ਕੋਰੋਨਾਵਾਇਰਸ ਤੋਂ ਲੜ ਰਹੇ ਆਂਧਰਾ ਪ੍ਰਦੇਸ਼ 'ਚ ਭੇਦਭਰੀ ਬਿਮਾਰੀ ਕਾਰਨ ਹੜਕੰਪ

ਆਂਧਰਾ ਪ੍ਰਦੇਸ਼ ਵਿੱਚ ਭੇਦਭਰੀ ਬਿਮਾਰੀ ਕਾਰਨ ਇੱਕ ਵਿਅਕਤੀ ਦੀ ਮੌਤ ਮਗਰੋਂ 227 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਵਿੱਚ ਜੀ ਕੱਚਾ ਹੋਣ ਤੋਂ ਲੈ ਕੇ ਦੌਰਾ ਪੈਣ ਅਤੇ ਬੇਹੋਸ਼ ਹੋਣ ਵਰਗੇ ਬਹੁਤ ਸਾਰੇ ਵੱਖੋ-ਵੱਖ ਲੱਛਣ ਦੇਖਣ ਨੂੰ ਮਿਲੇ ਹਨ।

ਇਲੁਰੁ ਕਸਬੇ ਵਿੱਚ ਹਫ਼ਤੇ ਦੇ ਅੰਦਰ-ਅੰਦਰ ਤੇਜ਼ੀ ਨਾਲ ਫ਼ੈਲੀ ਇਸ ਬੀਮਾਰੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਹੋ ਰਹੀ ਹੈ।

ਇਹ ਸਭ ਉਸ ਦੌਰਾਨ ਹੋਇਆ ਜਦੋਂ ਭਾਰਤ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਮਹਾਂਮਾਰੀ ਵਿਰੁੱਧ ਜੰਗ ਲੜ ਰਿਹਾ ਹੈ।

ਆਂਧਰਾ ਪ੍ਰਦੇਸ਼ ਕੋਰੋਨਾਵਾਇਰਸ ਤੋਂ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ। ਸੂਬੇ ਵਿੱਚ 8 ਲੱਖ ਤੋਂ ਵੱਧ ਮਾਮਲੇ ਹਨ ਜੋ ਕਿ ਦੇਸ ਵਿੱਚ ਤੀਜੇ ਨੰਬਰ ਦੇ ਸਭ ਤੋਂ ਵੱਧ ਹਨ।

ਇਹ ਵੀ ਪੜ੍ਹੋ

ਮਰੀਜ਼ਾਂ ਦਾ ਕੋਵਿਡ-19 ਨੈਗੇਟਿਵ

ਸੂਬੇ ਦੇ ਸਿਹਤ ਮੰਤਰੀ ਅੱਲਾ ਕਾਲੀ ਕ੍ਰਿਸ਼ਨਾ ਸ੍ਰੀਨਿਵਾਸ ਨੇ ਕਿਹਾ ਕਿ ਸਾਰੇ ਮਰੀਜ਼ਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ।

ਇਲੁਰੁ ਸਰਕਾਰੀ ਹਸਪਤਾਲ ਦੇ ਇੱਕ ਅਧਿਕਾਰੀ ਨੇ ‘ਦਿ ਇੰਡੀਅਨ ਐਕਸਪ੍ਰੈਸ’ ਅਖ਼ਬਾਰ ਨੂੰ ਦੱਸਿਆ, "ਜਿਹੜੇ ਲੋਕ ਬਿਮਾਰ ਹੋਏ ਖ਼ਾਸਕਰ ਬੱਚਿਆਂ ਨੂੰ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਤੋਂ ਬਾਅਦ ਅਚਾਨਕ ਉਲਟੀਆਂ ਆਉਣ ਲੱਗੀਆਂ। ਉਨ੍ਹਾਂ ਵਿੱਚੋਂ ਕਈ ਬੇਹੋਸ਼ ਹੋ ਗਏ ਅਤੇ ਕਈਆਂ ਨੂੰ ਵਾਰ ਵਾਰ ਦੌਰੇ ਪਏ।"

ਅਧਿਕਾਰੀ ਨੇ ਕਿਹਾ ਕਿ, 70 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਹੋਰ 157 ਲੋਕਾਂ ਦਾ ਹਾਲੇ ਵੀ ਇਲਾਜ਼ ਚੱਲ ਰਿਹਾ ਹੈ।

ਸੂਬੇ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਕਿਹਾ ਕਿ ਬੀਮਾਰੀ ਦੇ ਕਾਰਨਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਇਲੁਰੁ ਭੇਜਿਆ ਗਿਆ ਹੈ।

ਸਿਹਤ ਮੰਤਰੀ ਸ੍ਰੀਨਿਵਾਸ ਨੇ ਕਿਹਾ ਕਿ ਮਰੀਜ਼ਾਂ ਦੇ ਖੂਨ ਦੇ ਨਮੂਨਿਆਂ ਤੋਂ ਵਾਇਰਲ ਇੰਨਫ਼ੈਕਸ਼ਨ ਹੋਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ।

ਉਨ੍ਹਾਂ ਕਿਹਾ, "ਅਧਿਕਾਰੀਆਂ ਵਲੋਂ ਉਨਾਂ ਇਲਾਕਿਆਂ ਜਿੱਥੇ ਲੋਕ ਬੀਮਾਰ ਹੋਏ ਸਨ, ਦਾ ਦੌਰਾ ਕਰਨ ਤੋਂ ਬਾਅਦ ਅਸੀਂ ਪ੍ਰਦੁਸ਼ਿਤ ਪਾਣੀ ਜਾਂ ਪ੍ਰਦੁਸ਼ਿਤ ਹਵਾ ਨੂੰ ਇਸ ਦੇ ਕਾਰਨਾਂ ਵਿੱਚੋਂ ਬਾਹਰ ਕੱਢ ਦਿੱਤਾ ਹੈ। ਇਹ ਕੋਈ ਭੇਤਭਰੀ ਬਿਮਾਰੀ ਹੈ ਅਤੇ ਸਿਰਫ਼ ਲੈਬ ਅਧਿਐਨਾਂ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਇਹ ਕੀ ਹੈ।"

ਹਾਲਾਂਕਿ ਵਿਰੋਧੀ ਧਿਰ ਤੇਲਗੂ ਦੇਸਮ ਪਾਰਟੀ ਨੇ ਗੰਦਗੀ ਦੇ ਭੇਦਭਰੀ ਬਿਮਾਰੀ ਦਾ ਕਾਰਨ ਹੋਣ 'ਤੇ ਜ਼ੋਰ ਦਿੰਦਿਆ, ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)