ਸਿੰਘੂ ਬਾਰਡਰ ਪੁੱਜੇ ਰਵਨੀਤ ਬਿੱਟੂ ਦਾ ਹੋਇਆ ਵਿਰੋਧ, ਬਿੱਟੂ ਨੇ ਕਿਹਾ, ‘ਸਾਡੇ 'ਤੇ ਕਾਤਲਾਨਾ ਹਮਲਾ ਕੀਤਾ ਗਿਆ’

ਕਿਸਾਨਾਂ ਦੀ ਜਨ ਸੰਸਦ ’ਚ ਪੁੱਜੇ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦਾ ਕਿਸਾਨਾਂ ਅਤੇ ਹੋਰ ਸਮਰਥਕਾਂ ਵਲੋਂ ਵਿਰੋਧ ਕੀਤਾ ਗਿਆ।

ਰਵਨੀਤ ਬਿੱਟੂ ਜਦੋਂ ਕਿਸਾਨਾਂ ਦੀ ਜਨ ਸੰਸਦ ’ਚ ਪਹੁੰਚੇ ਤਾਂ ਲੋਕਾਂ ਦੀ ਭੀੜ ਹਿੰਸਕ ਹੋ ਗਈ ਅਤੇ ਬਿੱਟੂ ਬੜੀ ਮੁਸ਼ਕਲਾਂ ਨਾਲ ਉੱਥੋਂ ਨਿਕਲ ਸਕੇ।

ਇਸ ਹਮਲੇ ਤੋਂ ਬਾਅਦ ਰਵਨੀਤ ਬਿੱਟੂ ਨੇ ਦੱਸਿਆ ਕਿ ਉਹ, ਵਿਧਾਇਕ ਕੁਲਬੀਰ ਜੀਰਾ ਅਤੇ ਐੱਮਪੀ ਗੁਰਜੀਤ ਔਜਲਾ ਸਿੰਘੂ ਬਾਰਡਰ ਨੇੜੇ ਕੀਤੀ ਜਾ ਰਹੀ ਜਨ ਸੰਸਦ 'ਚ ਪਹੁੰਚੇ ਸੀ। ਉਸ ਵੇਲੇ ਤਾਂ ਕਈ ਕਿਸਾਨ ਸਾਡੇ ਨਾਲ ਫੋਟੋਆਂ ਖਿੱਚਾ ਰਹੇ ਸੀ।

ਇਹ ਵੀ ਪੜ੍ਹੋ:

"ਫਿਰ ਅਚਾਨਕ ਹਜ਼ਾਰਾਂ ਲੋਕਾਂ ਦੀ ਭੀੜ ਨੇ ਸਿੱਧਾ ਆ ਕੇ ਪੱਗੜੀਆਂ ਲਾਈਆਂ ਅਤੇ ਲੱਠ ਮਾਰਨੇ ਸ਼ੁਰੂ ਕੀਤੇ। ਕੁਝ ਸਮਝਦਾਰ ਲੋਕਾਂ ਨੇ ਘੇਰਾ ਬਣਾ ਕੇ ਸਾਨੂੰ ਕੱਢਿਆ।"

ਉਨ੍ਹਾਂ ਕਿਹਾ, "ਸਾਡੇ 'ਤੇ ਕਾਤਲਾਨਾ ਹਮਲਾ ਕੀਤਾ ਗਿਆ।"

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕੋਈ ਨੁਕਸਾਨ ਨਾ ਪੁੱਜੇ, ਇਸ ਲਈ ਉਹ ਕੋਈ ਕਾਰਵਾਈ ਨਹੀਂ ਕਰਾਂਗੇ।

ਉਨ੍ਹਾਂ ਕਿਹਾ, "ਅਸੀਂ ਸਿੰਘੂ ਬਾਰਡਰ ਨਹੀਂ ਗਏ। ਜਨ ਸੰਸਦ ਦੇ ਪ੍ਰੋਗਰਾਮ 'ਚ ਬਿਨਾਂ ਸਿਕਿਉਰਿਟੀ ਦੇ ਗਏ ਸਨ। ਕਿਸਾਨ ਲੀਡਰ ਅਤੇ ਕਿਸਾਨ ਬੜੇ ਚੰਗੇ ਹਨ। ਇਹ ਹਮਲਾਵਰ ਕੋਈ ਹੋਰ ਲੋਕ ਹਨ।"

ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਲਈ ਹਮੇਸ਼ਾ ਖੜੇ ਹਾਂ। ਕਿਸਾਨਾਂ ਨੇ ਤਾਂ ਸਾਨੂੰ ਬਚਾਇਆ ਹੈ।

ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦੀ ਕੀ ਹੈ ਤਿਆਰੀ

ਟਰੈਕਟਰ ਪਰੇਡ ਦੀ ਤਿਆਰੀਆਂ ਨੂੰ ਲੈ ਕੇ ਕਿਸਾਨ ਲੀਡਰਾਂ ਵਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਟਰੈਕਟਰ ਪਰੇਡ ਦੌਰਾਨ ਕਰੀਬ 100 ਕਿਮੀ ਦਾ ਰੂਟ ਰਹਿਣ ਵਾਲਾ ਹੈ। ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈ।

ਉਨ੍ਹਾਂ ਕਿਹਾ, "ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ। ਕੱਲ ਸ਼ਾਮ ਨੂੰ ਹੀ ਟਰੈਕਟਰ ਕਤਾਰਾਂ ਵਿੱਚ ਲੱਗ ਜਾਣਗੇ।"

ਕਿਸਾਨ ਲੀਡਰਾਂ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਝਾਂਕੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਵਿੱਚ ਬਾਬਾ ਦੀਪ ਸਿੰਘ ਦੀ ਝਾਕੀ, ਤਿੰਨੋਂ ਖੇਤੀ ਕਾਨੂੰਨਾਂ ਸੰਬੰਧੀ ਝਾਂਕੀਆਂ, 'ਪਗੜ ਸੰਭਾਲ ਜੱਟਾ' ਲਹਿਰ ਆਦਿ ਦੀ ਝਾਕੀ ਸ਼ਾਮਿਲ ਹੋਵੇਗੀ।

ਇਸ ਤੋਂ ਇਲਾਵਾਂ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਸਮਰਪਿਤ ਵੀ ਇੱਕ ਝਾਕੀ ਕੱਢੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਟਰੈਕਟਰਾਂ 'ਤੇ ਕਿਸਾਨ ਅੰਦੋਲਨ ਦੇ ਝੰਡੇ ਅਤੇ ਤਿਰੰਗਾ ਹੋਵੇਗਾ।

ਉਨ੍ਹਾਂ ਕਿਹਾ, "ਔਰਤਾਂ ਦਾ ਇਨ੍ਹਾਂ ਝਾਕੀਆਂ ਵਿੱਚ ਇੱਕ ਵੱਖਰਾ ਹਿੱਸਾ ਹੋਵੇਗਾ। ਉਹ ਵੱਖਰੇ-ਵੱਖਰੇ ਪਹਿਰਾਵੇ ਨੂੰ ਵੀ ਦਰਸ਼ਾਉਣਗੀਆਂ।"

"ਜਨਰਲ ਵਾਲੰਟੀਅਰ ਅਤੇ ਟ੍ਰੈਫਿਕ ਇੰਚਾਰਜ ਤੈਨਾਤ ਕੀਤੇ ਜਾਣਗੇ ਜੋ ਪੂਰੀ ਪਰੇਡ ਦੀ ਨਿਗਰਾਨੀ ਕਰਨਗੇ। ਕਰੀਬ 3000 ਵਾਲੰਟੀਅਰ ਹਰੇ ਰੰਗ ਦੀਆਂ ਜੈਕੇਟਾਂ ਪਾ ਕੇ ਤੈਨਾਤ ਰਹਿਣਗੇ।"

ਉਨ੍ਹਾਂ ਦੱਸਿਆ ਕਿ ਪਰੇਡ ਦੇ ਨਾਲ-ਨਾਲ ਐੰਬੂਲੈਂਸਾਂ ਵੀ ਹੋਣਗੀਆਂ।

ਟਰੈਕਟਰ ਪਰੇਡ 26 ਜਨਵਰੀ ਨੂੰ ਸਵੇਰੇ ਕਰੀਬ 10 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ।

ਨਾਲ ਹੀ ਉਨ੍ਹਾਂ ਦੱਸਿਆ ਕਿ ਪਰੇਡ ਦੌਰਾਨ ਇੱਕ ਟਰੈਕਟਰ 'ਤੇ 3-4 ਲੋਕ ਹੀ ਸਵਾਰ ਹੋਣਗੇ ਅਤੇ ਕੋਈ ਟਰਾਲੀ ਅੰਦਰ ਨਹੀਂ ਜਾਵੇਗੀ।

ਇੱਟਰਨੈੱਟ 'ਤੇ ਸੰਯੂਕਤ ਕਿਸਾਨ ਮੋਰਚਾ ਵਲੋਂ ਰੂਟ ਪਾ ਦਿੱਤਾ ਜਾਵੇਗਾ।

ਦਿੱਲੀ ਪੁਲਿਸ ਨੇ ਦੱਸਿਆ ਕਿ ਟਰੈਕਟਰ ਪਰੇਡ ਦੇ ਕਿਹੜੇ ਰੂਟਾਂ ਨੂੰ ਮਿਲੀ ਹੈ ਮਨਜ਼ੂਰੀ

ਦਿੱਲੀ ਪੁਲਿਸ (ਇੰਟੈਲੀਜੈਂਸ) ਦੇ ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਪ੍ਰੈਸ ਕਾਨਫਰੰਸ ਦੌਰਾਨ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਬਾਰੇ ਸੰਯੂਕਤ ਮੋਰਚਾ ਨਾਲ ਹੋਏ ਇਕਰਾਰ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਬਾਬਤ ਦਿੱਲੀ ਪੁਲਿਸ ਨੇ ਸੰਯੂਕਤ ਕਿਸਾਨ ਮੋਰਚਾ ਨਾਲ 5 ਤੋਂ 6 ਵਾਰ ਕਾਫ਼ੀ ਵਿਸਥਾਨ ਨਾਲ ਗੱਲਬਾਤ ਕੀਤੀ।

ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਅਹਿਮ ਬਿੰਦੂ ਕੁਝ ਇਸ ਤਰ੍ਹਾਂ ਹਨ...

•ਦਿੱਲੀ ਦੀਆਂ ਤਿੰਨ ਜਗ੍ਹਾਵਾਂ (ਸਿੱਘੂ ਬਾਰਡਰ, ਟੀਕਰੀ ਬਾਰਡਰ ਅਤੇ ਗਾਜੀਪੁਰ ਬਾਰਡਰ) ਤੋਂ ਪਰੇਡ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਿਨ੍ਹਾਂ ਬਾਰਡਰਾਂ ਤੋਂ ਬੈਰੀਕੇਡ ਹਟਾਕੇ ਮੇਨ ਰੋਡ 'ਤੇ ਕੁਝ ਕਿਲੋਮੀਟਰ ਤੱਕ ਟਰੈਕਟਰ ਅੰਦਰ ਆ ਸਕਦੇ ਹਨ। ਦਿੱਲੀ ਦੇ ਅੰਦਰ ਕਰੀਬ 100 ਕਿਮੀ ਦਾ ਰੂਟ ਹੋਵੇਗਾ।

•ਗਣਤੰਤਰ ਦਿਵਸ ਦੇ ਪ੍ਰੋਗਰਾਮ ਤੋਂ ਬਾਅਦ ਟਰੈਕਟਰ ਪਰੇਡ ਕੱਢੀ ਜਾਵੇਗਾ।

•ਟਰੈਕਟਰਾਂ ਦੀ ਗਿਣਤੀ ਨੂੰ ਤਿੰਨ ਸਰਕਲਾਂ 'ਚ ਵੰਡਿਆ ਜਾਵੇਗਾ ਤਾਂਕਿ ਇੱਕ ਜਗ੍ਹਾ ਹੀ ਟ੍ਰੈਫਿਕ ਬਲੌਕ ਨਾ ਹੋ ਜਾਵੇ।

•ਕਿਸਾਨ ਅੰਦੋਲਨ ਅਤੇ ਟਰੈਕਟਰ ਪਰੇਡ ਦੌਰਾਨ ਪਰੇਸ਼ਾਨੀ ਵਧਾਉਣ ਵਾਸਤੇ 308 ਟਵਿਟਰ ਹੈਂਡਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਹਨ।

•ਟਰੈਕਟਰ ਪਰੇਡ ਦੌਰਾਨ ਪਰੇਸ਼ਾਨੀ ਖੜੀ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਇੰਟੈਲੀਜੈਂਸ ਇਨਪੁਟ ਲਗਾਤਾਰ ਮਿਲ ਰਹੇ ਹਨ।

•ਇਸ ਮੁੱਦੇ ਤੇ ਵੀ ਡਿਸਕਸ਼ਨ ਹੋਈ ਹੈ।

•ਇਨ੍ਹਾਂ ਤਿੰਨ ਰੂਟਾਂ 'ਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਖਾਸ ਸਮੇਂ ਅਤੇ ਖਾਸ ਤਰੀਕੇ ਨਾਲ ਪਰੇਡ ਕੀਤੀ ਜਾਵੇਗੀ।

ਟਰੈਕਟਰ ਪਰੇਡ ਬਾਰੇ ਯੋਗਿੰਦਰ ਯਾਦਵ ਅਨੁਸਾਰ ਇਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ

ਅੱਜ ਕਿਸਾਨ ਲੀਡਰਾਂ ਦੀ ਦਿੱਲੀ ਪੁਲਿਸ ਦੇ ਅਫ਼ਸਰਾਂ ਨਾਲ 26 ਜਨਵਰੀ ਦੀ ਟਰੈਕਟਰ ਪਰੇਡ ਬਾਰੇ ਬੈਠਕ ਹੋਈ।

ਮੀਟਿੰਗ ਤੋਂ ਬਾਅਦ ਯੋਗਿੰਦਰ ਯਾਦਵ ਨੇ ਦੱਸਿਆ, "ਅੱਜ ਦਿੱਲੀ ਪੁਲਿਸ ਦੇ ਅਫ਼ਸਰਾਂ ਨਾਲ ਮੀਟਿੰਗ ਹੋਈ ਹੈ ਅਤੇ ਟਰੈਕਟਰ ਪਰੇਡ ਦੀ ਸਾਨੂੰ ਲਿਖਿਤ ਤੌਰ 'ਤੇ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। 26 ਜਨਵਰੀ ਨੂੰ ਪਰੇਡ ਜ਼ਰੂਰ ਹੋਵੇਗੀ ਅਤੇ ਅਸੀਂ ਦਿੱਲੀ ਦੇ ਅੰਦਰ ਜਾਵਾਂਗੇ। ਟਰੈਕਟਰ ਪਰੇਡ ਸ਼ਾਤਮਈ ਢੰਗ ਨਾਲ ਹੋਵੇਗੀ।"

ਉਨ੍ਹਾਂ ਦੱਸਿਆ, "ਪੂਰਾ ਰੂਟ ਪਲਾਨ ਬਣ ਗਿਆ ਹੈ। 5 ਸਰਕਲ ਬਨਣਗੇ। ਜਿਥੋਂ ਕਿਸਾਨ ਸ਼ੁਰੂ ਹੋਣਗੇ, ਉਥੋਂ ਹੀ ਖ਼ਤਮ ਕਰਨਗੇ। ਪੂਰਾ ਮੈਪ ਰੀਲੀਜ਼ ਕੀਤਾ ਜਾਵੇਗਾ।"

ਉਨ੍ਹਾਂ ਕਿਹਾ ਕਿ ਪਰੇਡ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਸਾਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ।

ਇਸ ਤੋਂ ਇਲਾਵਾ ਯੋਗਿੰਦਰ ਯਾਦਵ ਨੇ ਟਰੈਕਟਰ ਪਰੇਡ ਬਾਰੇ ਕਿਸਾਨਾਂ ਨੂੰ ਅਪੀਲ ਕਰਦਿਆਂ ਕੁਝ ਖ਼ਾਸ ਗੱਲਾਂ ਕਹੀਆਂ।

•ਅਸੀਂ ਦਿੱਲੀ ਜਿੱਤਣ ਨਹੀਂ, ਦੇਸ਼ ਦਾ ਦਿਲ ਜਿੱਤਣ ਜਾ ਰਹੇ ਹਾਂ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਕੁਝ ਗਲਤ ਨਾ ਹੋਵੇ।

•ਸਿਰਫ਼ ਟਰੈਕਟਰ ਅੰਦਰ ਜਾਣ, ਟਰਾਲੀਆਂ ਲੈ ਕੇ ਅੰਦਰ ਨਾ ਜਾਵੋ।

•ਪਿਛਲੀ ਵਾਰ ਕਈ ਸਾਥੀ ਬੋਨਟ 'ਤੇ ਬੈਠੇ ਸਨ, ਇਸ ਵਾਰ ਅਸੀਂ ਡਿਸਪਲਨ ਨਾਲ ਜਾਣਾ ਅਨੁਸ਼ਾਸਨ ਦਾ ਪੂਰਾ ਧਿਆਨ ਰੱਖਣਾ ਹੈ।

•ਟਰੈਕਟਰ ਜਦੋਂ ਤੱਕ ਨਿਕਲਣਗੇ, ਉਸ ਵੇਲੇ ਤੱਕ ਦੀ ਪਰਮਿਸ਼ਨ ਹੈ। ਕੋਈ ਸਮੇਂ ਸੀਮਾ ਨਹੀਂ ਹੈ।

ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦਾ ਕੈਪਟਨ ਨੇ ਦਿੱਤਾ ਜਵਾਬ

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਡਾ ਨੇ ਐਤਵਾਰ ਨੂੰ ਕੈਪਟਨ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਵਾਲੀ ਕੇਂਦਰ ਸਰਕਾਰ ਦੀ ਉੱਚ ਸ਼ਕਤੀ ਕਮੇਟੀ ਵਿੱਚ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਮੈਂਬਰ ਸਨ।

ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਅਨੁਸਾਰ, ਰਾਘਵ ਚੱਡਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਇੱਕ ਸਾਲ ਤੋਂ ਜਾਣਦੇ ਸੀ ਕਿ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਹਨ, ਪਰ ਕੇਂਦਰੀ ਜਾਂਚ ਏਜੰਸੀਆਂ ਦੇ ਘੇਰੇ ਵਿੱਚ ਆ ਰਹੇ ਪੁੱਤਰ ਨੂੰ ਬਚਾਉਣ ਲਈ ਉਹ ਚੁੱਪ ਰਹੇ।

ਰਾਘਵ ਚੱਡਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਗੱਲ ਆਰਟੀਆਈ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਕਹੀ ਹੈ। ਚੱਡਾ ਨੇ ਕਿਹਾ ਕਿ ਕੈਪਟਨ ਸ਼ੁਰੂ ਤੋਂ ਹੀ ਕਹਿੰਦੇ ਰਹੇ ਹਨ ਕਿ ਸਾਨੂੰ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਨਹੀਂ ਪਤਾ, ਜਦੋਂ ਕਿ ਤੱਥ ਇਹ ਹੈ ਕਿ ਉਹ ਇਸ ਬਾਰੇ ਸ਼ੁਰੂ ਤੋਂ ਜਾਣਦੇ ਸੀ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਸੱਤਾ ਨੂੰ ਲੈਕੇ ਲਾਲਚ ਹੈ ਜੋ ਬਿਨਾਂ ਅਧਾਰ 'ਤੇ ਉਹ ਅਜਿਹੇ ਇਲਜ਼ਾਮ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਉਹ ਅਜਿਹੀਆਂ ਝੂਠੀਆਂ ਵੀਡੀਓ ਸ਼ੇਅਰ ਕਰਕੇ ਪੰਜਾਬ ਦੇ ਲੋਕਾਂ ਨੂੰ ਵਰਗਲਾ ਸਕਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।

ਦਿੱਲੀ ਦੀਆਂ ਕਿਹੜੀਆਂ ਸੜ੍ਹਕਾਂ ਉੱਤੇ ਕਿਸਾਨ ਟਰੈਕਟਰ ਪਰੇਡ ਹੋਵੇਗੀ

ਕਿਸਾਨ ਸੰਗਠਨਾਂ ਅਤੇ ਪੁਲਿਸ ਦਰਮਿਆਨ ਬੈਠਕ ਤੋਂ ਬਾਅਦ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਜਿਸ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਰੂਟ ਮੈਪ ਤਿਆਰ ਕੀਤਾ ਜਾ ਰਿਹਾ ਹੈ।

ਇਹ ਨਕਸ਼ਾ ਫ਼ਿਲਹਾਲ ਸਿੰਘੂ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਤਿਆਰ ਹੋਇਆ ਹੈ। ਜਦਕਿ ਸ਼ਾਹਜਹਾਂਪੁਰ ਬਾਰਡਰ ਅਤੇ ਪਲਵਲ ਵਿੱਚ ਬੈਠੇ ਕਿਸਾਨਾਂ ਨੂੰ ਟਰੈਕਟਰ ਪਰੇਡ ਦੇ ਰਾਹ ਬਾਰੇ ਹਾਲੇ ਫ਼ੈਸਲਾ ਨਹੀਂ ਹੋ ਸਕਿਆ ਹੈ।

ਸ਼ਨਿਵਾਰ ਨੂੰ ਯੋਗਿੰਦਰ ਯਾਦਵ ਨੇ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਪੁਲਿਸ ਬਾਰਡਰਾਂ ਉੱਪਰੋਂ ਬੈਰੀਕੇਟਿੰਗ ਤਾਂ ਹਟਾ ਲਵੇਗੀ।

ਇਸ ਰੂਟ ਮੈਪ ਦੀ ਪੁਸ਼ਟੀ ਕਰਦਿਆਂ ਕਿਸਾਨ ਏਕਤਾ ਮੋਰਚਾ ਦੇ ਮੀਡੀਆ ਕੋਆਰਡੀਨੇਟਰ ਹਰਿੰਦਰ ਸਿੰਘ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਉਨ੍ਹਾਂ ਦੇ ਨੁਮਾਇੰਦੇ ਅੱਜ ਨਿੱਜੀ ਤੌਰ ਉੱਤੇ ਰੂਟ ਦਾ ਦੌਰਾ ਕਰ ਰਹੇ ਹਨ।

ਇਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਰਸਮੀ ਰੂਟ ਮੈਪ ਜਾਰੀ ਕਰਨਗੀਆਂ।

ਲੱਖਾਂ ਟਰੈਕਟਰ ਆਉਣ ਦਾ ਦਾਅਵਾ

ਇਸ ਪਰੇਡ ਵਿਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਲੱਖਾਂ ਟਰੈਕਟਰ ਸ਼ਾਮਲ ਹੋ ਦੀ ਆਸ ਹੈ, ਕਿਸਾਨ ਆਗੂ ਦਾਅਵਾ ਕਰ ਰਹੇ ਹਨ ਕਿ ਇਕੱਲੇ ਹਰਿਆਣਾ ਤੋਂ 2 ਲੱਖ ਟਰੈਕਟਰ ਆ ਰਿਹਾ ਹੈ।

ਪੰਜਾਬ ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਸੰਧੂ ਦਾ ਦਾਅਵਾ ਹੈ ਕਿ ਦੇ ਢਾਈ ਤੋਂ 3 ਲੱਖ ਟਰੈਕਟਰ ਪਰੇਡ ਵਿਚ ਸ਼ਾਮਲ ਹੋਣਗੇ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)