You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਪੰਜਾਬ ਵਿੱਚੋਂ ਬਾਸਮਤੀ ਦਾ ਸੁਆਦ ਕਿਵੇਂ ਹੋ ਰਿਹਾ ਫਿੱਕਾ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
"ਕਿਸਾਨ ਅੰਦੋਲਨ ਕਾਰਨ ਸਾਨੂੰ ਦੋਹਰੀ ਮਾਰ ਪੈ ਰਹੀ ਹੈ, ਨਾ ਤਾਂ ਦੂਜੇ ਰਾਜਾਂ ਵਿੱਚੋਂ ਖ਼ਰੀਦੇ ਗਏ ਬਾਸਮਤੀ ਦੇ ਟਰੱਕ ਸੂਬੇ ਵਿੱਚ ਲਿਆ ਪਾ ਰਹੇ ਹਾਂ ਅਤੇ ਨਾ ਅਸੀਂ ਪਹਿਲਾਂ ਤੋਂ ਖ਼ਰੀਦਿਆਂ ਮਾਲ ਬਾਹਰ ਭੇਜ ਪਾ ਰਹੇ ਹਾਂ ਕਿਉਂਕਿ ਰੇਲਾਂ ਬੰਦ ਹਨ।"
ਇਹ ਕਹਿਣਾ ਹੈ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਦਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਗੱਲ ਇਥੇ ਹੀ ਖ਼ਤਮ ਨਹੀਂ ਹੋਈ ਬਲਕਿ ਬਿਨਾਂ ਪੜਤਾਲ ਕੀਤੇ ਬਾਸਮਤੀ ਨਾਲ ਭਰੇ ਟਰੱਕਾਂ ਦੇ ਡਰਾਈਵਰਾਂ ਅਤੇ ਵਪਾਰੀਆਂ ਦੇ ਖ਼ਿਲਾਫ਼ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ, ਇਸ ਕਰ ਕੇ ਮਜਬੂਰੀ ਕਾਰਨ ਜਲਾਲਾਬਾਦ ਦੇ ਐਕਸਪੋਟਰਾਂ ਨੇ ਹੜਤਾਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਇਸ ਬਾਬਤ ਸੁਣਵਾਈ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਹੈ ਜੇਕਰ ਨਾ ਕੋਈ ਕਾਰਵਾਈ ਹੋਈ ਤਾਂ ਫਿਰ ਅਦਾਲਤ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ ਪੰਜਾਬ ਵਿੱਚ ਬਾਸਮਤੀ ਚੌਲ ਦੀ ਫ਼ਸਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਪ੍ਰਮੁੱਖ ਮੰਨੀ ਜਾਂਦੀ ਹੈ ਅਤੇ ਇਸ ਦੀ ਵਿਦੇਸ਼ਾਂ ਵਿੱਚ ਮੰਗ ਵੀ ਬਹੁਤ ਹੈ।
ਪੰਜਾਬ ਵਿੱਚ ਕਰੀਬ 150 ਯੂਨਿਟ ਹਨ, ਜੋ ਬਾਸਮਤੀ ਦਾ ਕਾਰੋਬਾਰ ਕਰਦੇ ਹਨ। ਇਹ ਯੂਨਿਟ ਪਾਤੜਾਂ, ਫ਼ਿਰੋਜ਼ਪੁਰ, ਜਲਾਲਾਬਾਦ, ਮੋਗਾ ਅਤੇ ਅੰਮ੍ਰਿਤਸਰ ਵਿੱਚ ਲੱਗੇ ਹੋਏ ਹਨ।
ਬਾਸਮਤੀ ਦੀ ਵਿਦੇਸ਼ਾਂ ਵਿੱਚ ਮੰਗ ਵੀ ਜ਼ਿਆਦਾ ਹੈ ਕਿਉਂਕਿ ਪੰਜਾਬ ਵਿੱਚ ਬਾਸਮਤੀ ਦੇ ਐਕਸਪੋਰਟਰ ਦੂਜੇ ਰਾਜਾਂ ਤੋਂ ਮਾਲ ਖ਼ਰੀਦ ਕੇ ਇੱਥੇ ਲਿਆਉਂਦੇ ਹਨ ਅਤੇ ਫਿਰ ਮੰਗ ਦੇ ਮੁਤਾਬਕ ਵਿਦੇਸ਼ ਨੂੰ ਸਪਲਾਈ ਕਰਦੇ ਹਨ, ਜਿਸ ਵਿੱਚ ਮਿਡਲ ਈਸਟ ਪ੍ਰਮੁੱਖ ਹੈ।
ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਦੱਸਿਆ ਬਾਸਮਤੀ ਦੀਆਂ ਕੁਝ ਕਿਸਮਾਂ ਜੋ ਪੰਜਾਬ ਵਿੱਚ ਪੈਦਾ ਨਹੀਂ ਹੁੰਦੀਆਂ ਉਹ ਦੂਜੇ ਰਾਜਾਂ ਤੋਂ ਖ਼ਰੀਦ ਕੇ ਵਿਦੇਸ਼ ਨੂੰ ਸਪਲਾਈ ਕੀਤੀ ਜਾਂਦੀਆਂ ਹਨ, ਜਿੰਨਾ ਵਿੱਚ ਆਰ ਐਸ 10, ਸਗੌਧਾ, ਸ਼ਰਬਤੀ ਅਤੇ ਸੋਨਾ ਮਸੂਰੀ ਪ੍ਰਮੁੱਖ ਹਨ।
ਜੋਸ਼ਨ ਮੁਤਾਬਕ ਇਸ ਕਰਕੇ ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ ਚਾਵਲ ਦੇ ਕਾਰੋਬਾਰੀ ਇਹਨਾਂ ਨੂੰ ਖ਼ਰੀਦ ਕੇ ਡਿਮਾਂਡ ਮੁਤਾਬਕ ਵਿਦੇਸ਼ਾਂ ’ਚ ਭੇਜਦੇ ਹਨ। ਪਰ ਇਸ ਵਾਰ ਅੰਦੋਲਨ ਕਾਰਨ ਮਾਲ ਪੰਜਾਬ ਵਿੱਚ ਆ ਹੀ ਨਹੀਂ ਪਾ ਰਿਹਾ।
ਜੋ ਮਾਲ ਕਾਰੋਬਾਰੀ ਲੈ ਕੇ ਵੀ ਆਏ ਹਨ, ਉਨ੍ਹਾਂ ਖ਼ਿਲਾਫ਼ ਪੁਲਿਸ ਨੇ ਬਿਨਾਂ ਪੜਤਾਲ ਤੋਂ ਆਫ਼ਆਈਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ। ਜਦੋਂਕਿ ਬਾਸਮਤੀ ਨੂੰ ਪੰਜਾਬ ਵਿੱਚ ਲੈ ਕੇ ਆਉਣਾ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਹੈ ਅਤੇ ਇਹ ਸਾਲਾਂ ਤੋਂ ਇਸੇ ਤਰੀਕੇ ਨਾਲ ਹੁੰਦਾ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ 30 ਦੇ ਕਰੀਬ ਐਫਆਈਆਰ ਇਸ ਸਮੇਂ ਵੱਖ ਵੱਖ ਥਾਵਾਂ ਉੱਤੇ ਹੋਈਆਂ ਹਨ, ਜਿਸ ਵਿੱਚੋਂ ਸਭ ਤੋਂ ਜ਼ਿਆਦਾ ਜਲਾਲਾਬਾਦ ਵਿੱਚ ਹਨ।
ਇਹ ਵੀ ਪੜ੍ਹੋ
ਜੋਸਨ ਮੁਤਾਬਕ ਕੋਈ ਵੀ ਇਹ ਚੈੱਕ ਨਹੀਂ ਕਰ ਰਿਹਾ ਕਿ ਇਹ ਬਾਸਮਤੀ ਹੈ ਜਾਂ ਗੈਰ ਬਾਸਮਤੀ। ਇਹਨਾਂ ਖ਼ਿਲਾਫ਼ ਗੈਰ ਬਾਸਮਤੀ ਝੋਨਾ ਪੰਜਾਬ ਵਿੱਚ ਲਿਆ ਕੇ ਘੱਟੋ ਘੱਟ ਸਮਰਥਨ ਮੁੱਲ ਉੱਤੇ ਸਰਕਾਰੀ ਏਜੰਸੀਆਂ ਨੂੰ ਵੇਚਣ ਦੇ ਇਲਜ਼ਾਮ ਵਿੱਚ ਪਰਚੇ ਦਰਜ ਕੀਤੇ ਗਏ ਹਨ। ਇਸ ਕਰ ਕੇ ਐਕਸਪੋਟਰਾਂ ਨੇ ਇਸੀ ਜ਼ਿਲ੍ਹੇ ਵਿੱਚ ਹੜਤਾਲ ਕੀਤੀ ਹੋਈ ਹੈ।
ਜੋਸਨ ਮੁਤਾਬਕ ਉਨ੍ਹਾਂ ਪੰਜਾਬ ਸਰਕਾਰ ਨੂੰ ਚਿੱਠੀ ਰਾਹੀਂ ਜਾਣੂ ਕਰਵਾਇਆ ਹੈ ਜੇਕਰ ਕੁਝ ਨਹੀਂ ਹੁੰਦਾ ਤਾਂ ਫਿਰ ਇਹਨਾਂ ਐਫਆਈਆਰ ਨੂੰ ਹਾਈਕੋਰਟ ਵਿੱਚ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਦੋਂ ਬਾਸਮਤੀ ਦਾ ਘੱਟੋਂ ਘੱਟ ਸਮਰਥਨ ਮੁੱਲ ਤੈਅ ਨਹੀਂ ਹੈ ਇਸ ਕਰ ਕੇ ਇਸ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਸਵਾਲ ਹੀ ਨਹੀਂ ਹੁੰਦਾ। ਜੋਸਨ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ ਦੇ ਨੁਮਾਇੰਦੇ, ਕਿਸਾਨ ਅਤੇ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਸਰਹੱਦ ਉੱਤੇ ਟਰੱਕਾਂ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਕਿਵੇਂ ਪੈ ਰਹੀ ਦੋਹਰੀ ਮਾਰ?
ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਮੁਤਾਬਕ ਪਿਛਲੇ ਸਾਲ ਸੂਬੇ ਵਿੱਚ 25 ਲੱਖ ਟਨ ਬਾਸਮਤੀ ਦੀ ਪੈਦਾਵਾਰ ਹੋਈ ਜਿਸ ਦੀ ਕੀਮਤ ਕਰੀਬ 6500 ਕਰੋੜ ਬਣਦੀ ਹੈ ਜਦੋਂਕਿ ਵਿਦੇਸ਼ਾਂ ਵਿੱਚ ਬਾਸਮਤੀ ਦੀ ਮੰਗ ਇਸ ਤੋਂ ਦੁੱਗਣੀ ਹੈ। ਇਸ ਕਰ ਕੇ ਕਾਰੋਬਾਰੀ ਦੂਜੇ ਰਾਜਾਂ ਤੋਂ ਬਾਸਮਤੀ ਖ਼ਰੀਦ ਕੇ ਇੱਥੇ ਲਿਆਉਂਦੇ ਹਨ।
ਐਸੋਸੀਏਸ਼ਨ ਮੁਤਾਬਕ ਬਹੁਤ ਸਾਰੇ ਕਾਰੋਬਾਰੀਆਂ ਦੇ ਟਰੱਕ ਕਈ ਕਈ ਦਿਨ ਪੰਜਾਬ ਦੀ ਸਰਹੱਦ ਉੱਤੇ ਖੜੇ ਰਹਿਣ ਤੋਂ ਬਾਅਦ ਵਾਪਸ ਚਲੇ ਗਏ ਹਨ।
ਰੇਲ ਨਾ ਚੱਲਣ ਕਾਰਨ ਪੰਜਾਬ ਵਿੱਚੋਂ ਮਾਲ ਬਾਹਰ ਨਹੀਂ ਜਾ ਪਾ ਰਿਹਾ ਜਿਸ ਕਾਰਨ ਜੋ ਆਡਰ ਮਿਲੇ ਸਨ ਉਹ ਕੈਂਸਲ ਹੋ ਰਹੇ ਹਨ। ਜਿਸ ਕਾਰਨ ਕਾਰੋਬਾਰ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਐਸੋਸੀਏਸ਼ਨ ਮੁਤਾਬਕ ਇਹ ਨੁਕਸਾਨ ਉਨ੍ਹਾਂ ਦਾ ਇਕੱਲਿਆਂ ਦਾ ਨਹੀਂ ਹੈ ਸਗੋਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਸਰ ਕਿਸਾਨਾਂ ਉੱਤੇ ਵੀ ਪਵੇਗਾ।
ਐਸੋਸੀਏਸ਼ਨ ਦੀ ਦਲੀਲ ਹੈ ਕਿ ਐਕਸਪੋਰਟ ਕੰਟੇਨਰ ਜਿੰਨਾ ਵਿੱਚ 5,000 ਕਰੋੜ ਰੁਪਏ ਦਾ ਚੌਲ ਇਸ ਸਮੇਂ ਲੁਧਿਆਣਾ ਆਈ ਸੀ ਡੀ ਅਤੇ ਹੋਰ ਥਾਵਾਂ ਉੱਤੇ ਫਸਿਆ ਪਿਆ ਹੈ। ਇੱਕ ਤਰਾਂ ਨਾਲ ਸਪਲਾਈ ਚੇਨ ਪੂਰੀ ਤਰਾਂ ਪ੍ਰਭਾਵਿਤ ਹੋਈ ਪਈ ਹੈ।
ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਦਲੀਲ
ਦੂਜੇ ਪਾਸੇ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਕਿਸਾਨਾਂ ਵੱਲੋਂ ਦੂਜੇ ਰਾਜਾਂ ਤੋਂ ਸੂਬੇ ਵਿੱਚ ਝੋਨੇ ਦੇ ਫੜੇ ਗਏ ਟਰੱਕਾਂ ਦਾ ਸਵਾਗਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਤੋਂ ਝੋਨਾ ਆਉਣ ਨਾਲ ਸਰਕਾਰ ਅਤੇ ਕਿਸਾਨੀ ਨੂੰ ਵਿੱਤੀ ਤੌਰ ਉੱਤੇ ਬਹੁਤ ਨੁਕਸਾਨ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਯੂਪੀ ਅਤੇ ਬਿਹਾਰ ਤੋਂ ਘੱਟ ਕੀਮਤ ਉੱਤੇ ਝੋਨੇ ਦੀ ਖ਼ਰੀਦ ਕਰ ਕੇ ਉਸ ਨੂੰ ਪੰਜਾਬ ਵਿੱਚ ਵੇਚਣ ਦੇ ਉਹ ਸ਼ੁਰੂ ਤੋਂ ਹੀ ਖ਼ਿਲਾਫ਼ ਹਨ।
ਉਨ੍ਹਾਂ ਆਖਿਆ ਕਿ ਸਰਕਾਰ ਆਪਣੇ ਤੌਰ ਉੱਤੇ ਯਤਨ ਕਰਦੀ ਸੀ ਪਰ ਇਸ ਵਾਰ ਕਿਸਾਨਾਂ ਨੇ ਆਪ ਪਹਿਲ ਕਰ ਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਪੂਰੀ ਤਰਾਂ ਰੋਕ ਦਿੱਤਾ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।
ਤਰਸੇਮ ਸੈਣੀ ਨੇ ਸਪੱਸ਼ਟ ਕੀਤਾ ਕਿ ਬਾਸਮਤੀ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਲਿਆਂਦੀ ਜਾ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਵਾਰ ਤਾਂ ਬਾਸਮਤੀ ਦੇ ਟਰੱਕ ਵੀ ਰੋਕ ਦਿੱਤੇ ਗਏ ਹਨ ਤਾਂ ਉਨ੍ਹਾਂ ਆਖਿਆ ਕਿ ਇਹ ਤਸਦੀਕ ਕਿਵੇਂ ਹੋਵੇਗਾ ਕਿ ਇਹ ਬਾਸਮਤੀ ਹੈ ਜਾਂ ਆਮ ਝੋਨਾ।
ਇਹ ਵੀ ਪੜ੍ਹੋ:
ਵੀਡੀਓ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ