‘ਅਕਾਲੀ ਦਲ ਲੋਕਾਂ ਨੂੰ ਸਰਕਾਰੀ ਹਸਪਤਾਲ ਨਾ ਜਾਣ ਵਾਸਤੇ ਉਕਸਾ ਕੇ ਜਾਨਾਂ ਖ਼ਤਰੇ ’ਚ ਪਾ ਰਿਹਾ’

ਪੰਜਾਬ ਸਰਕਾਰ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਦਲ 'ਤੇ ਵਾਰ ਕਰਦੇ ਹੋਏ ਕਿਹਾ ਹੈ ਕਿ ਉਹ ਭੋਲੇ-ਭਾਲੇ ਪਿੰਡ ਵਾਸੀਆਂ ਨੂੰ ਸਰਕਾਰੀ ਹਸਪਤਾਲ ਨਾ ਜਾਣ ਵਾਸਤੇ ਪ੍ਰੇਰਿਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਪਿੰਡ ਵਾਸੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਦਰਅਸਲ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਸੀ ਕਿ ਇਹ ਬਹੁਤ ਹੀ ਅਫ਼ਸੋਸਜਨਕ ਗੱਲ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਸਰਕਾਰੀ ਹਸਪਤਾਲ ਨਾ ਜਾਣ ਦੇ ਮਤੇ ਪਾਸ ਕਰ ਰਹੀਆਂ ਹਨ।

ਬਲਬੀਰ ਸਿੱਧੂ ਨੇ ਕਿਹਾ ਹੈ ਕਿ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਫੈਲਾਏ ਜਾ ਰਹੀਆਂ ਗਲਤ ਖ਼਼ਬਰਾਂ ਬਾਰੇ ਦਲਜੀਤ ਚੀਮਾ ਦਾ ਬਿਆਨ ਹੈਰਾਨ ਕਰਨ ਵਾਲਾ ਹੈ।

ਦੀਵਾਲੀ ਤੱਕ ਹਾਲਾਤ ਸੁਧਰਨਗੇ-ਕੇਂਦਰੀ ਸਿਹਤ ਮੰਤਰੀ

ਪਿਛਲੇ 24 ਘੰਟਿਆਂ 'ਚ ਭਾਰਤ ਵਿਚ 78,586 ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਯਾਨੀ ਇਕ ਦਿਨ 'ਚ ਨਵੇਂ ਆਉਣ ਵਾਲੇ ਕੇਸਾਂ ਦਾ ਅੰਕੜਾ ਕਰੀਬ-ਕਰੀਬ 80 ਹਜ਼ਾਰ ਦੇ ਨੇੜੇ ਪੁੱਜ ਗਿਆ ਹੈ।

ਇਹ ਭਾਰਤ ਵਿਚ ਕੇਸਾਂ 'ਚ ਇਕ ਦਿਨ ਵਿਚ ਹੋਣ ਵਾਲੇ ਵਾਧੇ ਦੀ ਸਭ ਤੋਂ ਵੱਡੀ ਗਿਣਤੀ ਹੈ।

ਇਨ੍ਹਾਂ ਹੀ ਨਹੀਂ, ਭਾਰਤ ਦੁਨੀਆਂ ਦਾ ਪਹਿਲਾਂ ਉਹ ਦੇਸ਼ ਬਣ ਗਿਆ ਹੈ ਜਿੱਥੇ ਇੱਕ ਦਿਨ ਵਿਚ ਇੰਨੇਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ

ਇਸ ਦੇ ਨਾਲ ਹੀ ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 36,21,245 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 64,469 ਹੈ।

ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ 27 ਲੱਖ ਤੋਂ ਵੱਧ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।

ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਐਤਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਦੇਸ਼ ਵਿਚ ਕੋਵਿਡ-19 ਸੰਕਟ ਨਾਲ ਪੈਦਾ ਹੋਈ ਸਥਿਤੀ ਇਸ ਸਾਲ ਦੀਵਾਲੀ ਤੱਕ "ਕਾਬੂ" ਵਿੱਚ ਆ ਜਾਵੇਗੀ।

ਉਨ੍ਹਾਂ ਨੇ ਇਹ ਗੱਲ ਅਨੱਥਕੁਮਾਰ ਫਾਉਂਡੇਸ਼ਨ ਵਲੋਂ ਆਯੋਜਿਤ ਕੀਤੇ ਗਏ 'ਨੇਸ਼ਨ ਫਰਸਟ' ਵੈੱਬੀਨਾਰ ਸੀਰੀਜ਼ 'ਚ ਕਹੀ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)