ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬੇ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕਰਨ ਕਾਨੂੰਨ- ਅਹਿਮ ਖ਼ਬਰਾਂ

ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਖੇਤੀ ਅਤੇ ਕਿਸਾਨਾਂ ਨਾਲ ਜੁੜਿਆਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ, ਵਿਰੋਧੀ ਧਿਰ ਹੁਣ ਵੀ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜਿਆ ਹੋਇਆ ਹੈ।

ਇਸ ਵਿਚਾਲੇ ਕਾਂਗਰਸ ਸ਼ਾਸਤ ਸੂਬਿਆਂ ਵਿੱਚ ਖੇਤੀ ਸਬੰਧੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਇੱਕ ਰਣਨੀਤੀ 'ਤੇ ਵਿਚਾਰ ਕੀਤਾ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਇੱਥੇ ਧਾਰਾ 254 (2) ਦੇ ਤਹਿਤ ਬਿੱਲ ਪਾਸ ਕਰਨ 'ਤੇ ਵਿਚਾਰ ਕਰਨ ਜੋ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਨੂੰ ਬੇਅਸਰ ਕਰਦਾ ਹੋਵੇ।

ਵੇਣੂਗੋਪਾਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਲਾਹ ਦਿੱਤੀ ਹੈ ਕਿ ਕਾਂਗਰਸ ਸ਼ਾਸਤ ਸੂਬਿਆਂ 'ਚ ਕੇਂਦਰ ਵੱਲੋਂ ਪਾਸ ਕਰਵਾਏ ਗਏ ਖੇਤੀ ਸਬੰਧੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਸੰਵਿਧਾਨ ਦੀ ਧਾਰਾ 254 (2) ਦੀ ਵਰਤੋਂ ਕਰਨ 'ਤੇ ਵਿਚਾਰ ਕਰਨਾ ਚਾਹੀਦਾ।

ਸੰਵਿਧਾਨ ਦੀ ਇਹ ਧਾਰਾ ਸੂਬੇ ਦੀਆਂ ਵਿਧਾਨ ਸਭਾਵਾਂ ਨੂੰ ਸੂਬੇ ਦੇ ਅਧਿਕਾਰ ਖੇਤਰ 'ਤੇ ਕਬਜ਼ਾ ਕਰਨ ਵਾਲੇ ਕੇਂਦਰੀ ਕਾਨੂੰਨਾਂ ਨੂੰ ਨਕਾਰਨ ਲਈ ਇੱਕ ਕਾਨੂੰਨ ਪਾਸ ਕਰਨ ਦੀ ਆਗਿਆ ਦਿੰਦਾ ਹੈ।

ਇਹ ਵੀ ਪੜ੍ਹੋ

ਪੇਸ਼ਾਵਰ 'ਚ ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਘਰ ਬਣਨਗੇ ਮਿਊਜ਼ੀਅਮ

ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਇਨ੍ਹਾਂ ਦੋਹਾਂ ਦੀ ਪੈਦਾਇਸ਼ ਇਨ੍ਹਾਂ ਹਵੇਲੀਆਂ ਵਿੱਚ ਹੋਈ ਸੀ। ਹਾਲਾਂਕਿ ਇਹ ਹੁਣ ਖਸਤਾਹਾਲ ਹਨ।

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪੁਰਾਸਾਰੀ ਮਹਿਕਮੇ ਨੇ ਸਬੰਧਿਤ ਵਿਭਾਗ ਨੂੰ ਕਿਹਾ ਹੈ ਕਿ ਉਹ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ।

ਇਸ ਸਬੰਧ ਵਿੱਚ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਦੋਹਾਂ ਕਲਾਕਾਰਾਂ ਦੇ ਬੰਦ ਪਏ ਘਰਾਂ ਨੂੰ ਮਿਊਜ਼ੀਅਮ ਬਣਾਇਆ ਜਾਵੇਗਾ ਜਿੱਥੇ ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨਾਲ ਸਬੰਧਿਤ ਵਸਤਾਂ ਵੀ ਰੱਖੀਆਂ ਜਾਣਗੀਆਂ।

ਭਾਰਤ ਵਿੱਚ 60 ਲੱਖ ਤੋਂ ਪਾਰ ਹੋਏ ਕੋਰੋਨਾ ਕੇਸ

ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ, ਕੋਰੋਨਾਵਾਇਰਸ ਦੀ ਲਾਗ ਦੇ 82,170 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1039 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ ਭਾਰਤ ਵਿੱਚ ਲਾਗ ਦੇ ਕੁਲ ਮਾਮਲੇ 60 ਲੱਖ ਤੋਂ ਵੱਧ ਹੋ ਗਏ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਭਾਰਤ ਵਿੱਚ ਲਾਗ ਦੇ ਕੁੱਲ ਮਾਮਲੇ 60,74,703 ਹਨ।

ਦੇਸ਼ ਵਿਚ ਹੁਣ ਤੱਕ 95,542 ਵਿਅਕਤੀਆਂ ਦੀ ਮੌਤ ਕੋਰੋਨਾਵਾਇਰਸ ਦੀ ਲਾਗ ਕਾਰਨ ਹੋਈ ਹੈ।

ਹਾਲਾਂਕਿ, ਦੇਸ਼ ਵਿੱਚ ਲਾਗ ਤੋਂ ਬਾਅਦ ਇਲਾਜ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ।

ਇਹ ਵੀ ਪੜ੍ਹੋ

'ਸਾਡੀ ਜਿੰਨੀ ਵੀ ਹਿੰਮਤ ਹੈ ਉਹ ਅਸੀਂ ਕਿਸਾਨੀ ਲਈ ਲਾ ਦਿਆਂਗੇ'

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਨੇ ਭਗਤ ਸਿੰਘ ਦੇ ਜਨਮ ਸਥਾਨ ਪਿੰਡ ਖਟਕੜ ਕਲਾਂ ਵਿੱਚ ਧਰਨਾ ਦਿੱਤਾ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਮੌਜੂਦ ਰਹੇ।

ਕੈਪਟਨ ਨੇ ਕੇਂਦਰ ਸਰਕਾਰ ਨੂੰ ਖੇਤੀ ਬਿੱਲਾਂ ਖਿਲਾਫ਼ ਘੇਰਦਿਆਂ ਕਿਹਾ ਕਿ ਕੜਕਦੀ ਧੁੱਪ ਵਿੱਚ ਮਿਹਨਤ ਕਰਦੇ ਕਿਸਾਨਾਂ ਦੀ ਤੁਸੀਂ ਰੋਜ਼ੀ ਖੋਹ ਲਈ ਹੈ।

ਕੈਪਟਨ ਨੇ ਅੱਗੇ ਕਿਹਾ, ''ਕੋਈ ਵੱਡਾ ਵਪਾਰੀ ਆ ਗਿਆ ਫਸਲ ਖਰੀਦਣ ਤਾਂ ਕੀ ਪੀਡੀਐਸ ਦੇਵੇਗਾ, ਗਰੀਬਾਂ ਨੂੰ ਮੁਫਤ ਕਣਕ ਕਿੱਥੋਂ ਮਿਲੇਗੀ। ਐਮਐਸਪੀ, ਐਫਸੀਆਈ ਦੀ ਖਰੀਦ ਸਭ ਕੁਝ ਇੱਕ ਦਸਤਖਤ ਨਾਲ ਖਤਮ ਕਰ ਦਿੱਤਾ ਗਿਆ।''

ਖੇਤੀ ਆਰਡੀਨੈਂਸ ਲਿਆਉਣ ਵੇਲੇ ਪੰਜਾਬ ਨੂੰ ਜਾਣੂ ਕਰਵਾਉਣ ਵਾਲੇ ਮਸਲੇ 'ਤੇ ਕੈਪਟਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਝੂਠ ਬੋਲਦੇ ਹਨ।

''ਪੰਜਾਬ ਉਸ ਕਮੇਟੀ ਦਾ ਮੈਂਬਰ ਵੀ ਨਹੀਂ ਸੀ। ਮੈਂ ਪੀਐੱਮ ਨੂੰ ਲਿਖਿਆ ਕਿ ਸਾਨੂੰ ਮੈਂਬਰ ਕਿਉਂ ਨਹੀਂ ਬਣਾਇਆ।ਬਗੈਰ ਸੂਬਿਆਂ ਨੂੰ ਪੁੱਛੇ ਤੁਸੀਂ ਫੈਸਲੇ ਲਏ। ਇਨ੍ਹਾਂ ਨੇ ਸਿਰਫ਼ ਆਪਣੇ ਸਾਥੀਆਂ ਨੂੰ ਬੁਲਾ ਕੇ ਫੈਸਲਾ ਲਿਆ।''

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨ ਮੁਜਾਹਰਾ ਨਾ ਕਰਨ ਤਾਂ ਕਿ ਲੱਡੂ ਵੰਡਣਗੇ। ਕਿਸਾਨ ਯੂਨੀਅਨਾਂ ਦਾ ਅਧਿਕਾਰ ਹੈ ਮੁਜਾਹਰਾ ਕਰਨ ਦਾ।

''ਹੁਣ ਤਾਂ ਬਿੱਲ ਪਾਸ ਹੋ ਗਿਆ। ਹੁਣ ਅਸੀਂ ਇਹ ਮਸਲਾ ਸੁਪਰੀਮ ਕੋਰਟ ਕੋਲ ਲੈ ਕੇ ਜਾਵਾਂਗੇ। ਸੰਵਿਧਾਨਕ ਤਾਕਤਾਂ ਸਾਡੇ ਕੋਲੋਂ ਖੋਹੀਆਂ। ਜੋ ਵੀ ਹਿੰਮਤ ਹੈ ਉਹ ਅਸੀਂ ਕਿਸਾਨੀ ਲਈ ਲਾ ਦਿਆਂਗੇ।''

ਧਰਨੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਸਨ।

ਮਨਪ੍ਰੀਤ ਬਾਦਲ ਨੇ ਕਿਹਾ, ''ਸ਼ਹੀਦੇ-ਏ-ਆਜ਼ਮ ਸਾਨੂੰ ਆਪਣਾ ਜਜ਼ਬਾ, ਆਪਣੀ ਹਿੰਮਤ, ਆਪਣਾ ਇਰਾਦਾ ਦੇ ਦਿਓ। ਭਗਤ ਸਿੰਘ ਦੀ ਮਾਤਾ ਸਾਨੂੰ ਵੀ ਉਹ ਲੋਰੀਆਂ ਸੁਣਾ ਦੇ ਜੋ ਭਗਤ ਸਿੰਘ ਨੂੰ ਸੁਣਾਉਂਦੀ ਸੀ। ਸ਼ਹੀਦੇ-ਏ-ਆਜ਼ਮ ਅਸੀਂ ਸ਼ਰਮਿੰਦਾ ਹਾਂ ਕਿ ਤੁਹਾਡੇ ਸੁਪਨਿਆਂ ਦਾ ਮੁਲਕ ਨਾ ਬਣਾ ਸਕੇ।''

ਸੁਨੀਲ ਜਾਖੜ ਨੇ ਕਿਹਾ, ''ਇੱਕ ਇੱਕ ਦਾਣਾ ਜੋ ਕਿਸਾਨ ਮੰਡੀ ਵਿੱਚ ਲਿਆਏਗਾ ਉਹ ਚੁੱਕਾਂਗੇ, ਇਹ ਭਰੋਸਾ ਕਾਂਗਰਸ ਪਾਰਟੀ ਦੁਆਉਂਦੀ ਹੈ।''

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)