ਭਾਰਤ ਬੰਦ: ਕੇਜਰੀਵਾਲ ਨੇ ਕਿਹਾ, "ਮੈਂ ਵੀ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦਾ ਸੀ, ਮੈਨੂੰ ਜਾਣ ਨਹੀਂ ਦਿੱਤਾ ਗਿਆ"

ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਹਰ ਆ ਕੇ ਕਿਹਾ, "ਮੈਂ ਵੀ ਭਾਰਤ ਬੰਦ ਦੌਰਾਨ ਕਿਸਾਨਾਂ ਦੇ ਨਾਲ ਇੱਕ ਆਮ ਨਾਗਰਿਕ ਬਣ ਕੇ ਬੈਠਣਾ ਚਾਹੁੰਦਾ ਸੀ, ਪਰ ਮੈਨੂੰ ਜਾਣ ਨਹੀਂ ਦਿੱਤਾ ਗਿਆ। ਮੈਂ ਘਰ ਬੈਠਿਆਂ ਕਿਸਾਨਾਂ ਲਈ ਪ੍ਰਾਰਥਨਾ ਕੀਤੀ।"

"ਮੈਂ ਸਟੇਡਿਅਮਾਂ ਨੂੰ ਜੇਲ੍ਹ ਬਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਇਸ ਨਾਲ ਕਿਸਾਨਾਂ ਦਾ ਅੰਦੋਲਨ ਕਮਜ਼ੋਰ ਹੋ ਜਾਣਾ ਸੀ। ਸਾਡੇ ਨਾਲ ਕੇਂਦਰ ਸਰਕਾਰ ਇਸ ਕਰਕੇ ਨਰਾਜ਼ ਵੀ ਹੋ ਗਈ। ਅਸੀਂ ਕਿਸਾਨਾਂ ਨਾਲ ਖੜੇ ਹਾਂ।"

ਮੰਗਲਵਾਰ ਸਵੇਰ ਤੋਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਸੀ ਕਿ ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਾਂ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ 'ਤੇ ਹੀ ਬੈਠ ਗਏ ਸਨ।

ਇਹ ਵੀ ਪੜ੍ਹੋ:-

ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਕਿਸਾਨਾਂ ਦੇ ਸੰਘਰਸ਼ 'ਚ ਆਪਣੀ ਸੇਵਾ ਨਿਭਾ ਰਹੇ ਹਨ। "ਕੋਈ ਟੋਪੀ ਪਾ ਕੇ ਨਹੀਂ ਗਿਆ, ਕੋਈ ਝੰਡਾ ਨਹੀਂ ਫੜਿਆ ਅਤੇ ਨਾ ਹੀ ਕੋਈ ਪਾਰਟੀ ਦਾ ਨਾਅਰਾ ਲਾਇਆ। ਅਸੀਂ ਸੇਵਕ ਬਣ ਕੇ ਗਏ।"

ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਬੈਠੇ ਹਨ, ਮੈਂ ਉਨ੍ਹਾਂ ਦੇ ਨਾਲ ਖੜਾ ਹਾਂ।

ਕੇਜਰੀਵਾਲ ਦੇ ਘਰ ਦੇ ਬਾਹਰ ਸਿਸੋਦੀਆ ਬੈਠੇ ਧਰਨੇ ’ਤੇ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੇ ਇਲਜ਼ਾਮ ਲਗਾਉਂਦਿਆਂ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ’ਤੇ ਬੈਠ ਗਏ।

ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਨੂੰ ਕੇਜਰੀਵਾਲ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ।

ਦਰਅਸਲ ਸਵੇਰੇ ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਪਾਰਟੀ ਨੇ ਦੱਸਿਆ ਸੀ ਕਿ ਦਿੱਲੀ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ।

ਉਨ੍ਹਾਂ ਦਾ ਇਲਜ਼ਾਮ ਸੀ ਕਿ ਕੇਜਰੀਵਾਲ ਜਦੋਂ ਦੇ ਸਿੰਘੁ ਬਾਰਡਰ 'ਤੇ ਕਿਸਾਨਾਂ ਨੂੰ ਮਿਲ ਕੇ ਆਏ ਹਨ ਉਦੋਂ ਤੋਂ ਹੀ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਅਤੇ ਨਾ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਹੈ ਤਾਂ ਨਹੀਂ ਕਿਸੇ ਨੂੰ ਬਾਹਰ ਆਉਣ ਦੀ।

ਆਪ ਵਿਧਾਇਕ ਸੌਰਭ ਨੇ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਸੀ, "ਜਦੋਂ ਤੋਂ ਮੁੱਖ ਮੰਤਰੀ ਸਿੰਘੁ ਬਾਰਡਰ ਤੋਂ ਕਿਸਾਨਾਂ ਨੂੰ ਮਿਲ ਕੇ ਆਏ ਹਨ ਤੇ ਕਿਸਾਨਾਂ ਨੂੰ ਸਮਰਥਨ ਦੇ ਕੇ ਆਏ ਹਨ, ਗ੍ਰਹਿ ਮੰਤਰਾਲੇ ਦੇ ਇਸ਼ਾਰੇ ਉੱਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਚਾਰੇ ਪਾਸੇ ਬੈਰੀਕੇਡ ਲਗਾ ਕਰੀਬ ਨਜ਼ਰਬੰਦ ਕੀਤਾ ਹੋਇਆ ਹੈ।"

"ਉਨ੍ਹਾਂ ਨੂੰ ਨਾ ਕੋਈ ਮਿਲ ਸਕਦਾ ਹੈ ਤੇ ਨਾ ਉਹ ਬਾਹਰ ਆ ਸਕਦੇ ਹਨ।"

ਸੌਰਭ ਨੇ ਇਲਜ਼ਾਮ ਲਗਾਇਆ, "ਜਿਨ੍ਹਾਂ ਵਿਧਾਇਕਾਂ ਦੀ ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਸੀ, ਜਦੋਂ ਉਹ ਉਨ੍ਹਾਂ ਨੂੰ ਮਿਲਣ ਗਏ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਚੁੱਕ ਕੇ ਸੜਕ 'ਤੇ ਸੁੱਟਿਆ ਗਿਆ।"

ਪੁਲਿਸ ਦਾ ਕੀ ਕਹਿਣਾ ਹੈ

ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਦਿੱਲੀ ਦੇ ਡੀਸੀਪੀ ਨੌਰਥ, ਐਨਟੋ ਅਲਫੌਨਸ ਨੇ ਕਿਹਾ ਕਿ ਪੁਲਿਸ ਨੇ ਇਹ ਬੰਦੋਬਸਤ ਇਸ ਲਈ ਕੀਤੇ ਹਨ ਤਾਂਕਿ ਆਮ ਆਦਮੀ ਪਾਰਟੀ ਦੀ ਕਿਸੇ ਹੋਰ ਨਾਲ ਝੜਪ ਨਾ ਹੋ ਜਾਵੇ।

ਭਾਜਪਾ ਨੂੰ ਡਰ ਹੈ ਕਿ ਮੁੱਖ ਮੰਤਰੀ ਸੜਕਾਂ 'ਤੇ ਉਤਰ ਕੇ ਕਿਸਾਨਾਂ ਨਾਲ ਆਵਾਜ਼ ਚੁੱਕਣਗੇ- ਮਨੀਸ਼ ਸਿਸੋਦੀਆ

ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਤੋਂ ਸਿੰਘੁ ਬਾਰਡਰ ਤੋਂ ਆਏ ਹਨ ਉਨ੍ਹਾਂ ਨੂੰ ਘਰੇ ਨਜ਼ਰਬੰਦ ਕੀਤਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਅੰਦਰ ਜਾਣਾ ਜਾਂ ਬਾਹਰ ਆਉਣਾ ਬਿਲਕੁਲ ਬੰਦ ਹੈ। ਭਾਜਪਾ ਨੂੰ ਡਰ ਹੈ ਕਿ ਮੁੱਖ ਮੰਤਰੀ ਭਾਰਤ ਬੰਦ ਦੇ ਹੱਕ ਵਿੱਚ ਸੜਕਾਂ 'ਤੇ ਉਤਰਨਗੇ ਅਤੇ ਕਿਸਾਨਾਂ ਨਾਲ ਆਵਾਜ਼ ਬੁਲੰਦ ਕਰਨਗੇ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)