵਾਈ ਜਾਵੇ। ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਉੱਪਰ ਪਥਰਾਅ ਵੀ ਕੀਤਾ। ਪੱਥਰ ਮਾਰਨ ਵਾਲਿਆਂ ਬਾਰੇ ਬੀਬੀਸੀ ਹਾਲੇ ਕੁਝ ਪੱਕੇ ਤੌਰ 'ਤੇ ਨਹੀਂ ਕਹਿ ਸਕਦਾ।
  • ਪੁਲਿਸ ਵੱਲੋਂ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇੱਥੇ ਪਿਛਲੇ ਦੋ ਦਿਨਾਂ ਤੋਂ ਸੁਰੱਖਿਆ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ।
  • ਦਲੀਪ ਸਿੰਘ ਮੁਤਾਬਕ ਟਿਕਰੀ ਵਿਚ ਹੀ ਹਾਲਾਤ ਤਣਾਅਪੂਰਨ ਹੋਏ, ਇੱਥੇ ਵੀ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਤਿਰੰਗੇ ਝੰਡੇ ਫੜ ਕੇ ਕਿਸਾਨਾਂ ਤੋਂ ਧਰਨਾ ਖਾਲੀ ਕਰਵਾਉਣ ਦੀ ਮੰਗ ਕਰਦੇ ਹੋਏ, ਟਿਕਰੀ ਦੇ ਮੈਟਰੋ ਸਟੇਸ਼ਨ ਉੱਤੇ ਪਹੁੰਚ ਗਏ ਸਨ।
  • ਗਾਜ਼ੀਪੁਰ ਬਾਰਡਰ ਉੱਤੇ ਹਾਲਾਤ ਭਾਵੇਂ ਬਿਹਤਰ ਹਨ। ਕਿਸਾਨ ਆਗੂ ਰਾਕੇਸ਼ ਟਕੈਤ ਦੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਸਮੇਂ ਕੀਤੀ ਭਾਵੁਕ ਅਪੀਲ ਤੋਂ ਬਾਅਦ ਹਜ਼ਾਰਾ ਕਿਸਾਨ ਮੁੜ ਕੇ ਗਾਜ਼ੀਪੁਰ ਬਾਰਡਰ ਉੱਤੇ ਆ ਗਏ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)