ਮਥੁਰਾ ਦੇ ਇੱਕ ਮੰਦਰ 'ਚ ਨਮਾਜ਼ ਪੜ੍ਹਨ 'ਤੇ FIR ਦਰਜ, ਕੀ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਨੰਦਬਾਬਾ ਮੰਦਰ ਵਿੱਚ ਨਮਾਜ਼ ਅਦਾ ਕਰਨ ਦੇ ਮਾਮਲੇ ਵਿੱਚ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ 29 ਅਕਤੂਬਰ ਨੂੰ ਮੰਦਰ ਪਰਿਸਰ ਵਿੱਚ ਨਮਾਜ਼ ਪੜੀ ਸੀ।

ਇਹ ਕੇਸ ਮਥੁਰਾ ਦੇ ਬਰਸਾਨਾ ਥਾਣੇ ਵਿੱਚ ਆਈਪੀਸੀ ਦੀ ਧਾਰਾ 153 ਏ, 295 ਅਤੇ 505 ਦੇ ਤਹਿਤ ਦਰਜ ਕੀਤਾ ਗਿਆ ਹੈ।

ਇਹ ਧਾਰਾਵਾਂ ਭਾਈਚਾਰਿਆਂ ਵਿਚ ਫੁੱਟ ਪਾਉਣ, ਧਰਮ ਅਸਥਾਨ ਦਾ ਅਪਮਾਨ ਕਰਨ ਅਤੇ ਕਿਸੇ ਵੀ ਧਰਮ ਵਿਰੁੱਧ ਅਪਰਾਧਿਕ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ

ਮਥੁਰਾ ਦੇ ਐਸਪੀ (ਦਿਹਾਤੀ) ਸ਼੍ਰੀਸ਼ ਚੰਦ ਦੇ ਅਨੁਸਾਰ ਮੰਦਰ ਦੇ ਸੇਵਾਦਾਰਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ।

ਕੌਣ ਹਨ ਮਾਮਲੇ 'ਚ ਮੁਲਜ਼ਮ

ਇਹ ਕੇਸ ਫ਼ੈਸਲ ਖਾਨ, ਚਾਂਦ ਮੁਹੰਮਦ, ਨੀਲੇਸ਼ ਗੁਪਤਾ ਅਤੇ ਆਲੋਕ ਰਤਨ ਨਾਮ ਦੇ ਲੋਕਾਂ ਖ਼ਿਲਾਫ਼ ਦਾਇਰ ਕੀਤਾ ਗਿਆ ਹੈ ਜੋ ਦਿੱਲੀ ਵਿੱਚ ਰਹਿੰਦੇ ਹਨ ਅਤੇ 'ਖ਼ੁਦਾਈ ਖ਼ਿਦਮਤਗਾਰ'ਨਾਮ ਦੀ ਇੱਕ ਸਮਾਜਿਕ ਸੰਸਥਾ ਨਾਲ ਜੁੜੇ ਹੋਏ ਹਨ।

ਖ਼ੁਦਾਈ ਖ਼ਿਦਮਤਗਰ ਦਿੱਲੀ ਦੀ ਇਕ ਗੈਰ-ਸਰਕਾਰੀ ਸੰਸਥਾ ਹੈ ਜੋ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਲਈ ਕੰਮ ਕਰਨ ਦਾ ਦਾਅਵਾ ਕਰਦੀ ਹੈ।

ਸਾਲ 2011 ਵਿਚ, ਫ਼ੈਸਲ ਖਾਨ ਨੇ ਇਸ ਸੰਗਠਨ ਨੂੰ ਦੁਬਾਰਾ ਸ਼ੁਰੂ ਕੀਤਾ ਸੀ।

ਮੰਦਰ ਦੇ ਸੇਵਾਦਾਰ ਸੁਸ਼ੀਲ ਗੋਸਵਾਮੀ ਨੇ ਸਥਾਨਕ ਪੱਤਰਕਾਰ ਸੁਰੇਸ਼ ਸੈਣੀ ਨੂੰ ਦੱਸਿਆ, "ਮੰਦਰ ਵਿਚ ਨਮਾਜ਼ ਪੜ੍ਹਨ ਵਾਲੇ ਲੋਕਾਂ ਨੇ ਉਸ ਦਿਨ ਤਾਇਨਾਤ ਸੇਵਾਦਾਰ ਨੂੰ ਆਪਣੇ ਆਪ ਨੂੰ ਦੋਵਾਂ ਧਰਮਾਂ ਵਿੱਚ ਆਸਥਾ ਰੱਖਣ ਵਾਲਾ ਦੱਸਿਆ ਸੀ ਅਤੇ ਦਰਸ਼ਨ ਕਰਨ ਦੀ ਆਗਿਆ ਮੰਗੀ ਸੀ।

ਫ਼ੈਸਲ ਖ਼ਾਨ ਨੇ ਖ਼ੁਦ ਨੂੰ ਦੋਵਾਂ ਧਰਮਾਂ ਵਿੱਚ ਮੇਲ-ਜੋਲ ਰੱਖਣ ਵਾਲਾ ਦੱਸਿਆ ਸੀ। ਦਰਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ ਗੇਟ ਨੰਬਰ ਦੋ ਦੇ ਕੋਲ ਖਾਲੀ ਜਗ੍ਹਾ 'ਤੇ ਨਮਾਜ਼ ਪੜਦਿਆਂ ਦੀ ਫੋਟੋ ਖਿਚਵਾਈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਥੇ ਉਨ੍ਹਾਂ ਨੇ ਸਿਰਫ਼ ਨਮਾਜ਼ ਪੜ੍ਹੀ ਜਾਂ ਕਿਸੇ ਸਾਜ਼ਿਸ਼ ਤਹਿਤ ਫੋਟੋ ਖਿਚਵਾਈ।"

ਗੋਸਵਾਮੀ ਨੇ ਕਿਹਾ, "ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਗੋਸਵਾਮੀਆਂ ਵਿੱਚ ਇਸ ਨੂੰ ਲੈ ਕੇ ਨਾਰਾਜ਼ਗੀ ਹੈ। ਅਸੀਂ ਇਸ ਸਾਰੀ ਘਟਨਾ ਦੀ ਜਾਂਚ ਦੀ ਮੰਗ ਕਰ ਰਹੇ ਹਾਂ।"

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਮੁਲਜ਼ਮਾਂ ਦਾ ਕੀ ਹੈ ਤਰਕ

ਬੀਬੀਸੀ ਨਾਲ ਗੱਲਬਾਤ ਕਰਦਿਆਂ ਫ਼ੈਸਲ ਖਾਨ ਨੇ ਕਿਹਾ, "ਅਸੀਂ 84 ਕੋਸ ਦੀ ਸਦਭਾਵਨਾ ਯਾਤਰਾ ਕਰ ਰਹੇ ਸੀ। ਯਾਤਰਾ ਦੀ ਸਮਾਪਤੀ ਤੋਂ ਬਾਅਦ ਅਸੀਂ ਨੰਦਬਾਬਾ ਦੇ ਮੰਦਰ ਪਹੁੰਚੇ ਸੀ। ਇਥੇ ਅਸੀਂ ਪੁਜਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਨਮਾਜ਼ ਪੜੀ ਸੀ। ਹੁਣ ਪਤਾ ਲੱਗਿਆ ਹੈ ਕਿ ਸਾਡੇ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ। ਉਸ ਸਮੇਂ ਪੁਜਾਰੀ ਸਾਡੇ ਨਾਲ ਖੁਸ਼ ਸਨ, ਉਹ ਸਿੱਧੇ-ਸਾਧੇ ਆਦਮੀ ਸੀ, ਉਹ ਨਿਸ਼ਚਤ ਤੌਰ ਤੇ ਕਿਸੇ ਦਬਾਅ ਹੇਠ ਹੋਣਗੇ। "

ਫ਼ੈਸਲ ਦੇ ਅਨੁਸਾਰ ਪੁਲਿਸ ਨੇ ਹਾਲੇ ਤੱਕ ਉਨ੍ਹਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਹੈ ਅਤੇ ਉਨ੍ਹਾਂ ਨੇ ਅਗਾਓਂ ਜ਼ਮਾਨਤ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਫ਼ੈਸਲ ਨੇ ਕਿਹਾ ਕਿ ਉਨ੍ਹਾਂ ਦੀ "ਯਾਤਰਾ ਦਾ ਉਦੇਸ਼ ਸਾਰੇ ਧਰਮਾਂ ਵਿਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨਾ ਸੀ। ਉਨ੍ਹਾਂ ਦਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।"

ਇਸ ਦੇ ਨਾਲ ਹੀ ਮੰਦਰ ਵਿਚ ਨਮਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।

ਗੰਗਾਜਲ ਨਾਲ ਧੋਇਆ ਗਿਆ ਮੰਦਰ

ਸਥਾਨਕ ਪੱਤਰਕਾਰ ਸੁਰੇਸ਼ ਸੈਣੀ ਨੇ ਦੱਸਿਆ ਕਿ ਮੰਦਰ ਕੰਪਲੈਕਸ ਨੂੰ ਸੋਮਵਾਰ ਨੂੰ ਗੰਗਾਜਲ ਨਾਲ ਧੋਤਾ ਗਿਆ। ਹਵਨ ਅਤੇ ਯੱਗ ਵੀ ਕੀਤਾ ਗਿਆ ਹੈ।

ਮਥੁਰਾ ਦੇ ਹਿੰਦੂ ਸਮਾਜ ਨਾਲ ਜੁੜੇ ਕੁਝ ਲੋਕਾਂ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਭਾਗਵਤਾਚਾਰੀਆ ਸੰਜੀਵ ਕ੍ਰਿਸ਼ਨਾ ਠਾਕੁਰ ਨੇ ਕਿਹਾ, "ਮੰਦਰ ਦੇ ਕੰਪਲੈਕਸ ਵਿੱਚ ਨਮਾਜ਼ ਪੜਨ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਇਸ ਦੇ ਪਿੱਛੇ ਮਾਹੌਲ ਖਰਾਬ ਕਰਨ ਦੀ ਕੋਈ ਸਾਜਿਸ਼ ਰਚੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼ੱਕ ਪੈਦਾ ਹੋ ਰਿਹਾ ਹੈ। ਸਰਕਾਰ ਨੂੰ ਇਸ ਦੀ ਜਾਂਚ ਕਰਨ ਅਤੇ ਦੋਸ਼ੀ ਪਾਏ ਜਾਣ 'ਤੇ ਸਜ਼ਾ ਦੇਣ ਦੀ ਅਪੀਲ ਕੀਤੀ।"

ਇਨ੍ਹਾਂ ਇਲਜ਼ਾਮਾਂ 'ਤੇ, ਫ਼ੈਸਲ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹੈ। ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਉਹ ਜ਼ੋਰ ਦੇ ਕੇ ਕਹਿੰਦੇ ਹਨ, "ਅਸੀਂ ਮੰਦਰ ਦੇ ਪੁਜਾਰੀ ਦੀ ਬੇਨਤੀ 'ਤੇ ਨਮਾਜ਼ ਦੀ ਪੇਸ਼ਕਸ਼ ਕੀਤੀ ਸੀ। ਉਥੇ ਅਸੀਂ ਉਨ੍ਹਾਂ ਨਾਲ ਸੁਹਿਰਦ ਗੱਲਬਾਤ ਕੀਤੀ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)